ਮਹਾਤਮਾ ਗਾਂਧੀ ਦੀ 150ਵੀਂ ਜਯੰਤੀ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ ਸੀ। ਆਪ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਹੈ। ਮੋਹਨਦਾਸ ਦਾ ਵਿਆਹ ਸਿਰਫ਼ 13 ਸਾਲ ਦੀ ਉਮਰ ਵਿੱਚ ਕਸਤੂਰਬਾ ਨਾਲ ਹੋਇਆ। ਵਕਾਲਤ ਦੀ ਪੜ੍ਹਾਈ ਕਰਨ ਲਈ ਗਾਂਧੀ ਜੀ ਇੰਗਲੈਂਡ ਗਏ। ਚਾਰ ਸਾਲ ਬਾਅਦ ਉਹ ਪੜ੍ਹਾਈ ਪੂਰੀ ਕਰਕੇ ਭਾਰਤ ਆਏ ਤੇ ਕੁਝ ਦਿਨਾਂ ਤੱਕ ਇੱਥੇ ਵਕਾਲਤ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਾ ਮਿਲੀ। ਇਸੇ ਦੌਰਾਨ ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਜਾਣ ਦਾ ਮੌਕਾ ਮਿਲਿਆ। ਦੱਖਣੀ ਅਫ਼ਰੀਕਾ ਵਿੱਚ ਉਨ੍ਹਾਂ ਨੂੰ ਨਸਲੀ ਭੇਦਭਾਵ ਦਾ ਸਾਹਮਣਾ ਵੀ ਕਰਨਾ ਪਿਆ। ਦੱਖਣੀ ਅਫ਼ਰੀਕਾ ਵਿੱਚ ਜਦੋਂ ਉਹ ਰੇਲ ਦੇ ਪਹਿਲੇ ਦਰਜੇ ਦੇ ਡੱਬੇ ਵਿਚ ਯਾਤਰਾ ਕਰ ਰਹੇ ਸਨ, ਤਾਂ ਮੋਹਨਦਾਸ ਗਾਂਧੀ ਨੂੰ ਇਕ ਅੰਗਰੇਜ਼ ਨੇ ਸਾਮਾਨ ਸਣੇ ਡੱਬੇ ਚੋਂ ਬਾਹਰ ਸੁੱਟ ਦਿੱਤਾ। ਇਸ ਤਰ੍ਹਾਂ ਦੱਖਣੀ ਅਫ਼ਰੀਕਾ ਵਿੱਚ ਰਹਿ ਰਹੇ ਭਾਰਤੀਆਂ ਨਾਲ ਹੋ ਰਹੇ ਅਣ-ਮਨੁੱਖੀ ਵਰਤਾਰੇ ਅਤੇ ਵਿਤਕਰੇ ਦੇ ਖਿਲਾਫ਼ ਉਨ੍ਹਾਂ ਉਥੇ ਇੰਡੀਅਨ ਕਾਂਗਰਸ ਦੀ ਸਥਾਪਨਾ ਕੀਤੀ। ਦੱਖਣੀ ਅਫ਼ਰੀਕਾ ਵਿੱਚ ਭਾਰਤੀ ਲੋਕਾਂ ਦੇ ਹੱਕਾਂ ਲਈ ਛੇੜੇ ਇਸ ਸੰਘਰਸ਼ ਦੌਰਾਨ ਹੀ ਗਾਂਧੀ ਜੀ ਨੇ ਸਵੈ-ਸ਼ੁੱਧਤਾ ਅਤੇ ਸੱਤਿਆਗ੍ਰਹਿ ਵਰਗੇ ਸਿਧਾਂਤਾਂ ਦੇ ਪ੍ਰਯੋਗ ਕਰਨੇ ਵੀ ਸ਼ੁਰੂ ਕੀਤੇਜੋ ਉਨ੍ਹਾਂ ਦੇ ਅਹਿੰਸਾ ਦੇ ਵਿਆਪਕ ਵਿਚਾਰ ਦਾ ਹਿੱਸਾ ਸਨ। ਉਨ੍ਹਾਂ ਦੱਖਣੀ ਅਫ਼ਰੀਕਾ ਵਿੱਚ ਵਸਦੇ ਭਾਰਤੀ ਕਾਮਿਆਂਖਣਨ ਮਜ਼ਦੂਰਾਂ ਅਤੇ ਖੇਤੀਬਾੜੀ ਮਜ਼ਦੂਰਾਂ ਨੂੰ ਇਕਜੁਟ ਕੀਤਾ ਅਤੇ ਅੰਗਰੇਜ਼ੀ ਹਕੂਮਤ ਦੇ ਅਨਿਆਂ ਖਿਲਾਫ਼ ਆਵਾਜ਼ ਬੁਲੰਦ ਕੀਤੀ। 21 ਸਾਲ ਦੱਖਣੀ ਅਫ਼ਰੀਕਾ ਵਿੱਚ ਰਹਿਣ ਮਗਰੋਂ, ਗਾਂਧੀ ਜੀ 1915 ਵਿੱਚ ਭਾਰਤ ਵਾਪਸ ਪਰਤੇ।

ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਗਾਂਧੀ ਜੀ ਦੀ ਅਹਿਮ ਭੂਮਿਕਾ ਸੀ। ਭਾਰਤ ਪਰਤਣ ਮਗਰੋਂ ਬਾਅਦ ਗਾਂਧੀ ਜੀ ਨੇ ਦੇਸ਼ ਦੀ ਆਜ਼ਾਦੀ ਲਈ ਅਨੇਕਾਂ ਅੰਦੋਲਨਾਂ ਦੀ ਅਗਵਾਈ ਕੀਤੀ। ਉਹ ਇੱਕ ਕੁਸ਼ਲ ਸਿਆਸਤਦਾਨ ਸਨ, ਜਿਨ੍ਹਾਂ ਨੇ ਅੰਗਰੇਜ਼ੀ ਰਾਜ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਦੀ ਲੜਾਈ ਲੜੀ ਅਤੇ ਗਰੀਬ ਭਾਰਤੀਆਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਪੂਰੇ ਦੇਸ਼ ਵਿੱਚ ਘੁੰਮ-ਘੁੰਮ ਕੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਉਨ੍ਹਾਂ ਵਿੱਚ ਦੇਸ਼-ਭਗਤੀ ਦੀ ਭਾਵਨਾ ਪੈਦਾ ਕੀਤੀ। ਪੂਰੀ ਦੁਨੀਆ ਆਪ ਨੂੰ ਅਹਿੰਸਾ ਦੇ ਪੁਜਾਰੀ ਦੇ ਤੌਰ ਤੇ ਯਾਦ ਕਰਦੀ ਹੈ। ਮਹਾਤਮਾ ਗਾਂਧੀ ਆਪਣੇ ਸਾਦਾ ਜੀਵਨ ਅਤੇ ਉੱਚ ਵਿਚਾਰਾਂ ਦੇ ਕਾਰਨ ਭਾਰਤੀਆਂ ਦੇ ਹਰਮਨ ਪਿਆਰੇ ਬਾਪੂ ਬਣ ਗਏ। ਗਾਂਧੀ ਜੀ ਦੁਆਰਾ ਆਜ਼ਾਦੀ ਦੀ ਲੜਾਈ ਦੌਰਾਨ ਛੇੜੇ ਵੱਖ-ਵੱਖ ਅੰਦੋਲਨਾਂ ਜਿਵੇਂ ਕਿ ਸਿਵਲ ਨਾ-ਫੁਰਮਾਨੀ, ਅੰਗਰੇਜ਼ੋ ਭਾਰਤ ਛੱਡੋ ਅਤੇ ਦਾਂਡੀ ਯਾਤਰਾ ਆਦਿ ਦੇ ਸਦਕਾ ਹੀ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਆਖਰ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ।

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਪਰ ਇਸ ਵਾਰ ਗਾਂਧੀ ਜਯੰਤੀ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ, ਇਸ ਦਾ ਕਾਰਨ ਇਹ ਹੈ ਕਿ ਇਸ ਸਾਲ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਮਨਾਉਣ ਲਈ ਕੇਂਦਰ ਸਰਕਾਰ ਸਮੇਤ ਸੂਬਾ ਸਰਕਾਰਾਂ ਨੇ ਵੀ ਕਈ ਪ੍ਰੋਗਰਾਮ ਉਲੀਕੇ ਹਨ। ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਪੂਰੇ ਵਿਸ਼ਵ ਵਿੱਚ ਬੜਾ ਹੀ ਆਦਰ-ਭਾਵ ਅਤੇ ਸਤਿਕਾਰ ਦਿੱਤਾ ਜਾਂਦਾ ਹੈ। ਇਸ ਲਈ ਗਾਂਧੀ ਜੀ ਦੀ 150ਵੀਂ ਜਯੰਤੀ ਨੂੰ ਮੁੱਖ ਰੱਖਦਿਆਂ ਪੂਰੇ ਵਿਸ਼ਵ ਵਿੱਚ ਉਤਸ਼ਾਹ ਦਾ ਮਾਹੌਲ ਹੈ।

ਗਾਂਧੀ ਜੀ ਨੇ ਪੂਰੀ ਦੁਨੀਆ ਨੂੰ ਅਹਿੰਸਾ ਦੇ ਮਾਰਗ ਤੇ ਚੱਲਣ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ। ਵਿਸ਼ਵ ਦੀਆਂ ਕਈ ਮਹਾਨ ਸਖਸ਼ੀਅਤਾਂ ਤੇ ਗਾਂਧੀ ਜੀ ਦੇ ਵਿਚਾਰਾਂ ਦਾ ਬੜਾ ਪ੍ਰਭਾਵ ਸੀ। ਖਾਸ ਕਰਕੇ ਦੱਖਣੀ ਅਫਰੀਕਾ ਦੇ ਪ੍ਰਸਿੱਧ ਨੇਤਾ ਨੇਲਸਨ ਮੰਡੇਲਾ ਅਤੇ ਅਮਰੀਕਾ ਦੇ ਚਿੰਤਕ ਮਾਰਟਿਨ ਲੂਥਰ ਨੇ ਗਾਂਧੀ ਜੀ ਦੇ ਵਿਚਾਰਾਂ ਨੂੰ ਕਾਫੀ ਤਵੱਜੋ ਦਿੱਤੀ। ਨੇਲਸਨ ਮੰਡੇਲਾ ਮਹਾਤਮਾ ਗਾਂਧੀ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਸਨ। ਮਾਰਟਿਨ ਲੂਥਰ ਵੀ ਗਾਂਧੀ ਜੀ ਨੂੰ ਆਪਣਾ ਮਾਰਗ-ਦਰਸ਼ਕ ਮੰਨਦੇ ਸਨ। ਆਪਣੀ ਆਤਮ-ਕਥਾ ਵਿੱਚ ਮਾਰਟਿਨ ਲੂਥਰ ਨੇ ਆਪਣੇ ਵਿਚਾਰਾਂ ਅਤੇ ਕਾਰਜਾਂ ਤੇ ਮਹਾਤਮਾ ਗਾਂਧੀ ਦੇ ਪਏ ਪ੍ਰਭਾਵਾਂ ਨੂੰ ਕਾਫੀ ਵਿਸਥਾਰ ਨਾਲ ਲਿਖਿਆ ਹੈ। ਗਾਂਧੀ ਜੀ ਦੇ ਵਿਚਾਰਾਂ ਦਾ ਮਾਰਟਿਨ ਲੂਥਰ ਤੇ ਇੰਨਾ ਜ਼ਿਆਦਾ ਪ੍ਰਭਾਵ ਸੀ ਕਿ ਉਨ੍ਹਾਂ ਨੂੰ ਅਮਰੀਕਾ ਦਾ ਗਾਂਧੀ ਕਿਹਾ ਜਾਣ ਲੱਗਾ। 150ਵੀਂ ਗਾਂਧੀ ਜਯੰਤੀ ਮੌਕੇ ਵਿਸ਼ਵ ਦੇ 124 ਦੇਸ਼ਾਂ ਦੇ ਗਾਇਕਾਂ ਅਤੇ ਕਲਾਕਾਰਾਂ ਨੇ ਮਹਾਤਮਾ ਗਾਂਧੀ ਜੀ ਨੂੰ ਉਨ੍ਹਾਂ ਦੇ ਪਸੰਦੀਦਾ ਭਜਨ ਵੈਸ਼ਣਵ ਜਨ ਤੋ ਤੇਨੇ ਕਹੀਏ, ਜੇ ਪੀਰ ਪਰਾਈ ਜਾਣੇ ਰੇ  ਦੇ ਜ਼ਰੀਏ ਸੰਗੀਤਮਈ ਸ਼ਰਧਾਂਜਲੀ ਦਿੱਤੀ ਹੈ।

ਗਾਂਧੀ ਜੀ ਦੇ ਅਹਿੰਸਾ ਦੇ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਹੀ ਸੰਯੁਕਤ ਰਾਸ਼ਟਰ ਮਹਾਸਭਾ ਨੇ 15 ਜੂਨ 2007 ਨੂੰ ਇੱਕ ਮਤਾ ਪਾਸ ਕਰਦਿਆਂ ਐਲਾਨ ਕੀਤਾ ਸੀ ਕਿ 2 ਅਕਤੂਬਰ ਨੂੰ ਅਹਿੰਸਾ ਦੇ ਕੌਮਾਂਤਰੀ ਦਿਹਾੜੇ ਵਜੋਂ ਮਨਾਇਆ ਜਾਵੇਗਾ। ਇਸੇ ਸੰਦਰਭ ਵਿੱਚ ਹੀ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਨੀਦਰਲੈਂਡ ਵਿੱਚ ਵੀ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਓਥੇ ਇਸ ਸਾਲ ਇੱਕ ਹਫ਼ਤੇ ਤੱਕ ਗਾਂਧੀ ਜਯੰਤੀ ਦੇ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਗਾਂਧੀ ਜੀ ਦੇ ਅਹਿੰਸਾ ਦੇ ਸਿਧਾਂਤ ਨੂੰ ਪ੍ਰਚਾਰਿਤ ਕਰਨ ਲਈ ਹੇਗ ਸ਼ਹਿਰ ਵਿੱਚ ਗਾਂਧੀ ਮਾਰਚ ਸਮੇਤ ਗਾਂਧੀ ਜੀ ਦੇ ਜੀਵਨ ਨਾਲ ਸੰਬੰਧਤ ਪ੍ਰਦਰਸ਼ਨੀ ਅਤੇ ਅਨੇਕਾਂ ਜਨ-ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਦੱਖਣੀ ਅਫ਼ਰੀਕਾ ਦੇ ਸ਼ਹਿਰ ਜੋਹਾਨਸਬਰਗ ਵਿੱਚ ਵੀ ਗਾਂਧੀ ਜੀ ਦੀ 150ਵੀਂ ਜਯੰਤੀ ਦੇ ਸਿਲਸਿਲੇ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਖਾਸ ਤੌਰ ਤੇ ਗਾਂਧੀ ਜੀ ਦੇ ਅਹਿੰਸਾ ਅਤੇ ਸੱਤਿਆਗ੍ਰਹਿ ਵਰਗੇ ਵਿਚਾਰਾਂ ਦੇ ਪ੍ਰਸਾਰ ਤਹਿਤ ਓਥੇ ਇੱਕ ਸਾਈਕਲ ਰੈਲੀ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

ਦੇਸ਼ ਦੇ ਵੱਖ-ਵੱਖ ਸਿਆਸੀ ਦਲਾਂ ਨੇ ਵੀ ਰਾਸ਼ਟਰ ਪਿਤਾ ਦੀ 150ਵੀਂ ਜਯੰਤੀ ਨੂੰ ਮਨਾਉਣ ਲਈ ਆਪਣੇ ਕਾਰਕੁੰਨਾਂ ਨੂੰ ਹਿਦਾਇਤਾਂ ਦਿੱਤੀਆਂ ਹਨ। ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸੰਸਦ ਮੈਂਬਰਾਂ ਨੂੰ 2 ਤੋਂ 31 ਅਕਤੂਬਰ ਦੇ ਵਿਚਕਾਰ ਆਪੋ-ਆਪਣੇ ਚੋਣ ਹਲਕਿਆਂ ਵਿੱਚ 150 ਕਿਲੋਮੀਟਰ ਪੈਦਲ ਯਾਤਰਾ ਕਰਨ ਦੀ ਹਦਾਇਤ ਕੀਤੀ ਹੈ। ਇਸ ਯਾਤਰਾ ਦੌਰਾਨ ਸੰਸਦ ਮੈਂਬਰ ਰੁੱਖ ਲਾਉਣ ਦੇ ਨਾਲ ਹੀ ਆਜ਼ਾਦੀ ਦੀ ਲੜਾਈ ਵਿੱਚ ਮਹਾਤਮਾ ਗਾਂਧੀ ਦੇ ਯੋਗਦਾਨ ਬਾਰੇ ਵੀ ਰੌਸ਼ਨੀ ਪਾਉਣ ਦੇ ਨਾਲ-ਨਾਲ ਗਾਂਧੀ ਜੀ ਦੇ ਵਿਚਾਰਾਂ ਅਤੇ ਸਿੱਖਿਆਵਾਂ ਦਾ ਪ੍ਰਚਾਰ ਕਰਨਗੇ। ਗੌਰਤਲਬ ਹੈ ਕਿ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਗਾਂਧੀ ਜਯੰਤੀ ਮੌਕੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ ਤੇ ਗਾਂਧੀ ਜੀ ਨੇ ਅਹਿੰਸਾ ਦੇ ਰਾਹ ਤੇ ਚੱਲਦਿਆਂ ਕਿਵੇਂ ਅੰਗਰੇਜ਼ੀ ਹਕੂਮਤ ਨੂੰ ਵੀ ਹਿਲਾ ਦਿੱਤਾ, ਇਸ ਨਾਲ ਸੰਬੰਧਤ ਗੀਤ ਗਾਏ ਜਾਂਦੇ ਹਨ।

(ਗੀਤ – ਦੇ ਦੀ ਹਮੇਂ ਆਜ਼ਾਦੀ, ਬਿਨਾ ਖਡਗ ਬਿਨਾ ਢਾਲ….ਸਾਬਰਮਤੀ ਕੇ ਸੰਤ, ਤੂਨੇ ਕਰ ਦਿਯਾ ਕਮਾਲ….)

ਮਹਾਤਮਾ ਗਾਂਧੀ ਸਾਫ-ਸਫਾਈ ਦੇ ਪ੍ਰਤੀ ਬਹੁਤ ਹੀ ਜਾਗਰੂਕ ਸਨ। ਉਹ ਹਮੇਸ਼ਾ ਲੋਕਾਂ ਨੂੰ ਆਪਣਾ ਘਰ ਅਤੇ ਆਲਾ-ਦੁਆਲਾ ਸਾਫ-ਸੁਥਰਾ ਰੱਖਣ ਲਈ ਕਹਿੰਦੇ ਸਨ। ਮਹਾਤਮਾ ਗਾਂਧੀ ਜੀ ਦੇ ਸਵੱਛਤਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਾਲ 2014 ਵਿੱਚ ਗਾਂਧੀ ਜਯੰਤੀ ਦੇ ਦਿਨ ਹੀ ਸਵੱਛਤਾ ਅਭਿਆਨ ਦੀ ਸ਼ੁਰੂਆਤ ਕੀਤੀ ਸੀ, ਜੋ ਕਿ ਪੂਰੇ ਦੇਸ਼ ਵਿੱਚ ਇੱਕ ਅੰਦੋਲਨ ਵਾਂਗ ਫੈਲ ਗਿਆ ਸੀ। ਇਸੇ ਤਰ੍ਹਾਂ ਗਾਂਧੀ ਜੀ ਦੀ 150 ਸਾਲਾਂ ਜਯੰਤੀ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਨਾਲ ਜਿੱਥੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ, ਓਥੇ ਨਾਲ ਹੀ ਇਹ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਵੀ ਹੋਵੇਗੀ। ਆਖਰ ਵਿੱਚ ਅਸੀਂ ਗਾਂਧੀ ਜੀ ਦੇ ਸਵੱਛਤਾ, ਅਹਿੰਸਾ ਅਤੇ ਭਾਈਚਾਰਕ ਸਾਂਝ ਦੇ ਸੁਨੇਹੇ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਪ੍ਰਣ ਲੈਂਦੇ ਹੋਇਆਂ, ਉਨ੍ਹਾਂ ਦੇ ਪਸੰਦੀਦਾ ਭਜਨ ਰਘੁਪਤੀ ਰਾਘਵ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ  ਦੀਆਂ ਕੁਝ ਪੰਗਤੀਆਂ ਨੂੰ ਇੱਥੇ ਪੇਸ਼ ਕਰਦੇ ਹਾਂ।

(ਭਜਨ – ਰਘੁਪਤੀ ਰਾਘਵ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ……)