ਪਹਿਲੀ ਭਾਰਤ-ਜਾਪਾਨ 2+2 ਮੰਤਰੀ ਪੱਧਰੀ ਬੈਠਕ

ਭਾਰਤ-ਜਾਪਾਨ 2+2 ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ ਪਹਿਲੀ ਬੈਠਕ ਨਵੀਂ ਦਿੱਲੀ ਵਿਖੇ ਮੁਕੰਮਲ ਹੋਈ।ਜਾਪਾਨ ਦੇ ਵਿਦੇਸ਼ ਮੰਤਰੀ  ਤੋਸ਼ੀਮਿਤਸ਼ੂ ਮੋਟੇਗੀ ਅਤੇ ਜਾਪਾਨ ਦੇ ਰੱਖਿਆ ਮੰਤਰੀ ਤਾਰੋ ਕੋਨੋ ਨੇ ਆਪਣੇ ਭਾਰਤੀ ਹਮਅਹੁਦਿਆਂ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ।ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਰੱਖਿਆ ਤੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਹੀ 2+2 ਬੈਠਕ ਦਾ ਆਯੋਜਨ ਕੀਤਾ ਗਿਆ।ਸੰਯੁਕਤ ਕਾਰਜਕਾਰੀ ਸਮੂਹਾਂ ਦਰਮਿਆਨ ਅਧਿਕਾਰੀ ਪੱਧਰ ‘ਤੇ ਸਾਲ 2000 ਤੋਂ ਭਾਰਤ-ਜਾਪਾਨ ਰਣਨੀਤਕ ਸਾਂਝੇਦਾਰੀ ਦਾ ਆਯੋਜਨ ਕੀਤਾ ਗਿਆ ਹੈ।ਸਾਲ 2010 ਤੋਂ ਇਸ ਪੱਧਰ ਨੂੰ ਉੱਚਾ ਚੁੱਕਦਿਆਂ ਸਕੱਤਰ ਪੱਧਰੀ ਬੈਠਕਾਂ ਦਾ ਆਯੋਜਨ ਹੋਣਾ ਸ਼ੁਰੂ ਹੋਇਆ ਅਤੇ ਹੁਣ ਇਹ ਮੰਤਰੀ ਪੱਧਰ ਤੱਕ ਪਹੁੰਚ ਗਿਆ ਹੈ, ਜੋ ਕਿ ਇੱਕ ਸਕਾਰਾਤਮਕ ਪਹਿਲੂ ਹੈ।

ਦੱਸਣਯੋਗ ਹੈ ਕਿ ਇਸ ਕਿਸਮ ਦੀਆਂ ਦੁਵੱਲੀਆਂ ਬੈਠਕਾਂ ਦਾ ਵਿਚਾਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਜਾਪਾਨੀ ਸਾਬਕਾ ਪ੍ਰਧਾਨ ਮੰਤਰੀ ਯੋਸ਼ੀਰੋ ਮੂਰੀ ਦੇ ਕਾਰਜਕਾਲ ਦੌਰਾਨ 2000-2001 ‘ਚ ਹੋਂਦ ‘ਚ ਆਇਆ ਸੀ।ਉਸ ਤੋਂ ਬਾਅਦ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ।

ਨਵੀਂ ਦਿੱਲੀ ਅਤੇ ਟੋਕਿਓ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਤੋਂ ਬਾਹਰ ਸਰਗਰਮ ਅੱਤਵਾਦੀ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਵੱਡਾ ਖ਼ਤਰਾ ਹਨ।ਬਿਆਨ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ ਅਨੁਸਾਰ ਉੱਤਰੀ ਕੋਰੀਆ ਨੂੰ ਜਨਤਕ ਤਬਾਹੀ ਵਾਲੇ ਸਾਰੇ ਹਥਿਆਰਾਂ ਅਤੇ ਹਰ ਰੇਂਜ ਦੀਆਂ ਬਿਲਾਸਟਿਕ ਮਿਜ਼ਾਇਲਾਂ ਨੂੰ ਖ਼ਤਮ ਕਰਨ ਦੀ ਵੀ ਗੱਲ ਕੀਤੀ ਗਈ।

2+2 ਮੰਤਰੀ ਪੱਧਰੀ ਬੈਠਕ ਉਸ ਸਮੇਂ ਆਯੋਜਿਤ ਹੋਈ ਹੈ ਜਦੋਂ ਇਸ ਮਹੀਨੇ ਦੇ ਅੰਤ ‘ਚ ਆਯੋਜਿਤ ਹੋਣ ਵਾਲੇ ਭਾਰਤ-ਜਾਪਾਨ ਸਾਲਾਨਾ ਸੰਮੇਲਨ ‘ਚ ਸ਼ਿਰਕਤ ਕਰਨ ਲਈ ਜਾਪਾਨੀ ਪੀਐਮ ਸ਼ਿੰਜੋ ਅਬੇ ਭਾਰਤ ਦਾ ਦੌਰਾ ਕਰਨਗੇ।ਜ਼ਿਕਰਯੋਗ ਹੈ ਕਿ ਸਾਲਾਨਾ ਸੰਮੇਲਨ 2014 ਤੋਂ ਆਯੋਜਿਤ ਹੋ ਰਿਹਾ ਹੈ।2006 ‘ਚ ਭਾਰਤ-ਜਾਪਾਨ ਦੁਵੱਲੇ ਸਬੰਧਾਂ ਨੂੰ ਹੁਲਾਰਾ ਮਿਿਲਆ ਸੀ ਅਤੇ ਸਾਲ 2007 ‘ਚ ਸਾਂਝੀ ਫੌਜੀ ਕਿਵਾਇਦ ਦਾ ਆਯੋਜਨ ਵੀ ਹੋਇਆ ਸੀ, ਜੋ ਕਿ ਮਾਲਾਬਾਰ ਅਭਿਆਸ ਦਾ ਪ੍ਰਮੁੱਖ ਹਿੱਸਾ ਹੈ। ਦੱਸਣਯੋਗ ਹੈ ਕਿ ਜਾਪਾਨ 2015 ਤੋਂ ਮਾਲਾਬਾਰ ਕਿਵਾਇਦ ‘ਚ ਬਤੌਰ ਮੈਂਬਰ ਵੱਜੋਂ ਹਿੱਸਾ ਲੈ ਰਿਹਾ ਹੈ।

ਪਿਛਲੇ ਸਾਲ ਭਾਰਤੀ ਫੌਜ ਅਤੇ ਜਾਪਾਨੀ ਜ਼ਮੀਨੀ ਬਲਾਂ ਨੇ ਪਹਿਲੀ ਵਾਰ ਸਾਂਝੀ ਕਿਵਾਇਦ ‘ਚ ਹਿੱਸਾ ਲਿਆ ਸੀ, ਜੋ ਕਿ ਅੱਤਵਾਦ ਵਿਰੋਧੀ ਮੁਹਿੰਮ ਦਾ ਹਿੱਸਾ ਸੀ।2+2 ਬੈਠਕ ‘ਚ ਹਵਾਈ ਫੌਜ ਦੇ ਸਾਂਝੇ ਅਭਿਆਸ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ।ਉਮੀਦ ਕੀਤੀ ਜਾ ਰਹੀ ਹੈ ਕਿ ਲੜਾਕੂ ਜਹਾਜ਼ ਅਭਿਆਸ ਜਲਦ ਹੀ ੳਾਯੋਜਿਤ ਹੋਵੇਗਾ।

ਹਾਲਾਂਕਿ ਜਾਪਾਨ ਛੇ ਮੁਲਕਾਂ ਨਾਲ 2+2 ਮੰਤਰੀ ਪੱਧਰੀ ਬੈਠਕ ‘ਚ ਹਿੱਸਾ ਲੈਂਦਾ ਹੈ, ਜਦਕਿ ਭਾਰਤ ਅਮਰੀਕਾ ਅਤੇ ਜਾਪਾਨ ਨਾਲ ਹੀ ਇਸ ਤਰ੍ਹਾਂ ਦੀਆਂ ਬੈਠਕਾਂ ਜ਼ਰੀਏ ਜੁੜਿਆ ਹੋਇਆ ਹੈ।ਜ਼ਿਕਰਯੋਗ ਹੈ ਕਿ ਇਸ ਸਾਲ ਸਤੰਬਰ ਮਹੀਨੇ  ਨਿਊਯਾਰਕ ‘ਚ ਯੂ.ਐਨ.ਜੀ.ਏ. ਤੋਂ ਪਰੇ ਅਮਰੀਕਾ,ਭਾਰਤ,ਜਾਪਾਨ ਅਤੇ ਅਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਨੇ ਪਹਿਲੀ ਵਾਰ ਚੌ-ਪੱਖੀ ਬੈਠਕ ਕੀਤੀ ਸੀ।ਪੰਦਰਾਂ ਦਿਨ ਪਹਿਲਾਂ ਹੀ ਚਾਰੇ ਧਿਰਾਂ ਨੇ ਅੱਤਵਾਦ ਵਿਰੋਧੀ ਆਪਣੀ ਪਹਿਲੀ ਵਿਹਾਰਕ ਉੱਚ ਪੱਧਰੀ ਟੇਬਲ ਕਿਵਾਇਦ ਦਾ ਆਯੋਜਨ ਕੀਤਾ, ਜਿਸ ਨਾਲ ਕਿ ਇਸ ਸਮੂਹ ਨੂੰ ਹੁਲਾਰਾ ਮਿਿਲਆ ਹੈ।

ਵਿਸ਼ਲੇਸ਼ਕਾਂ ਦਾ ਮੰਣਨਾ ਹੈ ਕਿ ਇੰਡੋ-ਪ੍ਰਸ਼ਾਂਤ ‘ਚ ਸ਼ਾਂਤੀ ਕਾਇਮ ਰੱਖਣ ਦਾ ਮਸਲਾ 2+2 ਮੰਤਰੀ ਪੱਧਰੀ ਬੈਠਕ ‘ਚ ਪ੍ਰਮੁੱਖ ਚਰਚਾ ਦਾ ਵਿਸ਼ਾ ਹੈ।ਪੀਐਮ ਮੋਦੀ ਨੇ ਇਸ ਸਾਲ ਬੈਂਕਾਕ ‘ਚ ਈਸਟ ਏਸ਼ੀਆ ਸੰਮੇਲਨ ਦੌਰਾਨ ਦਿੱਤੇ ਆਪਣੇ ਭਾਸ਼ਣ ‘ਚ “ ਇੰਡੋ-ਪ੍ਰਸ਼ਾਂਤ ਸਾਗਰ ਪਹਿਲਕਦਮੀ” ਦੀ ਜ਼ੋਰਦਾਰ ਢੰਗ ਨਾਲ ਗੱਲ ਕੀਤੀ ਤਾਂ ਜੋ ਨੇਵੀਗੇਸ਼ਨ, ਸ਼ਾਂਤੀ ਅਤੇ ਸਥਿਰਤਾ ਦੀ ਆਜ਼ਾਦੀ ਨੂੰ ਬਰਕਰਾਰ ਰੱਖਿਆ ਜਾ ਸਕੇ।

ਭਾਰਤ-ਜਾਪਾਨ ਸਬੰਧਾਂ ਕਈ ਖੇਤਰਾਂ ‘ਚ ਮਜ਼ਬੂਤ ਹੋ ਰਹੇ ਹਨ ਅਤੇ ਤੇਜ਼ ਰਫ਼ਤਾਰ ਰੇਲ ਗੱਡੀਆਂ ਦੇ ਪ੍ਰਾਜੈਕਟ ਇਸ ਦੀ ਖਾਸ ਮਿਸਾਲ ਹਨ।ਕਈ ਰੱਖਿਆ ਪ੍ਰਾਜੈਕਟ ਵੀ ਕਤਾਰ ‘ਚ ਹਨ ਜੋ ਕਿ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੇ ਹਨ।2+2 ਬੈਠਕ ‘ਚ ਦੋਵਾਂ ਧਿਰਾਂ ਨੇ ਏਸੀਐਸਏ ‘ਤੇ ਗੱਲਬਾਤ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਣ ਦੀ ਇੱਛਾ ਵੀ ਪ੍ਰਗਟ ਕੀਤੀ।ਜਿਸ ਨਾਲ ਕਿ ਦੋਵਾਂ ਮੁਲਕਾਂ ਵਿਚਾਲੇ ਰੱਖਿਆ ਸਬੰਧਾਂ ਨੂੰ ਹੁਲਾਰਾ ਮਿਲੇਗਾ।

ਇਸ ਤੋਂ ਇਲਾਵਾ ਇਸ ਬੈਠਕ ‘ਚ ਦੱਖਣੀ ਚੀਨ ਸਾਗਰ ਦਾ ਵੀ ਜ਼ਕਿਰ ਹੋਇਆ, ਜਿੱਥੇ ਕਿ ਨੇਵੀਗੇਸ਼ਨ ਦੀ ਸੁਤੰਤਰਤਾ, ਓਵਰ ਫਲਾਈਟ, ਨਿਰਵਿਘਨ ਕਾਨੂੰਨੀ ਵਪਾਰ ਅਤੇ ਵਿਵਾਦਾਂ ਦਾ ਸ਼ਾਂਤੀਪੂਰਨ ਢੰਗ ਨਾਲ ਨਿਪਟਾਰਾ ਕਰ ਦੀ ਮਹੱਤਤਾ ਸਬੰਧੀ ਚਰਚਾ ਕੀਤੀ ਗਈ।ਇਸ ਸਭ ਦੇ ਨਾਲ ਅੰਤਰਰਾਸ਼ਟਰੀ ਕਾਨੂੰਨ ਦੇ ਸਰਵ ਵਿਆਪਕ ਮਾਨਤਾ ਹਾਸਲ ਸਿਧਾਂਤਾਂ ਮੁਤਾਬਿਕ ਕਾਨੂੰਨੀ ਅਤੇ ਕੂਟਨੀਤਕ ਪ੍ਰਕ੍ਰਿਆਵਾਂ ਨੂੰ ਅਧਾਰ ਬਣਾ ਕੇ ਇਹ ਕਾਰਜ ਕੀਤੇ ਜਾਣ ਦੀ ਮਹੱਤਤਾ ‘ਤੇ ਵੀ ਜ਼ੋਰ ਪਾਇਆ ਗਿਆ।

ਸਕ੍ਰਿਪਟ: ਸੁਮਨ ਸ਼ਰਮਾ, ਪੱਤਰਕਾਰ