ਭਾਰਤੀ ਹਵਾਈ ਫੌਜ ‘ਚ ਸ਼ਾਮਲ ਹੋਇਆ ਪਹਿਲਾ ਰਾਫੇਲ

ਫਰਾਂਸ ਦੇ ਮੈਰੀਗਨਾਕ ਏਅਰ ਬੇਸ ‘ਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਰਸਮੀ ਤੌਰ ‘ਤੇ 36 ਪ੍ਰਮਾਣੂ ਸਮਰੱਥ ਰਾਫੇਲ ਲੜਾਕੂ ਜਹਾਜ਼ਾਂ ਦੇ ਪਹਿਲੇ ਰਾਫੇਲ ਨੂੰ ਸੌਂਪਿਆ ਗਿਆ।ਬੀਤੇ ਦਿਨ ਭਾਰਤੀ ਹਵਾਈ ਫੌਜ ਦੇ 87ਵੇਂ ਸਥਾਪਨਾ ਦਿਵਸ ਮੌਕੇ ਭਾਰਤ ਨੂੰ ਪਹਿਲਾ ਰਾਫੇਲ ਹਾਸਿਲ ਹੋਇਆ।ਰਾਫੇਲ ਨੂੰ ਹਾਸਿਲ ਕਰਨ ਤੋਂ ਬਾਅਦ ਭਾਰਤੀ ਹਵਾਈ ਫੌਜ ਆਪਣੇ ਦੁਸ਼ਮਣ ਨਾਲ ਟਾਕਰਾ ਕਰਨ ‘ਚ ਬਹੁਤ ਸਮਰੱਥ ਹੋ ਜਾਵੇਗੀ ਅਤੇ ਤਕਨੀਕੀ ਪੱਖੋਂ ਵੀ ਉਸ ਦਾ ਰੁਤਬਾ ਉੱਚ ਹੋ ਜਾਵੇਗਾ।ਜੰਗ ਦੇ ਰਵਾਇਤੀ , ਰਣਨੀਤਕ ਅਤੇ ਗੈਰ-ਰਵਾਇਤੀ ਡੋਮੇਨਾਂ ‘ਚ ਮਾਹਰ ਹੋਣ ਦੇ ਬਾਵਜੂਦ ਸਾਰੇ ਫੌਜੀ ਪੱਖੋਂ ਮਜ਼ਬੂਤ ਮੁਲਕ ਸੰਘਰਸ਼ ਦੇ ਸਾਰੇ ਖੇਤਰਾਂ ‘ਚ ਉੱਤਮਤਾ ਪ੍ਰਾਪਤ ਕਰਨ ਦੇ ਯਤਨਾਂ ‘ਚ ਲੱਗੇ ਰਹਿੰਦੇ ਹਨ।
ਅਜਿਹੇ ਸਮੇਂ ‘ਚ ਜਦੋਂ ਭਾਰਤ ਨੂੰ ਆਪਣੇ ਨਜ਼ਦੀਕੀ ਗੁਆਂਢੀ ਮੁਲਕ ਤੋਂ ਲਗਾਤਾਰ ਪ੍ਰਮਾਣੂ ਹਮਲੇ ਦੀ ਧਮਕੀ ਹਾਸਿਲ ਹੋ ਰਹੀ ਹੋਵੇ, ਉਸ ਵੇਲੇ ਰਾਫੇਲ ਦਾ ਭਾਰਤੀ ਹਵਾਈ ਫੌਜ ਦਾ ਹਿੱਸਾ ਬਣਨਾ ਦੇਸ਼ ਦੀ ਰੱਖਿਆ ਸਮਰੱਥਾ ਨੂੰ ਯਕੀਨਨ ਉਤਸ਼ਾਹਿਤ ਕਰੇਗਾ।ਇੱਥੇ ਇਹ ਦੱਸਣ ਦੀ ਲੋੜ ਹੈ ਕਿ ਦੁਨੀਆ ਭਰ ‘ਚ ਹਥਿਆਰਾਂ ਦੀ ਪ੍ਰਾਪਤੀ ਅਤੇ ਨਵੀਂ ਫੌਜੀ ਤਕਨਾਲੋਜੀ ਦੇ ਉਭਾਰ ਦੇ ਚੱਲਦਿਆਂ ਭਾਰਤੀ ਰਣਨੀਤਕਾਰਾਂ ਨੂੰ ਆਪਣੇ ਸੰਭਾਵਿਤ ਵਿਰੋਧੀਆਂ ਨਾਲ ਟੱਕਰ ਲੈਣ ਲਈ ਦੇਸ਼ ਦੇ ਸੈਨਿਕ ਅਸਲੇ ਅਤੇ ਤਕਨੀਕ ਨੂੰ ਨਿਰੰਤਰ ਰੂਪ ‘ਚ ਅਪਗ੍ਰੇਡ ਕਰਨ ਦੀ ਲੋੜ ਹੈ।ਇਸੇ ਕਰਕੇ ਹੀ ਪ੍ਰਮਾਣੂ ਸਮਰੱਥ ਲੜਾਕੂ ਜਹਾਜ਼ ਰਾਫੇਲ ਦੀ ਖ੍ਰੀਦ ਦੀ ਲੋੜ ਮਹਿਸੂਸ ਕੀਤੀ ਗਈ ਸੀ।
ਸ਼ਖ਼ਤ ਚੋਣ ਪ੍ਰਕ੍ਰਿਆ ਦੇ ਚੱਲਦਿਆਂ ਭਾਰਤੀ ਹਵਾਈ ਫੌਜ ਨੇ ਵਿਦੇਸ਼ੀ ਚੌਥੀ + ਪੀੜ੍ਹੀ ਦੇ 6 ਲੜਾਕੂ ਜਹਾਜ਼ਾਂ ਦੀ ਪਰਖ ਕੀਤੀ।ਪ੍ਰਕ੍ਰਿਆ ਦੌਰਾਨ ਆਈ.ਏ.ਐਫ ਨੇ 600 ‘ਚੋਂ 599 ਅੰਕ ਦਿੱਤੇ।
ਦੱਸਣਯੋਗ ਹੈ ਕਿ ਰਾਫੇਲ ਇਕ ਦਰਮਿਆਨੀ ਮਲਟੀ ਰੋਲ ਕੰਬੈਟ ਹਵਾਈ ਜਹਾਜ਼, (ਐਮ.ਐਮ.ਆਰ.ਸੀ.ਏ.) ਹੈ, ਜੋ ਕਿ ਭਾਰਤ ਦੇ ਹਵਾਈ ਦਬਦਬੇ ਨੂੰ ਹੋਰ ਮਜ਼ਬੂਤ ਕਰੇਗਾ।ਮੌਜੂਦਾ ਸਮੇਂ ‘ਚ ਫਰਾਂਸ ਵੱਲੋਂ ਨਿਰਮਿਤ ਮਿਰਾਜ-2000 ਅਤੇ ਸਵਦੇਸ਼ੀ ਐਚਏਐਲ ਤੇਜਸ ਸਮੇਤ ਰੂਸ ਵੱਲੋਂ ਤਿਆਰ ਸੁਖੋਈ ਐਸ ਯੂ-30 ਐਮਕੇਆਈ ਅਤੇ ਮਿਗ 29 ਭਾਰਤੀ ਹਵਾਈ ਸੀਮਾ ਦੀ ਸੁਰੱਖਿਆ ‘ਚ ਤੈਨਾਤ ਹਨ।
ਰਾਫੇਲ ਇੱਕ ਬਹੁ-ਪੱਖੀ ਹਵਾਈ ਜਹਾਜ਼ ਹੈ, ਜਿਸ ਨੂੰ ਕਿ 26 ਟਨ ਦੇ ਭਾਰ ਸਮੇਤ ਹਰ ਤਰ੍ਹਾਂ ਦੇ ਮਿਸ਼ਨ ਲਈ ਰਵਾਨਾ ਕੀਤਾ ਜਾ ਸਕਦਾ ਹੈ।ਰਾਫੇਲ ਹਵਾ ਤੋਂ ਜ਼ਮੀਨ ਅਤੇ ਹਵਾ ਤੋਂ ਹਵਾ ‘ਚ ਹਮਲਾ ਕਰਨ ਦੇ ਕਾਬਿਲ ਹੈ।ਇਸ ਦੀ ਰਫ਼ਤਾਰ 2223 ਕਿਮੀ/ਘੰਟਾ ਹੈ ਅਤੇ ਇਹ 3700 ਕਿਮੀ. ਦੇ ਘੇਰੇ ‘ਚ ਕਿਤੇ ਵੀ ਹਮਲਾ ਕਰਨ ਦੇ ਸਮਰੱਥ ਹੈ।ਇਸ ਦੀ ਖਾਸਿਅਤ ਹੈ ਕਿ 36 ਤੋਂ 60 ਹਜ਼ਾਰ ਫੁੱਟ ਦੀ ਉਚਾਈ ਤੱਕ ਇਹ ਇਕ ਮਿੰਟ ਦੇ ਸਮੇਂ ‘ਚ ਪਹੁੰਚ ਜਾਂਦਾ ਹੈ।ਦੁਨੀਆ ਦੇ ਸ਼ਕਤੀਸ਼ਾਲੀ ਲੜਾਕੂ ਜਹਾਜ਼ਾਂ ‘ਚੋਂ ਇਕ ਰਾਫੇਲ ਦੇ ਭਾਰਤੀ ਹਵਾਈ ਫੌਜ ‘ਚ ਸ਼ਾਮਲ ਹੋਣ ਨਾਲ ਭਾਰਤੀ ਹਵਾਈ ਫੌਜ ਦੀ ਤਾਕਤ ਹੁਣ ਹੋਰ ਵੱਧ ਜਾਵੇਗੀ।ਕਿਹਾ ਜਾ ਸਕਦਾ ਹੈ ਕਿ ਰਾਫੇਲ ਇਕ ਤਰ੍ਹਾਂ ਨਾਲ ਪੂਰੀ ਸਥਿਤੀ ਨੂੰ ਹੀ ਬਦਲ ਦੇਵੇਗਾ।
ਭਾਵੇਂ ਕਿ ਗੁਆਂਢੀ ਮੁਲਕ ਵੱਲੋਂ ਭਾਰਤ ਨੂੰ ਕਈ ਵਾਰ ਪ੍ਰਮਾਣੂ ਹਮਲੇ ਦੀ ਧਮਕੀ ਮਿਲ ਚੁੱਕੀ ਹੈ ਪਰ ਫਿਰ ਵੀ ਭਾਰਤ ਸ਼ਾਂਤੀ ਅਤੇ ਵਿਕਾਸ ‘ਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਲਈ ਹੀ ਭਾਰਤ ਬਹੁਤ ਹੀ ਸਮਝਦਾਰੀ ਨਾਲ ਇਸ ਸਥਿਤੀ ਨਾਲ ਨਜਿੱਠ ਰਿਹਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਫੇਲ ਦੀ ਆਈਏਐਫ ‘ਚ ਰਸਮੀ ਸ਼ਮੂਲੀਅਤ ਮੌਕੇ ਆਪਣੇ ਭਾਸ਼ਣ ‘ਚ ਕਿਹਾ ਕਿ ਰਾਫੇਲ ਭਾਰਤੀ ਹਵਾਈ ਫੌਜ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ ਪਰ ਇਸ ਦੀ ਵਰਤੋਂ ਹਮਲਾ ਕਰਨ ਲਈ ਨਹੀਂ ਬਲਕਿ ਆਤਮ ਰੱਖਿਆ ਲਈ ਕੀਤੀ ਜਾਵੇਗੀ।ਉਨ੍ਹਾਂ ਅੱਗੇ ਕਿਹਾ ਕਿ ਫੌਜੀ ਤਾਕਤ ਦਾ ਮਤਲਬ ਯੁੱਧ ਤੋਂ ਗੁਰੇਜ਼ ਕਰਨਾ ਹੁੰਦਾ ਹੈ ਨਾ ਕਿ ਕਿਸੇ ਜੰਗ ਨੂੰ ਜਾਰੀ ਰੱਖਣਾ।ਫੌਜੀ ਸ਼ਕਤੀ ਦਾ ਪ੍ਰਦਰਸ਼ਨ ਆਪਣੀ ਰੱਖਿਆ ਅਤੇ ਕਿਸੇ ਵੀ ਅਣਸੁਖਾਵੇਂ ਪਲਾਂ ਤੋਂ ਦੇਸ਼ ਨੂੰ ਸੁਰੱਖਿਅਤ ਰੱਖਣ ਦੌਰਾਨ ਲਾਜ਼ਮੀ ਹੁੰਦਾ ਹੈ।ਭਵਿੱਖ ‘ਚ ਕਿਸੇ ਵੀ ਟਕਰਾਅ ਦੌਰਾਨ ਹਵਾਈ ਤਾਕਤ ਇਕ ਅਹਿਮ ਭੂਮਿਕਾ ਅਦਾ ਕਰੇਗੀ
ਸਭ ਤੋਂ ਮਹੱਤਵਪੂਰਨ ਇਹ ਹੈ ਕਿ ਕਿਸੇ ਵੀ ਮੁਲਕ ਵੱਲੋਂ ਤੈਅ ਰਾਜਨੀਤਕ ਉਦੇਸ਼ ਉਸ ਦੀ ਹਵਾਈ ਸ਼ਕਤੀ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।ਇਸ ਸਾਲ ਫਰਵਰੀ ਮਹੀਨੇ ਮਕਬੂਜਾ ਕਸ਼ਮੀਰ ‘ਚ ਬਾਲਾਕੋਟ ‘ਚ ਅੱਤਵਾਦੀ ਸਿਖਲਾਈ ਕੈਂਪਾਂ ‘ਤੇ ਹਵਾਈ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰਨਾ ਸਿਆਸੀ ਮਕਸਦ ਨੂੰ ਪੂਰਾ ਕੀਤੇ ਜਾਣ ਦੀ ਇਕ ਵਧੀਆ ਮਿਸਾਲ ਰਿਹਾ ਹੈ।
ਇਸ ਤੋਂ ਇਲਾਵਾ ਆਪਣੀ ਮਿਆਦ ਪੂਰੀ ਕਰ ਚੁੱਕੇ ਲੜਾਕੂ ਸਕੁਐਰਡਨਾਂ ਨੂੰ ਬਦਲਣਾ ਵੀ ਬਹੁਤ ਜ਼ਰੂਰੀ ਹੈ।ਲੜਾਕੂ ਹਵਾਈ ਜਹਾਜ਼ਾਂ ਨੂੰ ਪ੍ਰਕ੍ਰਿਆ ਤੋਂ ਬਾਹਰ ਜਾ ਕੇ ਨਹੀਂ ਖ੍ਰੀਦਿਆ ਜਾ ਸਕਦਾ।ਖ੍ਰੀਦ ਦੀ ਇਸ ਪੂਰੀ ਪ੍ਰਕ੍ਰਿਆ ‘ਚ ਬਹੁਤ ਸਮਾਂ ਲੱਗਿਆ। ਨਿਰਮਾਣ ਕਾਰਜਾਂ ‘ਚ ਬਹੁਤ ਸਾਰੇ ਹਿੱਸਿਆਂ ਅਤੇ ਮਹਿੰਗੇ ਕੱਚੇ ਮਾਲ ਦੀ ਜ਼ਰੂਰਤ ਪੈਂਦੀ ਹੈ ਜਿਸ ਨੂੰ ਕਿ ਥੋਕ ‘ਚ ਖ੍ਰੀਦਿਆਂ ਨਹੀਂ ਜਾ ਸਕਦਾ।ਨਤੀਜੇ ਵੱਜੋਂ ਸਿਆਸੀ ਪੱਧਰ ‘ਤੇ ਫ਼ੈਸਲਾ ਲੈਣ ਦੇ ਸਮੇਂ ਨੂੰ ਘਟਾਉਣ ਦੀ ਲੋੜ ਹੀ ਸਮੇਂ ਦੀ ਮੰਗ ਹੈ ਤਾਂ ਜੋ ਹਵਾਈ ਫੌਜ ਦੀ ਲੋੜੀਂਦੀ ਟਾਕਰੇ ਦੀ ਸੰਭਾਵਨਾ ਨੂੰ ਕਾਇਮ ਰੱਖਿਆ ਜਾ ਸਕੇ।
ਸਰਕਾਰ ਵੱਲੋਂ 36 ਮਹੀਨਿਆਂ ‘ਚ ਸਿੱਧੇ ਤੌਰ ‘ਤੇ 36 ਰਾਫੇਲ ਜਹਾਜ਼ਾਂ ਦੀ ਖ੍ਰੀਦ ਦਾ ਫ਼ੈਸਲਾ ਬਹੁਤ ਹੀ ਧਾਕੜ ਅਤੇ ਖਾਸ ਰਿਹਾ, ਕਿਉਂਕਿ ਪਹਿਲਾਂ ਤੋਂ ਚੱਲੀ ਆ ਰਹੀ ਰੀਤ ਨੂੰ ਤੋੜ ਕੇ ਸਮੇਂ ਦੀ ਮੰਗ ਦੇ ਹਿਾਸਬ ਨਾਲ ਸਰਕਾਰ ਵੱਲੋਂ ਲੀਹੋਂ ਹੱਟ ਕੇ ਕਿ ਇਹ ਫ਼ੈਸਲਾ ਲਿਆ ਗਿਆ ਹੈ।
ਅੰਤ ‘ਚ ਕਹਿ ਸਕਦੇ ਹਾਂ ਕਿ ਰਾਫੇਲ ਭਾਰਤੀ ਹਵਾਈ ਫੌਜ ਲਈ ਬਹੁਤ ਅਹਿਮ ਹੈ ਅਤੇ ਭਾਰਤੀ ਹਵਾਈ ਸੀਮਾ ਦੀ ਸੁਰੱਖਿਆ ਹੁਣ ਵਧੇਰੇ ਮਜ਼ਬੂਤ ਹੋਵੇਗੀ।
ਸਕ੍ਰਿਪਟ: ਉੱਤਮ ਕੁਮਾਰ ਬਿਸਵਾਸ, ਰੱਖਿਆ ਵਿਸ਼ਲੇਸ਼ਕ