ਮੋਦੀ-ਸ਼ੀ ਦਰਮਿਆਨ ਗੈਰ ਰਸਮੀ ਮੁਲਾਕਾਤ ਅਤੇ ਭਾਰਤ ਵੱਲੋਂ ਕਸ਼ਮੀਰ ਮੁੱਦੇ ‘ਤੇ ਚੀਨ ਦੇ ਰੁਖ਼ ਦੀ ਨਿਖੇਧੀ

ਵੁਹਾਨ ਸੰਮੇਲਨ ਨੂੰ ਬਹਾਲ ਕਰਨ ਦੇ ਮਕਸਦ ਨਾਲ ਤਾਮਿਲਨਾਡੂ ਦੇ ਮਹਾਬਲੀ ਪੁਰਮ ਵਿਖੇ 11-12 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਇਕ ਗੈਰ ਰਸਮੀ ਮੁਲਾਕਾਤ ਹੋਣ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਦੋਵਾਂ ਆਗੂਆਂ ਵਿਚਾਲੇ ਇਸ ਸਿਲਸਿਲੇ ਦੀ ਪਹਿਲੀ ਗੈਰ ਰਸਮੀ ਬੈਠਕ ਸਾਲ 2018 ਦੇ ਅਪ੍ਰੈਲ ਮਹੀਨੇ ਚੀਨ ਦੇ ਵੁਹਾਨ ਵਿਖੇ ਆਯੋਜਿਤ ਹੋਈ ਸੀ।ਇਸ ਬੈਠਕ ‘ਚ ਭਾਰਤ-ਚੀਨ ਦੁਵੱਲੇ ਸਬੰਧਾਂ ਅਤੇ ਖਾਸ ਖੇਤਰੀ ਅਤੇ ਆਲਮੀ ਮੁੱਦਿਆਂ ਨੂੰ ਵਿਚਾਰਿਆ ਗਿਆ ਸੀ।ਇਸ ਮਿਲਣੀ ਨੂੰ ਹਰ ਪੱਖ ਤੋਂ ਸਫ਼ਲ ਕਰਾਰ ਦਿੱਤਾ ਗਿਆ ਸੀ ਅਤੇ ਨਾਲ ਹੀ ਇਹ ਵਾਅਦਾ ਵੀ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਦੀਆਂ ਬੈਠਕਾਂ ਭਵਿੱਖ ‘ਚ ਵੀ ਜਾਰੀ ਰੱਖੀਆਂ ਜਾਣਗੀਆਂ।ਇਸ ਸਬੰਧ ‘ਚ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਆਏ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਮੁਲਾਕਾਤ ਦੌਰਾਨ ਦੋਵੇਂ ਆਗੂ ਜਿੱਥੇ ਦੁਵੱਲੇ ਮੁੱਦਿਆਂ ਨੂੰ ਵਿਚਾਰਨਗੇ ਉੱਥੇ ਹੀ ਖੇਤਰੀ ਅਤੇ ਆਲਮੀ ਮਸਲਿਆਂ ‘ਤੇ ਵੀ ਧਿਆਨ ਕੇਂਦਰਿਤ ਕਰਨਗੇ ਤਾਂ ਜੋ ਦੁਵੱਲੇ ਸਬੰਧਾਂ ਅਤੇ ਦੁਵੱਲੀ ਸਾਂਝੇਦਾਰੀ ਨੂੰ ਵਧੇਰੇ ਮਜ਼ਬੂਤ ਕੀਤਾ ਜਾ ਸਕੇ।ਇਤਫਾਕ ਨਾਲ ਇਹ ਮੁਲਾਕਾਤ ਉਸ ਸਮੇਂ ਹੋ ਰਹੀ ਹੈ ਜਦੋਂ ਭਾਰਤ ਵੱਲੋਂ ਕਸ਼ਮੀਰ ਦੇ ਮੁੱਦੇ ‘ਤੇ ਚੀਨ ਵੱਲੋਂ ਆਏ ਕੁੱਝ ਬਿਆਨਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।ਹਾਲਾਂਕਿ ਚੀਨ ਨੂੰ ਇੰਨ੍ਹਾਂ ਇਤਰਾਜਾਂ ਤੋਂ ਪੂਰੀ ਤਰ੍ਹਾਂ ਨਾਲ ਜਾਣੂ ਕਰਵਾ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਨਵੀਂ ਦਿੱਲੀ ਵੱਲੋਂ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਭਾਰਤ ਆਪਣੇ ਅੰਦਰੂਨੀ ਮਾਮਲਿਆਂ ‘ਚ ਕਿਸੇ ਵੀ ਬਾਹਰੀ ਦਖ਼ਲ ਦੀ ਇਜਾਜ਼ਤ ਨਹੀਂ ਦਿੰਦਾ ਹੈ ਅਤੇ ਨਾ ਹੀ ਕਿਸੇ ਸਮਝੌਤੇ ਦਾ ਗੁਲਾਮ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਚੀਨੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਹੀ ਇਸ ਗੱਲ ‘ਤੇ ਜ਼ੁਬਾਨੀ ਇਤਰਾਜ਼ ਜਤਾਇਆ ਸੀ ਕਿ ਪਾਕਿਸਤਾਨ ‘ਚ ਚੀਨੀ ਸਫੀਰ ਨੇ ਕੁੱਝ ਅਜਿਹੀਆਂ ਗੱਲਾਂ ਕਹੀਆਂ ਹਨ ਜਿਸ ‘ਤੇ ਭਾਰਤ ਨੂੰ ਸਖਤ ਨਰਾਜ਼ਗੀ ਹੈ।ਚੀਨੀ ਰਾਜਦੂਤ ਨੇ ਕਿਹਾ ਸੀ ਕਿ ਕਸ਼ਮੀਰੀ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਚੀਨ ਹਰ ਢੁਕਵੀਂ ਕਾਰਵਾਈ ਕਰੇਗਾ ਅਤੇ ਉਨ੍ਹਾਂ ਦੇ ਬੁਨਿਆਦੀ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਵੀ ਚੀਨ ਯਤਨਸ਼ੀਲ ਹੈ।ਹਾਲਾਂਕਿ ਚੀਨ ਨੇ ਅਧਿਕਾਰਤ ਤੌਰ ‘ਤੇ ਸਪਸ਼ੱਟ ਕਰ ਦਿੱਤਾ ਹੈ ਕਿ ਚੀਨੀ ਸਫੀਰ ਦਾ ਇਹ ਬਿਆਨ ਚੀਨ ਦੀ ਸਰਕਾਰੀ ਸਥਿਤੀ ਨੂੰ ਬਿਆਨ ਨਹੀਂ ਕਰਦਾ ਹੈ।
ਰਾਸ਼ਟਰਪਤੀ ਸ਼ੀ ਅਤੇ ਪੀਐਮ ਮੋਦੀ ਵਿਚਾਲੇ ਜੋ ਮੁਲਾਕਾਤ ਹੋਣ ਵਾਲੀ ਹੈ ਉਸ ਸਬੰਧੀ ਆਮ ਧਾਰਨਾ ਇਹੀ ਹੈ ਕਿ ਭਾਰਤ ਇਸ ਮਿਲਣੀ ਦੌਰਾਨ ਕਸ਼ਮੀਰ ਸਬੰਧੀ ਕੋਈ ਵੀ ਸਵਾਲ ਨਹੀਂ ਚੁੱਕੇਗਾ, ਪਰ ਜੇਕਰ ਚੀਨੀ ਰਾਸ਼ਟਰਪਤੀ ਪੂਰੀ ਸਮੱਸਿਆ ਦੀ ਤਹਿ ਤੱਕ ਜਾਣ ਲਈ ਕੁੱਝ ਜਾਣਨ ਦੀ ਇੱਛਾ ਰੱਖਣਗੇ ਤਾਂ ਪੀਐਮ ਮੋਦੀ ਇਸ ਸਬੰਧ ‘ਚ ਭਾਰਤ ਦੀ ਸਥਿਤੀ ਜ਼ਰੂਰ ਸਪਸ਼ੱਟ ਕਰਨਗੇ।
ਜਿੱਥੋਂ ਤੱਕ ਕਸ਼ਮੀਰ ਦੇ ਸਬੰਧ ‘ਚ ਭਾਰਤ ਦਾ ਰੁਖ਼ ਹੈ, ਭਾਰਤ ਨੇ ਕਈ ਵਾਰ ਇਸ ਗੱਲ ‘ਤੇ ਜ਼ੋਰ ਦੇ ਕਿ ਕਿਹਾ ਹੈ ਕਿ ਭਾਰਤ ਇਸ ਮਸਲੇ ਨੂੰ ਕਿਸੇ ਵੀ ਆਲਮੀ ਮੰਚ ਜਾਂ ਤੀਜੇ ਮੁਲਕ ਦੀ ਮਦਦ ਨਾਲ ਹੱਲ ਨਹੀਂ ਕਰਨਾ ਚਾਹੁੰਦਾ ਹੈ ਅਤੇ ਨਾ ਹੀ ਕਿਸੇ ਨੂੰ ਉਸ ਦੇ ਅੰਦਰੂਨੀ ਮਸਲਿਆਂ ‘ਚ ਬੋਲਣ ਦੀ ਲੋੜ ਹੈ।ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਵੀ ਮਸਲਾ ਹੈ ਤਾਂ ਉਸ ਨੂੰ ਦੁਵੱਲੀ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਹੈ ਨਾ ਕਿ ਤੀਜੀ ਧਿਰ ਦੀ ਵਿਚੋਲਗੀ ‘ਤੇ ਨਿਰਭਰ ਕਰਨ ਦੀ ਜ਼ਰੂਰਤ ਹੈ।
ਹਾਲ ਦੇ ਸਮੇਂ ‘ਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਾਰ-ਵਾਰ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ‘ਚ ਸਾਲਸੀ ਲਈ ਤਿਆਰ ਹਨ ਅਤੇ ਜੇਕਰ ਦੋਵਾਂ ਮੁਲਕਾਂ ਦੀ ਸਹਿਮਤੀ ਹੋਵੇ ਤਾਂ ਉਹ ਇਸ ‘ਤੇ ਕੰਮ ਸ਼ੁਰੂ ਕਰ ਸਕਦੇ ਹਨ।ਪਰ ਭਾਰਤ ਨੇ ਹਮੇਸ਼ਾਂ ਇਕ ਹੀ ਜਵਾਬ ਦਿੱਤਾ ਹੈ ਕਿ ਉਹ ਕਿਸੇ ਵੀ ਤੀਜੀ ਧਿਰ ਦੀ ਮਦਦ ਨਹੀਂ ਲਵੇਗਾ।ਸਾਫ਼ ਹੈ ਕਿ ਭਾਰਤ ਦੇ ਇਸ ਰਵੀਏ ਤੋਂ ਚੀਨ ਵੀ ਚੰਗੀ ਤਰ੍ਹਾਂ ਨਾਲ ਵਾਕਫ਼ ਹੈ।ਭਾਰਤ ਨੂੰ ਵੀ ਪਤਾ ਹੈ ਕਿ ਚੀਨ ਅਤੇ ਪਾਕਿਸਤਾਨ ਵਿਚਾਲੇ ਦੋਸਤਾਨਾ ਸਬੰਧ ਬਹੁਤ ਡੂੰਗੇ ਹਨ ਅਤੇ ਆਮ ਹੀ ਬੈਨੁਲ ਅਕਵਾਮੀ ਅਦਾਰਿਆਂ ‘ਚ ਚੀਨ ਵੱਲੋਂ ਪਾਕਿਸਤਾਨ ਦੀ ਹਿਮਾਇਤ ਕੀਤੀ ਗਈ ਹੈ।ਪਰ ਭਾਰਤ ਨੂੰ ਇੰਨ੍ਹਾਂ ਦੋਵਾਂ ਮੁਲਕਾਂ ਵਿਚਾਲੇ ਆਪਸੀ ਸਬੰਧਾਂ ਅਤੇ ਸਹਿਯੋਗ ਤੋਂ ਕੋਈ ਦਿੱਕਤ ਨਹੀਂ ਹੈ।ਦੋ ਦੇਸ਼ ਜੇਕਰ ਆਪਸੀ ਦੋਸਤੀ ਨੂੰ ਮਜ਼ਬੂਤ ਕਰਦੇ ਹਨ ਜਾਂ ਫਿਰ ਸਾਂਝੀਦਾਰ ਵੱਜੋਂ ਆਪਣੀਆਂ ਤਰਜੀਹਾਂ ਤੈਅ ਕਰਦੇ ਹਨ ਤਾਂ ਇਸ ਤੋਂ ਭਾਰਤ ਜਾਂ ਫਿਰ ਕਿਸੇ ਹੋਰ ਮੁਲਕ ਨੂੰ ਕੀ ਸਮੱਸਿਆ ਹੋ ਸਕਦੀ ਹੈ।ਗੱਲ ਜਾਂ ਸਥਿਤੀ ‘ਚ ਉਸ ਸਮੇਂ ਵਿਗਾੜ ਆਉਂਦਾ ਹੈ ਜਦੋਂ ਕੋਈ ਮੁਲਕ ਕਿਸੇ ਦੂਜੇ ਮੁਲਕ ਦੇ ਅੰਦਰੂਨੀ ਮਾਮਲ਼ਿਆਂ ਜਾਂ ਫ਼ੈਸਲਿਆਂ ‘ਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ।
ਕੁੱਝ ਦਿਨ ਪਹਿਲਾਂ ਹੀ ਪਾਕਿ ਵਜ਼ੀਰ-ਏ-ਆਜ਼ਮ ਵੱਲੋਂ ਬੀਜਿੰਗ ਦਾ ਦੌਰਾ ਕੀਤਾ ਗਿਆ ਸੀ ਅਤੇ ਦੋਵਾਂ ਮੁਲਕਾਂ ਵੱਲੋਂ ਇਕ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ ਸੀ, ਜਿਸ ‘ਚ ਕਸ਼ਮੀਰ ਦਾ ਹਵਾਲਾ ਵੀ ਮੌਜੂਦ ਸੀ।ਚੀਨ-ਪਾਕਿ ਸਬੰਧ ਆਪਣੀ ਥਾਂ ‘ਤੇ ਹਨ ਪਰ ਕਸ਼ਮੀਰ ਦੇ ਸਬੰਧ ‘ਚ ਭਾਰਤ ਨੇ ਜੋ ਵੀ ਫ਼ੈਸਲਾ ਕੀਤਾ ਹੈ ਉਹ ਉਸ ਦਾ ਅੰਦਰੂਨੀ ਮਾਮਲਾ ਹੈ ਅਤੇ ਚੀਨ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ ਹੈ।ਹਾਲਾਂਕਿ ਚੀਨ ਇਸ ਹੱਕ ‘ਚ ਵੀ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਣੇ ਦੁਵੱਲੇ ਮਸਲੇ ਆਪਸੀ ਗੱਲਬਾਤ ਰਾਹੀਂ ਸੁਲਝਾਉਣੇ ਚਾਹੀਦੇ ਹਨ।ਪਰ ਹਾਲ ‘ਚ ਆਏ ਬਿਆਨਾਂ ਦਾ ਭਾਰਤ ਵੱਲੋਂ ਵਿਰੋਧ ਕੀਤਾ ਗਿਆ ਹੈ ਅਤੇ ਨਾਲ ਹੀ ਭਾਰਤ ਨੇ ਕਿਹਾ ਹੈ ਕਿ ਚੀਨ ਨੂੰ ਇਸ ਨਾਜ਼ੁਕ ਮੁੱਦੇ ਨੂੰ ਗੰਭੀਰ ਰੂਪ ‘ਚ ਸਮਝਣਾ ਚਾਹੀਦਾ ਹੈ।ਚੀਨ ਦੇ ਵੀ ਕੁੱਝ ਆਪਣੇ ਅੰਦਰੂਨੀ ਮਾਮਲੇ ਹਨ ਜਿੰਨ੍ਹਾਂ ‘ਚੋਂ ਇਕ ਸ਼ਿਨਜਿਆਂਗ ਪ੍ਰਾਂਤ ਦੇ ਓਈਗਰ ਮੁਸਲਮਾਨਾਂ ਦਾ ਹੈ, ਜਿਸ ਦਾ ਕਿ ਜ਼ਿਕਰ ਆਲਮੀ ਪੱਧਰ ‘ਤੇ ਕਈ ਵਾਰ ਹੁੰਦਾ ਹੈ ਪਰ ਭਾਰਤ ਨੇ ਕਦੇ ਵੀ ਇਸ ਸਬੰਧੀ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ।
ਬਹਿਰਹਾਲ ਇਹ ਵਧੀਆ ਗੱਲ ਹੈ ਕਿ ਭਾਰਤ-ਚੀਨ ਦੇ ਆਗੂ 11-12 ਅਕਤੂਬਰ ਨੂੰ ਗੈਰ ਰਸਮੀ ਮੁਲਾਕਾਤ ਲਈ ਇੱਕਠੇ ਹੋ ਰਹੇ ਹਨ ।ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਿਲਣੀ ਨਾਲ ਨਾ ਸਿਰਫ ਦੋਵਾਂ ਮੁਲਕਾਂ ਦਰਮਿਆਨ ਆਪਸੀ ਸਹਿਯੋਗ ਲਈ ਰਾਹ ਪੱਧਰਾ ਹੋਵੇਗਾ ਬਲਕਿ ਖੇਤਰੀ ਅਤੇ ਆਲਮੀ ਮਾਮਲਿਆਂ ‘ਤੇ ਵੀ ਵਿਆਪਕ ਸਹਿਮਤੀ ਬਣੇਗੀ।ਦੋਵਾਂ ਮੁਲਕਾਂ ਨੂੰ ਇਕ ਦੂਜੇ ਦੇ ਅਹਿਸਾਸਾਤ ਅਤੇ ਜਜ਼ਬਾਤਾਂ ਦਾ ਖਿਆਲ ਰੱਖਦਿਆਂ ਨਵੀਆਂ ਰਾਹਾਂ ਵੱਲ ਪੁਲਾਂਘ ਪੁੱਟਣੀ ਚਾਹੀਦੀ ਹੈ, ਕਿਉਂਕਿ ਵਿਸ਼ਵ ਸ਼ਾਂਤੀ ਹਰ ਕਿਸੇ ਦਾ ਉਦੇਸ਼ ਹੈ।