ਭਾਰਤ-ਭੂਟਾਨ ਨੇ ਵਿਕਾਸ-ਕਾਰਜਾਂ ਲਈ ਕੀਤੇ ਸਮਝੌਤੇ

ਭੂਟਾਨ ਦੇ ਵਿਦੇਸ਼ ਮੰਤਰੀ ਲਿਓਨਪੋ (ਡਾ.) ਟਾਂਡੀ ਦੋਰਜੀ ਦੀ ਹਫਤੇ ਭਰ ਦੀ ਭਾਰਤ ਫੇਰੀ ਨੇ ਦੁਵੱਲੇ ਸੰਬੰਧਾਂ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ। ਇਸ ਦੌਰੇ ਦੌਰਾਨ ਡਾ. ਦੋਰਜੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨਾਲ ਦੁ-ਪੱਖੀ ਮਸਲਿਆਂ ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਭਾਰਤ-ਭੂਟਾਨ ਸੰਬੰਧਾਂ ਦੇ ਸਮੁੱਚੇ ਹਾਲਾਤ ਦਾ ਜਾਇਜ਼ਾ ਲਿਆ। ਦੋਵਾਂ ਧਿਰਾਂ ਨੇ ਦੁ-ਪੱਖੀ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਚਰਚਾ ਕੀਤੀ, ਜਿਸ ਵਿੱਚ ਆਰਥਿਕ ਸਹਿਯੋਗ, ਵਿਕਾਸ ਦੀ ਭਾਈਵਾਲੀ ਅਤੇ ਪਣ-ਬਿਜਲੀ ਸਾਂਝੇਦਾਰੀ ਵਰਗੇ ਮੁੱਦੇ ਸ਼ਾਮਲ ਸਨ। ਆਪਣੇ ਭਾਰਤੀ ਹਮਰੁਤਬਾ ਨੂੰ ਮਿਲਣ ਤੋਂ ਪਹਿਲਾਂ, ਡਾ. ਦੋਰਜੀ ਨੇ ਭਾਰਤੀ ਵਿਦੇਸ਼ ਸਕੱਤਰ ਵਿਜੇ ਗੋਖਲੇ ਨਾਲ ਵੀ ਮੁਲਾਕਾਤ ਕੀਤੀ। ਦਿੱਲੀ ਦਾ ਦੌਰਾ ਕਰਨ ਤੋਂ ਬਾਅਦ ਭੂਟਾਨ ਦੇ ਵਿਦੇਸ਼ ਮੰਤਰੀ ਬੋਧਗਯਾ ਅਤੇ ਬਿਹਾਰ ਦੇ ਰਾਜਗੀਰ ਜਾਣਗੇ। ਉੱਥੋਂ ਉਹ ਕੋਲਕਾਤਾ ਦੇ ਲਈ ਰਵਾਨਾ ਹੋਣਗੇ, ਜਿਥੇ ਉਨ੍ਹਾਂ ਦੁਆਰਾ ਪੱਛਮੀ ਬੰਗਾਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੋਵਾਂ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।

ਗੌਰਤਲਬ ਹੈ ਕਿ ਲਿਓਨਪੋ ਟਾਂਡੀ ਦੋਰਜੀ ਦੀ ਫੇਰੀ ਦੋਵਾਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਤੇ ਨਿਯਮਤ ਮੁਲਾਕਾਤਾਂ ਦੀ ਰਵਾਇਤ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਮੁਤਾਬਿਕ ਹੀ ਸੀ। ਇਹ ਮੁਲਾਕਾਤ ਉਸ ਸਮੇਂ ਹੋਈ ਜਦੋਂ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਦੀ ਅਗਵਾਈ ਵਾਲੀ ਡਰੂਕ ਨੈਮਰੂਪ ਸ਼ੋਗਪਾ (ਡੀ.ਐੱਨ.ਟੀ.) ਨੇ 7 ਨਵੰਬਰ, 2019 ਨੂੰ ਆਪਣਾ ਇਕ ਸਾਲ ਦਾ ਕਾਰਜਕਾਲ ਪੂਰਾ ਕੀਤਾ ਹੈ। ਸ਼ੇਰਿੰਗ ਸਰਕਾਰ ਨੂੰ ਵਿਕਾਸ ਪ੍ਰਾਜੈਕਟਾਂ, ਖ਼ਾਸ ਕਰਕੇ ਸਿਹਤ ਦੇ ਖੇਤਰ ਵਿੱਚ  ਫੰਡ ਜੁਟਾਉਣ ਨੂੰ ਲੈ ਕੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਵਿਦੇਸ਼ ਮੰਤਰਾਲੇ ਨੇ ਇਸ ਸੰਬੰਧੀ 3.5 ਬਿਲੀਅਨ ਐੱਨ.ਯੂ. (ਐੱਨ.ਯੂ.-ਭੂਟਾਨੀ ਕਰੰਸੀ) ਦਿੱਤੇ ਸਨ ਜਦੋਂ ਕਿ ਇਸ ਨੂੰ ਦੇਸ਼ ਦੀ 12 ਯੋਜਨਾ ਦੇ ਮੁਤਾਬਿਕ ਲਗਭਗ 13 ਬਿਲੀਅਨ ਐੱਨ.ਯੂ. ਦੀ ਲੋੜ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਭੂਟਾਨ ਦੀ ਸਰਕਾਰ ਨੂੰ ਇਸ ਸੰਬੰਧੀ ਆਰਥਿਕ ਸੁਧਾਰ ਕਰਨ ਦੇ ਬਾਵਜੂਦ ਵੀ ਬਾਹਰੀ ਕਰਜ਼ੇ ਦੇ ਵਾਧੇ, ਵਪਾਰ ਘਾਟੇ ਅਤੇ ਨਿਵੇਸ਼ ਅਤੇ ਅਰਥਚਾਰੇ ਵਿੱਚ ਆਈ ਗਿਰਾਵਟ ਨੂੰ ਸੰਭਾਲਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਿੰਫੂ ਵਿੱਚ ਇੱਕ ਆਮ ਭਾਵਨਾ ਰਹੀ ਹੈ ਕਿ ਓਥੇ ਡਿੱਗਦੇ ਹੋਏ ਮੈਕਰੋ-ਆਰਥਿਕ ਸੂਚਕਾਂਕ ਨੂੰ ਭਾਰਤੀ ਅਰਥਚਾਰੇ ਵਿੱਚ ਆਈ ਮੰਦੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਕਾਬਿਲੇਗੌਰ ਹੈ ਕਿ ਇਹ ਮੁਲਾਕਾਤ ਭਾਰਤ ਅਤੇ ਭੂਟਾਨ ਦਰਮਿਆਨ ਉੱਚ-ਪੱਧਰੀ ਗੱਲਬਾਤ ਵਿੱਚ ਨਵੀਂ ਗਤੀ ਦਾ ਲਖਾਇਕ ਵੀ ਹੈ। ਦੋਵੇਂ ਦੇਸਾਂ ਵਿੱਚ ਵਿਲੱਖਣ ਅਤੇ ਸਦੀਆਂ ਪੁਰਾਣੇ ਦੁ-ਪੱਖੀ ਸੰਬੰਧ ਹਨ, ਜਿਸ ਵਿੱਚ ਆਪਸੀ ਭਰੋਸਾ, ਸਦਭਾਵਨਾ ਅਤੇ ਸਮਝਦਾਰੀ ਹੈ। ਇਹ ਮੁਲਾਕਾਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਥਿੰਫੂ ਦੀ ਯਾਤਰਾ ਦੇ ਚਾਰ ਮਹੀਨਿਆਂ ਬਾਅਦ ਹੋਈ ਹੈ। ਇਸ ਤੋਂ ਪਹਿਲਾਂ, ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਨੇ ‘ਗੁਆਂਢੀ ਪਹਿਲਾਂ’ ਦੀ ਨੀਤੀ ਤਹਿਤ ਸਭ ਤੋਂ ਪਹਿਲਾਂ ਭੂਟਾਨ ਦੀ ਯਾਤਰਾ ਕੀਤੀ ਸੀ। ਦਰਅਸਲ ਡਾਕਟਰ ਜੈਸ਼ੰਕਰ ਦੀ ਇਹ ਪਹਿਲੀ ਵਿਦੇਸ਼ ਫੇਰੀ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨੇ ਦਸੰਬਰ 2018 ਵਿੱਚ ਆਪਣੀ ਪਹਿਲੀ ਵਿਦੇਸ਼ ਯਾਤਰਾ ਭਾਰਤ ਦੀ ਹੀ ਕੀਤੀ ਸੀ।

ਜਦੋਂ ਤੋਂ ਭੂਟਾਨ ਅਤੇ ਭਾਰਤ ਵਿਚਾਲੇ 1968 ਵਿੱਚ ਰਣਨੀਤਕ ਸੰਬੰਧ ਸਥਾਪਿਤ ਹੋਏ ਹਨ ਤਦੋਂ ਤੋਂ ਇਹ ਦੱਖਣੀ ਏਸ਼ੀਆ ਵਿੱਚ ਸਭ ਤੋਂ ਸਫਲ ਗੁਆਂਢੀਆਂ ਦੇਸ਼ਾਂ ਦੇ ਤੌਰ ਤੇ ਸਾਹਮਣੇ ਆਏ ਹਨ, ਜਿਸ ਵਿਚ ਆਪਸੀ ਵਿਸ਼ਵਾਸ, ਸਮਝ ਅਤੇ ਪਰਿਪੱਕਤਾ ਖਾਸ ਪਹਿਲੂ ਹਨ। ਭਾਰਤ-ਭੂਟਾਨ ਮਿੱਤਰਤਾ ਅਤੇ ਸਹਿਕਾਰਤਾ ਦੀ ਸੰਧੀ ਜੋ 1949 ਵਿੱਚ ਸਹੀਬੱਧ ਕੀਤੀ ਗਈ ਸੀ (ਫਰਵਰੀ 2007 ਵਿੱਚ ਸੋਧ ਕੀਤੀ ਗਈ) ਇਸ ਰਿਸ਼ਤੇ ਦਾ ਆਧਾਰ ਹੈ। ਇਸ ਨਾਲ ਖੁੱਲ੍ਹੀ ਸਰਹੱਦ, ਸੁਰੱਖਿਆ ਸਹਿਯੋਗ ਅਤੇ ਲੋਕਾਂ ਦੇ ਲੋਕਾਂ ਨਾਲ ਸੰਪਰਕ ਨੂੰ ਡੂੰਘਾ ਕਰਨ ਵਰਗੇ ਵਿਸ਼ੇਸ਼ ਪ੍ਰਬੰਧਾਂ ਦੀ ਸਹੂਲਤ ਮਿਲੀ ਹੈ। ਬਹੁਤ ਸਾਰੀਆਂ ਭਿੰਨਤਾਵਾਂ ਦੇ ਬਾਵਜੂਦ ਵੀ ਦੋਵੇਂ ਦੇਸ਼ ਇਕ ਦੂਜੇ ‘ਤੇ ਨਿਰਭਰ ਮਹਿਸੂਸ ਕਰਦੇ ਹਨ ਅਤੇ ਆਰਥਿਕ ਵਿਕਾਸ, ਲੋਕਤੰਤਰ ਦੀ ਮਜ਼ਬੂਤੀ ਅਤੇ ਖੇਤਰੀ ਸ਼ਾਂਤੀ ਲਈ ਕੀਤੀਆਂ ਗਈਆਂ ਕੋਸ਼ਿਸਾਂ ਵਿੱਚ ਇਕ-ਦੂਜੇ ਨੂੰ ਬਰਾਬਰ ਦਾ ਹਿੱਸੇਦਾਰ ਮੰਨਦੇ ਹਨ। ਮੌਜੂਦਾ ਸਮੇਂ ਵਿੱਚ ਪਾਣੀ ਦੇ ਸਰੋਤਾਂ, ਵਪਾਰ ਅਤੇ ਆਵਾਜਾਈ, ਆਰਥਿਕ ਸਹਿਯੋਗ, ਸੁਰੱਖਿਆ ਅਤੇ ਸਰਹੱਦੀ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਨੇ ਕਈ ਦੁ-ਪੱਖੀ ਸੰਸਥਾਗਤ ਪ੍ਰਬੰਧ ਹਨ।

ਕਾਬਿਲੇਗੌਰ ਹੈ ਕਿ ਹੁਣ ਭੂਟਾਨ ਨੇ ਭਾਰਤੀ ਸੈਲਾਨੀਆਂ ਤੇ ਚਾਰਜ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਹਾਲੇ ਤੱਕ ਨਹੀਂ ਲਾਇਆ ਜਾ ਰਿਹਾ ਸੀ। ਭਾਰਤ ਤੋਂ ਇਸ ਪਹਾੜੀ ਦੇਸ਼ ਵਿੱਚ ਸੈਲਾਨੀਆਂ ਦੇ ਆਉਣ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਿਰਫ਼ 2018 ਵਿੱਚ ਦੱਖਣੀ ਏਸ਼ੀਆਈ ਖਿੱਤੇ ਵਿੱਚੋਂ ਆਉਣ ਵਾਲੇ ਸੈਲਾਨੀਆਂ ਵਿੱਚੋਂ ਅੱਧੇ ਤੋਂ ਵੱਧ ਸੈਲਾਨੀ ਭਾਰਤ ਦੇ ਸਨ। ਭੂਟਾਨ ਦੇ ਸੈਰ-ਸਪਾਟਾ ਅਧਿਕਾਰੀ ਇੱਕ “ਸਥਿਰ ਵਿਕਾਸ ਫੀਸ” ਵਸੂਲਣਗੇ ਜੋ ਕਿ “ਪਰਮਿਟ ਪ੍ਰੋਸੈਸਿੰਗ ਫੀਸ” ਤੋਂ ਇਲਾਵਾ ਹੋਵੇਗੀ। ਦਰਅਸਲ ਭੂਟਾਨ ਆਪਣੇ ਦੇਸ਼ ਵਿੱਚ ਵਿਵਸਥਿਤ ਢੰਗ ਨਾਲ ਹੀ ਸੈਰ-ਸਪਾਟਾ ਵਧਾਉਣਾ ਚਾਹੁੰਦਾ ਹੈ, ਕਿਉਂਕਿ ਉਹ ਆਪਣੇ ਵਾਤਾਵਰਣ ਦੀ ਸੰਭਾਲ ਵੀ ਜ਼ਰੂਰੀ ਚਾਹੁੰਦਾ ਹੈ।

ਡਾ. ਦੋਰਜੀ ਦੀ ਇਹ ਯਾਤਰਾ ਸਿਆਸੀ ਅਤੇ ਧਾਰਮਿਕ ਮਹੱਤਤਾ ਦਾ ਮੇਲ ਹੈ। ਇਸ ਦਾ ਮੰਤਵ ਵਿਆਪਕ ਆਰਥਿਕ ਭਾਈਵਾਲੀ ਹੈ। ਦੌਰੇ ਦਾ ਮਕਸਦ ਰਣਨੀਤਕ ਸੰਬੰਧਾਂ ਦਾ ਵਿਸਥਾਰ ਕਰਨਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਮੌਜੂਦਾ ਸੰਬੰਧਾਂ ਨੂੰ ਹੋਰ ਪੀਡਾ ਕਰਨਾ ਹੈ। ਦੋਵਾਂ ਵਿਦੇਸ਼ ਮੰਤਰੀਆਂ ਨੇ ਦੁ-ਪੱਖੀ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਮੌਸਮ ਵਿੱਚ ਤਬਦੀਲੀ, ਬੁਨਿਆਦੀ ਢਾਂਚੇ, ਸੁਰੱਖਿਆ ਸਮੇਤ ਰਣਨੀਤਕ ਮੁੱਦਿਆਂ, ਭੂਟਾਨ ਦੀ 12ਵੀਂ ਪੰਜ ਸਾਲਾ ਯੋਜਨਾ ਵਿੱਚ ਭਾਰਤ ਦੀ ਤਕਨੀਕੀ ਅਤੇ ਆਰਥਿਕ ਸਹਾਇਤਾ ਉੱਤੇ ਸਹਿਯੋਗ ਦੀ ਵੀ ਸਮੀਖਿਆ ਕੀਤੀ। ਬਦਲ ਰਹੀਆਂ ਖੇਤਰੀ ਅਤੇ ਵਿਸ਼ਵੀ ਪ੍ਰਸਥਿਤੀਆਂ ਦੇ ਮੱਦੇਨਜ਼ਰ ਦੋਵਾਂ ਮੰਤਰੀਆਂ ਨੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਆਪਣੀ ਸਹਿਮਤੀ ਜਤਾਈ।

ਸਕ੍ਰਿਪਟ: ਡਾ. ਨਿਹਾਰ ਆਰ ਨਾਇਕ, ਰਿਸਰਚ ਫੈਲੋ, ਆਈ.ਡੀ.ਐਸ.ਏ.