ਇਮਰਾਨ ਖ਼ਾਨ ਦੀਆਂ ਦਿੱਕਤਾਂ ‘ਚ ਹੋ ਰਿਹਾ ਵਾਧਾ

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਵੱਲੋਂ ਦੋ ਦਿਨਾਂ ਲਈ ਚੀਨ ਦਾ ਦੌਰਾ ਕੀਤਾ ਗਿਆ।ਪਾਕਿ ਫੌਜ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਵੀ ਜਨਾਬ ਖ਼ਾਨ ਦੇ ਚੀਨ ਪਹੁੰਚਣ ਤੋਂ ਇਕ ਦਿਨ ਪਹਿਲਾਂ ਬੀਜਿੰਗ ਪਹੁੰਚੇ ਅਤੇ ਉਨ੍ਹਾਂ ਨੇ ਚੀਨ ਦੇ ਆਪਣੇ ਹਮਅਹੁਦਾ ਜਨਰਲ ਝਾਂਗ ਯੂਕਸੀਆ ਅਤੇ ਪੀ.ਐਲ.ਏ. ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।ਇਮਰਾਨ ਖ਼ਾਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਵਿਚਾਲੇ ਹੋਈ ਬੈਠਕ ਦੌਰਾਨ ਜਨਰਲ ਬਾਜਵਾ ਵੀ ਮੌਜੂਦ ਰਹੇ।ਇਸ ਦੌਰੇ ਦੀ ਮਹੱਤਵਪੂਰਨ ਗੱਲ ਇਹ ਹੈ ਕਿ ਇਕ ਸਾਲ ਤੋਂ ਵੀ ਘੱਟ ਸਮੇਂ ਦੌਰਾਨ ਜਨਾਬ ਖ਼ਾਨ ਦੀ ਇਹ ਚੀਨ ਦੀ ਤੀਜੀ ਫੇਰੀ ਸੀ।

ਇਸ ਦੌਰੇ ਸਬੰਧੀ ਜਾਰੀ ਕੀਤੇ ਗਏ ਸਾਂਝੇ ਬਿਆਨ ਨੇ ‘ਪਾਕਿ-ਚੀਨ ਰਣਨੀਤਕ ਸਹਿਕਾਰਤਾ ਸਾਂਝੇਦਾਰੀ’ ਨੂੰ ਵਧੇਰੇ ਮਜ਼ਬੂਤ ਕਰਨ ਦੇ ਦ੍ਰਿੜ ਸੰਕਲਪ ਨੂੰ ਪੇਸ਼ ਕੀਤਾ ਹੈ।ਇਸ ਰਣਨੀਤਕ ਸਾਂਝ ਦਾ ਮਕਸਦ ਨਵੇਂ ਯੁੱਗ ‘ਚ ਸਾਂਝੇ ਭਵਿੱਖ ਵਾਲੇ ਚੀਨ-ਪਾਕਿ ਭਾਈਚਾਰੇ ਨੂੰ ਸਥਾਪਿਤ ਕਰਨਾ ਕਰਨਾ ਹੈ।ਕਿਸੇ ਹੱਦ ਤੱਕ ਉਮੀਦ ਕੀਤੀ ਜਾ ਰਹੀ ਹੈ ਇਸ ਬਿਆਨ ‘ਚ ਜੰਮੂ-ਕਸ਼ਮੀਰ ਦੀ ਸਥਿਤੀ ਸਬੰਧੀ ਵੀ ਅਨੁਛੇਦ ਸ਼ਾਮਲ ਕੀਤਾ ਗਿਆ ਹੈ।ਸੰਯੁਕਤ ਰਾਸ਼ਟਰ ਦੇ ਮਤੇ ਦਾ ਹਵਾਲਾ ਦਿੰਦਿਆਂ ਬੀਜਿੰਗ ਨੇ ਪਾਕਿਸਤਾਨ ਨੂੰ ਸਪਸ਼ੱਟ ਤੌਰ ‘ਤੇ ਸੰਕੇਤ ਦਿੱਤਾ ਹੈ ਕਿ ਉਸ ਨੂੰ ਭਾਰਤ ਨਾਲ ਆਪਣੇ ਮਸਲਿਆਂ ਨੂੰ ਦੁਵੱਲੇ ਹੱਲ ਰਾਹੀਂ ਨਜਿੱਠਣਾ ਚਾਹੀਦਾ ਹੈ।

ਇਕ ਹੋਰ ਖਾਸ ਗੱਲ ਇਹ ਹੈ ਕਿ ਇਮਰਾਨ ਖ਼ਾਨ ਵੱਲੋਂ ਚੀਨ ਦਾ ਦੌਰਾ ਉਸ ਸਮੇਂ ਕੀਤਾ ਗਿਆ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਭਾਰਤ ਦੌਰਾ ਤੈਅ ਸੀ ਅਤੇ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਹੁ-ਮੁਲਕੀ ਸੰਸਥਾ ਵਿੱਤੀ ਐਕਸ਼ਨ ਕਾਰਜ ਫੋਰਸ, ਐਫ.ਏ.ਟੀ.ਐਫ. ਦੀ ਅਗਾਮੀ ਬੈਠਕ ਤੋਂ ਪਹਿਲਾਂ ਇਹ ਦੌਰਾ ਕੀਤਾ ਗਿਆ ਹੈ। ਦਰਅਸਲ ਐਫ.ਏ.ਟੀ.ਐਫ. ਦੀ ਇਸ ਮਹੀਨੇ ਹੋਣ ਵਾਲੀ ਬੈਠਕ ‘ਚ ਪਾਕਿਸਤਾਨ ਨੂੰ ਕਾਲੀ ਸੂਚੀ ‘ਚ ਨਾਮਜ਼ਦ ਕੀਤਾ ਜਾਵੇ ਜਾਂ ਫਿਰ ਨਹੀਂ ਇਸ ਸਬੰਧੀ ਫ਼ੈਸਲਾ ਲਿਆ ਜਾਵੇਗਾ।

ਇਹ ਆਮ ਉਮੀਦ ਅਨੁਸਾਰ ਹੀ ਹੈ ਕਿ ਜਨਾਬ ਖ਼ਾਨ ਅਤੇ ਜਨਰਲ ਬਾਜਵਾ ਨੇ ਚੀਨ ਦੇ ਉੱਚ ਅਧਿਕਾਰੀਆਂ ਅਤੇ ਆਗੂਆਂ ਨਾਲ ਆਪਣੀ ਮਿਲਣੀ ਦੌਰਾਨ ਕਸ਼ਮੀਰ ਮੁੱਦੇ ਨੂੰ ਜ਼ਰੂਰ ਵਿਚਾਰਿਆ।ਇਸ ਦੇ ਨਾਲ ਹੀ ਉਨਾਂ ਨੇ ਇਹ ਵੀ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਦੋਵੇਂ ਮੁਲਕ ਇਕ ਹੀ ਸਥਿਤੀ ‘ਚ ਹਨ ਅਤੇ ਅੱਜ ਵੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਹੈ।ਹਾਲਾਂਕਿ ਰਾਸ਼ਟਰਪਤੀ ਸ਼ੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਗੈਰ ਰਸਮੀ ਮੁਲਾਕਾਤ ਦੌਰਾਨ ਕਸ਼ਮੀਰ ਦੇ ਮੁੱਦੇ ਨੂੰ ਨਹੀਂ ਚੁੱਕਿਆ।

ਬਹਿਰਹਾਲ ਜਨਾਬ ਖ਼ਾਨ ਵੱਲੋਂ ਸੰਯੁਕਤ ਰਾਸ਼ਟਰ ਮਹਾਂ ਸਭਾ ‘ਚ ਦਿੱਤਾ ਗਿਆ ਭਾਸ਼ਣ ਅਤੇ ਚੀਨ ਦੇ ਦੌਰੇ ਨੂੰ ਆਪਣੀ ਧਰਤੀ ‘ਤੇ ਰਲਵਾਂ ਪ੍ਰਤੀਕਰਮ ਹਾਸਲ ਹੋਇਆ ਹੈ।ਪਾਕਿਸਤਾਨ ‘ਚ ਵਧੇਰੇ ਟਿੱਪਣੀਕਾਰਾਂ ਨੇ ਜੋ ਮੁਲਾਂਕਣ ਪੇਸ਼ ਕੀਤੇ ਸਨ ਉਹ ਯਥਾਰਥ ਦੀ ਕਹਾਣੀ ਹੀ ਬਿਆਨ ਕਰਦੇ ਸਨ।ਉਨ੍ਹਾਂ ਨੇ ਕਿਹਾ ਕਿ ਇਮਰਾਨ ਖ਼ਾਨ ਨੂੰ ਪਾਕਿਸਤਾਨ ‘ਚ ਆਪਣੇ ਸਿਆਸੀ ਰੁਤਬੇ ਨੂੰ ਕਾਇਮ ਰੱਖਣ ‘ਚ ਕਈ ਮੁਸ਼ਕਲਾਂ ਨਾਲ ਦੋ-ਹੱਥ ਹੋਣੇ ਪੈ ਸਕਦੇ ਹਨ।ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਮਨਸੂਖ ਕੀਤੇ ਜਾਣ ਦੇ ਭਾਰਤ ਦੇ ਫ਼ੈਸਲੇ ਵਿਰੁੱਧ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਪ੍ਰਭਾਵ ਜ਼ੀਰੋ ਹੋਵੇਗਾ ਕਿਉਂਕਿ ਆਲਮੀ ਪੱਧਰ ‘ਤੇ ਹਰ ਮੁਲਕ ਪਾਕਿਸਤਾਨ ਦੀ ਅਸਲੀਅਤ ਤੋਂ ਵਾਕਫ਼ ਹੈ।

ਕਈਆਂ ਨੇ ਤਾਂ ਕਿਹਾ ਹੈ ਕਿ ਜੇਕਰ ਇਤਿਹਾਸ ਦੇ ਪੰਨਿਆਂ ‘ਤੇ ਝਾਤ ਮਾਰੀ ਜਾਵੇ ਤਾਂ ਜ਼ੁਲਫੀਕਾਰ ਅਲੀ ਭੁੱਟੋ, ਬੇਨਜ਼ੀਰ ਭੁੱਟੋ ਅਤੇ ਨਵਾਜ਼ ਸ਼ਰੀਫ ਨੇ ਵੀ ਕਸ਼ਮੀਰ ਪ੍ਰਤੀ ਭਾਰਤੀ ਪਹੁੰਚ ‘ਤੇ ਅਜਿਹੀ ਬਿਆਨਬਾਜ਼ੀ ਕੀਤੀ ਸੀ , ਜਿਸ ਦਾ ਕਿ ਪ੍ਰਭਾਵ ਨਾਮਾਤਰ ਹੀ ਰਿਹਾ ਸੀ।

ਚੀਨ ਸਮੇਤ ਹੋਰ ਆਲਮੀ ਸ਼ਕਤੀਆਂ ਵੱਲੋਂ ਭਾਰਤ ਦੇ ਵਿਸ਼ਵਵਿਆਪੀ ਰਣਨੀਤਕ ਪੱਧਰ ਨੂੰ ਮਾਨਤਾ ਦਿੱਤੀ ਗਈ ਹੈ।ਭਾਰਤ ਦੁਨੀਆ ਦੇ ਪ੍ਰਬੰਧਨ ਨੂੰ ਲੀਹੇ ਲਿਆਉਣ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਜਨਾਬ ਖ਼ਾਨ ਅਤੇ ਉਨ੍ਹਾਂ ਦੇ ਸ਼ਗਿਰਦ ਇਸ ਤੱਥ ਤੋਂ ਵਾਕਫ਼ ਹਨ ਕਿ ਕਸ਼ਮੀਰ ਪ੍ਰਤੀ ਭਾਰਤ ਦੇ ਫ਼ੈਸਲੇ ਨੇ ਪਾਕਿ ਸਿਆਸਤ ‘ਚ ਉਨ੍ਹਾਂ ਦੀ ਸਥਿਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਰਕੇ ਵਿਰੋਧੀ ਧਿਰ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲੈਣ ਦਾ ਕੋਈ ਵੀ ਮੌਕਾ ਗਵਾਇਆ ਨਹੀਂ ਜਾਣ ਦੇ ਰਹੀ ਹੈ।ਇਕ ਤਰ੍ਹਾਂ ਨਾਲ ਪਾਕਿ ਹਕੂਮਤ ਕਸ਼ਮੀਰ ਮੁੱਦੇ ‘ਤੇ ਆਪਣੇ ਬਿਆਨਾਂ ਰਾਹੀਂ ਆਪਣੀ ਸਿਆਸੀ ਸਮਝ ਦੀ ਘਾਟ ਨੂੰ ਪੇਸ਼ ਕਰ ਰਹੀ ਹੈ।

ਬਿਲਾਵਲ ਭੁੱਟੋ ਨੇ ਤਾਂ ਜਨਾਬ ਖ਼ਾਨ ਅਤੇ ਉਨ੍ਹਾਂ ਦੇ ਕਥਿਤ ਸਲਾਹਕਾਰ (ਪਾਕਿ ਫੌਜ) ‘ਤੇ ਵਿਅੰਗ ਕੱਸਦਿਆਂ ਕਿਹਾ ਹੈ, “ ਇਮਰਾਨ ਖ਼ਾਨ ਇਕ ਕਠਪੁਤਲੀ ਹੈ ਅਤੇ ਉਸ ਨੂੰ ਨਿਯੰਤਰਣ ਕਰਨ ਵਾਲਾ ਕੋਈ ਹੋਰ ਹੀ ਹੈ।”

ਮੌਜੂਦਾ ਸਮੇਂ ‘ਚ ਪਾਕਿ ਹਕੂਮਤ ਜਾਨਿ ਕਿ ਖ਼ਾਨ ਸਰਕਾਰ ਮਹਿੰਗਾਈ, ਬੇਰੁਜ਼ਗਾਰੀ ਅਤੇ ਨਿਵੇਸ਼ ਦੀ ਘਾਟ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।ਗਲੋਬਲ ਮਾਰਕਿਟ ਖੋਜ ਅਤੇ ਸਲਾਹਕਾਰ ਸੰਸਥਾ ਨੇ ਹਾਲ ‘ਚ ਹੀ ਆਪਣੇ ਇਕ ਕੀਤੇ ਤਾਜ਼ਾ ਸਰਵੇਖਣ ਰਾਹੀਂ ਦੱਸਿਆ ਹੈ ਕਿ ਪਾਕਿਸਤਾਨੀ ਅਰਥਚਾਰੇ ‘ਚ ਲੋਕਾਂ ਦਾ ਵਿਸ਼ਵਾਸ ਘੱਟ ਗਿਆ ਹੈ।ਪਾਕਿਸਤਾਨ ਦੇ 33.8 ਅੰਕ ਹਨ ਜਦਕਿ ਭਾਰਤ 62.9 ਅੰਕਾਂ ‘ਤੇ ਹੈ।ਅਗਲੇ ਛੇ ਮਹੀਨਿਆਂ ਲਈ ਛੋਟੀ ਮਿਆਦ ਲਈ ਕੀਤੀ ਗਈ ਭਵਿੱਖਬਾਣੀ ਕੁੱਝ ਕੁ ਨਿਰਾਸ਼ਾਜਨਕ ਹੈ, ਕਿਉਂਕਿ 79% ਲੋਕਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਗਲਤ ਰਾਹ ‘ਤੇ ਅੱਗੇ ਵੱਧ ਰਿਹਾ ਹੈ।

ਇਮਰਾਨ ਖ਼ਾਨ ਦੀ ਘੱਟ ਰਹੀ ਲੋਕਪ੍ਰਿਯਤਾ ਦੇ ਸੂਰਤੇਹਾਲ ‘ਚ ਪਾਕਿ ਦੀ ਵਿਰੋਧੀ ਧਿਰ ਆਪਣੀ ਸਿਆਸੀਆਂ ਰੋਟੀਆਂ ਸੇਕਣ ਨੂੰ ਤਿਆਰ ਬਰ ਤਿਆਰ ਹੈ।ਬਿਲਾਵਲ ਅਤੇ ਨਵਾਜ਼ ਸ਼ਰੀਫ ਦੋਵੇਂ ਹੀ ਫਾਜ਼ਲੁਰ ਰਹਿਮਾਨ ਵੱਲੋਂ ਕੱਢੇ ਜਾਣ ਵਾਲੇ ਮਾਰਚ ਰਾਹੀਂ ਜਿੱਥੇ ਇਮਾਰਨ ਖ਼ਾਨ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੇ ਹਨ ਉੱਥੇ ਹੀ ਆਪਣੇ ਸਬੰਧਾਂ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਨ ਲਈ ਇਕ ਦੂਜੇ ਦੀ ਹਿਮਾਇਤ ਵੀ ਕਰ ਰਹੇ ਹਨ ਅਤੇ ਨਾਲ ਹੀ ਇਸ ਜ਼ਰੀਏ ਫੌਜ ਨਾਲ ਆਪਣੇ ਸਬੰਧਾਂ ਦੀ ਮਜ਼ਬੂਤੀ ਨੂੰ ਵੀ ਪਰਖ ਰਹੇ ਹਨ।

ਸਕ੍ਰਿਪਟ: ਡਾ.ਅਸ਼ੋਕ ਬਹੂਰੀਆ, ਸੀਨੀਅਰ ਫੈਲੋ ਅਤੇ ਸੰਚਾਲਕ, ਦੱਖਣੀ ਏਸ਼ੀਆ ਕੇਂਦਰ, ਇਡਸਾ