ਰਾਜ ਸਭਾ ਦਾ 250 ਵਾਂ ਇਜਲਾਸ

ਭਾਰਤੀ ਸੰਸਦ ਦੇ ਉੱਚ ਸਦਨ, ਰਾਜ ਸਭਾ ਦਾ 250 ਵਾਂ ਇਜਲਾਸ ਚੱਲ ਰਿਹਾ ਹੈ, ਜੋ ਕਿ ਇਸ ਲਈ ਵੀ ਖਾਸ ਹੈ ਕਿਉਂਕਿ ਰਾਜ ਸਭਾ ਭਾਰਤ ਦੇ ਰਾਜਨੀਤਕ ਲੋਕਤੰਤਰ ਦੀ ਤਰੱਕੀ ‘ਚ ਅਹਿਮ ਭੂਮਿਕਾ ਰੱਖਦਾ ਹੈ।ਦੱਸਣਯੋਗ ਹੈ ਕਿ 1952 ‘ਚ ਇਸ ਦੀ ਸ਼ੁਰੂਆਤ ਹੋਈ ਸੀ ਅਤੇ ਬਿਨ੍ਹਾਂ ਸ਼ੱਕ ਇਸ ਨੇ ਰਾਸ਼ਟਰ ਦੇ ਹਿੱਤਾਂ ‘ਚ ਆਪਣੀ ਮੌਜੂਦਗੀ ਨੂੰ ਦਰਸਾਇਆ ਹੈ।ਸਾਲ 1952 ‘ਚ ਹਿੰਦੂ ਵਿਆਹ ਅਤੇ ਤਲਾਕ ਬਿੱਲ ਪਾਸ ਕਰਨ ਤੋਂ ਲੈ ਕੇ 2019 ‘ਚ ਮੁਸਲਿਮ ਮਹਿਲਾ (ਵਿਆਹ ਦੇ ਅਧਿਕਾਰਾਂ ਦੀ ਸੁਰੱਖਿਆ) ਬਿੱਲ ਦੇ ਪਾਸ ਕੀਤੇ ਜਾਣ ਅਤੇ 2019 ‘ਚ ਹੀ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਪਾਸ ਕੀਤੇ ਜਾਣ ਤੱਕ ਰਾਜ ਸਭਾ ਨੇ ਭਾਰਤ ਦੇ ਸ਼ਾਨਦਾਰ ਰਾਜਨੀਤਕ ਇਤਿਹਾਸ ‘ਚ ਅਮਿੱਟ ਛਾਪ ਛੱਡੀ ਹੈ।
ਉਪ ਰਾਸ਼ਟਰਪਤੀ ਐਮ.ਵੈਂਕਿਆ ਨਾਇਡੂ, ਜੋ ਕਿ ਰਾਜ ਸਭਾ ਦੇ ਚੇਅਰਮੈਨ ਵੀ ਹਨ, ਉਨ੍ਹਾਂ ਨੇ ਕਿਹਾ ਹੈ ਕਿ ਰਾਜ ਸਭਾ ਨੇ ਲੰਮੇ ਸਮੇਂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਮੇਂ ਸਮੇਂ ‘ਤੇ ਰਾਸ਼ਟਰ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ  ਅਹਿਮ ਭੂਮਿਕਾ ਨਿਭਾਈ ਹੈ।ਸ੍ਰੀ ਨਾਇਡੂ ਨੇ ਕਿਹਾ ਕਿ “ ਅਜੇ ਵੀ ਸਦਨ ਦੀ ਪੂਰਨ ਸਮਰੱਥਾ ਬਾਰੇ ਦੇਸ਼ ਨੂੰ ਸੁਚੇਤ ਕਰਨਾ ਬਾਕੀ ਹੈ ਤਾਂ ਜੋ ਸਮੇਂ ਨੂੰ ਅਜਾਈ ਨਾ ਗਵਾਇਆ ਜਾਵੇ ਅਤੇ ਹਰੇਕ ਮੌਕੇ ਨੂੰ ਇਸਤੇਮਾਲ ਕੀਤਾ ਜਾ ਸਕੇ।”
ਰਾਜ ਸਭਾ ਦੀ ਪਹਿਲੀ ਬੈਠਕ 13 ਮਈ, 1952 ਨੂੰ ਹੋਈ ਸੀ ਅਤੇ 7 ਅਗਸਤ, 2019 ਨੂੰ ਇਸ ਦਾ 249 ਵਾਂ ਇਜਲਾਸ ਹੋਇਆ ਸੀ। ਇਸ ਪੂਰੇ ਸਮੇਂ ਦੌਰਾਨ ਉਪਰਲੇ ਸਦਨ ਦੀਆਂ 5,466 ਬੈਠਕਾਂ ਹੋਈਆਂ ਹਨ, ਜਿਸ ‘ਚ 3,817 ਬਿੱਲ ਪਾਸ ਕੀਤੇ ਗਏ ਹਨ ਅਤੇ ਇੰਨ੍ਹਾਂ ‘ਚ 108 ਸੰਵਿਧਾਨਿਕ ਸੋਧ ਬਿੱਲ ਵੀ ਸ਼ਾਮਲ ਹਨ।ਆਪਣੀ ਸ਼ਾਨਦਾਰ ਹੋਂਦ ਦੇ 67 ਸਾਲਾਂ ‘ਚ ਰਾਜ ਸਭਾ ‘ਚ 2,282 ਵਿਅਕਤੀਆਂ ਨੂੰ ਇਸ ਦੇ ਮੈਂਬਰ ਬਣਨ ਦਾ ਮੌਕਾ ਹਾਸਲ ਹੋਇਆ ਹੈ, ਜਿੰਨ੍ਹਾਂ ‘ਚ 208 ਮਹਿਲਾਵਾਂ ਅਤੇ 137 ਨਾਮਜ਼ਦ ਮੈਂਬਰ ਵੀ ਸ਼ਾਮਲ ਹਨ।1950 ਦੇ ਦਹਾਕੇ ਤੋਂ ਸ਼ੁਰੂ ਹੋਈ ਰਾਜ ਸਭਾ ਦੀ ਯਾਤਰਾ ਬਹੁਤ ਖਾਸ ਰਹੀ ਹੈ ਅਤੇ ਨਿਰੰਤਰ ਜਾਰੀ ਵੀ ਹੈ।ਦੇਸ਼ ਦੀ ਦੋ ਸੰਵਿਧਾਨਿਕ ਸੰਸਦੀ ਪ੍ਰਣਾਲੀ ‘ਚ ਜਦੋਂ ਲੋਕ ਸਭਾ ਆਮ ਤੌਰ ‘ਤੇ ਹਰ ਪੰਜ ਸਾਲ ਜਾਂ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਸਲਾਹ ‘ਤੇ ਰਾਸ਼ਟਰਪਤੀ ਵੱਲੋਂ ਭੰਗ ਕੀਤੀ ਜਾਂਦੀ ਹੈ, ਉੱਥੇ ਹੀ ਰਾਜ ਸਭਾ ਜਾਰੀ ਰਹਿੰਦੀ ਹੈ।
ਰਾਜ ਸਭਾ ਦੇ ਚੱਲ ਰਹੇ 250 ਵੇਂ ਇਜਲਾਸ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੀ ਕਿਹਾ ਹੈ ਕਿ ਰਾਜ ਸਭਾ ਭਾਰਤ ਦੀ ਵਿਿਭੰਨਤਾ ਦੀ ਅਗਵਾਈ ਕਰਦੀ ਹੈ ਅਤੇ ਨਾਲ ਹੀ ਦੇਸ਼ ਦੇ ਸੰਘੀ ਢਾਂਚੇ ਦਾ ਪ੍ਰਤੀਬਿੰਬ ਵੀ ਹੈ।ਜਿਵੇਂ ਕਿ ਦੇਸ਼ ਦੇ ਸੰਵਿਧਾਨ ‘ਚ ਕਲਪਨਾ ਕੀਤੀ ਗਈ ਹੈ ਕਿ ਸਦਨ ਰਾਸ਼ਟਰ ‘ਚ ਸਮਾਜਿਕ-ਆਰਥਿਕ ਤਬਦੀਲੀ ਨੂੰ ਹਾਸਲ ਕਰਨ ਦਾ ਇਕ ਅਟੁੱਟ ਅੰਗ ਹੈ।
ਪਿਛਲੇ ਛੇ ਦਹਾਕਿਆਂ ਤੋਂ ਵੀ ਵੱਧ ਸਮੇਂ ਦੌਰਾਨ ਇਸ ਨੇ ਦੇਸ਼ ਦੇ ਨਿਰਮਾਣ ਦੇ ਯਤਨਾਂ ‘ਚ ਖਾਸਾ ਯੋਗਦਾਨ ਪਾਇਆ ਹੈ।ਇੰਨ੍ਹਾਂ ‘ਚ ਗਰੀਬੀ ਦਾ ਖਾਤਮਾ, ਅਨਪੜ੍ਹਤਾ, ਬੇਰੁਜ਼ਗਾਰੀ, ਅੱਤਵਾਦ, ਸਮਾਜਿਕ, ਰਾਜਨੀਤਕ, ਆਰਥਿਕ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ, ਜਲਵਾਯੂ ਤਬਦੀਲੀ ਅਤੇ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਦੇ ਹੱਲ ਲੱਭਣ ਸਬੰਧੀ ਮੁੱਦੇ ਸ਼ਾਮਲ ਰਹੇ ਹਨ ਅਤੇ ਇਸ ‘ਚ ਰਾਜ ਸਭਾ ਦੀ ਅਹਿਮ ਭੂਮਿਕਾ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਹੈ।
ਪਿਛਲੇ ਕੁੱਝ ਸਮੇਂ ਦੌਰਾਨ ਬਹੁਤ ਹੀ ਮਹੱਤਵਪੂਰਣ ਬਿੱਲਾਂ ‘ਤੇ ਮੋਹਰ ਲਗਾਈ ਗਈ ਹੈ, ਜਿਸ ‘ਚ ਵਸਤਾਂ ਅਤੇ ਸੇਵਾਵਾਂ, ਤਿੰਨ ਤਲਾਕ, ਆਰਥਿਕ ਪੱਖੋਂ ਕਮਜ਼ੋਰ ਵਰਗ ਲਈ ਰਾਖਵਾਂਕਰਨ ਅਤੇ ਧਾਰਾ 370 ਨੂੰ ਮਨਸੂਖ ਕੀਤੇ ਜਾਣ ਸਬੰਧੀ ਬਿੱਲ ਸ਼ਾਮਲ ਹਨ।
ਧਾਰਾ 370 ਦੇ ਸੰਦਰਭ ‘ਚ ਪੀਐਮ ਮੋਦੀ ਵੱਲੋਂ ਰਾਜ ਸਭਾ ‘ਚ ਦਿੱਤੇ ਗਏ ਬਿਆਨ ‘ਤੇ ਹਰ ਕਿਸੇ ਦੀ ਨਜ਼ਰ ਸੀ।ਉਨ੍ਹਾਂ ਕਿਹਾ ਕਿ ਧਾਰਾ 370, ਜਿਸ ਦੇ ਤਹਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰੁਤਬਾ ਹਾਸਲ ਹੈ, ਉਸ ਨੂੰ ਰਾਜ ਸਭਾ ‘ਚ ਸਭ ਤੋਂ ਪਹਿਲਾਂ ਐਨ.ਗੋਪਾਲਸਵਾਮੀ ਅਯੰਗਰ ਵੱਲੋਂ ਪੇਸ਼ ਕੀਤਾ ਗਿਆ ਸੀ।ਦਹਾਕਿਆਂ ਬਾਅਦ ਉਸੇ ਸਦਨ ‘ਚ ਹੀ ਇਸ ਵਿਵਾਦਿਤ ਧਾਰਾ ਨੂੰ ਮਨਸੂਖ ਕੀਤਾ ਗਿਆ।
ਹਾਲਾਂਕਿ ਰਾਜ ਸਭਾ ਦੇ ਨਾਂਅ ਨਾਲ ਇੱਕ ਹੋਰ ਗੌਰਵ ਜੁੜਿਆ ਹੋਇਆ ਹੈ।ਕਈ ਸਾਲਾਂ ਤੋਂ ਇਸ ਨੇ ਵੱਖ-ਵੱਖ ਖੇਤਰਾਂ ਦੇ ਗੁਣਵਤਾ ਭਰਪੂਰ ਨਾਗਰਿਕਾਂ ਨੂੰ ਆਕਰਿਸ਼ਤ ਕੀਤਾ ਹੈ।ਭਾਰਤੀ ਸੰਵਿਧਾਨ ਦੇ ਪਿਤਾਮਾ ਡਾ.ਭੀਮ ਰਾਓ ਅੰਬੇਦਕਰ ਦੋ ਵਾਰ ਰਾਜ ਸਭਾ ਦੇ ਮੈਂਬਰ ਰਹੇ ਸਨ।ਪੀਐਮ ਮੋਦੀ ਨੇ ਵੀ ਰਾਜ ਸਭਾ ਦੀ ਇਸ ਖਾਸੀਅਤ ਨੂੰ ਪ੍ਰਗਟ ਕੀਤਾ ਹੈ।ਉਨ੍ਹਾਂ ਕਿਹਾ ਕਿ ਰਾਜ ਸਭਾ ‘ਚ ਕਲਾ, ਵਿਿਗਆਨ ਅਤੇ ਖੇਡਾਂ ਸਮੇਤ ਹੋਰ ਕਈ ਖੇਤਰਾਂ ਦੇ ਨਾਮਵਰ ਲੋਕ ਸ਼ਾਮਲ ਹੋਏ ਹਨ।ਉਨ੍ਹਾਂ ਦੀ ਮੌਜੂਦਗੀ ਨੇ ਨਾ ਸਿਰਫ ਜਨਤਕ ਹਿੱਤਾਂ ਦੇ ਉੱਚ ਮੱੁਦਿਆਂ ‘ਤੇ ਗੁਣਵੱਤਾ ਭਰਪੂਰ ਬਹਿਸ ਅਤੇ ਮਹੱਤਵ ਨੂੰ ਪੇਸ਼ ਕੀਤਾਬਲਕਿ ਉਪਰਲੇ ਸਦਨ ਦੇ ਸਮੁੱਚੇ ਕਮਮਕਾਜ ਨੂੰ ਵੀ ਉਤਸ਼ਾਹਿਤ ਕੀਤਾ।
ਪੀਐਮ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਹਵਾਲਾ ਦਿੰਦਆਂ ਕਿਹਾ ਕਿ ਸਾਲ 2003 ‘ਚ ਰਾਜ ਸਭਾ ਦੇ 200 ਵੇਂ ਇਜਲਾਸ ‘ਚ ਉਨ੍ਹਾਂ ਕਿਹਾ ਸੀ ਕਿ ਕਿਸੇ ਨੂੰ ਵੀ ਸਾਡੇ ਸਦਨ ਨੂੰ ਦੂਜਾ ਸਦਨ ਮੰਨਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਹੈ।ਦਰਅਸਲ ਉੱਚ ਸਦਨ ‘ਚ ਹਰ ਖੇਤਰ ਦੀਆਂ ਉੱਘੀਆਂ ਸਖਸ਼ੀਅਤਾਂ ਦੀ ਮੌਜੂਦਗੀ ਨੇ ਨਾ ਸਿਰਫ ਦੇਸ਼ ਦੀ ਜਮਹੂਰੀ ਭਾਵਨਾਂ ਨੂੰ ਮਜ਼ਬੂਤ ਕੀਤਾ ਹੈ ਬਲਕਿ ਰਾਸ਼ਟਰੀ ਮਹੱਤਤਾ ਦੇ ਏਜੰਡੇ ਨੂੰ ਵੀ ਵਧਾਇਆ ਹੈ।
ਭਾਰਤੀ ਸੰਸਦ ਦਾ ਉਪਰਲਾ ਸਦਨ, ਰਾਜ ਸਭਾ ਆਪਣੀਆਂ ਕਾਰਵਾਈਆਂ ਕਰਕੇ ਚਰਚਾਵਾਂ ‘ਚ ਹੈ ਅਤੇ ਰਾਜ ਸਭਾ ਦੀ ਇਹ ਵਿਰਾਸਤ ਸਾਨੂੰ ਭਾਰਤੀ ਹੋਣ ‘ਤੇ ਮਾਣ ਮਹਿਸੂਸ ਕਰਵਾਉਂਦੀ ਹੈ।
ਸਕ੍ਰਿਪਟ: ਸ਼ੰਕਰ ਕੁਮਾਰ, ਸੀਨੀਅਰ ਪੱਤਰਕਾਰ