ਕਰਤਾਰਪੁਰ ਲਾਂਘੇ ਦੀ ਉਸਾਰੀ

ਭਾਰਤ ਅਤੇ ਪਾਕਿਸਤਾਨ ਵਿਚਾਲੇ ਪੱਸਰੇ ਦੁਵੱਲੇ ਤਣਾਅ ਦੌਰਾਨ, ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ, ਸ਼ਰਧਾਲੂਆਂ ਦੇ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਗੌਰਤਲਬ ਹੈ ਕਿ ਕਰਤਾਰਪੁਰ ਸਾਹਿਬ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਅਸਥਾਨ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਅਠਾਰ੍ਹਾਂ ਸਾਲ ਨਾਮ-ਸਿਮਰਨ ਦਾ ਪ੍ਰਚਾਰ ਕੀਤਾ ਅਤੇ ਆਪਣਾ ਆਖਰੀ ਸਮਾਂ ਇੱਥੇ ਹੀ ਬਤੀਤ ਕੀਤਾ। ਕਾਬਿਲੇਗੌਰ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਲਾਂਘੇ ਨੂੰ ਖੋਲ੍ਹਣ ਦੀ ਯੋਜਨਾ ਬਣਾਈ ਗਈ ਹੈ। ਇਸ ਸੰਬੰਧੀ ਪਿਛਲੇ ਸਾਲ ਨਵੰਬਰ ਵਿੱਚ ਭਾਰਤ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਚਾਰ ਲੇਨ ਲਾਂਘੇ ਦੇ ਨਿਰਮਾਣ ਨੂੰ ਹਰੀ ਝੰਡੀ ਦਿੱਤੀ ਸੀ।

ਕਾਬਿਲੇਗੌਰ ਹੈ ਕਿ ਪਾਕਿਸਤਾਨ ਵਿੱਚ ਤਕਰੀਬਨ 173 ਸਿੱਖ ਤੀਰਥ-ਸਥਾਨ ਹਨ ਪਰ ਭਾਰਤ ਤੋਂ ਆਏ ਸਿੱਖ ਸ਼ਰਧਾਲੂਆਂ ਨੂੰ ਇਨ੍ਹਾਂ ਵਿੱਚੋਂ ਕੁਝ ਕੁ ਤੱਕ ਜਾਣ ਦੀ ਇਜਾਜ਼ਤ ਹੈ। ਧਿਆਨਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 1974 ਦੀ ਹੋਈ ਸੰਧੀ ਮੁਤਾਬਿਕ ਦੋਵਾਂ ਮੁਲਕਾਂ ਦੇ ਸ਼ਰਧਾਲੂਆਂ ਨੂੰ ਇੱਕ-ਦੂਜੇ ਦੇ ਇਲਾਕੇ ਵਿੱਚ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੈ। ਇਸ ਤੋਂ ਪਹਿਲਾਂ ਸਿੱਖ ਸ਼ਰਧਾਲੂ ਸਰਹੱਦ ‘ਤੇ ਡੇਰਾ ਬਾਬਾ ਨਾਨਕ ਵਿਖੇ ਸਥਾਪਿਤ ਦੂਰਬੀਨ ਦੀ ਵਰਤੋਂ ਨਾਲ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਸਨ। ਪਾਕਿਸਤਾਨ ਨੇ ਸਿਰਫ਼ ਵਿਸਾਖੀ ਦੇ ਤਿਉਹਾਰ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਰਗੇ ਚਾਰ ਸਮਾਗਮਾਂ ਮੌਕੇ, ਸੀਮਤ ਗਿਣਤੀ ਵਿੱਚ ਹੀ ਸ਼ਰਧਾਲੂਆਂ ਨੂੰ ਪਾਕਿਸਤਾਨ ਆਉਣ ਦੀ ਇਜਾਜ਼ਤ ਦਿੱਤੀ ਸੀ।

ਕਾਬਿਲੇਗੌਰ ਹੈ ਕਿ ਦਰਬਾਰ ਸਾਹਿਬ ਦੇ ਸਥਾਨ ਨੂੰ ਇਕ ਲਾਂਘੇ ਰਾਹੀਂ ਜੋੜਨ ਅਤੇ ਸਿੱਖ ਸ਼ਰਧਾਲੂਆਂ ਦੇ ਲਈ ਪਹੁੰਚਯੋਗ ਬਣਾਉਣ ਦਾ ਪ੍ਰਸਤਾਵ ਭਾਰਤ ਨੇ ਕਾਫੀ ਸਮਾਂ ਪਹਿਲਾਂ ਦਿੱਤਾ ਸੀ। ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਲਾਹੌਰ ਦੀ ਇਤਿਹਾਸਕ ਬੱਸ ਯਾਤਰਾ ਦੌਰਾਨ ਇਸ ਲਾਂਘੇ ਦੀ ਉਸਾਰੀ ਦਾ ਪ੍ਰਸਤਾਵ ਦਿੱਤਾ ਗਿਆ ਸੀ ਅਤੇ 1999 ਵਿੱਚ ਹੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਨੂੰ ਸੰਵਾਰਨ ਦਾ ਕੰਮ ਸ਼ੁਰੂ ਹੋ ਗਿਆ ਸੀ। ਉਸੇ ਸਾਲ ਪਾਕਿਸਤਾਨ ਨੇ ਵੀ ਆਈ.ਐੱਸ.ਆਈ. ਦੇ ਸਾਬਕਾ ਡੀ.ਜੀ. ਜਨਰਲ ਜਾਵੇਦ ਨਾਸਿਰ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਸੀ ਤਾਂ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਚਲਾਉਣ ਦੀ ਖੁਦਮੁਖਤਿਆਰੀ ਦਿੱਤੀ ਜਾ ਸਕੇ। ਹਾਲਾਂਕਿ ਇਹ ਸੰਸਥਾ ਪਾਕਿਸਤਾਨ ਦੇ ਸ਼ਰਨਾਰਥੀ ਟਰੱਸਟ ਪ੍ਰਾਪਰਟੀ ਬੋਰਡ ਦੇ ਅਧੀਨ ਕੰਮ ਕਰਦੀ ਹੈ ਅਤੇ ਖੁਦਮੁਖਤਿਆਰ ਨਹੀਂ ਕਹੀ ਜਾ ਸਕਦੀ।

ਜਦੋਂ ਪਾਕਿਸਤਾਨ ਨੇ ਇਹ ਐਲਾਨ ਕੀਤਾ ਕਿ ਉਹ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦੀ ਸਹੂਲਤ ਦੇ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹੈ, ਤਾਂ ਦੋਵਾਂ ਦੇਸ਼ਾਂ ਨੇ ਇਸ ਮੁੱਦੇ ਬਾਰੇ ਇਸ ਸਾਲ ਮਾਰਚ ਵਿੱਚ ਅਟਾਰੀ ਵਿਖੇ ਪਹਿਲੀ ਬੈਠਕ ਕੀਤੀ ਅਤੇ ਲਾਂਘੇ ਦੀ ਉਸਾਰੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਹਾਲਾਂਕਿ ਦੋ ਨੁਕਤਿਆਂ ਨੂੰ ਲੈ ਕੇ ਹਾਲੇ ਵੀ ਸਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਪਹਿਲਾ ਇਹ ਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਪਰਮਿਟ ਪ੍ਰਣਾਲੀ ਲਾਗੂ ਕਰੇਗਾ ਅਤੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਦੀ ਫੀਸ ਵਸੂਲ ਕਰੇਗਾ। ਇਸ ਬਾਰੇ ਪਾਕਿਸਤਾਨ ਦੀ ਮੁੱਖ ਦਲੀਲ ਇਹ ਹੈ ਕਿ ਇਸ ਫੀਸ ਰਾਹੀਂ ਇਕੱਠਾ ਕੀਤਾ ਪੈਸਾ ਲਾਂਘੇ ਦੀ ਸਾਂਭ-ਸੰਭਾਲ ਲਈ ਖ਼ਰਚ ਕੀਤਾ ਜਾਵੇਗਾ। ਜਦੋਂ ਕਿ ਭਾਰਤ ਇਸ ਤਰ੍ਹਾਂ ਦੀ ਕਿਸੇ ਵੀ ਫੀਸ ਲਏ ਜਾਣ ਦੇ ਖਿਲਾਫ਼ ਹੈ ਅਤੇ ਉਹ ਪਾਕਿਸਤਾਨ ‘ਤੇ ਸ਼ਰਧਾਲੂਆਂ ਦੇ ਲਈ ਮੁਫਤ ਲਾਂਘੇ ਲਈ ਦਬਾਅ ਬਣਾ ਰਿਹਾ ਹੈ। ਦੂਜਾ ਪੇਚ ਇਸ ਗੱਲ ‘ਤੇ ਫਸਿਆ ਹੈ ਕਿ ਭਾਰਤ ਚਾਹੁੰਦਾ ਹੈ ਕਿ ਸ਼ਰਧਾਲੂਆਂ ਦੇ ਨਾਲ ਵਿਦੇਸ਼ ਸੇਵਾ ਦੇ ਅਧਿਕਾਰੀ ਵੀ ਜਾਣ। ਪਿਛਲੇ ਦਿਨੀਂ ਅਜਿਹਾ ਹੋ ਚੁੱਕਾ ਹੈ ਜਦੋਂ ਪਾਕਿਸਤਾਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਆਏ ਸਿੱਖ ਸ਼ਰਧਾਲੂਆਂ ਨੂੰ ਮਿਲਣ ਤੋਂ ਰੋਕਿਆ ਗਿਆ ਸੀ।

ਗੌਰਤਲਬ ਹੈ ਕਿ ਹਾਲ ਦੀ ਘੜੀ ਦੋਵੇਂ ਦੇਸ਼ ਵੀਜ਼ਾ ਮੁਕਤ ਯਾਤਰਾ ਦੇ ਲਈ ਰਾਜ਼ੀ ਹੋ ਗਏ ਹਨ, ਪਰ ਸ਼ਰਧਾਲੂਆਂ ਨੂੰ ਆਨਲਾਈਨ ਪੰਜੀਕਰਨ ਤੋਂ ਬਾਅਦ ਆਪਣਾ ਪਾਸਪੋਰਟ ਨਾਲ ਲਿਜਾਉਣਾ ਜ਼ਰੂਰੀ ਹੋਵੇਗਾ। ਹਾਲਾਂਕਿ ਭਾਰਤ ਨੇ ਰੋਜ਼ਾਨਾ 10,000 ਸ਼ਰਧਾਲੂਆਂ ਲਈ ਲਾਂਘਾ ਪਾਰ ਕਰਨ ਦੀ ਰਾਇ ਰੱਖੀ ਸੀ, ਪਰ ਪਾਕਿਸਤਾਨ ਵੱਲੋਂ ਰੋਜ਼ਾਨਾ 5000 ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੇ ਜਾਣ ਦੀ ਰਜ਼ਾਮੰਦੀ ਜਤਾਈ ਗਈ ਹੈ, ਹਾਲਾਂਕਿ ਵਿਸ਼ੇਸ਼ ਮੌਕਿਆਂ ‘ਤੇ ਸ਼ਰਧਾਲੂਆਂ ਦੀ ਗਿਣਤੀ ਵਧਾਏ ਜਾਣ ਬਾਰੇ ਵੀ ਗੱਲ ਉਸ ਨੇ ਕੀਤੀ ਹੈ।

ਹਾਲਾਂਕਿ ਕੁਝ ਅਜਿਹੇ ਭਾਰਤ ਵਿਰੋਧੀ ਤੱਤ ਵੀ ਹਨ ਜੋ ਕਰਤਾਰਪੁਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਮੌਜੂਦਗੀ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ ਅਤੇ ਪਾਕਿਸਤਾਨ ਦੁਆਰਾ ਪ੍ਰੇਰਿਤ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਹਵਾ ਦੇਣਾ ਚਾਹੁੰਦੇ ਹਨ। ਇਹ ਭਾਰਤ ਦੇ ਲਈ ਇੱਕ ਵੱਡੀ ਚਿੰਤਾ ਹੈ। ਅਤੀਤ ਵਿੱਚ ਪਾਕਿਸਤਾਨ, ਪੰਜਾਬ ਵਿੱਚ ਅੱਤਵਾਦ ਭੜਕਾ ਚੁੱਕਾ ਹੈ ਅਤੇ ਇਸ ਗੱਲ ਨੂੰ ਲੈ ਕਿ ਤੌਖਲਾ ਜਤਾਇਆ ਜਾ ਰਿਹਾ ਹੈ ਕਿ ਉਹ ਕਿਤੇ ਅੱਤਵਾਦ ਦੀ ਅੱਗ ਨੂੰ ਫਿਰ ਤੋਂ ਨਾ ਭੜਕਾ ਦੇਵੇ। ਇਸ ਦੇ ਨਾਲ ਹੀ ਇਹ ਲਾਂਘਾ ਉਸ ਵੇਲੇ ਵੀ ਵਿਵਾਦਾਂ ਵਿੱਚ ਆ ਗਿਆ ਸੀ ਜਦੋਂ ਪਾਕਿਸਤਾਨ ਦੁਆਰਾ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਗੋਪਾਲ ਸਿੰਘ ਚਾਵਲਾ ਨੂੰ ਕਰਤਾਰਪੁਰ ਪ੍ਰਬੰਧਕੀ ਕਮੇਟੀ ਦਾ ਮੈਂਬਰ ਨਿਯੁਕਤ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗੋਪਾਲ ਸਿੰਘ ਚਾਵਲਾ ਦਾ ਸੰਬੰਧ ਅੱਤਵਾਦੀਆਂ ਨੂੰ ਸੰਗਠਿਤ ਕਰਨ ਵਾਲੀਆਂ ਗਤੀਵਿਧੀਆਂ ਨਾਲ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਨੇ ਉਸ ਦੇ ਪ੍ਰਵੇਸ਼ ‘ਤੇ ਵੀ ਪਾਬੰਦੀ ਲਾਈ ਹੋਈ ਹੈ।

ਸਿੱਖ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਪਵਿੱਤਰ ਧਾਰਮਿਕ ਸਥਾਨ ਨਾਲ ਜੋੜਨ ਵਾਲੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ, ਇੱਕ ਮਹੱਤਵਪੂਰਣ ਕਦਮ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਲਾਂਘਾ ਦੋਵਾਂ ਮੁਲਕਾਂ ਵਿੱਚ ਮੌਜੂਦਾ ਸਮੇਂ ਵਿੱਚ ਦੁਵੱਲੇ ਸੰਬੰਧਾਂ ਵਿੱਚ ਆਈ ਖੜੋਤ ਦੇ ਵਿਚਕਾਰ ਇੱਕ ਸ਼ਾਂਤੀ ਦਾ ਗਲਿਆਰਾ ਬਣ ਕੇ ਉਭਰੇਗਾ।

ਸਕ੍ਰਿਪਟ: ਡਾ. ਸਮ੍ਰਿਤੀ ਐੱਸ. ਪਟਨਾਇਕ, ਦੱਖਣੀ ਏਸ਼ੀਆ ਦੀ ਰਣਨੀਤਕ ਵਿਸ਼ਲੇਸ਼ਕ