ਭਾਰਤ-ਅਮਰੀਕਾ ਊਰਜਾ ਸਬੰਧਾਂ ‘ਚ ਆ ਰਹੀ ਹੈ ਤੇਜ਼ੀ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਦੀ ਤਾਜ਼ਾ ਫੇਰੀ ਦੌਰਾਨ ਹਸਟਨ ਪਹੁੰਚਣ ‘ਤੇ ਟਵੀਟ ਕਰਦਿਆਂ ਕਿਹਾ ਕਿ ਇੱਥੇ ਆਉਣਾ ਅਤੇ ਊਰਜਾ ਬਾਰੇ ਗੱਲ ਨਾ ਕਰਨਾ ਅਸੰਭਵ ਸੀ ।ਹਸਟਨ, ਟੈਕਸਾਸ ਜੋ ਕਿ ਵਿਸ਼ਵ ਦੇ ਊਰਜਾ ਦਾ ਕੇਂਦਰ ਹੈ, ਦੀ ਚੋਣ ਕਰਕੇ ਪੀਐਮ ਮੋਦੀ ਨੇ ਸਿੱਧੇ ਤੌਰ ‘ਤੇ ਸੰਕੇਤ ਦਿੱਤਾ ਹੈ ਕਿ ਭਾਰਤ-ਅਮਰੀਕਾ ਸਬੰਧਾਂ ਦੇ ਕੇਂਦਰੀ ਧੁਰੇ ‘ਚ ਊਰਜਾ ਸਬੰਧ ਮੌਜੂਦ ਹਨ।ਪੀਐਮ ਮੋਦੀ ਵੱਲੋਂ ਵਿਸ਼ਵ ਦੇ ਊਰਜਾ ਖੇਤਰ ਦੇ ਪ੍ਰਮੁੱਖ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਟਵੀਟ ਕੀਤਾ।ਪ੍ਰਭਾਵਸ਼ਾਲੀ ਢੰਗ ਨਾਲ ਮੁਕੰਮਲ ਹੋਏ ਹਾਓਡੀ ਮੋਦੀ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੋਵਾਂ ਹੀ ਆਗੂਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੁਵੱਲੀ ਰਣਨੀਤਕ ਸਾਂਝੇਦਾਰੀ ਦਾ ਅਧਾਰ ਊਰਜਾ ਦੇ ਖੇਤਰ ‘ਚ ਵੱਧ ਰਹੀ ਦੁਵੱਲੀ ਮਜ਼ਬੂਤੀ ਹੈ।

ਦੋਵਾਂ ਆਗੂਆਂ ਨੇ ਜੂਨ 2017 ‘ਚ ਤੈਅ ਹੋਈ ਅਮਰੀਕਾ-ਭਾਰਤ ਰਣਨੀਤਕ ਊਰਜਾ ਭਾਈਵਾਲੀ ਦੀ ਮੁੜ ਪੁਸ਼ਟੀ ਕੀਤੀ।ਰਾਸ਼ਟਰਪਤੀ ਟਰੰਪ ਦੇ ‘An America First Energy Plan’ ਦੇ ਤਹਿਤ ਕਾਨੂੰਨੀ ਅਤੇ ਨਿਵੇਸ਼ ਰੁਕਾਵਟਾਂ ਨੂੰ ਦੂਰ ਕਰਦਿਆਂ ਅਣਲੋੜੀਂਦੇ ਸ਼ੈੱਲ, ਤੇਲ ਅਤੇ ਗੈਸ ਭੰਡਾਰਾਂ ਦੀ ਖੋਜ ਅਤੇ ਉਤਪਾਦਨ ਸ਼ਾਮਲ ਹੈ।ਭਾਰਤ ਦੀ ਤੇਜ਼ੀ ਨਾਲ ਹੋ ਰਹੇ ਵਿਕਾਸ ਲਈ ਉੱਚ ਊਰਜਾ ਦੀ ਖਪਤ ਦੀ ਜ਼ਰੂਰਤ ਹੈ ਅਤੇ ਇਸ ਲਈ ਭਾਰਤ ਵੱਲੋਂ ਆਪਣੀ ਨੀਤੀ ਤਹਿਤ ਊਰਜਾ ਦੇ ਬਦਲਵੇਂ ਸਰੋਤਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਕੁੱਝ ਕੁ ਮੁਲਕਾਂ ‘ਤੇ ਊਰਜਾ ਪ੍ਰਾਪਤੀ ਲਈ ਨਿਰਭਰਤਾ ਨੂੰ ਵੀ ਘਟਾਏ ਜਾਣ ਬਾਰੇ ਸੋਚਿਆ ਜਾ ਰਿਹਾ ਹੈ।ਭਾਰਤੀ ਨੀਤੀਆਂ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਤਿਆਰ ਹਨ।

ਭਾਰਤ ਨੇ ਮੱਧ ਪੂਰਬ ਤੋਂ ਕੱਚੀ ਦਰਾਮਦ ਨੂੰ ਘਟਾਉਣ ਦੇ ਮਕਸਦ ਨਾਲ ਬਹੁਤ ਹੀ ਪ੍ਰਭਾਵੀ ਢੰਗ ਨਾਲ ਗੈਰ-ਖਾੜੀ ਮੁਲਕਾਂ ਤੱਕ ਪਹੁੰਚ ਸੰਭਵ ਕੀਤੀ ਹੈ।ਅਮਰੀਕਾ ਬਹੁਤ ਹੀ ਤੇਜ਼ੀ ਨਾਲ ਭਾਰਤ ਨੂੰ ਤੇਲ ਅਤੇ ਗੈਸ ਦੀ ਸਪਲਾਈ ਦੇ ਵੱਡੇ ਸਰੋਤ ਵੱਜੋਂ ਉਭਰ ਰਿਹਾ ਹੈ।ਸਾਲ 2017 ‘ਚ ਅਮਰੀਕਾ ਤੋਂ ਕੱਚੇ ਆਯਾਤ ਦੀ ਸ਼ੁਰੂਆਤ ਹੋਈ ਸੀ, ਉਹ ਹੁਣ ਸਿਰਫ 2 ਸਾਲਾਂ ‘ਚ ਹੀ ਮਜ਼ਬੂਤ ਅਧਾਰ ਹਾਸਲ ਕਰ ਚੁੱਕੀ ਹੈ।ਭਾਰਤ ਨੇ ਪਿਛਲੇ ਸਾਲ ਪਹਿਲੀ ਖੇਪ ਪ੍ਰਾਪਤ ਕੀਤੀ ਸੀ ਅਤੇ ਅਮਰੀਕਾ ਤੋਂ ਆਯਾਤ ‘ਚ ਹੋ ਰਿਹਾ ਵਾਧਾ ਅਮਰੀਕਾ ਨਾਲ ਵਪਾਰਕ ਘਾਟੇ ਨੂੰ ਵੀ ਖ਼ਤਮ ਕਰੇਗਾ।ਦਰਅਸਲ ਭਾਰਤ ਅਤੇ ਅਮਰੀਕਾ ਦਰਮਿਆਨ ਜੋ ਵਪਾਰਕ ਘਾਟਾ ਮੌਜੂਦ ਹੈ ਉਹ ਦੋਵਾਂ ਮੁਲਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।

ਅਗਾਉਂ ਊਰਜਾ ਪਹੁੰਚ , ਊਰਜਾ ਸੁਰੱਖਿਆ ਅਤੇ ਊਰਜਾ ਸਮਰੱਥਾ ਜਾਂ ਕੁਸ਼ਲਤਾ ਦੇ ਦ੍ਰਿਸ਼ਟੀਕੋਣ ਦੇ ਅਧਾਰ ‘ਤੇ ਦੋਵਾਂ ਮੁਲਕਾਂ ਨੇ ਪਿਛਲੇ ਸਾਲ ਪਹਿਲੀ ਰਣਨੀਤਕ ਊਰਜਾ ਸਾਂਝੇਦਾਰੀ ਦੀ ਬੈਠਕ ਦਾ ਆਯੋਜਨ ਕੀਤਾ ਸੀ।ਇਸ ਬੈਠਕ ਦੀ ਸਹਿ ਪ੍ਰਧਾਨਗੀ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਅਮਰੀਕਾ ਦੇ ਊਰਜਾ ਸਕੱਤਰ ਰਿਕ ਪੈਰੀ ਨੇ ਕੀਤੀ ਸੀ।ਦੋਵਾਂ ਆਗੂਆਂ ਨੇ ਇਸ ਦੌਰਾਨ ਆਪਸ ਸਹਿਕਾਰਤਾ ਦੇ ਚਾਰ ਪ੍ਰਮੁੱਖ ਥੰਮ੍ਹ ਤੈਅ ਕੀਤਾ ਸੀ , ਜਿਸ ‘ਚ ਤੇਲ ਅਤੇ ਗੈਸ, ਬਿਜਲੀ ਅਤੇ ਊਰਜਾ ਕੁਸ਼ਲਤਾ, ਨਵਿਆਉਣਯੋਗ ਊਰਜਾ ਅਤੇ ਟਿਕਾਊ ਵਿਕਾਸ ਅਤੇ ਕੋਲਾ ਸ਼ਾਮਲ ਸੀ।

ਇਸ ਸਬੰਧੀ ਇਕ ਮਹੱਤਵਪੂਰਨ ਤਰੱਕੀ ਤਹਿਤ ਭਾਰਤ ਦੇ ਪੇਟਰੋਨੈਟ ਐਲਐਨਜੀ ਲਿਮਟਿਡ ਅਤੇ ਅਮਰੀਕੀ ਟੈਲੂਰੀਅਮ ਵਿਚਾਲੇ 7.5 ਬਿਲੀਅਨ ਡਾਲਰ ਦਾ ਸਮਝੌਤਾ ਸਹੀਬੱਧ ਹੋਇਆ ਹੈ, ਜਿਸ ‘ਚ 2.5 ਬਿਲੀਅਨ ਡਾਲਰ ਦੀ ਲਾਗਤ ਵਾਲੇ 18% ਹਿੱਸੇ ‘ਤੇ ਪੇਟਰੋਨੈਟ ਦੀ ਹਿੱਸੇਦਾਰੀ ਪੱਕੀ ਹੋਵੇਗੀ।ਇਹ ਸਮਝੌਤਾ ਭਾਰਤੀ ਪ੍ਰਧਾਨ ਮੰਤਰੀ ਦੀ ਮੌਜੂਦਗੀ ‘ਚ ਸਹੀਬੱਧ ਕੀਤਾ ਗਿਆ, ਜੋ ਕਿ ਅਮਰੀਕੀ ਸ਼ੈੱਲ ਗੈਸ ਸੈਕਟਰ ‘ਚ ਇਕ ਵੱਡੇ ਵਿਦੇਸ਼ੀ ਨਿਵੇਸ਼ਕ ਵੱਜੋਂ ਉਤਰਨਾ ਚਾਹੁੰਦੇ ਹਨ।

ਇਸ ਤੋਂ ਇਲਾਵਾ ਇੰਡੀਆਨ ਆਇਲ ਕਾਰਪੋਰੇਸ਼ਨ ਅਤੇ ਭਾਰਤ ਪੈਟਰੋਲੀਅਮ ਵਰਗੀਆਂ ਕੰਪਨੀਆਂ ਨੇ ਵੀ ਅਮਰੀਕੀ ਕੱਚੇ ਮਾਲ ਨੂੰ ਵੱਡੀ ਮਾਤਰਾ ‘ਚ ਪ੍ਰਾਪਤ ਕਰਨ ਲਈ ਸਮਝੌਤੇ ‘ਤੇ ਦਸਤਖਤ ਕੀਤੇ ਹਨ, ਜਦਕਿ ਗੇਲ ਅਤੇ ਰਿਲਾਇੰਸ ਵਰਗੇ ਅਦਾਰਿਆਂ ਨੇ ਅਮਰੀਕੀ ਗੈਸ ਪ੍ਰਾਜੈਕਟਾਂ ‘ਚ ਨਿਵੇਸ਼ ਕੀਤਾ ਹੈ।

ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੀ ਗੱਲਬਾਤ ਦੌਰਾਨ ਵਿਸ਼ਵ ਦੇ ਊਰਜਾ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਭਾਰਤੀ ਊਰਜਾ ਤਬਦੀਲੀ ਪ੍ਰਾਜੈਕਟਾਂ ‘ਚ ਨਿਵੇਸ਼ ਕਰਨ ਸਬੰਧੀ ਸਕਾਰਾਤਮਕ ਪਹੁੰਚ ਪ੍ਰਗਟ ਕੀਤੀ ਅਤੇ ਨਾਲ ਹੀ ਖੁੱਲ੍ਹੇ ਨਿਵੇਸ਼ੀ ਮਾਹੌਲ ਅਤੇ ਕਾਰਪੋਰੇਟ ਕਰਾਂ ਦੀਆਂ ਦਰਾਂ ‘ਚ ਕਟੌਤੀ ਦਾ ਵੀ ਸਵਾਗਤ ਕੀਤਾ।

ਅੰਤਰਰਾਸ਼ਟਰੀ ਊਰਜਾ ਏਜੰਸੀ, ਆਈ.ਈ.ਏ. ਨੇ ਧਿਆਨ ਦਿੱਤਾ ਹੈ ਕਿ ਸ੍ਰੀ ਮੋਦੀ ਦੇ ਨਿਜ਼ਾਮ ਦੌਰਾਨ ਭਾਰਤੀ ਵਿਦੇਸ਼ੀ ਊਰਜਾ ਨਿਵੇਸ਼ਾਂ ‘ਚ 85 ਬਿਲੀਆਨ ਡਾਲਰ ਦਾ ਵਾਧਾ ਦਰਜ ਕੀਤਾ ਹੈ।ਜੋ ਕਿ 12% ਦਾ ਇਕ ਵੱਡਾ ਰਿਕਾਰਡ ਹੈ।ਉਮੀਦ ਹੈ ਕਿ ਭਾਰਤ ਅਗਲੇ ਦਹਾਕੇ ‘ਚ ਹਾਈਡਰੋਕਾਰਬਨ ਸੈਕਟਰ ‘ਚ 300 ਬਿਲੀਅਨ ਡਾਲਰ ਦੀ ਹੱਦ ਤੱਕ ਨਿਵੇਸ਼ ਦੇ ਮੌਕੇ ਪ੍ਰਦਾਨ ਕਰ ਸਕਦਾ ਹੈ।

ਇਸ ਤੋਂ ਇਲਾਵਾ ਭਾਰਤ-ਅਮਰੀਕਾ ਊਰਜਾ ਖੇਤਰ ਦੀਆਂ ਪਹਿਲਕਦਮੀਆਂ ‘ਚ ਨਾਗਰਿਕ ਪ੍ਰਮਾਣੂ ਸਾਂਝੇਦਾਰੀ, ਬਿਜਲੀ ਗ੍ਰਿਡਾਂ ਅਤੇ ਟਰਾਂਸਮਿਸ਼ਨ ਲਾਈਨਾਂ ‘ਚ ਨਿਵੇਸ਼ ਆਦਿ ਸ਼ਾਮਲ ਹੈ।

ਅੰਤ ‘ਚ ਕਹਿ ਸਕਦੇ ਹਾਂ ਕਿ ਭਾਰਤ-ਅਮਰੀਕਾ ਸਬੰਧਾਂ ‘ਚ ਤੇਜ਼ੀ ਆ ਰਹੀ ਹੈ।

ਸਕ੍ਰਿਪਟ: ਸਤਿਆਜੀਤ ਮੋਹੰਤੀ, ਆਈ.ਆਰ.ਐਸ, ਸੀਨੀਅਰ ਆਰਥਿਕ ਵਿਸ਼ਲੇਸ਼ਕ