ਬ੍ਰਾਸੀਲੀਆ ਵਿਖੇ ਗਿਆਰ੍ਹਵਾਂ ਬ੍ਰਿਕਸ ਸੰਮੇਲਨ

ਬ੍ਰਾਸੀਲੀਆ ਵਿੱਚ 11ਵੇਂ ਬ੍ਰਿਕਸ ਸੰਮੇਲਨ ਦਾ ਸਫਲ ਸਿੱਟਾ ਸਮੂਹਾਂ ਦੀ ਗਤੀਸ਼ੀਲਤਾ ਅਤੇ ਹਮੇਸ਼ਾਂ ਵੱਧ ਰਹੀ ਪ੍ਰਸੰਗਿਕਤਾ ਦਾ ਇੱਕ ਮਾਪ ਹੈ। ਇੱਕ ਸਾਂਝੇ ਬਿਆਨ ਵਿੱਚ ਦਰਜ ਕੀਤਾ ਗਿਆ ਹੈ ਕਿ ਬ੍ਰਿਕਸ ਦੇਸ਼ “ਪਿਛਲੇ ਦਹਾਕੇ ਦੌਰਾਨ ਵਿਸ਼ਵਵਿਆਪੀ ਵਿਕਾਸ ਦੇ ਮੁੱਖ ਚਾਲਕ” ਰਹੇ ਹਨ। ਬ੍ਰਿਕਸ ਦਾ ਆਗਮਨ ਨਵੇਂ ਉੱਭਰ ਰਹੇ ਵਿਸ਼ਵਵਿਆਪੀ ਆਰਥਿਕ ਪ੍ਰਬੰਧ ਦੇ ਬਦਲਦੇ ਰੁਝਾਨ ਨੂੰ ਦਰਸਾਉਂਦਾ ਹੈ। ਬ੍ਰਿਕਸ ਨੇ ਸਿਰਫ ਪੱਛਮ ਦੇ ਵਿਸ਼ਵਵਿਆਪੀ ਦਬਦਬੇ ‘ਤੇ ਸਵਾਲ ਨਹੀਂ ਉਠਾਇਆ, ਇਹ ਇਕ ਨਵੀਂ ਸੋਚ ਅਤੇ ਇਕ ਨਵਾਂ ਵਿਸ਼ਵ-ਦ੍ਰਿਸ਼ਟੀਕੋਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 11ਵੇਂ ਬ੍ਰਿਕਸ ਸੰਮੇਲਨ ਦਾ ਵਿਸ਼ਾ “ਇੱਕ ਨਵੀਨ ਭਵਿੱਖ ਲਈ ਆਰਥਿਕ ਵਿਕਾਸ” ਸੀ। ਨਵੀਨਤਾ ਅਸਲ ਵਿੱਚ ਭਵਿੱਖ ਨਾਲ ਜਾਣ-ਪਛਾਣ ਕਰਵਾਉਂਦੀ ਹੈ। ਨਵੀਨਤਾ ਦਾ ਇਤਿਹਾਸ ਵਿਚਾਰਾਂ ਦੀ ਕਹਾਣੀ ਹੈ। ਜੇਕਰ ਅਸੀਂ ਕੁਝ ਨਵੀਨ ਨਹੀਂ ਕਰਦੇ, ਅਸੀਂ ਸਭ ਕੁਝ ਭੁੱਲਦੇ ਜਾਂਦੇ ਹਾਂ।

ਉਮੀਦ ਹੈ, ਬ੍ਰਿਕਸ ਨੇਤਾਵਾਂ ਦੁਆਰਾ ਜਾਰੀ ਸਾਂਝੇ ਬਿਆਨ ਵਿੱਚ ਸੰਯੁਕਤ ਰਾਸ਼ਟਰ ਅਤੇ ਡਬਲਿਊ.ਟੀ.ਓ. ਅਤੇ ਆਈ.ਐਮ.ਐਫ. ਸਮੇਤ ਹੋਰ ਬਹੁ-ਪੱਖੀ ਸੰਗਠਨਾਂ ਨੂੰ ਮਜ਼ਬੂਤ ਅਤੇ ਉਨ੍ਹਾਂ ‘ਚ ਸੁਧਾਰ ਕਰਨ ਦੀ ਤੁਰੰਤ ਲੋੜ ਦੀ ਮੰਗ ਕੀਤੀ ਗਈ ਹੈ। ਅਜਿਹੇ ਸਮੇਂ ਜਦੋਂ ਬਹੁਪੱਖੀਵਾਦ ਵੱਖ-ਵੱਖ ਅੰਤਰਰਾਸ਼ਟਰੀ ਹਿੱਸਿਆਂ ਦੇ ਹਮਲੇ ਹੇਠ ਹੈ, ਬ੍ਰਿਕਸ ਦੀ ਬਹੁਪੱਖੀਵਾਦ ਪ੍ਰਤੀ ਅਚਾਨਕ ਵਚਨਬੱਧਤਾ ਬੇਮਿਸਾਲ ਹੈ। ਇਹ ਆਮ ਗੱਲ ਹੈ ਕਿ ‘ਬ੍ਰੇਟਨ ਵੁੱਡਜ਼’ ਵਿਚਾਰ ਅਧੀਨ ਬਹੁਪੱਖੀਵਾਦ ਆਪਣੀਆਂ ਉਮੀਦਾਂ ’ਤੇ ਕਦੇ ਨਹੀਂ ਟਿਕਿਆ। ਅਸਲ ਵਿੱਚ ਸਭ ਤੋਂ ਵੱਡੀ ਵਿਅੰਗਾਤਮਕ ਗੱਲ ਇਹ ਹੈ ਕਿ ਉਹ ਜਿਹੜੇ ਅੱਜ ਬਹੁਪੱਖੀਵਾਦ ’ਤੇ ਹਮਲਾ ਕਰ ਰਹੇ ਹਨ, ਇਹ ਉਹੀ ਸਨ ਜਿਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਦੀ ਸਿਰਜਣਾ ਕੀਤੀ ਸੀ। ਇਹ ਬਹੁਤਾ ਸਮਾਂ ਪਹਿਲਾਂ ਦੀ ਗੱਲ ਨਹੀਂ ਹੈ ਜਦੋਂ ਗਲੋਬਲ ਸਾਊਥ ਨੂੰ ਮਾਰਕੀਟ ਦੀ ਪ੍ਰਤਿਸ਼ਠਾ ਵਧਾਉਣ ਲਈ ਵਿਸ਼ਵੀਕਰਨ ਨੂੰ ਅਪਨਾਉਣ ਲਈ ਕਿਹਾ ਗਿਆ ਸੀ। ਹੁਣ, ਜਦੋਂ ਵਿਕਾਸਸ਼ੀਲ ਦੇਸ਼ਾਂ ਨੇ ਵਿਸ਼ਵੀਕਰਨ ਨੂੰ ਅਪਣਾ ਲਿਆ ਹੈ, ਤਾਂ ਉਨ੍ਹਾਂ ਨੂੰ ਡੀ-ਗਲੋਬਲਾਈਜ਼ ਕਰਨ ਲਈ ਕਿਹਾ ਜਾ ਰਿਹਾ ਹੈ।

ਬ੍ਰਿਕਸ ਦੁਆਰਾ ਜਿੱਤੇ ਗਏ ਨਵੇਂ ਬਹੁਪੱਖੀਵਾਦ ਨੂੰ ਸਾਂਝੀ ਖੁਸ਼ਹਾਲੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਸਾਂਝੇ ਬਿਆਨ ਨੇ ਬਹੁਪੱਖੀਵਾਦ ਨੂੰ ਬਹੁਤ ਮਹੱਤਵ ਦਿੱਤਾ ਹੈ, ਜੋ “ਸ਼ਾਂਤੀ ਤੇ ਸੁਰੱਖਿਆ, ਟਿਕਾਊ/ਸਥਿਰ ਵਿਕਾਸ ਨੂੰ ਅੱਗੇ ਵਧਾਉਣ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਚਾਰ ਅਤੇ ਸਾਰਿਆਂ ਲਈ ਬੁਨਿਆਦੀ ਆਜ਼ਾਦੀਆਂ ਨੂੰ ਯਕੀਨੀ ਬਣਾਉਣ” ਦੀ ਕੁੰਜੀ ਹੈ।

ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਨੇ ਅੱਤਵਾਦ ਦੇ ਸੰਕਟ ਵਿਰੁੱਧ ਇੱਕ ਵਿਸ਼ਵਵਿਆਪੀ ਸਹਿਮਤੀ ਬਣਾਉਣ ਲਈ ਸਮੇਂ ਦੇ ਨਾਲ ਕੰਮ ਕੀਤਾ ਹੈ। ਬ੍ਰਿਕਸ ਦੇਸ਼ ਜਿਵੇਂ ਭਾਰਤ, ਰੂਸ ਅਤੇ ਚੀਨ ਅੱਤਵਾਦ ਦਾ ਸ਼ਿਕਾਰ ਬਣਦੇ ਆ ਰਹੇ ਹਨ। ਇਸ ਲਈ ਬ੍ਰਾਸੀਲੀਆ ਸੰਮੇਲਨ ਨੇ ਅੱਤਵਾਦੀ ਹਮਲਿਆਂ ਦੀ ਸਖਤ ਨਿੰਦਾ ਕੀਤੀ, ਜਿਸ ‘ਚ ਮੈਂਬਰ ਦੇਸ਼ ਵੀ ਸ਼ਾਮਿਲ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਸੈਸ਼ਨ ਨੂੰ ਸੰਬੋਧਿਤ ਕਰਦਿਆਂ ਅੱਤਵਾਦ ਦੀ ਨਿਰਪੱਖ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਨੇ ਅੱਤਵਾਦ ਨੂੰ “ਵਿਕਾਸ, ਸ਼ਾਂਤੀ ਅਤੇ ਖੁਸ਼ਹਾਲੀ ਲਈ ਸਭ ਤੋਂ ਵੱਡਾ ਖ਼ਤਰਾ” ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਕਾਰਨ ਵਿਸ਼ਵ ਦੀ ਆਰਥਿਕਤਾ ਨੂੰ ਨੁਕਸਾਨ ਹੋਇਆ ਹੈ, ਵਿਕਾਸਸ਼ੀਲ ਦੇਸ਼ਾਂ ਵਿੱਚ ਆਰਥਿਕ ਵਿਕਾਸ ਵਿੱਚ 1.5 ਮਿਲੀਅਨ ਦੀ ਕਮੀ ਆਈ ਹੈ।

ਸ੍ਰੀ ਮੋਦੀ ਨੇ ਬ੍ਰਿਕਸ ਦੇਸ਼ਾਂ ‘ਚ ਅੰਤਰ-ਵਪਾਰ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ ਜੋ ਵਿਸ਼ਵ ਵਪਾਰ ਦਾ ਸਿਰਫ 15% ਬਣਦਾ ਹੈ। ਸਾਂਝੇ ਬਿਆਨ ਨੇ ਬ੍ਰਿਕਸ ਬਿਜ਼ਨਸ ਫੋਰਮ ਦੇ ਆਯੋਜਨ ਦਾ ਵੀ ਸਵਾਗਤ ਕੀਤਾ ਹੈ ਕਿਉਂਕਿ ਇਸ ਦੀ ਆਰਥਿਕ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਹੈ। ਨਾਜ਼ੁਕ ਜਲਵਾਯੂ ਸੰਕਟ ਦੇ ਸਮੇਂ, ਸਾਂਝੇ ਬਿਆਨ ਨੇ ਸਥਿਰ ਵਿਕਾਸ ਲਈ 2030 ਏਜੰਡਾ ਲਾਗੂ ਕਰਨ ਲਈ ਬ੍ਰਿਕਸ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਇਹ ਮੌਸਮੀ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਦੇ ਫਰੇਮਵਰਕ ਕਨਵੈਨਸ਼ਨ ਦੇ ਸਿਧਾਂਤਾਂ ਅਧੀਨ ਅਪਣਾਏ ਗਏ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦਾ ਸਮਰਥਨ ਵੀ ਕਰਦਾ ਹੈ।

ਬ੍ਰਾਜ਼ੀਲ, ਰੂਸ ਅਤੇ ਚੀਨ ਦੇ ਰਾਸ਼ਟਰਪਤੀਆਂ ਨਾਲ ਭਾਰਤ ਦੇ ਪ੍ਰਧਾਨ-ਮੰਤਰੀ ਦੀਆਂ ਦੁਵੱਲੀ ਮੁਲਾਕਾਤਾਂ ਬਰਾਬਰ ਲਾਭਕਾਰੀ/ਰਚਨਾਤਮਕ ਰਹੀਆਂ। ਰਾਸ਼ਟਰਪਤੀ ਜੈਰ ਬੋਲਸੋਨਾਰੋ ਨੇ ਅਗਲੇ ਸਾਲ ਭਾਰਤ ਦੇ ਗਣਤੰਤਰ ਦਿਵਸ ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਭਾਰਤ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਜੋ ਲਾਤੀਨੀ ਅਮਰੀਕਾ ਨਾਲ ਭਾਰਤ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਸਵਾਗਤਯੋਗ ਕਦਮ ਹੈ।

ਬ੍ਰਿਕਸ ਨੇ ਮੈਂਬਰ ਰਾਜਾਂ ਦੇ ਨਵੇਂ ਵਿਕਾਸ ਬੈਂਕ ਨੂੰ ਨਵਾਂ ਧੱਕਾ ਦੇਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਵਧੇਰੇ ਗਲੋਬਲ ਦਬਦਬਾ ਹਾਸਲ ਕੀਤਾ ਹੈ। ਬ੍ਰਾਸੀਲੀਆ ਸੰਮੇਲਨ ਨੇ ਐਨ.ਡੀ.ਬੀ. ਦੁਆਰਾ ਆਪਣੀ ਮੈਂਬਰਸ਼ਿਪ ਵਧਾਉਣ ਪ੍ਰਤੀ ਕੀਤੀ ਗਈ ਪ੍ਰਗਤੀ ‘ਤੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਮੈਂਬਰ ਦੇਸ਼ਾਂ ਵਿਚ ਐਨ.ਡੀ.ਬੀ. ਦੇ ਖੇਤਰੀ ਦਫਤਰ ਖੋਲ੍ਹਣ ਦਾ ਸਵਾਗਤ ਕੀਤਾ ਹੈ। ਇਸ ਪ੍ਰਸੰਗ ਵਿੱਚ ਹੈ, ਇਨੋਵੇਸ਼ਨ ਬ੍ਰਿਕਸ ਨੈਟਵਰਕ ਦੀ ਸਥਾਪਨਾ ਅਤੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਬਾਰੇ ਨਵਾਂ ਆਰਕੀਟੈਕਚਰ ਬ੍ਰਿਕਸ ਨੂੰ ਵਧੇਰੇ ਦਰਸ਼ਨੀ ਅਤੇ ਜਾਇਜ਼ਤਾ ਪ੍ਰਦਾਨ ਕਰਨ ਲਈ ਮਹੱਤਵਪੂਰਨ ਕਦਮ ਹਨ।

ਸਭ ਨੇ ਕਿਹਾ, ਕਿਸੇ ਵੀ ਜੀਵੰਤ ਸੰਗਠਨ ਜਾਂ ਸਮੂਹਬੰਦੀ ਲਈ ਸਿਰਫ ਇਕ ਕਲਪਨਾ ਹੀ ਨਹੀਂ ਹੁੰਦੀ ਬਲਕਿ ਨਿਰੰਤਰ ਪੁਸ਼ਟੀਕਰਨ ਦੀ ਵੀ ਜ਼ਰੂਰਤ ਹੁੰਦੀ ਹੈ। ਬ੍ਰਿਕਸ ਨੂੰ ਲਾਜ਼ਮੀ ਤੌਰ ‘ਤੇ ਬਹੁਤ ਸਾਰੇ ਲੋਕਾਂ ਵਾਸਤੇ ਆਰਥਿਕਤਾ ਲਈ ਕੰਮ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ – ਇਕ ਅਜਿਹੀ ਅਰਥਵਿਵਸਥਾ ਜੋ ਸਮਾਜ ਨੂੰ ਅਨੁਕੂਲ ਬਣਾਉਂਦੀ ਹੈ, ਨਾ ਕਿ ਸਮਾਜ ਨੂੰ ਆਰਥਿਕਤਾ ਦੇ ਅਧੀਨ ਲਿਆਉਂਦੀ ਹੈ।

ਸਕ੍ਰਿਪਟ: ਡਾ. ਐਸ਼ ਨਰਾਇਣ ਰਾਏ, ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਦੇ ਡਾਇਰੈਕਟਰ

ਅਨੁਵਾਦਕ: ਨਿਤੇਸ਼