ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਭਾਰਤ ਦਾ ਦੌਰਾ, ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ‘ਚ ਆਵੇਗੀ ਮਜ਼ਬੂਤੀ

ਸ੍ਰੀਲੰਕਾ ਦੇ ਨਵਨਿਯੁਕਤ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਵੱਲੋਂ 28 ਤੋਂ 30 ਨਵੰਬਰ ਦੌਰਾਨ ਭਾਰਤ ਦਾ ਦੌਰਾ ਕੀਤਾ ਗਿਆ।ਸ੍ਰੀਲੰਕਾ ਦੇ ਨਵੇਂ ਚੁਣੇ ਜਾਣ ਵਾਲੇ ਰਾਸ਼ਟਰਪਤੀ ਜਾਂ ਫਿਰ ਪ੍ਰਧਾਨ ਮੰਤਰੀ ਵੱਲੋਂ ਆਪਣਾ ਅਹੁਦਾ ਸੰਭਾਲਦਿਆਂ ਹੀ ਭਾਰਤ ਦਾ ਪਹਿਲਾ ਦੌਰਾ ਕਰਨਾ ਕੋਈ ਵੱਖਰੀ ਗੱਲ ਨਹੀਂ ਹੈ।ਬੀਤੇ ਸਮੇਂ ‘ਚ ਇਹ ਆਮ ਰਿਹਾ ਹੈ।ਇਸੇ ਲਈ ਇਸ ਵਾਰ ਵੀ ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਵੱਲੋਂ ਨਵੀਂ ਦਿੱਲੀ ਦਾ ਦੌਰਾ ਕੀਤਾ ਜਾਵੇਗਾ ਅਤੇ ਹੋਇਆ ਵੀ ਅਜਿਹਾ ਹੀ।ਨਵੇਂ ਚੁਣੇ ਗਏ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਵੱਲੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਦਿਆਂ ਹੀ 10 ਦਿਨਾਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਵੱਜੋਂ ਨਵੀਂ ਦਿੱਲੀ ਦਾ ਦੌਰਾ ਕੀਤਾ।

ਸ੍ਰੀਲੰਕਾ ਦੇ ਆਪਣੇ ਗੁਆਂਢੀ ਮੁਲਕਾਂ ਵਿਚਾਲੇ ਮਿਲਾਪੜੇ ਸਬੰਧਾਂ ਦੇ ਚੱਲਦਿਆਂ ਭਾਰਤ-ਸ੍ਰੀਲੰਕਾ ਵਿਚਾਲੇ ਦੋਸਤਾਨਾ ਸਬੰਧਾਂ ਦਾ ਨਿੱਘ ਕੁੱਝ ਖਾਸ ਹੈ।ਦੋਵੇਂ ਧਿਰਾਂ ਮੌਜੂਦਾ ਹਕੀਕਤਾਂ ਅਤੇ ਹਕੀਕੀ ਉਮੀਦਾਂ ਦੇ ਮੁਤਾਬਿਕ ਹੀ ਦੁਵੱਲੇ ਸਬੰਧਾਂ ਨੂੰ ਅੱਗੇ ਤੋਰਨ ਨੂੰ ਤਿਆਰ ਹਨ ਅਤੇ ਇਹ ਸਮੇਂ ਦੀ ਮੰਗ ਵੀ ਹੈ।ਦੱਸਣਯੋਗ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ.ਜੈਸ਼ੰਕਰ ਸ੍ਰੀਲੰਕਾ ਜਾਣ ਵਾਲੇ ਪਹਿਲੇ ਵਿਦੇਸ਼ੀ ਉੱਚ ਅਹੁਦੇ ਵਾਲੇ ਮੰਤਰੀ ਸਨ।ਉਨ੍ਹਾਂ ਨੇ ਆਪਣੀ ਫੇਰੀ ਦੌਰਾਨ ਸ੍ਰੀਲੰਕਾ ਦੇ ਨਵਨਿਯੁਕਤ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।ਜ਼ਿਕਰੇਖਾਸ ਹੈ ਕਿ ਸ੍ਰੀ ਰਾਜਪਕਸ਼ੇ ਦੀ ਚੋਣ ਤੋਂ ਸਿਰਫ ਦੋ ਦਿਨ ਬਾਅਧ ਹੀ ਇਹ ਮੁਲਾਕਾਤ ਹੋਈ ਹੈ।ਸ੍ਰੀ ਜੈਸ਼ੰਕਰ ਨੇ ਨਵੀਂ ਦਿੱਲੀ ਵੱਲੋਂ ਰਾਸ਼ਟਰਪਤੀ ਰਾਜਪਕਸ਼ੇ ਨੂੰ ਵਧਾਈ ਪੇਸ਼ ਕੀਤੀ ਅਤੇ ਨਾਲ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਸਮੀ ਤੌਰ ‘ਤੇ ਸ੍ਰੀਲੰਕਾਈ ਰਾਸ਼ਟਰਪਤੀ ਨੂੰ ਭਾਰਤ ਆਉਣ ਲਈ ਭੇਜੇ ਗਏ ਸੱਦਾ  ਪੱਤਰ ਨੂੰ ਵੀ ਸ੍ਰੀ ਰਾਜਪਕਸ਼ੇ ਨੂੰ ਸੌਂਪਿਆ।ਰਾਸ਼ਟਰਪਤੀ ਗੋਤਬਾਯਾ ਨੇ ਇਸ ਸੱਦੇ ਨੂੰ ਪ੍ਰਵਾਣ ਕਰਦਿਆਂ ਭਾਰਤ ਦਾ ਦੌਰਾ ਕੀਤਾ ਅਤੇ ਨਾਲ ਹੀ ਪੀਐਮ ਮੋਦੀ ਨੂੰ ਸ੍ਰੀਲੰਕਾ ਆਉਣ ਦਾ ਸੱਦਾ ਵੀ ਦਿੱਤਾ।ਇਸ ਦੌਰੇ ਸਬੰਧੀ ਵੇਰਵਿਆਂ ‘ਤੇ ਜਲਦ ਹੀ ਕੰਮ ਕੀਤੇ ਜਾਣ ਦੀ ਸੰਭਾਵਨਾ ਹੈ।

ਸਮੇਂ ਦੀ ਮੰਗ ਅਤੇ ਵਰਤਮਾਨ ਸਥਿਤੀ ਨੂੰ ਧਿਆਨ ‘ਚ ਰੱਖਦਿਆਂ ਦੋਵਾਂ ਮੁਲਕਾਂ ਲਈ ਜ਼ਰੂਰੀ ਹੈ ਕਿ ਉਹ ਬੀਤ ਚੁੱਕੇ ਸਮੇਂ ਦੀਆਂ ਗਲਤੀਆਂ, ਮਨਮੁਟਾਵ ਅਤੇ ਵਿਵਾਦਾਂ ਨੂੰ ਭੁੱਲ ਕੇ ਨਵੇਂ ਸਬੰਧਾਂ ਦੀ ਨੀਂਹ ਦੀ ਉਸਾਰੀ ਵੱਲ ਧਿਆਨ ਕੇਂਦਰਿਤ ਕਰਨ।ਦੱਸਣਯੋਗ ਹੈ ਕਿ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਨੇੜਤਾ ਉਸ ਸਮੇਂ ਬਣੀ ਸੀ ਜਦੋਂ ਸ੍ਰੀਲੰਕਾ ਐਲਟੀਟੀਈ ਦਾ ਟਾਕਰਾ ਕਰ ਰਿਹਾ ਸੀ।ਉਸ ਸਮੇਂ ਮਹਿੰਦਾ ਰਾਜਪਕਸ਼ੇ ਰਾਸ਼ਟਰਪਤੀ ਸਨ ਅਤੇ ਗੋਤਬਾਯਾ ਰਾਜਪਕਸ਼ੇ ਰੱਖਿਆ ਸਕੱਤਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ।ਨਵੀਂ ਦਿੱਲੀ ਨੇ ਇਸ ਜੰਗ ਦੌਰਾਨ ਸ੍ਰੀਲੰਕਾ ਦੀ ਹਰ ਬਣਦੀ ਮਦਦ ਕੀਤੀ ਸੀ।ਇਸੇ ਸਮੇਂ ਦੌਰਾਨ ਹੀ ਸ੍ਰੀਲੰਕਾ ‘ਚ ਵਸ ਰਹੇ ਤਾਮਿਲ ਭਾਈਚਾਰੇ ਨਾਲ ਨਿਰਪੱਖ ਵਤੀਰਾ ਯਕੀਨੀ ਬਣਾਉਣ ਲਈ ਕੋਲੰਬੋ ‘ਤੇ ਜ਼ੋਰ ਪਾਇਆ ਜਾ ਰਿਹਾ ਸੀ।

ਨਵੀਂ ਦਿੱਲੀ ‘ਚ ਹੋਈ ਗੱਲਬਾਤ ‘ਚ ਸ੍ਰੀਲੰਕਾ ‘ਚ ਤਾਮਿਲਾਂ ਨਾਲ ਇੱਕ ਨਿਰਪੱਖ ਸਮਝੌਤੇ ਦਾ ਮੁੱਦਾ ਵੀ ਚਰਚਾ ‘ਚ ਰਿਹਾ।ਦਰਅਸਲ ਇਹ ਕਾਰਜ ਤਾਮਿਲ ਟਾਈਗਰਜ਼ ਨਾਲ ਜੰਗ ਖ਼ਤਮ ਕਰਨ ਦੀ ਸਫ਼ਲਤਾ ਤੋਂ ਬਾਅਧ ਦਾ ਅਧੂਰਾ ਕਾਰਜ ਹੈ।ਬੀਤੇ ਸਮਿਆਂ ‘ਚ ਕੀਤੇ ਵਾਅਦਿਆਂ ਅਤੇ ਦਿੱਤੇ ਭਰੋਸੇ ਦੇ ਬਾਵਜੂਦ ਤਾਮਿਲ ਆਬਦੀ ਲਈ ਕੋਈ ਨਿਰਪੱਖ ਸੌਦਾ ਸਾਹਮਣੇ ਨਹੀਂ ਆਇਆ ਹੈ।ਭਾਰਤ ਨੇ ਇਸ ਮਸਲੇ ‘ਤੇ ਆਪਣੇ ਪੱਖ ਨੂੰ ਮੁੜ ਦੁਹਰਾਇਆ ਹੈ।ਰਾਸ਼ਟਰਪਤੀ ਗੋਤਬਾਯਾ ਨੇ ਇਸ ਮੁੁੱਦੇ ਦੇ ਨਿਪਟਾਰੇ ਲਈ ਸਕਾਰਾਤਮਕ ਸੰਕੇਤ ਦਿੱਤੇ ਹਨ।ਉਨ੍ਹਾਂ ਨੇ ਹਾਲ ‘ਚ  ਹੀ ਦਿੱਤੇ ਆਪਣੇ ਬਿਆਨ ‘ਚ ਕਿਹਾ ਹੈ ਕਿ ਭਾਵੇਂ ਉਨ੍ਹਾਂ ਨੂੰ ਪਤਾ ਹੈ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਉਨ੍ਹਾਂ ਨੂੰ ਸਭ ਤੋਂ ਵੱਧ ਵੋਟਾਂ ਬਹੁਗਿਣਤੀ ਸਿਨਹਾਲੀ ਵੋਟਰਾਂ ਵੱਲੋਂ ਪਾਈਆਂ ਹਨ, ਪਰ ਫਿਰ ਵੀ ਉਹ ਘੱਟ ਗਿਣਤੀ ਤਾਮਿਲ ਅਤੇ ਮੁਸਲਮਾਨ ਤਬਕੇ ਸਮੇਤ ਸਾਰਿਆਂ ਲਈ ਇੱਕ ਨਿਰਪੱਖ ਸੌਦੇ ਨੂੰ ਯਕੀਨੀ ਬਣਾਉਣਗੇ।ਨਿਰੀਖਕਾਂ ਨੇ ਇਸ ਨੂੰ ਇਕ ਵਧੀਆ ਅਤੇ ਉਸਾਰੂ ਪਹਿਲ ਦੱਸਿਆ ਹੈ।

ਭਾਰਤੀ ਚਿੰਤਾਵਾਂ ਬਾਰੇ ਆਪਣਾ ਵਿਚਾਰ ਰੱਖਦਿਆਂ ਸ੍ਰੀ ਰਾਜਪਕਸ਼ੇ ਨੇ ਕਿਹਾ ਕਿ ਚੀਨ ਅਤੇ ਪਾਕਿਸਤਾਨ ਨਾਲ ਉਨ੍ਹਾਂ ਦੇ ਸਬੰਧਾਂ ਦੇ ਕਾਰਨ ਸ੍ਰੀਲੰਕਾ ਅਤੇ ਭਾਰਤ ਦੇ ਆਪਸੀ ਸਬੰਧ ਕਦੇ ਵੀ ਖੱਟੇ ਨਹੀਂ ਹੋਣਗੇ।ਉਨ੍ਹਾਂ ਇਹ ਵੀ ਮੰਨਿਆ ਕਿ ਵਿਵਾਦਿਤ ਹਬਮਟੋਟਾ ਬੰਦਰਗਾਹ ਪ੍ਰਾਜੈਕਟ, ਜੋ ਕਿ ਚੀਨ ਦੇ ਅਧੀਨ ਹੈ, ਇਕ ਵੱਡੀ ਗਲਤੀ ਹੋ ਨਿਭੜਿਆ ਹੈ।ਇਸ ਤੋਂ ਪਤਾ ਚੱਲਦਾ ਹੈ ਕਿ ਰਾਸ਼ਟਰਪਤੀ ਗੋਤਬਾਯਾ ਆਪਣੀ ਪਹੁੰਚ ਨੂੰ ਕਿਸੇ ਬੰਦਿਸ਼ ਅਧੀਨ ਨਹੀਂ ਰੱਖਣਾ ਚਾਹੁੰਦੇ ਹਨ।

ਇਸ ਫੇਰੀ ਦੌਰਾਨ ਦੁੱਵਲੀ ਗੱਲਬਾਤ ‘ਚ ਭਾਰਤ ਨੇ ਪ੍ਰਾਜੈਕਟ ਮਦਦ ਲਈ 450 ਮਿਲੀਅਨ ਡਾਲਰ ਦੇ ਕਰਜੇ ਦੀ ਵਚਨਬੱਧਤਾ ਪੇਸ਼ ਕੀਤੀ ਹੈ।ਨਵੀਂ ਦਿੱਲੀ ਨੇ ਹਮੇਸ਼ਾਂ ਹੀ ਆਪਣੇ ਵਿੱਤੀ ਵਾਅਦਿਆਂ ਨੂੰ ਅਮਲ ‘ਚ ਲਿਆਂਦਾ ਹੈ ਖਾਸ ਕਰਕੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸਮੇਂ ਸਿਰ ਅਦਾਇਗੀ।ਇਸ ਤੋਂ ਇਲਾਵਾ ਸ੍ਰੀਲੰਕਾ ‘ਚ ਇਸ ਸਬੰਧੀ ਜਾਗਰੂਕਤਾ ਵੱਧ ਰਹੀ ਹੈ ਕਿ ਮੈਗਾ ਪ੍ਰਾਜੈਕਟਾਂ ਅਤੇ ਉੱਚ ਨਕਦੀ ਕਰਜਾ ਟਾਪੂ ਮੁਲਕ ਦੀ ਆਰਥਿਕਤਾ ਲਈ ਲਾਹੇਵੰਦ ਨਹੀਂ ਹੈ।ਹਬਨਟੋਟਾ ਬੰਦਰਗਾਹ ਜਾਂ ਫਿਰ ਮੈਟਾਲੇ ਅੰਤਰਰਾਸ਼ਟਰੀ ਹਵਾਈ ਅੱਡਾ ਉੱਚ ਨਿਵੇਸ਼ਾਂ ਅਤੇ ਉਨ੍ਹਾਂ ਤੋਂ ਪੈਦਾ ਹੋਈਆਂ ਉਮੀਦਾਂ ਵਿਚਾਲੇ ਪਾੜੇ ਦੀ ਸਹੀ ਮਿਸਾਲ ਹਨ।

ਹੁਣ ਜਦੋਂ ਅਸਲ ਚਿੰਤਾਵਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ, ਇਹ ਸਥਿਤੀ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦੁਵੱਲੇ ਸਬੰਧਾਂ ਨੂੰ ਅਗਾਂਹ ਲੈ ਜਾਣ ਲਈ ਬਹੁਤ ਵਧੀਆ ਸਮਾਂ ਹੈ।

ਰਾਸ਼ਟਰਪਤੀ ਗੋਤਬਾਯਾ ਨੇ ਐਲਾਨ ਕੀਤਾ ਹੈ ਕਿ “ਬਤੌਰ ਰਾਸ਼ਟਰਪਤੀ ਮੇਰੇ ਕਾਰਜਕਾਲ ਦੌਰਾਨ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਸਬੰਧਾਂ ਨੂੰ ਉੱਚਾ ਚੁੱਕਿਆ ਜਾਣ ਦਾ ਹਰ ਵਸੀਲਾ ਕੀਤਾ ਜਾਵੇਗਾ।ਮੈਂ ਇਹ ਯਤਨ ਜਾਰੀ ਰੱਖਾਂਗਾ। ਦੋਵਾਂ ਮੁਲਕਾਂ ਵਿਚਾਲੇ ਇਤਿਹਾਸਿਕ ਅਤੇ ਰਾਜਨੀਤਿਕ ਸਬੰਧ ਬਹੁਤ ਪੁਰਾਣੇ ਹਨ।”

ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਕੋਲੰਬੋ ਦੇ ਨਵੀਂ ਦਿੱਲੀ ਨਾਲ ਸਬੰਧਾਂ ਨੂੰ ਨਵੀਂ ਪਹੁੰਚ ਦੇਣ ਲਈ ਯਤਨਸ਼ੀਲ ਹਨ।ਇਹ ਇੱਕ ਸਕਾਰਾਤਮਕ ਸਥਿਤੀ ਦੀ ਆਗਾਜ਼ ਦਾ ਸੰਕੇਤ ਹੈ।

ਸਕ੍ਰਿਪਟ: ਐਮ.ਕੇ.ਟਿੱਕੂ, ਸਿਆਸੀ ਟਿੱਪਣੀਕਾਰ