ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ‘ਚ ਆਈ ਮਜ਼ਬੂਤੀ

ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਆਪਣੀ ਹਾਲੀਆ ਅਮਰੀਕਾ ਯਾਤਰਾ ਦੌਰਾਨ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਆਪਣੇ ਵਪਾਰਕ ਮੁੱਦਿਆਂ ਦਾ ਨਿਪਟਾਰਾ ਕਰਨ ਦੇ ਸਮਰੱਥ ਹਨ। ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਦੋਵੇਂ ਦੇਸ਼ ਵਪਾਰਕ ਮੁੱਦਿਆਂ ਬਾਰੇ ਇੱਕੋ ਜਿਹੀਆਂ ਹਕੀਕਤਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੁਸ਼ਕਿਲਾਂ ਪਹਿਲਾਂ ਤੋਂ ਹੀ ਮੌਜੂਦ ਸਨ। ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਉਤਪਾਦਾਂ ‘ਤੇ ਭਾਰਤ ਦੁਆਰਾ ਲਾਏ ਗਏ ਉੱਚੇ ਟੈਰਿਫਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਤਾਉਂਦੇ ਰਹੇ ਹਨ। ਅਮਰੀਕਾ ਦੇ ਵਣਜ ਸਕੱਤਰ ਵਿਲਬਰ ਰੋਸ ਆਪਣੇ ਹਮਰੁਤਬਾ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨਾਲ ਕੁਝ ਹਫਤਿਆਂ ਵਿੱਚ ਨਵੀਂ ਦਿੱਲੀ ਵਿੱਚ ਵਪਾਰਕ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਦਰਅਸਲ ਅਮਰੀਕਾ ਭਾਰਤ ਦੀ ਡੇਅਰੀ ਮਾਰਕੀਟ ਤੱਕ ਪਹੁੰਚ ਅਤੇ ਲਾਏ ਗਏ ਵਾਧੂ ਟੈਰਿਫਾਂ ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ; ਬਦਲੇ ਵਿੱਚ ਭਾਰਤ, ਅਮਰੀਕਾ ਤੋਂ ਵਪਾਰ ਵਿੱਚ ਤਰਜੀਹ ਦਿੱਤੇ ਜਾਣ ਦੀ ਮੰਗ ਕਰ ਰਿਹਾ ਹੈ, ਜਿਸ ਨੂੰ ਜੀ.ਐਸ.ਪੀ. ਕਿਹਾ ਜਾਂਦਾ ਹੈ।

ਗੌਰਤਲਬ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਆਪਣੀ ਮੁਲਾਕਾਤ ਤੋਂ ਬਾਅਦ, ਡਾ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ ਅੱਗੇ ਵਧੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਛੇਤੀ ਹੀ ਇੱਕ ਸਮਝੌਤਾ ਹੋ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਉਂਕਿ ਵਪਾਰਕ ਮੁੱਦੇ ਸਧਾਰਣ ਨਹੀਂ ਹੁੰਦੇ ਅਤੇ ਉਨ੍ਹਾਂ ਵਿੱਚ ਕਈ ਤਬਦੀਲੀਆਂ ਸ਼ਾਮਿਲ ਹੁੰਦੀਆਂ ਹਨ, ਇਸੇ ਲਈ ਗੱਲਬਾਤ ਦੇ ਨੇਪਰੇ ਚੜ੍ਹਨ ਵਿੱਚ ਸਮਾਂ ਲੱਗ ਰਿਹਾ ਹੈ। ਵਪਾਰਕ ਮੁੱਦਿਆਂ ਤੋਂ ਇਲਾਵਾ ਦੋਵਾਂ ਮੰਤਰੀਆਂ ਨੇ ਹੋਰਨਾਂ ਵੀ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ, ਜਿਨ੍ਹਾਂ ਵਿਚ ਭਾਰਤ-ਅਮਰੀਕਾ ਦੇ ਵੱਧ ਰਹੇ ਰਣਨੀਤਕ ਸੰਬੰਧਾਂ, ਕਸ਼ਮੀਰ ਵਿੱਚ ਵਿਕਾਸ ਅਤੇ ਹੋਰ ਵਿਸ਼ਵੀ ਮੁੱਦੇ ਸ਼ਾਮਿਲ ਹਨ। ਉਨ੍ਹਾਂ ਇੰਡੋ-ਪ੍ਰਸ਼ਾਂਤ ਖਿੱਤੇ ਵਿੱਚ ਖੁੱਲ੍ਹੇ ਅਤੇ ਮੁਕਤ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀਆਂ ਯੋਜਨਾਵਾਂ ਬਾਰੇ ਵੀ ਵਿਚਾਰ-ਚਰਚਾ ਕੀਤੀ। ਧਿਆਨਯੋਗ ਹੈ ਕਿ ਦੋਵਾਂ ਮੰਤਰੀਆਂ ਵਿਚਾਲੇ ਇਹ ਚੌਥੀ ਮੁਲਾਕਾਤ ਸੀ ਜੋ ਕਿ ਸੰਯੁਕਤ ਰਾਸ਼ਟਰ ਦੀ ਬੈਠਕ ਲਈ ਅਮਰੀਕਾ ਗਏ ਪ੍ਰਧਾਨ ਮੰਤਰੀ ਮੋਦੀ ਦੇ ਸਫ਼ਲ ਅਮਰੀਕੀ ਦੌਰੇ ਵੇਲੇ ਹੋਈ ਹੈ।

ਆਪਣੀ ਯਾਤਰਾ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਕਈ ਪ੍ਰਮੁੱਖ ਆਗੂਆਂ ਨੂੰ ਵਿਸ਼ਵਵਿਆਪੀ ਮੁੱਦਿਆਂ ‘ਤੇ ਭਾਰਤ ਦੇ ਨਜ਼ਰੀਏ ਤੋਂ ਜਾਣੂ ਕਰਾਇਆ। ਇਨ੍ਹਾਂ ਆਗੂਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਸ ਗੱਲ ਨੂੰ ਦਰਸਾਇਆ ਕਿ ਭਾਰਤ ਪ੍ਰਬੰਧਕੀ ਕਾਰਜਾਂ ਤੋਂ ਇਲਾਵਾ ਕੌਮਾਂਤਰੀ ਮੁੱਦਿਆਂ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਹੋਰ ਵਧਾਉਣ ਦਾ ਚਾਹਵਾਨ ਹੈ। ਇਨ੍ਹਾਂ ਬੈਠਕਾਂ ਦੌਰਾਨ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਵਿਚਾਰ-ਵਟਾਂਦਰੇ ਦੌਰਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਧਾਰਾ 370 ਨੂੰ ਰੱਦ ਕਰਨਾ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਸੂਬੇ ਦਾ ਵਿਕਾਸ ਭਾਰਤ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਭਾਰਤ ਦੀ ਰਣਨੀਤੀ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਇਹ ਸਮਝਾਉਣ ਦੀ ਹੈ ਕਿ ਇਹ ਫੈਸਲਾ ਲੰਮੇ ਸਮੇਂ ਦੇ ਲਈ ਉਨ੍ਹਾਂ ਲਈ ਲਾਭਕਾਰੀ ਸਿੱਧ ਹੋਵੇਗਾ। ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਭਾਰਤ ਨੂੰ ਕੁਝ ਜ਼ਰੂਰੀ ਕਦਮ ਚੁੱਕਣੇ ਪੈਣਗੇ।

ਡਾ. ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੂੰ ਖਿੱਤੇ ਵਿੱਚ ਸ਼ਾਂਤੀ ਦੀ ਬਹਾਲੀ ਲਈ ਸਰਹੱਦ ਪਾਰੋਂ ਫੈਲਾਏ ਜਾ ਰਹੇ ਅੱਤਵਾਦ ਦੇ ਮੁੱਦੇ ਨੂੰ ਹੱਲ ਕਰਨ ਦੀ ਲੋੜ ਹੈ। ਵਿਦੇਸ਼ ਮੰਤਰੀ ਪੋਂਪੀਓ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਸ ਗੱਲ ਤੇ ਵੀ ਚਾਨਣਾ ਪਾਇਆ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਬਣਨ ਲਈ ਭਾਰਤ ਦੀ ਸਥਿਤੀ ਮਜ਼ਬੂਤ ਹੈ ਅਤੇ ਭਾਰਤ ਤੋਂ ਬਿਨਾਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ, ਸੰਯੁਕਤ ਰਾਸ਼ਟਰ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ 21ਵੀਂ ਸਦੀ ਦਾ ਸੰਸਾਰ ਤੇਜ਼ੀ ਨਾਲ ਬਹੁ-ਪੱਖੀ ਹੁੰਦਾ ਜਾ ਰਿਹਾ ਹੈ ਅਤੇ ਇਸ ਲਈ ਦੁ-ਪੱਖੀ ਧਿਰ ਵੱਲ ਪਰਤਣ ਦੀ ਸੰਭਾਵਨਾ ਨਹੀਂ ਤੇ ਅੱਜ ਦੇ ਦੌਰ ਵਿੱਚ ਸਾਹਮਣੇ ਆ ਰਹੇ ਵਿਸ਼ਵੀ ਮੁੱਦਿਆਂ ਦੇ ਕਾਰਨ, ਰਣਨੀਤਕ ਤੌਰ ਤੇ ਭਾਰਤ ਅਤੇ ਅਮਰੀਕਾ ਨੇੜੇ ਆਉਣਗੇ। ਵਧੇਰੇ ਮੁਕਾਬਲੇ ਵਾਲੇ ਅਤੇ ਗੁੰਝਲਦਾਰ ਯੁੱਗ ਦੀ ਤਿਆਰੀ ਲਈ ਇਕ ਵੱਖਰੀ ਸਮਝ ਦੀ ਲੋੜ ਹੋਏਗੀ ਅਤੇ ਭਾਰਤ ਵਰਗੇ ਦੇਸ਼ ਲਈ ਵਿਸ਼ਵ-ਵਿਆਪੀ ਪੱਧਰ ‘ਤੇ ਸਿਖਰਾਂ ਛੂਹਣ ਲਈ ਕੁਝ ਵਿਸ਼ੇਸ਼ ਤਬਦੀਲੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿ ਭਾਰਤ ਵਿਸ਼ਵ ਪੱਧਰ ‘ਤੇ ਜਲਵਾਯੂ ਪਰਿਵਰਤਨ, ਅੱਤਵਾਦ ਅਤੇ ਟਿਕਾਊ ਵਿਕਾਸ ਵਰਗੇ ਮੁੱਦਿਆਂ ‘ਤੇ ਆਪਣੇ ਵਿਚਾਰਾਂ ਨੂੰ ਰੱਖ ਰਿਹਾ ਹੈ, ਇਸ ਸੰਬੰਧੀ ਉਸ ਨੂੰ ਕੌਮਾਂਤਰੀ ਭਾਈਚਾਰੇ ਤੋਂ ਨਿਵੇਕਲੇ ਵਿਚਾਰਾਂ ਅਤੇ ਹਿਮਾਇਤ ਦੀ ਵੀ ਉਮੀਦ ਹੈ।

ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਵਾਸ਼ਿੰਗਟਨ ਡੀ.ਸੀ. ਵਿਖੇ ਲਾਇਬਰੇਰੀ ਆਫ ਕਾਂਗਰਸ ਵਿੱਚ ਬੋਲਦੇ ਹੋਇਆਂ; ਵਿਦੇਸ਼ ਮੰਤਰੀ ਨੇ ਕਿਹਾ ਕਿ ਜੇ ਇਸ ਸਮੇਂ ਗਾਂਧੀ ਜੀ ਸਾਨੂੰ ਕਿਸੇ ਚੁਣੌਤੀ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਕਹਿੰਦੇ, ਤਾਂ ਪੱਕੇ ਤੌਰ ਤੇ ਇਹ ਜਲਵਾਯੂ ਪਰਿਵਰਤਨ ਦੀ ਚੁਣੌਤੀ ਹੁੰਦੀ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 2022 ਤੱਕ ਭਾਰਤ 175 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਦੇ ਟੀਚੇ ਨੂੰ ਪੂਰਾ ਕਰ ਲਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦਰਸਾਇਆ ਕਿ 2030 ਤੱਕ 450 ਗੀਗਾਵਾਟ ਨਵਿਆਉਣ ਯੋਗ ਊਰਜਾ ਪੈਦਾ ਕਰਨ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਪੂਰੀ ਉਮੀਦ ਹੈ। ਜਲਵਾਯੂ ਪਰਿਵਰਤਨ ਵਿਰੁੱਧ ਲੜਾਈ, ਨਵਿਆਉਣਯੋਗ ਊਰਜਾ ਅਤੇ ਵਧੇਰੇ ਊਰਜਾ ਕੁਸ਼ਲਤਾ ਨੂੰ ਪ੍ਰਾਪਤ ਕਰਨ ਤੋਂ ਕਿਤੇ ਵੱਡੀ ਹੈ। ਇਸ ਦੇ ਨਾਲ ਹੀ ਲੋਕਾਂ ਦੀ ਜੀਵਨ-ਸ਼ੈਲੀ ਨੂੰ ਵੀ ਉਚੇਰਾ ਕਰਨ ਦੀ ਲੋੜ ਹੈ, ਚਾਹੇ ਉਹ ਸਮਾਰਟ ਸਿਟੀ ਹੋਵੇ, ਵੱਡੇ ਪੱਧਰ ਤੇ ਆਵਾਜਾਈ ਸਹੂਲਤਾਂ ਦੀ ਉਪਲਬਧਤਾ, ਟਿਕਾਊ ਖੇਤੀਬਾੜੀ ਜਾਂ ਪਾਣੀ ਦੀ ਬਿਹਤਰ ਵਰਤੋਂ ਹੋਵੇ।

ਸਕ੍ਰਿਪਟ: ਡਾ. ਸਤੁਤੀ ਬੈਨਰਜੀ, ਅਮਰੀਕੀ ਮਾਮਲਿਆਂ ਦੀ ਮਾਹਿਰ