ਨੈਮ (ਐਨ.ਏ.ਐਮ.) ਤੋਂ ਪਹਿਲਾਂ ਦੀਆਂ ਚੁਣੌਤੀਆਂ

ਅਜ਼ਰਬਾਈਜਾਨ ਅਗਲੇ ਹਫ਼ਤੇ 18ਵੇਂ ਨੈਮ (ਐਨ.ਏ.ਐਮ.) ਸੰਮੇਲਨ ਦੀ ਮੇਜ਼ਬਾਨੀ ਅਜਿਹੇ ਸਮੇਂ ਕਰ ਰਿਹਾ ਹੈ, ਜਦੋਂ ਐਨ.ਏ.ਐਮ. ਜਾਨੀ ਕਿ ਗੈਰ-ਗੱਠਜੋੜ ਅੰਦੋਲਨ ਵਿਸ਼ਵਵਿਆਪੀ ਪੱਧਰ ‘ਤੇ ਆਪਣੇ ਵੱਲ ਉਸ ਤਰ੍ਹਾਂ ਧਿਆਨ ਨਹੀਂ ਖਿੱਚੇਗਾ, ਜਿਵੇਂ ਕਿ ਇਸ ਨੇ ਇਕ ਵਾਰ ਖਿਚਿਆ ਸੀ। ਅਜਿਹਾ ਨਹੀਂ ਹੈ ਕਿ ਇਸ ਅੰਦੋਲਨ ਨੇ ਆਪਣੀ ਸਾਰਥਕਤਾ ਗੁਆ ਦਿੱਤੀ ਹੈ। ਇਸ ਪ੍ਰਤੀ ਉਦਾਸੀਨਤਾ ਸੱਤਾ ਵਿਚ ਵਿਸ਼ਵੀ ਤਬਦੀਲੀ ਕਾਰਨ ਹੈ, ਜਿਸ ਨੇ ਅੰਤਰਰਾਸ਼ਟਰੀ ਸੰਬੰਧਾਂ ਵਿਚ ਇਕ ਨਵੇਂ ਨਛੱਤਰ ਨੂੰ ਜਨਮ ਦਿੱਤਾ ਹੈ। ਵਿਸ਼ਵ ਇਕ ਨਵੇਂ ਭੂ-ਰਾਜਨੀਤਿਕ ਢਾਂਚੇ ‘ਐਟਲਾਂਟਿਕ ਯੁੱਗ ਦਾ ਅੰਤ ਅਤੇ ਏਸ਼ੀਆਈ ਸਦੀ ਦੇ ਆਗਮਨ’ ਦੀ ਗਵਾਹੀ ਭਰ ਰਿਹਾ ਹੈ। ਦਰਅਸਲ 21ਵੀਂ ਸਦੀ ਉਹ ਸਦੀ ਬਣ ਗਈ ਹੈ ਜਿਸ ਨੂੰ ਇਕ ਮਾਹਿਰ ਨੇ “ਜੀ-ਜ਼ੀਰੋ ਵਰਲਡ” ਕਿਹਾ ਹੈ ਜਿਸ ਨੇ ਖੇਤਰੀ ਅਤੇ ਵਿਸ਼ਵਵਿਆਪੀ ਸੰਗਠਨਾਂ ਦੇ ਪ੍ਰਸਾਰ ਨੂੰ ਵੇਖਿਆ ਹੈ। ‘ਜੀ-ਜ਼ੀਰੋ ਵਰਲਡ’ ਦਾ ਮੁੱਢਲਾ ਸੰਦੇਸ਼ ਇਹ ਹੈ ਕਿ ਕਿਸੇ ਵੀ ਦੇਸ਼ ਜਾਂ ਸਮੂਹ ਨੂੰ ਸੱਚਮੁੱਚ ਅੰਤਰਰਾਸ਼ਟਰੀ ਏਜੰਡਾ ਚਲਾਉਣ ‘ਚ ਕੋਈ ਰਾਜਨੀਤਿਕ, ਆਰਥਿਕ ਅਤੇ ਰਣਨੀਤਕ ਲਾਭ ਨਹੀਂ ਹੈ।

ਕੁਝ ਸਾਲ ਪਹਿਲਾਂ ਭਾਰਤ ਦੇ ਚੋਟੀ ਦੇ ਰਣਨੀਤਕ ਮਾਹਿਰਾਂ ਨੇ ‘ਨਾਨ-ਅਲਾਇਮੈਂਟ 2.0’ ਨਾਮਕ ਇੱਕ ਦਸਤਾਵੇਜ਼ ਦਾ ਪਰਦਾਫਾਸ਼ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਗੈਰ-ਗਠਜੋੜ ਦੇ ਮੁੱਢਲੇ ਸਿਧਾਂਤਾਂ ਦੀ ਪਾਲਣਾ ਭਾਰਤ ਨੂੰ ਵਿਸ਼ਵ ਪੱਧਰ ‘ਤੇ ਮੋਹਰੀ ਖਿਡਾਰੀ ਬਣਾਏਗੀ ਅਤੇ ਇਸਦੀ ਰਣਨੀਤਕ ਖੁਦਮੁਖ਼ਤਿਆਰੀ ਅਤੇ ਕਦਰ-ਪ੍ਰਣਾਲੀ ਨੂੰ ਕਾਇਮ ਰੱਖੇਗੀ। ਪੁਰਾਣਾ ਸ਼ੀਤ ਯੁੱਧ ਖ਼ਤਮ ਹੋ ਗਿਆ ਹੈ ਅਤੇ ਨਵੇਂ ਯੁੱਗ ਦਾ ਇਕ ਨਵਾਂ ਸ਼ੀਤ ਯੁੱਧ 2.0 ਸ਼ੁਰੂ ਹੋ ਗਿਆ ਹੈ। ਕਬੀਲੇਗੌਰ ਹੈ ਕਿ ਇਸਦਾ ਸੁਭਾਅ ਸੰਭਾਵਿਤ ਤੌਰ ‘ਤੇ ਕੁਝ ਵੱਖਰਾ ਤੇ ਡਰਾਵਨਾ ਹੈ ਅਤੇ ਇਸਨੂੰ ਨਾ ਸਿਰਫ ਪ੍ਰਤਿਯੋਗੀ ਰੁਚੀਆਂ ‘ਤੇ ਬਲਕਿ ਪ੍ਰਤਿਯੋਗੀ ਕਦਰਾਂ ਕੀਮਤਾਂ ‘ਤੇ ਸਥਾਪਿਤ ਕੀਤਾ ਗਿਆ ਹੈ। ਇਸ ਲਈ ਗੈਰ-ਗਠਜੋੜ ਨੂੰ ਦੁਬਾਰਾ ਖੋਜਣ ਦੀ ਜ਼ਰੂਰਤ ਹੈ। ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਭਾਰਤ ਦੀ ਵਿਦੇਸ਼ ਨੀਤੀ ਦੀ ਰੂਪ ਰੇਖਾ ਤਿਆਰ ਕੀਤੀ ਹੈ ਜਿਸ ਵਿਚ ਮੁੱਦਾ ਅਧਾਰਿਤ ਇਕਸਾਰਤਾ, ਮਹਾਨ ਸ਼ਕਤੀ ਸਬੰਧਾਂ ਦਾ ਪ੍ਰਬੰਧਨ ਅਤੇ ਭਾਰਤ ਦੇ ਵਿਸ਼ਵਵਿਆਪੀ ਚਿੰਨ੍ਹਾਂ ਨੂੰ ਵਧਾਉਣਾ ਸ਼ਾਮਿਲ ਹੈ। ਸੰਖੇਪ ਵਿੱਚ ਇਹ ਗੈਰ-ਗੱਠਜੋੜ ਦਾ ਸਮਰਥਨ ਹੈ।

ਨੈਮ ਸੰਮੇਲਨ ਤੋਂ ਕਦੇ ਜ਼ਿਆਦਾ ਉੱਚੀਆਂ ਉਮੀਦਾਂ ਨਹੀਂ ਰੱਖੀਆਂ ਗਈਆਂ। ਇਸ ਵਾਰ ਇਹ ਸੰਮੇਲਨ ਉਸ ਖੇਤਰ ਵਿਚ ਹੋ ਰਿਹਾ ਹੈ ਜੋ ਕਦੇ ਵੀ ਗੈਰ-ਗਠਜੋੜ ਦਾ ਹਿੱਸਾ ਨਹੀਂ ਰਿਹਾ, ਅਜਿਹਾ ਇਸ ਲਈ ਹੋਵੇਗਾ ਕਿਉਂਕਿ ਜੀ -20 ਅਤੇ ਬ੍ਰਿਕਸ ਵਰਗੇ ਹੋਰ ਵਿਸ਼ਵੀ ਮੰਚ, ਵਿਸ਼ਵੀ ਏਜੰਡੇ ਤੈਅ ਕਰਨ ਲੱਗੇ ਹਨ, ਜਿਥੇ ਭਾਰਤ ਦੀ ਪ੍ਰਭਾਵਸ਼ਾਲੀ ਪਹੁੰਚ ਹੈ। ਨੈਮ ਵੱਖ ਵੱਖ ਕੌਮਾਂ ਦਾ ਸਭ ਤੋਂ ਵੱਡਾ ਸਮੂਹ ਹੈ। ਭਾਰਤ ਇੱਕ ਸੰਸਥਾਪਕ ਮੈਂਬਰ ਹੈ ਅਤੇ ਇਹ ਅਜੇ ਵੀ ਇਸ ਅੰਦੋਲਨ ਦੇ ਅਧਾਰਿਤ ਸਿਧਾਂਤਾਂ ਵਿੱਚ ਕੁਝ ਚੰਗੇ ਪੱਖ ਵੇਖਦਾ ਹੈ। ਜੰਗ ਤੋਂ ਬਾਅਦ ਦੇ ਸੰਸਾਰ ਵਿਚ ਭਾਰਤ ਨੇ ਗੈਰ-ਗਠਜੋੜ ਨੂੰ ਗਾਂਧੀ ਜੀ ਦੀਆਂ ਉਮੀਦਾਂ ਦੀ ਪੂਰਤੀ ਜਿਵੇਂ ਕਿ ‘ਆਜ਼ਾਦੀ ਸਾਰੇ ਲੋਕਾਂ ਦੇ ਉਦਾਰ ਦੇ ਸੰਘਰਸ਼ ਦਾ ਹਿੱਸਾ ਹੋਣੀ ਚਾਹੀਦੀ ਹੈ’ ਵਜੋਂ ਵੇਖਿਆ ਹੈ ।

ਨੈਮ ਲੰਬੇ ਸਮੇਂ ਲਈ ਵਿਦੇਸ਼ ਨੀਤੀ ਦੇ ਸਿਧਾਂਤ ਅਤੇ ਵਿਦੇਸ਼ੀ ਨੀਤੀ ਦੇ ਖਾਸ ਰੁਝਾਨ ਬਣਾ ਰਿਹਾ ਹੈ। ਨਵੇਂ ਆਜ਼ਾਦ ਦੇਸ਼ ਵੱਡੀ ਸ਼ਕਤੀਆਂ ਨਾਲ ਗੱਠਜੋੜ ਦੇ ਜ਼ਰੀਏ ਆਪਣੀ ਪ੍ਰਭੂਸੱਤਾ ਦੀ ਸਥਿਤੀ ਨੂੰ ਬਚਾਉਣ ਲਈ ਐਨ.ਏ.ਐਮ. ਵਿਚ ਸ਼ਾਮਿਲ ਹੋਏ ਹਨ। ਐਨ.ਏ.ਐਮ. ਨੇ ਜਿਨ੍ਹਾਂ ਮਸਲਿਆਂ ‘ਤੇ ਗੱਲਬਾਤ ਕੀਤੀ, ਉਨ੍ਹਾਂ ਵਿਚੋਂ ਕੁਝ ਅਜੇ ਵੀ ਮੰਨਣਯੋਗ ਹਨ, ਜਿਨ੍ਹਾਂ ਵਿਚ ਇਕ ਉਚਿਤ ਵਿਸ਼ਵੀ ਵਿਵਸਥਾ ਵੀ ਸ਼ਾਮਿਲ ਹੈ। ਹੋਰਾਂ ਨੇ ਨਵੇਂ ਰੂਪ ਅਤੇ ਅਕਾਰ ਲੈ ਲਏ ਹਨ ਪਰ ਕਈ ਆਮ ਚੁਣੌਤੀਆਂ ਅਜੇ ਵੀ ਮੌਜੂਦ ਹਨ। ਨੈਮ ਨੂੰ ਆਪਣੇ ਪਹੀਏ ਮੁੜ ਠੀਕ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਪ੍ਰਸੰਗਿਕ ਬਣੇ ਰਹਿਣ ਲਈ ਏਜੰਡਿਆਂ ਨੂੰ ਮੁੜ ਵਿਵਸਥਿਤ ਕਰਨ ਅਤੇ ਇਸ ਦੇ ਕੰਮਕਾਜ ਨੂੰ ਦੁਬਾਰਾ ਊਰਜਾ ਦੇਣ ਦੀ ਜ਼ਰੂਰਤ ਹੋਏਗੀ।

ਭਾਰਤ ਗੈਰ-ਗਠਜੋੜ ਦੇ ਟੀਚਿਆਂ ਲਈ ਵਚਨਬੱਧ ਹੈ। ਭਾਰਤ ਦੀ ਰਾਏ ਹੈ ਕਿ, “ਨੈਮ ਵਿਕਾਸਸ਼ੀਲ ਵਿਸ਼ਵ ਦੇ ਸਮੂਹਿਕ ਹਿੱਤਾਂ ਖ਼ਾਤਿਰ ਕਾਰਵਾਈ ਕਰਨ ਲਈ ਜਗ੍ਹਾ ਦੀ ਨੁਮਾਇੰਦਗੀ ਕਰਦਾ ਹੈ… ਖ਼ਾਸਕਰ ਵਿਸ਼ਵਵਿਆਪੀ ਆਰਥਿਕ ਪ੍ਰਣਾਲੀ ਦੇ ਸੁਧਾਰ ਅਤੇ ਹਥਿਆਰਬੰਦਕਰਨ ਵਰਗੇ ਵਿਸ਼ਿਆਂ ਤੇ…।”

ਸੰਯੁਕਤ ਰਾਸ਼ਟਰ ਵੀ ਇੰਨਾ ਪ੍ਰਭਾਵਸ਼ਾਲੀ ਨਹੀਂ ਰਿਹਾ ਜਿੰਨਾ ਕਿ ਇਹ ਇਕ ਵਾਰ ਸੀ। ਪਰ ਕੀ ਕੋਈ ਇਸਨੂੰ ਛੱਡਣ ਬਾਰੇ ਸੋਚ ਸਕਦਾ ਹੈ? ਨੈਮ ਇਕ ਸ਼ਕਤੀਸ਼ਾਲੀ ਪਲੇਟਫਾਰਮ ਹੈ ਜਿਥੇ ਭਾਰਤ ਨੂੰ ਉੱਚ ਦਰਜੇ ‘ਤੇ ਸਥਾਈ ਸੀਟ ਦਾ ਦਾਅਵਾ ਕਰਨ ਲਈ ਲਾਮਬੰਦ ਹੋਣ ਦੀ ਜ਼ਰੂਰਤ ਹੈ। ਇਕ ਹੋਰ ਕਾਰਨ ਵੀ ਹੈ, ਅੱਜ ਦੱਖਣ-ਦੱਖਣ ਸਹਿਯੋਗ ਨੇ ਆਪਣਾ ਜ਼ੋਰ ਹਾਸਿਲ ਕਰ ਲਿਆ ਹੈ। ਭਾਰਤ ਵਿਕਾਸਸ਼ੀਲ ਦੇਸ਼ਾਂ ਨੂੰ ਸਹਾਇਤਾ ਦੇਣ ਵਾਲਾ ਇੱਕ ਵੱਡਾ ਪ੍ਰਦਾਤਾ ਬਣ ਕੇ ਉੱਭਰਿਆ ਹੈ। ਦੱਖਣ-ਦੱਖਣ ਸਹਿਯੋਗ- ਰਾਸ਼ਟਰੀ ਪ੍ਰਭੂਸੱਤਾ ਲਈ ਆਦਰ, ਅੰਦਰੂਨੀ ਮਾਮਲਿਆਂ ਵਿੱਚ ਗੈਰ ਦਖਲਅੰਦਾਜ਼ੀ, ਸਮਾਨਤਾ, ਸਭਿਆਚਾਰਕ ਵਿਭਿੰਨਤਾ, ਪਛਾਣ ਅਤੇ ਸਥਾਨਕ ਸਮਗਰੀ ਆਦਿ ਲਈ ਬੈਂਡੁੰਗ ਭਾਵਨਾ ਤੋਂ ਪ੍ਰੇਰਿਤ ਹੈ।

ਆਗਾਮੀ ਬਾਕੂ ਸੰਮੇਲਨ 2030 ਦੇ ਸਥਿਰ ਵਿਕਾਸ ਲਈ ਏਜੰਡਾ ਲਾਗੂ ਕਰਨ ਅਤੇ ਮੌਸਮ ਵਿੱਚ ਤਬਦੀਲੀ ਬਾਰੇ ਪੈਰਿਸ ਸਮਝੌਤੇ ਦੇ ਨਾਲ ਵਿਸ਼ਵਵਿਆਪੀ ਆਰਥਿਕ ਅਤੇ ਵਿੱਤੀ ਪ੍ਰਣਾਲੀ ਵਿੱਚ ਸੁਧਾਰ ਦੀ ਜ਼ਰੂਰਤ ‘ਤੇ ਜ਼ੋਰ ਦੇਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅੱਤਵਾਦ ਦਾ ਮੁੱਦਾ ਖ਼ਾਸ ਤੌਰ ‘ਤੇ ਕੇਂਦਰ ਵਿਚ ਰਹੇਗਾ।

ਅਜ਼ਰਬਾਈਜਾਨ ਅੰਦੋਲਨ ਦੀ ਅਗਵਾਈ ਕਰਨ ਲਈ ਤਤਪਰ ਹੈ। ਇਸਦੀ ਆਪਣੀ ਵਿਦੇਸ਼ ਨੀਤੀ ਦਾ ਪਰੋਫਾਈਲ ਕਾਫ਼ੀ ਸਿਖਿਅਕ ਹੈ। ਇਸਨੇ ਦੋ ਵਿਰੋਧੀ ਪਾਰਟੀਆਂ ਰੂਸ ਅਤੇ ਨਾਟੋ ਨਾਲ ਸਾਂਝੇਦਾਰੀ ਬਣਾਈ ਹੈ। ਇਸ ਕੋਲ ਨੈਮ ਦੀ ਅਗਵਾਈ ਕਰਨ ਦੇ ਪ੍ਰਮਾਣ ਪੱਤਰ ਹਨ। ਬਾਕੂ ਸਿਖਰ ਸੰਮੇਲਨ ਵਿਚ ਖੇਤਰੀ ਅਤੇ ਵਿਸ਼ਵੀ ਚਨੌਤੀਆਂ ਨਾਲ ਨਜਿੱਠਣ, ਸ਼ਾਂਤੀ, ਸਥਿਰਤਾ ਅਤੇ ਅੰਤਰ-ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਅਤੇ ਨੈਮ ਦੇ ਮੈਂਬਰਾਂ ਦਰਮਿਆਨ ਅਧਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਸਕ੍ਰਿਪਟ: ਡਾ. ਅਸ਼ ਨਰਾਇਣ ਰੋਏ, ਸਮਾਜ ਵਿਗਿਆਨ ਸੰਸਥਾ ਦੇ ਡਾਇਰੈਕਟਰ, ਦਿੱਲੀ
ਅਨੁਵਾਦਕ: ਸਿਮਰਨਜੀਤ ਕੌਰ