ਸੰਸਦ ਵਿੱਚ ਇਸ ਹਫ਼ਤੇ ਦੀ ਕਾਰਵਾਈ

ਬੀਤੇ ਮੰਗਲਵਾਰ ਮਿਤੀ 26 ਨਵੰਬਰ ਨੂੰ ਪੂਰੇ ਦੇਸ਼ ਨੇ ਸੰਵਿਧਾਨ ਦਿਵਸ ਵਜੋਂ ਮਨਾਇਆ। ਗੌਰਤਲਬ ਹੈ ਕਿ ਸੰਨ 1949 ਵਿਚ ਇਸੇ ਦਿਨ ਸੰਵਿਧਾਨ ਸਭਾ ਦੁਆਰਾ ਭਾਰਤੀ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਹੋਇਆ ਸੀ, ਇਹ ਭਾਰਤੀ ਗਣਤੰਤਰ ਦੇ ਇਤਿਹਾਸ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਸੀ। ਇਸ ਨਾਲ ਸੰਬੰਧਤ ਸਮਾਰੋਹਾਂ ਦੇ ਹਿੱਸੇ ਵਜੋਂ ਸੰਸਦ ਦੇ ਕੇਂਦਰੀ ਹਾਲ ਵਿੱਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਹੋਈ। ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਇਸ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਕਾਰ ਅਤੇ ਫਰਜ਼ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਨਾਗਰਿਕਾਂ ਨੂੰ ਉਨ੍ਹਾਂ ਦੇ ਫਰਜ਼ਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਫਰਜ਼ਾਂ ਨੂੰ ਨਿਭਾਉਣ ਦੀ ਲੋੜ ਹੈ ਅਤੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨੇ ਚਾਹੀਦੇ ਹਨ ਜੋ ਉਨ੍ਹਾਂ ਦੇ ਅਧਿਕਾਰਾਂ ਦੀ ਪ੍ਰਭਾਵਸ਼ਾਲੀ ਸੁਰੱਖਿਆ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਰਾਜ ਸਭਾ ਦੇ 250ਵੇਂ ਇਜਲਾਸ ਮੌਕੇ ਸੰਸਦੀ ਲੋਕਤੰਤਰ ਦੀ ਇੱਕ ਯਾਦਗਾਰ ਵਜੋਂ ਇੱਕ ਯਾਦਗਾਰੀ ਸਿੱਕਾ ਅਤੇ ਟਿਕਟ ਵੀ ਜਾਰੀ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਆਪਣੇ ਵਿਚਾਰ ਪ੍ਰਸਤੁਤ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸੰਵਿਧਾਨ ਸਭਾ ਦੇ ਮੁੱਖ ਕਰਤਾ-ਧਰਤਾ ਡਾ. ਬੀ.ਆਰ.ਅੰਬੇਦਕਰ ਨੂੰ ਸੰਵਿਧਾਨ ਦਾ ਮਾਰਗ-ਦਰਸ਼ਕ ਦੱਸਿਆ। ਉਨ੍ਹਾਂ ਸੰਵਿਧਾਨ ਦੀ ਤਾਕਤ ਅਤੇ ਵਿਲੱਖਣਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਨਾਗਰਿਕਾਂ ਦੇ ਹੱਕਾਂ ਅਤੇ ਫਰਜ਼ਾਂ ਨੂੰ ਸਪੱਸ਼ਟ ਕਰਦਾ ਹੈ, ਜੋ ਕਿ ਇਸ ਦਾ ਵਿਸ਼ੇਸ਼ ਪਹਿਲੂ ਹੈ। ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਜੋ ਰਾਜ ਸਭਾ ਦੇ ਚੇਅਰਮੈਨ ਵੀ ਹਨ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਦੇਸ਼ ਨੇ ਨਾ ਸਿਰਫ਼ ਆਪਣੇ ਲੋਕਤੰਤਰੀ ਸੰਵਿਧਾਨ ਦਾ ਪਾਲਣ ਕੀਤਾ ਹੈ, ਬਲਕਿ ਲੋਕਤੰਤਰੀ ਸਿਧਾਂਤਾਂ ਨੂੰ ਹੋਰ ਪੱਕਿਆਂ ਕਰਨ ਵਿੱਚ ਵੀ ਸਫ਼ਲਤਾ ਪ੍ਰਾਪਤ ਕੀਤੀ ਹੈ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਨੇ ਜੰਮੂ-ਕਸ਼ਮੀਰ ਦੇ ਪੁਨਰਗਠਨ ਦੇ ਮੱਦੇਨਜ਼ਰ ਖਿੱਤੇ ਵਿੱਚ ਹਾਲਾਤ ਨੂੰ ਵਿਗਾੜਨ ਦੀਆਂ ਪਾਕਿਸਤਾਨ ਦੀਆਂ ਚਾਲਾਂ ਨੂੰ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਨੇ ਸੰਯੁਕਤ ਰਾਸ਼ਟਰ, ਮਨੁੱਖੀ ਅਧਿਕਾਰ ਕੌਂਸਲ ਅਤੇ ਇਸਲਾਮਿਕ ਸਹਿਕਾਰਤਾ ਸੰਗਠਨ ਵਰਗੇ ਕੌਮਾਂਤਰੀ ਪੱਧਰ ਦੇ ਅਦਾਰਿਆਂ ਵਿੱਚ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਖਿਲਾਫ ਬਾਰ-ਬਾਰ ਝੂਠਾ ਪ੍ਰਚਾਰ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਦੀਆਂ ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਆਪਣੇ ਖਿੱਤੇ ਨੂੰ ਕਿਸੇ ਵੀ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਨਾ ਕਰਨ ਦੇਵੇ।

ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਫਰਵਰੀ ਵਿਚ ਭਾਰਤੀ ਹਵਾਈ ਸੈਨਾ ਦੁਆਰਾ ਕੀਤੇ ਗਏ ਹਵਾਈ ਹਮਲੇ ਵਿਚ ਬਾਲਾਕੋਟ ਦੇ ਤਬਾਹ ਹੋਏ ਅੱਤਵਾਦੀ ਠਿਕਾਣਿਆਂ ਨੂੰ ਪਾਕਿਸਤਾਨ ਅਧਾਰਿਤ ਅੱਤਵਾਦੀ ਗੁੱਟਾਂ ਵੱਲੋਂ ਮੁੜ ਸਰਗਰਮ ਕਰਨ ਅਤੇ ਭਾਰਤ ਦੇ ਖਿਲਾਫ ਜਿਹਾਦੀ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ ਅਰਥਚਾਰੇ ਨੂੰ ਕਿਸੇ ਵੀ ਮੰਦੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਸਰਕਾਰ ਅਰਥਚਾਰੇ ਦੇ ਵਿਕਾਸ ਲਈ ਠੋਸ ਕਦਮ ਚੁੱਕ ਰਹੀ ਹੈ। ਰਾਜ ਸਭਾ ਵਿੱਚ ਦੇਸ਼ ਦੀ ਆਰਥਿਕ ਸਥਿਤੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਰਥਚਾਰੇ ਨੂੰ ਵਧਾਉਣ ਲਈ ਸਰਕਾਰ ਦੁਆਰਾ ਅਨੇਕਾਂ ਉਪਾਅ ਕੀਤੇ ਗਏ ਹਨ।

ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਸਿਆਸੀ ਦਲਾਂ ਨਾਲ ਸੰਬੰਧਤ ਯੂਰਪੀ ਸੰਸਦ ਦੇ 27 ਮੈਂਬਰਾਂ ਦੇ ਸਮੂਹ ਨੇ 28 ਅਕਤੂਬਰ ਤੋਂ 1 ਨਵੰਬਰ 2019 ਤੱਕ ਭਾਰਤ ਦਾ ਦੌਰਾ ਕੀਤਾ ਸੀ। ਇਸ ਸਮੂਹ ਨੂੰ ਦਿੱਲੀ ਦੇ ਇੱਕ ਸੰਗਠਨ, ਇੰਟਰਨੈਸ਼ਨਲ ਇੰਸਟੀਚਿਊਟ ਫਾਰ ਨੋਨਅਲਾਈਂਡ ਸਟੱਡੀਜ਼ ਨੇ ਸੱਦਾ ਦਿੱਤਾ ਸੀ। ਇਸ ਸਮੂਹ ਨੇ ਇਹ ਸਮਝਣ ਲਈ ਕਸ਼ਮੀਰ ਦਾ ਦੌਰਾ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ ਕਿ ਕਿਵੇਂ ਅੱਤਵਾਦ ਭਾਰਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮੰਤਰੀ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਯੂਰਪੀ ਦਲ ਨੂੰ ਇਹ ਅਹਿਸਾਸ ਹੋਇਆ ਕਿ ਕਿਵੇਂ ਅੱਤਵਾਦ ਭਾਰਤ ਦੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇੱਕ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਦਾਨ-ਪ੍ਰਦਾਨ ਭਾਰਤ ਦੀ ਵਿਦੇਸ਼ ਨੀਤੀ ਦੇ ਉਦੇਸ਼ਾਂ ਦੇ ਮੁਤਾਬਿਕ ਹੀ ਹੁੰਦੇ ਹਨ, ਜਿਸ ਦੁਆਰਾ ਲੋਕਾਂ ਦੇ ਆਪਸੀ ਸੰਪਰਕ ਨੂੰ ਹੱਲਾਸ਼ੇਰੀ ਮਿਲਦੀ ਹੈ ਅਤੇ ਆਖਿਰਕਾਰ ਇਸ ਨਾਲ ਉਨ੍ਹਾਂ ਸੁਖਾਵੇਂ ਸੰਬੰਧਾਂ ਨੂੰ ਉਭਾਰਨ ਵਿੱਚ ਸਹਾਇਤਾ ਮਿਲਦੀ ਹੈ, ਜਿਸ ਦੀ ਭਾਰਤ ਹਮੇਸ਼ਾ ਤੋਂ ਹੀ ਦੂਜੇ ਦੇਸ਼ਾਂ ਨਾਲ ਬਣਾਉਣ ਦੀ ਇੱਛਾ ਰੱਖਦਾ ਆਇਆ ਹੈ।

ਸਕ੍ਰਿਪਟ: ਵੀ. ਮੋਹਨ ਰਾਓ, ਪੱਤਰਕਾਰ