ਭਾਰਤ-ਬੰਗਲਾਦੇਸ਼ ਨੇ ਵੱਡੀ ਮਾਤਰਾ ‘ਚ ਐਲ.ਪੀ.ਜੀ. ਆਯਾਤ ਸਬੰਧੀ ਮੰਗ ਪੱਤਰ ਕੀਤਾ ਸਹੀਬੱਧ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਾਲਦੇਸ਼ੀ ਹਮਅਹੁਦਾ ਸ਼ੇਖ ਹਸੀਨਾ ਦਰਮਿਆਨ ਹਾਲ ‘ਚ ਹੋਈ ਬੈਠਕ ਦੌਰਾਨ ਬੰਗਲਾਦੇਸ਼ ਤੋਂ ਵੱਡੀ ਮਾਤਰਾ ‘ਚ ਐਲ.ਪੀ.ਜੀ. ਆਯਾਤ ਸਬੰਧੀ ਇੱਕ ਮੰਗ ਪੱਤਰ ਸਹੀਬੱਧ ਕੀਤਾ ਗਿਆ।ਇਸ ਪਹਿਲ ਨੇ ਦੋਵਾਂ ਗੁਆਂਢੀ ਮੁਲਕਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਇੱਕ ਨਵੀਂ ਲੀਹ ਪ੍ਰਦਾਨ ਕੀਤੀ ਹੈ।

ਤ੍ਰਿਪੁਰਾ ਦੇ ਉੱਤਰ-ਪੂਰਬੀ ਰਾਜ ‘ਚ ਐਲ.ਪੀ.ਜੀ. ਦੀ ਸੁਚਾਰੂ ਸਪਲਾਈ ਨੂੰ ਯਕੀਨੀ ਬਣਾਉਣ ਦੀ ਚੁਣੋਤੀ ਦਾ ਹੱਲ ਕਰਨ ਲਈ ਭਾਰਤ ਸਰਕਾਰ ਨੇ ਪਹਿਲ ਕਰਦਿਆਂ ਬੰਗਲਾਦੇਸ਼ ਨਾਲ ਪਹਿਲਾਂ ਆਪਸੀ ਸਮਝ ਨੂੰ ਕਾਇਮ ਕੀਤਾ ਹੈ ਤਾਂ ਜੋ ਦੋਵੇਂ ਧਿਰਾਂ ਇਕ ਦੂਜੇ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਨੂੰ ਸਮਝ ਸਕਣ ਅਤੇ ਉਨ੍ਹਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਤਰੀਕਿਆਂ ਦੀ ਭਾਲ ਕਰ ਸਕਣ।

ਇਸ ਸਥਿਤੀ ‘ਚ ਬੰਗਲਾਦੇਸ਼ ਤੋਂ ਭਾਰਤ ਦੇ ਸਰਹੱਦੀ ਸੂਬੇ ‘ਚ ਨਾ ਸਿਰਫ ਪੂਰਾ ਸਾਲ ਵੱਡੀ ਮਾਤਰਾ ‘ਚ ਐਲ.ਪੀ.ਜੀ. ਦੀ ਸਪਲਾਈ ਯਕੀਨੀ ਹੋਵੇਗੀ ਬਲਕਿ ਆਵਾਜਾਈ ਦੇ ਖਰਚਿਆਂ ਅਤੇ ਸਮੇਂ ‘ਚ ਵੀ ਕਟੌਤੀ ਹੋਵੇਗੀ।

ਮੌਜੂਦਾ ਸਮੇਂ ‘ਚ ਤ੍ਰਿਪੁਰਾ ਨੂੰ ਐਲ.ਪੀ.ਜੀ. ਦੀ ਸਪਲਾਈ ਗੁਹਾਟੀ ਤੋਂ ਮੇਘਾਲਿਆ ਜਾਂ ਸਿਲਚਰ ਰਾਜ ਜ਼ਰੀਏ ਹੁੰਦੀ ਹੈ, ਜੋ ਕਿ 287 ਕਿ.ਮੀ. ਦਾ ਸਫ਼ਰ ਪੈਂਦਾ ਹੈ।ਗੁਹਾਟੀ ਤੋਂ ਚੱਲਣ ਵਾਲੇ ਐਲ.ਪੀ.ਜੀ. ਟੈਂਕਰ 600 ਕਿ.ਮੀ. ਦਾ ਸਫ਼ਰ ਤੈਅ ਕਰਦੇ ਹਨ, ਜਿਸ ‘ਚ ਪਹਾੜੀ ਅਤੇ ਘਮਾਊਦਾਰ ਰਸਤਾ ਵੀ ਸ਼ਾਮਲ ਹੈ।ਬਰਸਾਤ ਦੇ ਮੌਸਮ ‘ਚ ਸੜਕੀ ਆਵਾਜਾਈ ਠੱਪ ਹੋਣ ਕਰਕੇ ਕੁੱਝ ਦਿਨਾਂ ਲਈ ਐਲ.ਪੀ.ਜੀ. ਦੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ।

ਇਕ ਵਾਰ ਜਦੋਂ ਭਾਰਤ ਬੰਗਲਾਦੇਸ਼ ਤੋਂ ਟਰੱਕਾਂ ਰਾਹੀਂ ਦੋ ਮਨੋਨੀਤ ਨਿੱਜੀ ਸਪਲਾਇਰਾਂ ਜ਼ਰੀਏ ਐਲ.ਪੀ.ਜੀ. ਦੀ ਦਰਾਮਦ ਸ਼ੁਰੂ ਕਰ ਦੇਵੇਗਾ ਤਾਂ ਇਸ ਪੂਰੇ ਸਫ਼ਰ ਦੀ ਦੂਰੀ ਬਹੁਤ ਘੱਟ ਜਾਵੇਗੀ।ਬੰਗਲਾਦੇਸ਼ ਦੀ ਮੰਗੋਲਾ ਬੰਦਰਗਾਹ ਤੋਂ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਪੱਛਮੀ ਤ੍ਰਿਪੁਰਾ ਬੋਟਲੰਿਗ ਪਲਾਂਟ ਦੀ ਦੂਰੀ ਮਾਤਰ 120 ਕਿਲੋਮੀਟਰ ਹੀ ਰਹਿ ਜਾਵੇਗੀ।

ਪੀਐਮ ਮੋਦੀ ਅਤੇ ਸ੍ਰੀਮਤੀ ਹਸੀਨਾ ਦੋਵਾਂ ਹੀ ਆਗੂਆਂ ਨੇ ਕਈ ਵਾਰ ਚੁਣੌਤੀਆਂ ਦੇ ਆਉਣ ਦੇ ਬਾਵਜੂਦ ਵੀ ਨੇੜਲੇ ਅਤੇ ਆਪਸੀ ਲਾਭਕਾਰੀ ਦੁਵੱਲੇ ਸਬੰਧਾਂ ਦੀ ਮਹੱਤਤਾ ਨੂੰ ਪ੍ਰਗਟ ਕੀਤਾ ਹੈ।

ਐਲ.ਪੀ.ਜੀ. ਦੀ ਸਪਲਾਈ ਬੰਗਲਾਦੇਸ਼ ਦੀਆਂ ਦੋ ਐਲ.ਪੀ.ਜੀ. ਫਰਮਾਂ ਅਤੇ ਸੂਬਾਈ ਮਾਲਕੀ ਵਾਲੇ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਨਿਰਯਾਤ ਕੀਤੀ ਜਾਵੇਗੀ ਅਤੇ ਇਸ ਦੀ ਸੁਚਾਰੂ ਸਪਲਾਈ ਯਕੀਨੀ ਬਣਾਈ ਜਾਵੇਗੀ।

ਬੰਗਲਾਦੇਸ਼ ਤੋਂ ਵੱਡੀ ਮਾਤਰਾ ‘ਚ ਐਲ.ਪੀ.ਜੀ. ਨਿਰਯਾਤ ਸਬੰਧੀ ਮੰਗ ਪੱਤਰ ਵੀ ਮੰਨਦਾ ਹੈ ਕਿ ਪੂਰਬੀ ਤੱਟ ‘ਚ ਪੈਂਦੇ ਖੇਤਰ ਲਈ ਭਾਰਤ ਦੇ ਲੰਮੀ ਮਿਆਦ ਦੀਆਂ ਊਰਜਾ ਸੁਪਰਦਗੀ ਯੋਜਨਾਵਾਂ ਬਹੁਤ ਮਹੱਤਵ ਰੱਖਦੀਆਂ ਹਨ। ਮੌਜੂਦਾ ਸਮੇਂ ‘ਚ ਭਾਰਤ ਕੋਲ ਆਪਣੇ ਪੱਛਮੀ ਤੱਟ ਲਈ ਤੇਲ ਅਤੇ ਗੈਸ ਦੀ ਦਰਾਮਦ ਲਈ ਮਜ਼ਬੂਤ ਬੁਨਿਆਦੀ ਢਾਂਚਾ ਕਾਇਮ ਹੈ।ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਇਆ ਇਹ ਸਮਝੌਤਾ ਖੇਤਰ ਦੀਆਂ ਤੇਲ ਅਤੇ ਗੈਸ ਦੀਆਂ ਲੋੜਾਂ ਦੀ ਪੂਰਤੀ ਕਰੇਗਾ।

ਪੀਐਮ ਮੋਦੀ ਨੇ ਇਸ ਮੌਕੇ ਦਿੱਤੇ ਆਪਣੇ ਸੰਖੇਪ ਭਾਸ਼ਣ ‘ਚ ਕਿਹਾ ਕਿ “ਐਲ.ਪੀ.ਜੀ. ਦੀ ਦਰਾਮਦ ਜਿੱਥੇ ਤੇਲ ਅਤੇ ਗੈਸ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਕਰੇਗੀ ਉੱਥੇ ਹੀ ਬੰਗਲਾਦੇਸ਼ ਲਈ ਰੁਜ਼ਗਾਰ ਅਤੇ ਆਮਦਨੀ ਪੈਦਾ ਕਰਨ ਦੇ ਮੌਕਿਆਂ ਦੀ ਵੀ ਸਿਰਜਣਾ ਕਰੇਗੀ”।

ਭਾਰਤ ਦੇ ਉੱਤਰ-ਪੂਰਬੀ ਹਿੱਸਿਆਂ ‘ਚ ਐਲ.ਪੀ.ਜੀ. ਅਤੇ ਹੋਰ ਜ਼ਰੂਰੀ ਵਸਤਾਂ ਦੀ ਦਰਾਮਦ ਦੀ ਸਹੂਲਤ ਨੂੰ ਪੂਰਾ ਕਰਨ ਲਈ ਬੰਗਲਾਦੇਸ਼ ਨੇ ਭਾਰਤ ਵੱਲ ਹੱਥ ਵਧਾਇਆ ਹੈ। ਬੰਗਲਾਦੇਸ਼ ਨੇ ਭਾਰਤ ਦੇ ਨਿਵੇਸ਼ਕਾਂ ਲਈ ਚਿਟਗਾਂਗ ਸਮੁੰਦਰੀ ਬੰਦਰਗਾਹ ਨਜ਼ਦੀਕ ਮਿਰਸ਼ਾਰਾਏ ਆਰਥਿਕ ਖੇਤਰ ‘ਚ ਇੱਕ ਹਜ਼ਾਰ ਏਕੜ ਜ਼ਮੀਨ ਅਲਾਟ ਕੀਤੀ ਹੈ।ਇਸ ਤੋਂ ਇਲਾਵਾ ਨੇ ਬੰਗਲਾਦੇਸ਼ ਭਾਰਤ ਖਾਸ ਕਰਕੇ ਉੱਤਰ-ਪੂਰਬੀ ਰਾਜਾਂ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਆਸ਼ੂਗੰਜ ਅਤੇ ਮੰਗੋਲਾ ਬੰਦਰਗਾਹਾਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਹੈ।

ਦੁਵੱਲੇ ਸਹਿਯੋਗ ਨੂੰ ਜਾਰੀ ਰੱਖਦਿਆਂ ਭਾਰਤ ਦੇ ਉੱਤਰ-ਪੂਰਬੀ ਖੇਤਰ ਅਤੇ ਬੰਗਲਾਦੇਸ਼ ਦਰਮਿਆਨ ਰੇਲ ਸੰਪਰਕ ਮੁੜ ਸਥਾਪਿਤ ਕੀਤਾ ਜਾਵੇਗਾ।ਫੇਨੀ ਨਦੀ ‘ਤੇ ਉਸਾਰੇ ਜਾ ਰਹੇ ਪੁੱਲ ਦੇ ਮੁਕੰਮਲ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਸੜਕੀ ਆਵਾਜਾਈ ਵੀ ਖੋਲ੍ਹ ਦਿੱਤੀ ਜਾਵੇਗੀ।ਇਸ ਨਾਲ ਆਪਸੀ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਰਾਹ ਖੁੱਲ੍ਹਣਗੇ।

ਭੂ-ਵਿਗਿਆਨੀਆਂ ਅਨੁਸਾਰ ਬੰਗਲਾਦੇਸ਼ ਦਾ ਸੰਮੁਦਰੀ ਆਰਥਿਕ ਖੇਤਰ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਤੇਲ ਅਤੇ ਗੈਸ ਦੇ ਭੰਡਾਰਾਂ ‘ਚੋਂ ਇੱਕ ਹੈ।ਭਾਰਤ ਬੰਗਲਾਦੇਸ਼ ਨੂੰ ਇੱਕ ਗਲੋਬਲ ਹਾਈਡਰੋਕਾਰਬਨ ਉਤਪਾਦਕ ਵੱਜੋਂ ਸਥਾਪਿਤ ਹੋਣ ‘ਚ ਕਿਫਾਇਤੀ ਤਕਨੀਕੀ ਮੁਹਾਰਤ ਪ੍ਰਦਾਨ ਕਰਨ ‘ਚ ਇੱਕ ਪ੍ਰਮੁੱਖ ਹਿੱਸੇਦਾਰ ਵੱਜੋਂ ਭੂਮਿਕਾ ਨਿਭਾ ਸਕਦਾ ਹੈ।

ਅੱਜ , ਬੰਗਲਾਦੇਸ਼ ਨਾਲ ਭਾਰਤ ਦੇ ਸਬੰਧ ‘ ਮਨੁੱਖਤਾ, ਵਿਰਾਸਤ, ਗਤੀਸ਼ੀਲ ਸਾਂਝੇਦਾਰੀ ਅਤੇ ਉੱਚ ਪੱਧਰੀ ਦੌਰਿਆਂ’ ‘ਤੇ ਅਧਾਰਿਤ ਹੈ।ਦੋਵਾਂ ਹੀ ਮੁਲਕਾਂ ਦਰਮਿਆਨ 2018-19 ਦੌਰਾਨ ਦੁਵੱਲਾ ਵਪਾਰ 9 ਬਿਲੀਅਨ ਡਾਲਰ ਤੋਂ ਵੱਧ ਕੇ 10.46 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ।ਭਾਰਤ ਬੰਗਲਾਦੇਸ਼ ਨਾਲ ਮਿਲ ਕੇ ਇਕ ਗੈਸ ਗਰਿੱਡ ਸਥਾਪਿਤ ਕਰਨ ਲਈ ਵੀ ਕੰਮ ਕਰ ਰਿਹਾ ਹੈ।

ਭਾਰਤ ਦੇ ਉੱਤਰ-ਪੂਰਬੀ ਖੇਤਰ ਲਈ ਪਾਈਪਲਾਈਨਾਂ ਰਾਹੀਂ ਬੰਗਲਾਦੇਸ਼ ਤੋਂ ਐਲ.ਪੀ.ਜੀ. ਆਯਾਤ ਕਰਨ ਦਾ ਮਕਸਦ ਤੈਅ ਕੀਤਾ ਗਿਆ ਹੈ।ਭਾਰਤ ਨੇ ਹਾਲ ‘ਚ ਹੀ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਊਰਜਾ ਖਪਤ ਦੇ ਸਭ ਤੋਂ ਵੱਧ ਤੇਜ਼ ਪ੍ਰਵਾਹ ਨੂੰ ਅਨੁਭਵ ਕੀਤਾ ਹੈ, ਜਿਸ ਦੇ ਕਿ 2040 ਤੱਕ ਦੁਗਣਾ ਹੋਣ ਦੀ ਸੰਭਾਵਨਾ ਹੈ।

ਇਹ ਵਿਕਾਸ ਦੋਵਾਂ ਦੇਸ਼ਾਂ ਲਈ ਇੱਕ ਵਧੀਆ ਸੰਕੇਤ ਹਨ, ਜਿਸ ਦੇ ਨਾਲ ਆਪਸੀ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕੀਤਾ ਜਾਣਾ ਸੰਭਵ ਹੋ ਸਕਦਾ ਹੈ।

ਸਕ੍ਰਿਪਟ: ਦਿਪਾਂਕਰ ਚੱਕਰਬਰਤੀ, ਵਿਸ਼ੇਸ਼ ਪ੍ਰਤੀਨਿਧੀ, ਸਟੇਟਸਮੈਨ