ਜਰਮਨ ਚਾਂਸਲਰ ਮਰਕੇਲ ਦਾ ਭਾਰਤੀ ਦੋ ਰੋਜ਼ਾ ਦੌਰਾ

ਜਰਮਨ ਦੀ ਚਾਂਸਲਰ ਐਂਜੇਲਾ ਮਰਕੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 5ਵੀਂ ਅੰਤਰ ਸਰਕਾਰੀ ਵਾਰਤਾ (ਇੰਟਰ ਗਵਰਮੇਂਟਲ ਕੰਸਲਟੇਸ਼ਨ) ਦੀ ਪ੍ਰਧਾਨਗੀ ਕੀਤੀ। ਭਾਰਤ ਉਨ੍ਹਾਂ ਚੁਣੀਂਦਾ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਨਾਲ ਜਰਮਨੀ ਦੇ ਇਸ ਤਰ੍ਹਾਂ ਦੇ ਉੱਚ ਪੱਧਰੀ ਰੁਝੇਵੇਂ ਹਨ। ਸ੍ਰੀਮਤੀ ਮਰਕੇਲ ਦਾ ਭਾਰਤ ਵਿਚ ਇਹ ਚੌਥਾ ਦੌਰਾ ਸੀ। ਉਨ੍ਹਾਂ ਨਾਲ 12 ਮੰਤਰੀ ਅਤੇ ਇੱਕ ਵੱਡਾ ਵਪਾਰਕ ਵਫਦ ਸੀ। ਚਾਂਸਲਰ ਮਰਕੇਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਭਾਰਤੀ ਰਾਸ਼ਟਰਪਤੀ ਨੇ ਕਿਹਾ ਕਿ “ਜਰਮਨੀ ਨਾਲ ਭਾਰਤ ਦੇ ਮਜ਼ਬੂਤ ਵਪਾਰਕ ਸਬੰਧਾਂ ਦੇ ਮੱਦੇਨਜ਼ਰ ਭਾਰਤ ਸੰਤੁਲਤ ਈ.ਯੂ-ਭਾਰਤ ਬ੍ਰੋਡ-ਬੇਸਡ ਵਪਾਰ ਅਤੇ ਨਿਵੇਸ਼ ਸਮਝੌਤੇ ਦੀ ਜਲਦ ਮੁੜ ਸਥਾਪਤੀ ਅਤੇ ਯੂਰਪੀ ਸੰਘ ਅੰਦਰ ਯਤਨਸ਼ੀਲਤਾ ਜੁਟਾਉਣ ਲਈ ਜਰਮਨ ਦੇ ਸਮਰਥਨ ਨੂੰ ਮਹੱਤਵਪੂਰਨ ਸਮਝਦਾ ਹੈ।” ਯੂਰਪੀ ਸੰਘ ਅੰਦਰ ਜਰਮਨੀ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਸਮਝੌਤੇ ‘ਤੇ ਮੁੜ ਵਿਚਾਰ ਵਟਾਂਦਰੇ ਲਈ ਦਿੱਤਾ ਗਿਆ ਰਾਸ਼ਟਰਪਤੀ ਦਾ ਬਿਆਨ ਨਵੀਂ ਦਿੱਲੀ ਦੀ ਇੱਛਾ ਨੂੰ ਜਾਹਿਰ ਕਰਦਾ ਹੈ। ਰਾਸ਼ਟਰਪਤੀ ਕੋਵਿੰਦ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਦੋਵਾਂ ਦੇਸ਼ਾਂ ਨੂੰ “ਬਹੁਪੱਖੀਵਾਦ ਅਤੇ ਬਹੁ-ਧਰੁਵੀ ਵਿਸ਼ਵ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਅੱਤਵਾਦ ਦੇ ਵਿਰੁੱਧ ਮੁਕਾਬਲਾ ਕਰਨ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਿੱਤੀ ਐਕਸ਼ਨ ਟਾਸਕ ਫੋਰਸ ਦੀਆਂ ਬੈਠਕਾਂ ਵਿਚ ਆਪਣੇ ਅਹੁਦਿਆਂ ਦਾ ਤਾਲਮੇਲ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਆਈ.ਜੀ.ਸੀ. ਦੀਆਂ ਬੈਠਕਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਚਾਂਸਲਰ ਮਰਕੇਲ ਦੋਵਾਂ ਨੇ ਇਹ ਦੁਹਰਾਇਆ ਕਿ ਭਾਰਤ-ਜਰਮਨ ਰਣਨੀਤਕ ਭਾਈਵਾਲੀ ਲੋਕਤੰਤਰੀ, ਸੁਤੰਤਰ ਤੇ ਨਿਰਪੱਖ ਵਪਾਰ ਦੇ ਸਾਂਝੇ ਮੁੱਲਾਂ ਅਤੇ ਸਿਧਾਂਤਾਂ, ਨਿਯਮਾਂ ਅਧਾਰਿਤ ਅੰਤਰਰਾਸ਼ਟਰੀ ਆਦੇਸ਼ਾਂ, ਨਾਲ ਹੀ ਆਪਸੀ ਵਿਸ਼ਵਾਸ ਅਤੇ ਸਤਿਕਾਰ ਅਧਾਰਿਤ ਹੈ। ਸ੍ਰੀ ਮੋਦੀ ਨੇ ਕਿਹਾ ਕਿ, “ਚਾਂਸਲਰ ਮਰਕੇਲ ਸਿਰਫ਼ ਹਮ-ਰੁਤਬਾ ਦੋਸਤ ਹੀ ਨਹੀਂ ਹਨ, ਬਲਕਿ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਵਿਸ਼ਵਵਿਆਪੀ ਨੇਤਾ ਵੀ ਹਨ। ਜਿਸ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਹਨ ਉਹ ਭਾਰਤ ਅਤੇ ਜਰਮਨੀ ਦਰਮਿਆਨ ਦੋਸਤੀ ਅਤੇ ਮਜ਼ਬੂਤ ਸਬੰਧਾਂ ਦਾ ਇਕ ਪ੍ਰਮਾਣ ਹੈ।” ਦੋ ਸਾਲ ਪਹਿਲਾਂ ਆਰੰਭੀਆਂ ਗਈਆਂ ਸਾਂਝੀਆਂ ਕਾਰਵਾਈਆਂ ਦੀ ਸਮੀਖਿਆ ਕਰਨ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ 11 ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ ਸਨ, ਜੋ ਵੱਖ-ਵੱਖ ਵਿਸ਼ਿਆਂ ਅਤੇ ਚਾਰ ਵਿਸ਼ਾਲ ਸ਼੍ਰੇਣੀਆਂ ਜਿਵੇਂ ਕਿ ਆਰਟੀਫ਼ੀਸ਼ੀਅਲ  ਇੰਟੇਲੀਜੇਂਸ (ਏ.ਆਈ.) ਅਤੇ ਡਿਜੀਟਲ ਟ੍ਰਾਂਸਫੋਰਮੇਸ਼ਨ ਦੇ ਖੇਤਰ ਵਿਚ ਸਹਿਯੋਗ ਨੂੰ ਮਜ਼ਬੂਤ ਕਰਦੇ ਹੋਏ ਨਵੀਨਤਾ ਅਤੇ ਗਿਆਨ, ਜਲਵਾਯੂ ਅਤੇ ਟਿਕਾਉ ਵਿਕਾਸ ਲਈ ਕਾਰਵਾਈ; ਲੋਕਾਂ ਨੂੰ ਇਕੱਠਿਆਂ ਲਿਆਉਣਾ ਅਤੇ ਵਿਸ਼ਵੀ ਜ਼ਿੰਮੇਵਾਰੀ ਸਾਂਝੀ ਕਰਨਾ ਆਦਿ ਨੂੰ ਦਰਸਾਉਂਦੇ ਹਨ।

ਆਈ.ਜੀ.ਸੀ. ਦੀ ਬੈਠਕ ਦੇ ਅਖੀਰ ‘ਚ ਜਾਰੀ ਸਾਂਝੇ ਬਿਆਨ ਵਿਚ  73 ਨੁਕਤਿਆਂ ਨਾਲ ਇਕ ਵਿਆਪਕ ਦਸਤਾਵੇਜ਼ ਪੇਸ਼ ਕੀਤਾ ਗਿਆ, ਜਿਸ ਤਹਿਤ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਅਤੇ ਭਾਈਵਾਲੀ ਦੇ ਖੇਤਰਾਂ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ ਸੀ। ਦੋਵਾਂ ਧਿਰਾਂ ਨੇ ਏ.ਆਈ. ਅਤੇ ਡਿਜੀਟਲ ਤਬਦੀਲੀ ਲਈ ਸਿਹਤ, ਗਤੀਸ਼ੀਲਤਾ, ਵਾਤਾਵਰਣ ਅਤੇ ਖੇਤੀਬਾੜੀ ਵਿਚ ਸਹਿਯੋਗੀ ਲੱਭਣ ਅਤੇ ਆਈ.ਟੀ.- ਨੈੱਟਵਰਕਵਰਕ ਪ੍ਰਣਾਲੀਆਂ,  ਕਾਰੋਬਾਰੀ ਮਾਡਲਾਂ ਅਤੇ ਬੀ.2.ਬੀ-ਪਲੇਟਫਾਰਮਾਂ ਵਿਚ ਸੁਰੱਖਿਆ ਅਤੇ ਉਦਯੋਗ 4.0 ਦੇ ਭਵਿੱਖ ਦੇ ਡਿਜੀਟਲ ਈਕੋਸਿਸਟਮ ਨੂੰ ਬਣਾਉਣ ਵਾਲੇ ਵਿਸ਼ਿਆਂ ‘ਤੇ ਸਹਿਕਾਰਤਾ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਜਰਮਨ ਪਲੇਟਫਾਰਮ ਇੰਡਸਟਰੀ 4.0. ਅਤੇ ਆਉਣ ਵਾਲੇ ਸੀ.ਆਈ.ਆਈ. ਸਮਾਰਟ ਮੈਨੂਫੈਕਚਰਿੰਗ ਪਲੇਟਫਾਰਮ ਵਿਚ ਸਬੰਧ ਮਜ਼ਬੂਤ ਕਰਨ ਲਈ ਸਹਿਮਤੀ ਜਤਾਈ।

ਇਸ ਤੋਂ ਇਲਾਵਾ ਵਪਾਰ ਅਤੇ ਨਿਵੇਸ਼ ਦੇ ਖੇਤਰ ਵਿੱਚ ਦੋਵਾਂ ਨੇਤਾਵਾਂ ਨੇ ਨਿਯਮਾਂ ਅਧਾਰਤ ਅੰਤਰਰਾਸ਼ਟਰੀ ਵਪਾਰ ਪ੍ਰਣਾਲੀ ਅਤੇ ਵਿਸ਼ਵ ਵਪਾਰ ਸੰਗਠਨ ਲਈ ਆਪਣਾ ਸਮਰਥਨ ਵਧਾਇਆ ਅਤੇ ਦੂਜੇ ਖੇਤਰਾਂ ਵਿਚ ‘ਮੇਕ ਇਨ ਇੰਡੀਆ ਮਾਈਟਲਸਟੈਂਡ’ (ਐਮ.ਆਈ.ਆਈ.ਐਮ) ਪ੍ਰੋਗਰਾਮ, ਜਰਮਨ ਇੰਡੀਅਨ ਸਟਾਰਟਅਪ ਐਕਸਚੇਂਜ ਪ੍ਰੋਗਰਾਮ (ਜੀ.ਆਈ.ਐਨ.ਐਸ.ਈ.ਪੀ.) ‘ਤੇ ਜ਼ੋਰ ਦਿੱਤਾ। ਦੋਵਾਂ ਨੇਤਾਵਾਂ ਨੇ “ਨਵੀਂ, ਨਵੀਨਤਾਕਾਰੀ ਅਤੇ ਟਿਕਾਉ ਤਕਨਾਲੋਜੀ ਜਿਵੇਂ ਕਿ ਨਵਿਆਉਣਯੋਗ ਊਰਜਾ, ਈ-ਗਤੀਸ਼ੀਲਤਾ ਅਤੇ ਊਰਜਾ-ਕੁਸ਼ਲਤਾ ਵਿੱਚ ਹੁਨਰ ਵਿਕਾਸ ਲਈ ਆਪਣਾ ਸਮਰਥਨ ਵਧਾ ਦਿੱਤਾ ਹੈ। ਇਸ ਦੌਰਾਨ ਭਾਰਤ-ਜਰਮਨ ਵਿੱਤ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਦੀ ਮੁੜ ਸ਼ੁਰੂਆਤ ਹੋਈ, ਜੋ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਆਪਸੀ ਆਰਥਿਕ ਹਿੱਤਾਂ ਲਈ ਵਿਚਾਰ ਵਟਾਂਦਰੇ ਖ਼ਾਤਿਰ ਇੱਕ ਮੰਚ ਪ੍ਰਦਾਨ ਕਰਦੀ ਹੈ। ਭਾਰਤ ਵਿਚ ਹੋਰਾਂ ਖੇਤਰਾਂ ਹਾਈ-ਸਪੀਡ ਅਤੇ ਸੇਮੀ-ਹਾਈ-ਸਪੀਡ-ਰੇਲ ਸਮੇਤ ਪ੍ਰਾਜੈਕਟ ਨਾਗਰਿਕ ਉਡਾਨ ਹਵਾਬਾਜ਼ੀ ਸ਼ਾਮਿਲ ਹੈ ਅਤੇ ਆਪਦਾ ਰੋਧੀ ਬੁਨਿਆਦੀ ਢਾਂਚੇ (ਸੀ.ਡੀ.ਆਰ.ਆਈ.) ਲਈ ਗੱਠਜੋੜ ਦਾ ਸਵਾਗਤ ਕਰਦਾ ਹੈ।

ਕਾਬਿਲੇਗੌਰ ਹੈ ਕਿ ਦੋਵਾਂ ਪੱਖਾਂ ਲਈ ਸਥਿਰ ਵਿਕਾਸ ਟੀਚੇ ਅਤੇ ਪੈਰਿਸ ਸਮਝੌਤਾ ਜਲਵਾਯੂ ਮੁੱਦਿਆਂ ‘ਤੇ ਉਨ੍ਹਾਂ ਦੇ ਸਹਿਯੋਗ ਲਈ ਮਾਰਗ ਦਰਸ਼ਨ ਦਾ ਕੰਮ ਕਰਦਾ ਹੈ। ਊਰਜਾ ਪਰਿਵਰਤਨ ਦੇ ਖੇਤਰ ਵਿੱਚ ਇੰਡੋ-ਜਰਮਨ ਊਰਜਾ ਫੋਰਮ 2015 ਦੀ ਇੰਡੋ-ਜਰਮਨ ਸੋਲਰ ਭਾਈਵਾਲੀ ਅਤੇ 2013 ਦੇ ਗ੍ਰੀਨ ਊਰਜਾ ਗਲਿਆਰੇ ਵਿੱਚ ਸਹਿਯੋਗ ਨੂੰ ਜਾਹਿਰ ਕੀਤਾ ਗਿਆ। ਲੋਕਾਂ ਦੇ ਪੱਧਰ ‘ਤੇ ਦੋਵਾਂ ਦੇਸ਼ਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦਾ ਵਿਸਥਾਰ ਕਰਨ ਲਈ ਇਕ ਉੱਚ ਸਿੱਖਿਆ ਅਤੇ ਇੰਡੋ-ਜਰਮਨ ਸਾਇੰਸ ਅਤੇ ਟੈਕਨਾਲੋਜੀ ਸੈਂਟਰ ‘ਤੇ ਇੰਡੋ-ਜਰਮਨ ਭਾਈਵਾਲੀ ਨੂੰ ਉਜਾਗਰ ਕੀਤਾ ਗਿਆ।

ਇਹ ਦੇਖਦਿਆਂ ਕਿ ਰਣਨੀਤਕ ਭਾਈਵਾਲੀ 2020 ਵਿਚ ਦੋ ਦਹਾਕੇ ਪੂਰੇ ਕਰ ਲੈਂਦੀ ਹੈ, ਵਿਦੇਸ਼ ਸਕੱਤਰ ਦੇ ਪੱਧਰ ‘ਤੇ ਹਰ ਸਾਲ ਆਯੋਜਿਤ ਹੋਣ ਵਾਲੇ ਵਿਦੇਸ਼ੀ ਦਫ਼ਤਰ ਮਸ਼ਵਰੇ ਦੇ ਢੰਗ ਨੂੰ ਸੰਸਥਾਗਤ ਬਣਾਉਣ ਦਾ ਫੈਸਲਾ ਲਿਆ ਗਿਆ, 1.5 ਰਣਨੀਤਕ ਗੱਲਬਾਤ ਕੀਤੀ ਅਤੇ “ਗਲੋਬਲ ਅਤੇ ਖੇਤਰੀ ਸੁਰੱਖਿਆ ਚੁਣੌਤੀਆਂ ਨੂੰ ਸਾਂਝੇ ਤੌਰ ‘ਤੇ ਹੱਲ ਕਰਨ ਲਈ ਦੁਵੱਲੇ ਰੱਖਿਆ ਸਹਿਯੋਗ ਨੂੰ ਵਧਾਉਣ ਸਬੰਧੀ ਰੱਖਿਆ ਮੰਤਰੀਆਂ ਦਰਮਿਆਨ ਬੈਠਕ ਕੀਤੀ ਗਈ । ਦੋਵਾਂ ਪੱਖਾਂ ਨੇ ਅਫ਼ਗਾਨਿਸਤਾਨ ਦੇ ਸ਼ਾਂਤਮਈ ਵਿਕਾਸ ਅਤੇ ਈਰਾਨ ਨਾਲ ਪਰਮਾਣੂ ਸਮਝੌਤੇ (ਜੇ.ਸੀ.ਪੀ.ਓ.ਏ) ਦੇ ਪੂਰੇ ਸਮਰਥਨ ਦੀ ਹਮਾਇਤ ਕੀਤੀ। ਭਾਰਤ ਅਤੇ ਜਰਮਨੀ ਨੇ ਦੁਹਰਾਇਆ ਕਿ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਹੁਪੱਖੀ ਸਹਿਯੋਗ- ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਸੁਰੱਖਿਅਤ ਕਰਨ ਦੀ ਕੁੰਜੀ ਹੈ।

 

ਸਕ੍ਰਿਪਟ: ਪ੍ਰੋ. ਉਮੂ ਸਲਮਾ ਬਾਵਾ
ਚੇਅਰਪਰਸਨ ਅਤੇ ਜੀਨ ਮੋਨੇਟ ਚੇਅਰ, ਸੈਂਟਰ ਫਾਰ ਯੂਰਪੀਅਨ ਸਟੱਡੀਜ਼, ਜੇ.ਐਨ.ਯੂ.
ਅਨੁਵਾਦਕ: ਸਿਮਰਨਜੀਤ ਕੌਰ