ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਨੂੰ ਨੇਕ ਸਲਾਹ

ਪਾਕਿਸਤਾਨ ਵਿੱਚ ਹਾਲ ਦੀ ਘੜੀ ਬਹੁਤ ਹੀ ਤਣਾਅ ਅਤੇ ਹਤਾਸ਼ਾ ਦਾ ਮਾਹੌਲ ਹੈ। ਇਸ ਦੇ ਕਈ ਕਾਰਨ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਵਿਸ਼ਵਵਿਆਪੀ ਭਾਈਚਾਰੇ ਵਿਚ ਪਾਕਿਸਤਾਨ ਦੀ ਭਰੋਸੇਯੋਗਤਾ ਘਟੀ ਹੈ ਅਤੇ ਕੁਝ ਨਕਾਰਾਤਮਕ ਰਵੱਈਏ ਦੇ ਕਾਰਨ, ਅੰਤਰਰਾਸ਼ਟਰੀ ਭਾਈਚਾਰੇ ਵਿਚ ਇਸ ਦੀ ਭਰੋਸੇਯੋਗਤਾ ਲਗਾਤਾਰ ਘੱਟ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਇੰਨੇ ਖਰਾਬ ਹਨ ਕਿ ਲੋਕ ਮੌਜੂਦਾ ਵਜ਼ਾਰਤ ਤੋਂ ਬੜੇ ਨਾਰਾਜ਼ ਤੇ ਨਾਖੁਸ਼ ਹਨ। ਮੌਜੂਦਾ ਆਰਥਿਕ ਸੰਕਟ ਨੇ ਇਕ ਗੰਭੀਰ ਰੂਪ ਧਾਰਨ ਕਰ ਲਿਆ ਹੈ ਅਤੇ ਆਮ ਲੋਕ ਮਹਿੰਗਾਈ, ਲੋੜੀਂਦੀਆਂ ਵਸਤਾਂ ਦੀ ਘਾਟ ਅਤੇ ਟੈਕਸ ਦੇ ਬੋਝ ਹੇਠ ਦੱਬੇ ਪਏ ਹਨ। ਫਿਰ ਭਾਰਤ-ਪਾਕਿ ਤਣਾਅ ਵੀ ਕੋਈ ਘੱਟ ਨਹੀਂ ਹੈ। ਇਸ ਦੌਰਾਨ ਵਜ਼ਾਰਤ ਨੂੰ ਸਿਆਸੀ ਮੋਰਚੇ ‘ਤੇ ਵੀ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਮੀਅਤ ਉਲੇਮਾ-ਏ-ਇਸਲਾਮ ਦੇ ਮੌਲਾਨਾ ਫਜ਼ਲੁਰ ਰਹਿਮਾਨ ਨੇ ਵਜ਼ਾਰਤ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਤੇ ਇਮਰਾਨ ਖਾਨ ਦੇ ਅਸਤੀਫੇ ਦੀ ਪੁਰਜ਼ੋਰ ਮੰਗ ਕਰ ਰਿਹਾ ਹੈ। ਧਿਆਨ ਦੇਣ ਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ ਵੀ ਕਾਫੀ ਚਿਰ ਤੋਂ ਜੇਲ੍ਹ ਵਿੱਚ ਹਨ ਤੇ ਉਨ੍ਹਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੋ ਗਈ ਹੈ। ਅਦਾਲਤ ਨੇ ਪਹਿਲਾਂ ਹੀ ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ ਉਨ੍ਹਾਂ ਨੂੰ ਇਲਾਜ ਲਈ ਬਾਹਰ ਜਾਣ ਦੀ ਆਗਿਆ ਦੇ ਦਿੱਤੀ ਸੀ ਪਰ ਸਰਕਾਰ ਨੇ ਜ਼ਮਾਨਤ ਵਜੋਂ ਵੱਡੀ ਰਕਮ ਦੇਣ ਦੀ ਸ਼ਰਤ ਰੱਖ ਦਿੱਤੀ ਸੀ, ਜਿਸ ਦਾ ਪਾਕਿਸਤਾਨੀ ਅਵਾਮ ਨੇ ਬੁਰਾ ਮਨਾਇਆ। ਪਰ ਤਾਜ਼ਾ ਖ਼ਬਰਾਂ ਮੁਤਿਬਕ ਹੁਣ ਉਨ੍ਹਾਂ ਤੇ ਲੱਗੀਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ਤੇ ਹੁਣ ਉਹ ਲੰਦਨ ਜਾ ਸਕਦੇ ਹਨ। ਹਾਲਾਂਕਿ ਇਨ੍ਹਾਂ ਘਰੇਲੂ ਮਸਲਿਆਂ ਦੇ ਬਾਵਜੂਦ ਕੌਮਾਂਤਰੀ ਭਾਈਚਾਰੇ ਵਿੱਚ ਪਾਕਿਸਤਾਨ ਦੀ ਘੱਟ ਰਹੀ ਭਰੋਸੇਯੋਗਤਾ ਦੇ ਲਈ ਕੌਮੀ ਵਜ਼ਾਰਤ ਨੂੰ ਕੁਝ ਨੇਕ ਸੁਝਾਵਾਂ ਦਿੱਤੇ ਗਏ ਹਨ, ਜੇਕਰ ਵਜ਼ਾਰਤ ਇਨ੍ਹਾਂ ਸੁਝਾਵਾਂ ਤੇ ਧਿਆਨ ਦਿੰਦੀ ਅਤੇ ਉਨ੍ਹਾਂ ਤੇ ਅਮਲ ਕਰਦੀ ਹੈ ਤਾਂ ਉਸ ਨਾਲ ਪਾਕਿਸਤਾਨ ਦੀ ਸਾਖ ਨੂੰ ਕੁਝ ਹੱਦ ਤੱਕ ਬਚਾਇਆ ਜਾ ਸਕਦਾ ਹੈ। ਅਜਿਹੇ ਸਲਾਹਕਾਰਾਂ ਵਿੱਚ ਸੀਨੀਅਰ ਸਿਆਸੀ ਵਿਸ਼ਲੇਸ਼ਕ, ਕੂਟਨੀਤਕ ਅਤੇ ਸਿਆਸੀ ਤੌਰ ਤੇ ਜਾਗਰੂਕ ਵਿਅਕਤੀ ਸ਼ਾਮਿਲ ਹਨ।

ਅਮਰੀਕਾ, ਚੀਨ ਅਤੇ ਭਾਰਤ ਵਿੱਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਅਸ਼ਰਫ ਜਹਾਂਗੀਰ ਕਾਜ਼ੀ, ਜਿਨ੍ਹਾਂ ਨੇ ਹਾਲ ਹੀ ਵਿੱਚ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ, ਸਿਆਸੀ ਮੁੱਦਿਆਂ ‘ਤੇ ਡੂੰਘੀ ਨਜ਼ਰ ਰੱਖਦੇ ਹਨ, ਉਨ੍ਹਾਂ ਨੇ ਇਮਰਾਨ ਖਾਨ ਨੂੰ ਕੁਝ ਸਕਾਰਾਤਮਕ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਭਾਰਤ ਦੇ ਵਜ਼ੀਰ-ਏ-ਆਜ਼ਮ ਨੇ ਕਰਤਾਰਪੁਰ ਲਾਂਘੇ ਲਈ ਇਮਰਾਨ ਖਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਪ੍ਰਤੀ ਸਕਾਰਾਤਮਕ ਤਰੱਕੀ ਕੀਤੀ ਹੈ ਅਤੇ ਸ਼ੁਕਰਾਨੇ ਦੇ ਹੱਕਦਾਰ ਹਨ।

ਜਹਾਂਗੀਰ ਕਾਜ਼ੀ ਨੇ ਇਹ ਵੀ ਕਿਹਾ ਕਿ ਜੇ ਵਜ਼ੀਰ-ਏ-ਆਜ਼ਮ ਪਾਕਿਸਤਾਨ ਖੇਤਰੀ, ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਪਾਕਿਸਤਾਨ ਦੀ ਭਰੋਸੇਯੋਗਤਾ ਨੂੰ ਬਹਾਲ ਕਰਨ ਲਈ ਕੁਝ ਉਪਰਾਲਿਆਂ ਵੱਲ ਥੋੜ੍ਹਾ ਵੀ ਧਿਆਨ ਦੇਣ ਤਾਂ ਬਹੁਤ ਸਾਰੀਆਂ ਸਕਾਰਾਤਮਕ ਤਬਦੀਲੀਆਂ ਦੇਖੀਆਂ ਜਾ ਸਕਦੀਆਂ ਹਨ। ਮਿਸਾਲ ਦੇ ਲਈ ਭਾਰਤ-ਪਾਕਿ ਦੀ ਮੌਜੂਦਾ ਸਥਿਤੀ ਦੇ ਪਿਛੋਕੜ ਵਿਚ, ਜੇ ਉਹ ਸ਼ਾਂਤੀ ਦਾ ਬਹਾਲੀ ਲਈ ਥੋੜ੍ਹੀ ਵੀ ਹਿੰਮਤ ਦਿਖਾ ਕੇ ਦਿੱਲੀ ਦੀ ਯਾਤਰਾ ਕਰਦੇ ਹਨ, ਤਾਂ ਉਹ ਕੁਝ ਸਧਾਰਨ ਮੁੱਦਿਆਂ ਦੇ ਨਿਪਟਾਰੇ ਦੇ ਸੰਬੰਧ ਵਿਚ ਭਾਰਤ ਨਾਲ ਇਕ ਸਾਂਝਾ ਬਿਆਨ ਜਾਰੀ ਕਰ ਸਕਣਗੇ ਤਾਂ ਜੋ ਮਾਹੌਲ ਵਿੱਚ ਬਣੀ ਖੜੋਤ ਦੀ ਸਥਿਤੀ ਨੂੰ ਤੋੜਿਆ ਜਾ ਸਕੇ। ਮਿਸਾਲ ਦੇ ਲਈ ਮੌਸਮ ਵਿੱਚ ਤਬਦੀਲੀ ਅਤੇ ਪ੍ਰਦੂਸ਼ਣ ਦੇ ਜੋਖਮਾਂ, ਝਗੜਾਲੂ ਮੁੱਦਿਆਂ ਨੂੰ ਸੁਲਝਾਉਣ ਅਤੇ ਜੰਗ ਤੇ ਤਣਾਅ ਤੋਂ ਬਚਣ ਦੀ ਗੱਲ ਕਰਨ। ਅੱਤਵਾਦ ਵਿਰੋਧੀ ਸਾਂਝੇ ਯਤਨਾਂ ਨੂੰ ਅੱਗੇ ਵਧਾਉਣ ਦੀ ਗੱਲ ਕਰਕੇ ਨਫ਼ਰਤ ਅਤੇ ਭੜਕਾਹਟ ਭਰੇ ਮਾਹੌਲ ਵਿੱਚੋਂ ਨਿਕਲਣ।

ਅਸ਼ਰਫ ਜਹਾਂਗੀਰ ਕਾਜ਼ੀ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ ਭਾਰਤ ਅਤੇ ਪਾਕਿਸਤਾਨ ਦੋਹਾਂ ਮੁਲਕਾਂ ਵਿੱਚ ਇਕ ਵਧੀਆ ਸੰਦੇਸ਼ ਜਾਵੇਗਾ, ਬਲਕਿ ਕੌਮਾਂਤਰੀ ਭਾਈਚਾਰਾ ਵੀ ਇਸ ਦਾ ਸਵਾਗਤ ਜ਼ਰੂਰ ਕਰੇਗਾ। ਦੂਜੇ ਪਾਸੇ ਉਸ ਨੇ ਇਸ ਗੱਲ ਵੱਲ ਵੱਲ ਖਾਸ ਤਵੱਜੋ ਦੇਣ ਦੀ ਗੱਲ ਕੀਤੀ ਹੈ ਕਿ ਜੇ ਕੰਟਰੋਲ ਰੇਖਾ ਉੱਤੇ ਬੇਲੋੜੀ ਭੜਕਾਹਟ ਨੂੰ ਰੋਕਣ ਅਤੇ ਜੰਗਬੰਦੀ ਦੀ ਸਮਝ ਪੈਦਾ ਕਰਨ ਦੀ ਕੋਈ ਲੋੜ ਹੈ, ਤਾਂ ਇਹ ਅਜਿਹੀ ਕੋਈ ਚੀਜ਼ ਨਹੀਂ ਹੋਵੇਗੀ ਜਿਸ ਲਈ ਬਹੁਤ ਸਖਤ ਮਿਹਨਤ ਦੀ ਜ਼ਰੂਰਤ ਹੈ। ਇਨ੍ਹਾਂ ਚੀਜ਼ਾਂ ਤੋਂ ਇਲਾਵਾ ਪਾਕਿਸਤਾਨ ਨੂੰ ਆਪਣੇ ਮੁਲਕ ਵਿਚ ਸਿਹਤਮੰਦ ਰਾਜਨੀਤੀ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਪਏਗਾ ਅਤੇ ਦੂਜੇ ਮੁਲਕਾਂ ਵਾਂਗ ਪਾਕਿਸਤਾਨ ਨੂੰ ਆਪਣੀ ਆਰਥਿਕਤਾ ਵਿਚ ਸੁਧਾਰ ਲਿਆਉਣ ਲਈ ਵਿਕਾਸ ਦੀਆਂ ਯੋਜਨਾਵਾਂ ਨੂੰ ਉਤਸ਼ਾਹਿਤ ਕਰਨਾ ਪਏਗਾ। ਇਸੇ ਤਰ੍ਹਾਂ ਕੌਮਾਂਤਰੀ ਸੰਬੰਧਾਂ ਅਤੇ ਵਿਸ਼ਵਵਿਆਪੀ ਮੁੱਦਿਆਂ ਪ੍ਰਤੀ ਸਾਫ਼ ਅਤੇ ਸਿਹਤਮੰਦ ਸੋਚ ਅਪਣਾਉਣੀ ਪਾਕਿਸਤਾਨ ਦੇ ਹੱਕ ਵਿੱਚ ਹੋਵੇਗੀ। ਦਰਅਸਲ ਅਜਿਹੀਆਂ ਰਾਵਾਂ ਪਿਛਲੇ ਸਮੇਂ ਵਿੱਚ ਵੀ ਦਿੱਤੀਆਂ ਗਈਆਂ ਸਨ ਅਤੇ ਇੱਕ ਗੱਲ ਜੋ ਅਜਿਹੇ ਸੁਝਾਵਾਂ ਵਿੱਚ ਲੁਕੀ ਹੁੰਦੀ ਹੈ, ਉਹ ਇਹ ਹੈ ਕਿ ਇਹ ਚੀਜ਼ਾਂ ਜ਼ਾਹਿਰ ਤੌਰ ‘ਤੇ ਵਜ਼ੀਰ-ਏ-ਆਜ਼ਮ ਅਤੇ ਉਨ੍ਹਾਂ ਦੀ ਵਜ਼ਾਰਤ ਨੂੰ ਕਹੀਆਂ ਜਾਂਦੀਆਂ ਹਨ ਪਰ ਇਨ੍ਹਾਂ ਤੇ ਅਮਲ ਕਰਨਾ ਉਨ੍ਹਾਂ ਦੇ ਉੱਤੇ ਹੀ ਨਿਰਭਰ ਹੁੰਦਾ ਹੈ।

ਸਕ੍ਰਿਪਟ: ਮੋਇਨੁੱਦੀਨ ਖਾਨ