ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ ਪਾਕਿ ਸੈਨਿਕ ਹਲਾਕ

ਧੋਖਾਧੜੀ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਪਾਕਿਸਤਾਨ ਵੱਲੋਂ ਕਦੇ ਵੀ ਠੱਲ ਨਹੀਂ ਪਾਈ ਗਈ ਹੈ।ਜਨਰਲ ਮੁਸ਼ੱਰਫ ਦੇ ਕਾਰਜਕਾਲ ਦੌਰਾਨ ਦੋਵਾਂ ਮੁਲਕਾਂ ਦੌਰਾਨ ਤੈਅ ਕੀਤਾ ਗਿਆ ਸੀ ਕਿ ਕੰਟਰੋਲ ਰੇਖਾ ਜਾਨਿ ਕਿ ਐਲ.ਓ.ਸੀ. ‘ਤੇ ਜੰਗਬੰਦੀ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ।ਕੁੱਝ ਸਮੇਂ ਤੱਕ ਇਸ ਦਾ ਪਾਲਣ ਵੀ ਹੋਇਆ ਅਤੇ ਸਰਹੱਦਾਂ ‘ਤੇ ਸ਼ਾਂਤੀ ਵੀ ਕਾਇਮ ਰਹੀ ।ਪਰ ਸ਼ਾਇਦ ਪਾਕਿ ਫੌਜ ਅਤੇ ਏਜੰਸੀਆਂ ਨੂੰ ਇਹ ਸਭ ਰਾਸ ਨਾ ਆਇਆ ਅਤੇ ਇੱਕ ਵਾਰ ਫਿਰ ਸਰਹੱਦਾਂ ‘ਤੇ ਜੰਗਬੰਦੀ ਅਤੇ ਘੁਸਪੈਠ ਦੀਆਂ ਵਾਰਦਾਤਾਂ ‘ਚ ਵਾਧਾ ਹੋਣ ਲੱਗਾ।

ਹਾਲ ‘ਚ ਹੀ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਮਨਸੂਖ ਕੀਤੇ ਜਾਣ ਦੇ ਸਬੰਧ ‘ਚ ਭਾਰਤ ਹਕੂਮਤ ਵੱਲੋਂ ਕੁੱਝ ਫ਼ੈਸਲੇ ਲਏ ਗਏ, ਜੋ ਕਿ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਹੈ, ਪਰ ਪਾਕਿਸਤਾਨ ਨੇ ਇਸ ਮਸਲੇ ਨੂੰ ਬੈਨੁਲ ਅਕਵਾਮੀ ਪੱਧਰ ‘ਤੇ ਤਾਂ ਚੁੱਕਿਆਂ ਹੀ ਨਾਲ ਹੀ ਦੇਸ਼ ਅੰਦਰ ਵੀ ਭਾਰਤ ਖ਼ਿਲਾਫ ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਕੀਤਾ। ਪਾਕਿਸਤਾਨ ਵੱਲੋਂ ਸਿਆਸੀ ਅਤੇ ਕੂਟਨੀਤਕ ਮੁਹਿੰਮ ਜ਼ਰੀਏ ਵਿਸ਼ਵ ਤਾਕਤਾਂ ਨੂੰ ਆਪਣੇ ਹੱਕ ‘ਚ ਕਰਨ ਦੇ ਯਤਨ ਕੀਤੇ ਗਏ ਪਰ ਉਸ ਦੀ ਝੌਲੀ ਸੱਖਣੀ ਹੀ ਰਹੀ।ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਦੇ ਮੰਚ ‘ਤੇ ਕੁੱਝ ਅਜਿਹੇ ਬਿਆਨ ਦਿੱਤੇ ਗਏ ਜਿੰਨ੍ਹਾਂ ਦੀ ਭਾਸ਼ਾ ਕਿਸੇ ਵੀ ਕੂਟਨੀਤਕ ਜਾਂ ਸਿਆਸੀ ਮੁਹਿੰਮ ਦੌਰਾਨ ਨਾ ਵਰਤਣਯੋਗ ਸੀ।ਪਾਕਿ ਵਜ਼ੀਰ-ਏ-ਆਜ਼ਮ ਵੱਲੋਂ ਅਜਿਹੇ ਸ਼ਬਦਾਂ ਦੀ ਵਰਤੋਂ ਸ਼ਾਇਦ ਇਸ ਲਈ ਕੀਤੀ ਗਈ ਤਾਂ ਜੋ ਲੋਕਾਂ ਨੂੰ ਵਰਗਲਾਇਆ ਅਤੇ ਭੜਕਾਇਆ ਜਾ ਸਕੇ।ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਇੱਕ ਥਾਂ ‘ਤੇ ਕਿਹਾ ਸੀ ਕਿ ਕਰਫਿਊ ਖ਼ਤਮ ਹੋਣ ‘ਤੇ ਵਾਦੀ ਖੂਨ ‘ਚ ਡੁੱਬ ਜਾਵੇਗੀ।ਖੁਨ ‘ਚ ਡੁੱਬ ਜਾਣ ਤੋਂ ਉਨ੍ਹਾਂ ਦੀ ਮੁਰਾਦ ਕੀ ਸੀ ਇਹ ਕਿਸੇ ਤੋਂ ਵੀ ਛਿਪਿਆ ਨਹੀਂ ਹੈ।ਪਾਕਿ ਫੌਜ ਅਤੇ ਏਜੰਸੀਆਂ ਦੀ ਸਰਪ੍ਰਸਤੀ ‘ਚ ਦਹਿਸ਼ਤਗਰਦ ਤਨਜ਼ੀਮਾਂ ਵੱਲੋਂ ਕਸ਼ਮੀਰ ਦੀ ਜੋ ਸਥਿਤੀ ਕੀਤੀ ਗਈ ਸੀ ਉਹ ਜਗ ਜਾਹਰ ਹੈ।

ਪਾਕਿਸਤਾਨ ਦੇ ਦਰਜਨਾਂ ਹੀ ਅੱਤਵਾਦੀ ਸੰਗਠਨਾਂ ਅਤੇ ਦਹਿਸ਼ਤਗਰਦਾਂ ਨੂੰ ਸੰਯੁਕਤ ਰਾਸ਼ਟਰ ਨੇ ਖ਼ਤਰਨਾਕ ਅੱਤਵਾਦੀ ਐਲਾਨਿਆ ਹੈ।ਪੂਰੀ ਦੁਨੀਆਂ ਵੱਲੋਂ ਪਾਕਿਸਤਾਨ ‘ਤੇ ਇੰਨ੍ਹਾਂ ਅੱਤਵਾਦੀ ਸਮੂਹਾਂ ਅਤੇ ਦਹਿਸ਼ਤਗਰਦਾਂ ਖ਼ਿਲਾਫ ਨਿਰਣਾਇਕ ਕਾਰਵਾਈ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ।ਪਰ ਪਾਕਿਸਤਾਨ ਹੁਣ ਤੱਕ ਇਸ ਸਬੰਧ ‘ਚ ਕਿਸੇ ਵੀ ਨਿਰਣਾਇਕ ਕਾਰਵਾਈ ਨੂੰ ਅੰਜਾਮ ਦੇਣ ‘ਚ ਨਾਕਾਮ ਰਿਹਾ ਹੈ।ਐਫ.ਏ.ਟੀ.ਐਫ. ਨੇ ਇਸ ਮਹੀਨੇ ਪੈਰਿਸ ‘ਚ ਹੋਈ ਆਪਣੀ ਬੈਠਕ ‘ਚ ਪਾਕਿਸਤਾਨ ਨੂੰ ਇਕ ਵਾਰ ਫਿਰ ਚਿਤਵਾਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਪਾਕਿਸਤਾਨ ਨੇ ਫਰਵਰੀ 2020 ਤੱਕ ਉਸ ਦੀ ਕਾਰਜ ਯੋਜਨਾ ਨੂੰ ਪੂਰੀ ਤਰ੍ਹਾਂ ਨਾਲ ਅਮਲ ‘ਚ ਨਾ ਲਿਆਂਦਾ ਤਾਂ ਪਾਕਿਸਤਾਨ ਨੂੰ ਕਾਲੀ ਸੂਚੀ ‘ਚ ਨਾਮਜ਼ਦ ਕਰ ਦਿੱਤਾ ਜਾਵੇਗਾ।ਪਾਕਿਸਤਾਨ ਮੌਜੂਦਾ ਸਮੇਂ ‘ਚ ਐਫ.ਏ.ਟੀ.ਐਫ. ਦੀ ਗ੍ਰੇ ਸੂਚੀ ‘ਚ ਸ਼ਾਮਲ ਹੈ।ਧਿਆਨ ਦੇਣਯੋਗ ਹੈ ਕਿ ਪਾਕਿਸਤਾਨ ਦਾ ਨਜ਼ਦੀਕੀ ਮਿੱਤਰ ਮੁਲਕ ਚੀਨ ਇਸ ਸਮੇਂ ਐਫ.ਏ.ਟੀ.ਐਫ. ਦੇ ਇੱਕ ਉੱਚ ਅਹੁਦੇ ‘ਤੇ ਬਿਰਾਜਮਾਨ ਹੈ ਅਤੇ ਉਸ ਦੀ ਮਦਦ ਵੀ ਕਰ ਰਿਹਾ ਹੈ।ਭਾਵੇਂ ਕਿ ਚੀਨ ਨੇ ਪਾਕਿਸਤਾਨ ਨੂੰ ਕਾਲੀ ਸੂਚੀ ‘ਚ ਸ਼ਾਮਲ ਹੋਣ ਤੋਂ ਕੁੱਝ ਸਮੇਂ ਲਈ ਬਚਾ ਲਿਆ ਹੈ ਪਰ ਪਾਕਿਸਤਾਨ ਅਜੇ ਵੀ ਗ੍ਰੇ ਸੂਚੀ ‘ਚ ਸ਼ਾਮਲ ਹੈ।ਇਸ ਤੋਂ ਇਹ ਸਪੱਸ਼ਟ ਹੈ ਕਿ ਪਾਕਿਸਤਾਨ ਦਾ ਕੋਈ ਵੀ ਮਿੱਤਰ ਮੁਲਕ ਉਸ ਨੂੰ ਐਫ.ਏ.ਟੀ.ਐਫ. ਦੀ ਕਾਰਵਾਈ ਤੋਂ ਨਹੀਂ ਬਚਾ ਸਕਦਾ ਹੈ।

ਸਮੇਂ ਸਮੇਂ ‘ਤੇ ਭਾਰਤ ਨੇ ਹਮੇਸ਼ਾਂ ਹੀ ਪਾਕਿਸਤਾਨ ਨਾਲ ਅਮਨ ਸ਼ਾਂਤੀ ਦਾ ਮਾਹੌਲ ਸਾਪਿਤ ਕਰਨ ਦੇ ਯਤਨ ਕੀਤੇ ਹਨ।ਕਈ ਵਾਰ ਦੁਵੱਲੀ ਗੱਲਬਾਤ ਦੇ ਸਿਲਸਿਲੇ ਵੀ ਤੁਰੇ ਪਰ ਹਰ ਵਾਰ ਪਾਕਿਸਤਾਨ ਨੇ ਆਪਣਾ ਰੰਗ ਵਿਖਾਇਆ।ਭਾਰਤ ਨੇ ਹਮੇਸ਼ਾਂ ਹੀ ਪਾਕਿਸਤਾਨ ਦੀਆਂ ਹਿੰਸਕ ਕਾਰਵਾਈਆਂ ਨੂੰ ਨਜ਼ਰ ਅੰਦਾਜ਼ ਕਰਕੇ ਦੋਸਤੀ ਦਾ ਹੱਥ ਵਧਾਇਆ ਪਰ ਸ਼ਾਇਦ ਪਾਕਿ ਵਿਦੇਸ਼ ਨੀਤੀ ਨੂੰ ਚਲਾਉਣ ਵਾਲੇ ਇਸ ਪਹਿਲ ਨੂੰ ਭਾਰਤ ਦੀ ਕੰਮਜ਼ੋਰੀ ਸਮਝ ਬੈਠੇ ਸਨ।

ਪਰ ਹੁਣ ਭਾਰਤ ਨੇ ਆਪਣੇ ਰਵੱਈਏ ‘ਚ ਕੁੱਝ ਤਬਦੀਲੀ ਕੀਤੀ ਹੈ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਨੀਤੀ ਨੂੰ ਅਪਣਾਇਆ ਹੈ।ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਇਸ ਦੀ ਵਿਸ਼ੇਸ਼ ਮਿਸਾਲ ਹੈ।ਇਸੇ ਤਰ੍ਹਾਂ ਹੀ ਘੁਸਪੈਠ ਅਤੇ ਜੰਗਬੰਦੀ ਦੀ ਉਲੰਘਣਾ ਖ਼ਿਲਾਫ ਵੀ ਸਖ਼ਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।

ਕੁੱਝ ਦਿਨ ਪਹਿਲਾਂ ਪਾਕਿ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੇ ਜਵਾਬ ‘ਚ ਭਾਰਤੀ ਫੌਜ ਨੇ ਸਖ਼ਤ ਕਾਰਵਾਈ ਕੀਤੀ।ਕੁਪਵਾੜਾ ਸਰਹੱਦ ‘ਤੇ ਪਾਕਿ ਗੋਲੀਬਾਰੀ ਦੌਰਾਨ 2 ਭਾਰਤੀ ਫੌਜੀ ਸ਼ਹੀਦ ਹੋਏ ਅਤੇ ਇਕ ਆਮ ਨਾਗਰਿਕ ਵੀ ਮਾਰਿਆ ਗਿਆ ਸੀ।ਭਾਰਤੀ ਫੌਜ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ ਪਾਕਿ ਫੌਜ ਦੇ 6-10 ਸੈਨਿਕ ਹਲਾਕ ਹੋ ਗਏ ਅਤੇ ਮਕਬੂਜ਼ਾ ਕਸ਼ਮੀਰ ‘ਚ ਪੈਂਦੇ ਅੱਤਵਾਦੀ ਸਮੂਹਾਂ ਦੇ ਤਿੰਨ ਲਾਂਚਿੰਗ ਪੈਡ ਵੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ।ਇਸ ਤੋਂ ਇਲਾਵਾ ਚੌਥਾ ਲਾਂਚਿੰਗ ਪੈਡ ਵੀ ਨੁਕਸਾਨਿਆ ਗਿਆ।

ਹੁਣ ਪਾਕਿਸਤਾਨ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ।ਅੱਤਵਾਦੀ ਗਤੀਵਿਧੀਆਂ ਨੂੰ ਹੁਲਾਰਾ ਦੇਣ ‘ਚ ਪਾਕਿਸਤਾਨ ਇੰਨ੍ਹਾਂ ਮਸ਼ਰੂਫ ਹੋ ਗਿਆ ਹੈ ਕਿ ਦੁਨੀਆ ਭਰ ‘ਚ ਉਸ ਦੀ ਤਸਵੀਰ ਅੱਤਵਾਦ ਨੂੰ ਸਰਪ੍ਰਸਤੀ ਪ੍ਰਦਾਨ ਕਰਨ ਵਾਲੇ ਮੁਲਕ ਵੱਜੋਂ ਜਾਣੀ ਜਾਂਦੀ ਹੈ।ਕੋਈ ਵੀ ਉਸ ‘ਤੇ ਏਤਬਾਰ ਨਹੀਂ ਕਰਦਾ ਅਤੇ ਮੌਜੂਦਾ ਆਰਥਿਕ ਸੰਕਟ ਦੇ ਚੱਲਦਿਆਂ ਪਾਕਿਸਤਾਨ ਦੀ ਸਥਿਤੀ ਬਹੁਤ ਖਰਾਬ ਹੋਈ ਪਈ ਹੈ।ਅਜਿਹੇ ‘ਚ ਜੇਕਰ ਪਾਕਿ ਹੂਕਮਰਾਨਾਂ ਨੇ ਆਪਣੀਆਂ ਨੀਤੀਆਂ ‘ਚ ਸੁਧਾਰ ਨਾ ਕੀਤਾ ਤਾਂ ਇਸ ਦੇ ਨਤੀਜਿਆਂ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ।