ਭਾਰਤੀ ਵਿਦੇਸ਼ ਮੰਤਰੀ ਵੱਲੋਂ ਸ੍ਰੀਲੰਕਾ ਦਾ ਦੌਰਾ, ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ‘ਚ ਆਵੇਗੀ ਮਜ਼ਬੂਤੀ

ਭਾਰਤੀ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਵੱਲੋਂ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨਾਲ ਮੁਲਾਕਾਤ ਕਰਨ ਲਈ ਕੋਲੰਬੋ ਦਾ ਦੌਰਾ ਕੀਤਾ ਗਿਆ।ਉਨ੍ਹਾਂ ਨੇ ਰਾਸ਼ਟਰਪਤੀ ਰਾਜਪਕਸ਼ੇ ਅੱਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਆਉਣ ਦੇ ਸੱਦੇ ਪੱਤਰ ਨੂੰ ਪੇਸ਼ ਕੀਤਾ ਅਤੇ ਸ੍ਰੀ ਰਾਜਪਕਸ਼ੇ ਨੇ ਇਸ ਸੱਦਾ ਪੱਤਰ ਨੂੰ ਬਹੁਤ ਹੀ ਮਾਣ ਨਾਲ ਸਵੀਕਾਰ ਵੀ ਕੀਤਾ।ਨਵੇਂ ਰਾਸ਼ਟਰਪਤੀ ਨੇ 29 ਨਵੰਬਰ 2019 ਨੂੰ ਭਾਰਤ ਆਉਣ ਦੇ ਸੱਦੇ ਪੱਤਰ ਨੂੰ ਪ੍ਰਵਾਣ ਕੀਤਾ ਹੈ।ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ।
ਭਾਰਤ ਵੱਲੋਂ ਆਪਣੇ ਵਿਦੇਸ਼ ਮੰਤਰੀ ਨੂੰ ਸ੍ਰੀਲੰਕਾ ਦੇ ਨਵੇਂ ਬਣੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਲਈ ਭੇਜਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਨਵੀਂ ਦਿੱਲੀ ਸ੍ਰੀਲੰਕਾ ਦੀ ਨਵੀਂ ਸਰਕਾਰ ਨਾਲ ਕੰਮ ਕਰਨ ਅਤੇ ਨਾਲ ਹੀ ਆਪਸੀ ਲਾਭ ਲਈ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ।

ਭਾਰਤ ਤੋਂ ਇਲਾਵਾ ਅਮਰੀਕਾ, ਪਾਕਿਸਤਾਨ, ਇਰਾਨ ਅਤੇ ਚੀਨ ਨੇ ਵੀ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ ਵਧਾਈ ਪੇਸ਼ ਕੀਤੀ ਹੈ।ਯੂਰਪੀਅਨ ਯੂਨੀਅਨ ਨੂੰ ਇਸ ਫ਼ੈਸਲੇ ਦਾ ਪਹਿਲਾਂ ਤੋਂ ਹੀ ਗਿਆਨ ਸੀ ਅਤੇ ਉਸ ਨੇ ਨਵੇਂ ਬਣੇ ਰਾਸ਼ਟਰਪਤੀ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਆਪਣੇ ਮੁਲਕ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਸਨਮਾਨ ਪ੍ਰਤੀ ਵਚਨਬੱਧ ਰਹਿਣ।

ਸ੍ਰੀ ਗੋਤਬਾਯਾ ਰਾਜਪਕਸ਼ੇ ਦੀ ਫ਼ੈਸਲਾਕੁੰਨ ਜਿੱਤ ਭਵਿੱਖ ‘ਚ ਸ੍ਰੀਲੰਕਾ ਦੀ ਸੰਸਦ ‘ਚ ਐਸ.ਐਲ.ਪੀ.ਪੀ. ਦੀ ਸ਼ਕਤੀ ਨੂੰ ਮਜ਼ਬੂਤੀ ਵੀ ਪ੍ਰਦਾਨ ਕਰੇਗੀ।ਉਮੀਦ ਕੀਤੀ ਜਾ ਰਹੀ ਹੈ ਕਿ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਗੋਤਬਾਯਾ ਦੇ ਭਰਾ ਮਹਿੰਦਾ ਰਾਜਪਕਸ਼ੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕਾਰਜਭਾਰ ਸੰਭਾਲ ਸਕਦੇ ਹਨ।ਇਸ ਸਥਿਤੀ ‘ਚ ਭਾਰਤ ਨੂੰ ਉਸ ਸਰਕਾਰ ਨਾਲ ਨਜਿੱਠਣਾ ਪਵੇਗਾ, ਜਿਸ ਨੂੰ ਕਿ ਹਿੰਦ ਮਹਾਂਸਾਗਰ ਦੇ ਖੇਤਰ ‘ਚ ਭਾਰਤ ਦੀਆਂ ਚਿੰਤਾਵਾਂ ਅਤੇ ਨਾਲ ਹੀ ਯੁੱਧ ਤੋਂ ਬਾਅਧ ਦੇ ਸਾਲਾਂ ਦੌਰਾਨ ਘਰੇਲੂ ਨਸਲੀ ਮੇਲ-ਮਿਲਾਪ ਪ੍ਰਤੀ ਸੰਵੇਦਨਸ਼ੀਲ ਨਹੀਂ ਮੰਨਿਆ ਗਿਆ ਹੈ।ਵੈਸੇ ਤਾਂ ਇਸ ਗੱਲ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਪਿਛਲੇ ਸਮੇਂ ‘ਚ, ਚੌਥੀ ਏਲਮ ਜੰਗ ਦੌਰਾਨ ਗੋਤਬਾਯਾ ਰਾਜਪਕਸ਼ੇ ਨੇ ਬਤੌਰ ਰੱਖਿਆ ਸਕੱਤਰ ਭਾਰਤੀ ਅਧਿਕਾਰੀਆਂ ਨਾਲ ਨਜ਼ਦੀਕ ਤੋਂ ਕੰਮ ਕੀਤਾ ਸੀ।ਇਸ ਵਿਧੀ ਨੇ ਐਲ.ਟੀ.ਟੀ.ਈ. ਨੂੰ ਹਰਾਉਣ ‘ਚ ਸ੍ਰੀਲੰਕਾ ਦੀ ਮਦਦ ਕੀਤੀ ਸੀ।ਸ੍ਰੀਲੰਕਾ ਨੇ ਇਸ ਵਿਧੀ ਨੂੰ ਸਫ਼ਲ ਵੀ ਮੰਨਿਆ ਅਤੇ ਅਗਾਂਹ ਵੀ ਭਾਰਤ ਨਾਲ ਇਸੇ ਤਰ੍ਹਾਂ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ।ਸ੍ਰੀਲੰਕਾ ਕੋਲੰਬੋ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਸੇ ਤਰ੍ਹਾਂ ਦੀ ਵਿਧੀ ਦੀ ਵਰਤੋਂ ਕਰਨਾ ਚਾਹੁੰਦਾ ਹੈ, ਕਿਉਂਕਿ ਹਿੰਦ ਮਹਾਂਸਾਗਰ ਖੇਤਰ ‘ਚੋਂ ਦਰਪੇਸ਼ ਆ ਰਹੀਆਂ ਨਵੀਆਂ ਗੈਰ ਰਿਵਾਇਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਬਹੁਤ ਜ਼ਰੂਰੀ ਹੈ।

ਐਸ.ਐਲ.ਪੀ.ਪੀ. ਦੇ ਚੋਣ ਮਨੋਰਥ ਪੱਤਰ ‘ਚ ਇਸ ਦ੍ਰਿਸ਼ਟੀਕੋਣ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਇਸ ਦੱਸਿਆ ਗਿਆ ਹੈ ਕਿ ਸ੍ਰੀਲੰਕਾ ਖੇਤਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਾਰਕ ਤੇ ਬੀਮਸਟੇਕ ਮੁਲਕਾਂ ਨਾਲ ਸਾਂਝ ਕਾਇਮ ਰੱਖਣ ਦੇ ਮਕਸਦ ਨਾਲ ਭਾਰਤ ਨਾਲ ਨੇੜਿਓਂ ਕੰਮ ਕਰੇਗਾ।ਐਸ.ਐਲ.ਪੀ.ਪੀ. ਨੇ ਚੋਣਾਂ ਤੋਂ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸੁਲ੍ਹਾ-ਸਫਾਈ ਅਤੇ ਜਵਾਬਦੇਹੀ ਦੇ ਮੁੱਦਿਆਂ ‘ਤੇ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਮਾਨਤਾ ਨਹੀਂ ਦੇਵੇਗੀ।ਪਿਛਲੇ ਪੰਜ ਸਾਲਾਂ ‘ਚ ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਸ੍ਰੀਲੰਕਾਈ ਸਰਕਾਰ ਦਾ ਸਮਰਥਨ ਕੀਤਾ ਹੈ।ਇਸ ਸੰਦਰਭ ‘ਚ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਸ ਜਲਿਟ ਮੁੱਦੇ ‘ਤੇ ਇੱਕ ਫਾਰਮੂਲਾ ਤਿਆਰ ਕਰਨ ਦੀ ਲੋੜ ਹੈ।
ਭਾਰਤ ਸ੍ਰੀਲੰਕਾ ਦੀ ਨਵੀਂ ਸਰਕਾਰ ਤੋਂ ਉਮੀਦ ਰੱਖਦਾ ਹੈ ਕਿ ਉਹ ਹਿੰਦ ਮਹਾਂਸਾਗਰ ਖੇਤਰ ‘ਚ ਨਵੀਂ ਦਿੱਲੀ ਦੀਆਂ ਸੁਰੱਖਿਆ ਚਿੰਤਾਵਾਂ ਵੱਲ ਧਿਆਨ ਦੇਵੇਗੀ।ਸ੍ਰੀਲੰਕਾ ਚੀਨ ਦੀ ਬੇਲਟ ਐਂਡ ਰੋਡ ਪਹਿਲਕਦਮੀ ਨੂੰ ਅਮਲ ‘ਚ ਲਿਆਉਣ ‘ਚ ਇੱਕ ਮਹੱਤਵਪੂਰਣ ਭਾਈਵਾਲ ਮੁਲਕ ਹੈ।ਦੱਸਣਯੋਗ ਹੈ ਕਿ ਸਾਲ 2017 ‘ਚ ਸੀਰੀਸੇਨਾ ਸਰਕਾਰ ਵੱਲੋਂ ਹੰਬਨਟੋਟਾ ਬੰਦਰਗਾਹ ਚੀਨ ਨੂੰ 99 ਸਾਲ ਲਈ ਪਟੇ ‘ਤੇ ਦੇ ਦਿੱਤੀ ਗਈ ਸੀ, ਜਿਸ ਦਾ ਕਿ ਐਸ.ਐਲ.ਪੀ.ਪੀ. ਵੱਲੋਂ ਵਿਰੋਧ ਕੀਤਾ ਗਿਆ ਸੀ।ਐਸ.ਐਲ.ਪੀ.ਪੀ. ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ‘ਚ ਆਉਂਦੀ ਹੈ ਤਾਂ ਉਹ ਦਸਤਖਤ ਕੀਤੇ ਸਮਝੌਤਿਆਂ ‘ਤੇ ਮੁੜ ਵਿਚਾਰ ਜ਼ਰੂਰ ਕਰੇਗੀ।

ਇਸ ਦੇ ਨਾਲ ਹੀ ਐਸ.ਐਲ.ਪੀ.ਪੀ. ਨੇ “ ਕੌਮੀ ਆਰਥਿਕ ਪੁਨਰ-ਸੁਰਜੀਤੀ” ਨੂੰ ਵਿਕਸਤ ਕਰਨ ਦਾ ਵੀ ਵਾਅਦਾ ਕੀਤਾ ਹੈ, ਜਿਸ ‘ਚ ਗਾਲੇ, ਕਨਕੇਸੰਥੁਰਾਈ ਅਤੇ ਤ੍ਰਿਣਕੋਮਾਲੀ ਬੰਦਰਗਾਹਾਂ ਦੇ ਨਾਲ-ਨਾਲ ਮਟਾਲਾ ਅਤੇ ਕਟੂਨਾਏਕੇ ਦੇ ਹਵਾਈ ਅੱਡਿਆਂ ਦਾ ਵਿਕਾਸ ਸ਼ਾਮਲ ਹੈ।ਸ੍ਰੀਲੰਕਾ ਆਪਣੇ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਅਤੇ ਸਾਕਾਰ ਕਰਨ ਦੇ ਮਕਸਦ ਨਾਲ ਆਪਣੇ ਏਸ਼ੀਆਈ ਗੁਆਂਢੀ ਮੁਲਕਾਂ ਵੱਲ ਪਹੁੰਚ ਵਧਾ ਰਿਹਾ ਹੈ।

ਚੀਨ ਨੇ ਵੀ ਨਵੇਂ ਰਾਸ਼ਟਰਪੀ ਨੂੰ ਵਧਾਈ ਪੇਸ਼ ਕੀਤੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਬੀਜਿੰਗ ‘ਬੀ.ਆਰ.ਆਈ. ਅਧੀਨ ਦੁਵੱਲੇ ਮੁੱਦਿਆਂ ਅਤੇ ਉੱਚ ਪੱਧਰੀ ਪ੍ਰਾਜੈਕਟਾਂ’ ‘ਚ ਵਧੇਰੇ ਤਰੱਕੀ ਲਈ ਕੋਲੰਬੋ ਨਾਲ ਕੰਮ ਕਰਨ ਤਿਆਰ ਹੈ।ਇਸ ਲਈ ਹੋ ਸਕਦਾ ਹੈ ਕਿ ਨਵੀਂ ਸਰਕਾਰ ਚੀਨ ਵੱਲੋਂ ਵਿਕਸਤ ਪ੍ਰਾਜੈਕਟਾਂ ‘ਤੇ ਲਏ ਗਏ ਫ਼ੈਸਲਿਆਂ ਨੂੰ ਜਾਰੀ ਰੱਖ ਸਕਦੀ ਹੈ, ਕਿਉਂਕਿ ਕਰਜੇ ਦੇ ਬੋਝ ਦੇ ਬਾਵਜੂਦ, ਚੀਨ ਸ੍ਰੀਲੰਕਾ ਦਾ ਮਹੱਤਵਪੂਰਨ ਵਿਕਾਸ ਅਤੇ ਰਣਨੀਤਕ ਭਾਈਵਾਲ ਹੈ।ਜ਼ਿਕਰੇਖਾਸ ਹੈ ਕਿ ਚੀਨ ਦੇ ਬੀ.ਆਰ.ਆਈ. ਪ੍ਰਾਜੈਕਟ ‘ਚ ਭਾਰਤ ਨੇ ਕੋਈ ਵੀ ਦਿਲਚਸਪੀ ਨਹੀਂ ਵਿਖਾਈ ਹੈ ਅਤੇ ਲਗਾਤਾਰ ਇਸ ਸਬੰਧੀ ਕਾਰਜਾਂ ਦਾ ਵਿਰੋਧ ਵੀ ਪੇਸ਼ ਕੀਤਾ ਹੈ।

ਸ੍ਰੀਲੰਕਾ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ 2015 ਤੋਂ  ਪਿਛਲੀ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ‘ਚ ਜੋ ਨੀਤੀਗਤ ਫ਼ੈਸਲੇ ਲਏ ਗਏ ਸਨ ਉਨ੍ਹਾਂ ਨੂੰ ਆਮ ਲੋਕਾਂ ਤੱਕ ਸਹੀ ਢੰਗ ਨਾਲ ਨਹੀਂ ਸੀ ਪਹੁੰਚਾਇਆ ਗਿਆ।ਰਾਜਨੀਤਕ, ਆਰਥਿਕ, ਸੁਰੱਖਿਆ ਅਤੇ ਵਿਦੇਸ਼ ਨੀਤੀ ਵਰਗੇ ਖੇਤਰਾਂ ‘ਚ ਤਬਦੀਲੀ ਸਮੇਂ ਦੀ ਮੰਗ ਹੈ।

ਸ੍ਰੀਲੰਕਾ ‘ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪੈਦਾ ਹੋਣ ਵਾਲੇ ਨਵੇਂ ਮੌਕਿਆਂ ਅਤੇ ਨਾਲ ਹੀ ਚੁਣੌਤੀਆਂ ਨਾਲ ਨਜਿੱਠਣਾ ਭਾਰਤ ਲਈ ਇੱਕ ਨਵੀਂ ਚੁਣੌਤੀ ਹੋਵੇਗੀ।ਹੁਣ ਦੇਸ਼ ‘ਚ ਸਥਿਤੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਸ੍ਰੀਲੰਕਾ ਦੀ ਲੀਡਰਸ਼ਿਪ ‘ਤੇ ਵੀ ਨਿਰਭਰ ਕਰੇਗੀ।

ਸ੍ਰੀਲੰਕਾਈ ਰਾਸ਼ਟਰਪਤੀ ਵੱਲੋਂ ਅਗਲੇ ਹਫ਼ਤੇ ਭਾਰਤ ਦਾ ਦੌਰਾ ਕੀਤਾ ਜਾਣਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਦੁਵੱਲੇ ਅਤੇ ਖੇਤਰੀ ਸਹਿਯੋਗ ਉਤਸ਼ਾਹਿਤ ਹੋਵੇਗਾ।

ਸਕ੍ਰਿਪਟ: ਡਾ.ਐਮ.ਸਮਾਥਾ, ਸ੍ਰੀਲੰਕਾ ਲਈ ਰਣਨੀਤਕ ਵਿਸ਼ਲੇਸ਼ਕ