ਇਰਾਕ ਦੁਚਿੱਤੀ ਦੀ ਸਥਿਤੀ ‘ਚ

ਮੌਜੂਦਾ ਸਮੇਂ ‘ਚ ਇਰਾਕ ਦੀ ਅੰਦਰੂਨੀ ਸਥਿਤੀ ਦੁਚਿੱਤੀ ਵਾਲੀ ਹੈ। ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਦੇ ਸਮੇਂ ਤੋਂ ਇਰਾਕ ਦੇ ਨੌਜਵਾਨਾਂ ਵੱਲੋਂ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਾਲ ਹੀ ਘਰੇਲੂ ਰਾਜਨੀਤੀ ‘ਚ ਇਰਾਨੀ ਤੇ ਅਮਰੀਕੀ ਦਖਲਅੰਦਾਜ਼ੀ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਸਰਕਾਰ ਵਿਰੋਧੀ ਇਹ ਰੋਸ ਪ੍ਰਦਰਸ਼ਨ ਵੱਡੇ ਪੱਧਰ ‘ਤੇ ਆਪਣਾ ਪ੍ਰਭਾਵ ਵਿਖਾ ਰਹੇ ਹਨ।ਨਜਫ, ਕਰਬਲਾ,ਬਸਰਾ ਅਤੇ ਬਗਦਾਦ ਸਮੇਤ ਇਰਾਕ ਦੇ ਪ੍ਰਮੁੱਖ ਸ਼ਹਿਰਾਂ ‘ਚ ਇੰਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਬੋਲਬਾਲਾ ਹੈ।ਰਿਪੋਰਟਾਂ ਮੁਤਾਬਿਕ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ‘ਚ 400 ਤੋਂ ਵੀ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਪੂਰੇ ਰੋਹ ‘ਤੇ ਹੈ।
ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਅਦਿਲ ਅਬਦੁੱਲ-ਮਾਹਦੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਦਰਅਸਲ ਸ਼ੀਆ ਮੌਲਵੀ ਅਯਤੁੱਲਾ ਅਲੀ ਅਲ-ਸਿਸਤਾਨੀ ਵੱਲੋਂ ਸੰਸਦ ‘ਚ ਸਰਕਾਰ ਤੋਂ ਆਪਣੇ ਸਮਰਥਨ ਨੂੰ ਵਾਪਸ ਲੈਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਪੀਐਮ ਅਦਿਲ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ।ਦੋ ਦਿਨ ਬਾਅਦ ਹੀ ਸੰਸਦ ਨੇ ਉਨ੍ਹਾਂ ਦੇ ਅਸਤੀਫੇ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਨਾਲ ਹੀ ਰਾਸ਼ਟਰਪਤੀ ਨੂੰ ਇਕ ਨਵੇਂ ਪ੍ਰਧਾਨ ਮੰਤਰੀ ਨੂੰ ਨਾਮਜ਼ਦ ਕਰਨ ਦਾ ਕਾਰਜ ਸੌਂਪਿਆ ਹੈ।ਇਸ ਸਭ ਦੇ ਬਾਵਜੂਦ, ਰੋਸ ਪ੍ਰਦਰਸ਼ਨ ਅਤੇ ਮੁਜ਼ਹਾਰੇ ਪੂਰੇ ਜ਼ੋਰਾਂ ‘ਤੇ ਹਨ।ਬਗਦਾਦ ਦਾ ਤਹਿਰੀਰ ਚੌਂਕ ‘ਚ ਇਸ ਅੰਦੋਲਨ ਦਾ ਕੇਂਦਰ ਬਣ ਕੇ ਉਭਰਿਆ ਹੈ।
ਆਰਥਿਕ ਤੰਗੀ ਅਤੇ ਭ੍ਰਿਸ਼ਟਾਚਾਰ ਦੋਵੇਂ ਹੀ ਅਜਿਹੇ ਮੁੱਦੇ ਹਨ ਜੋ ਕਿ ਇਰਾਕੀ ਨੌਜਵਾਨਾਂ ਲਈ ਸਭ ਤੋਂ ਵੱਡੀ ਸਮੱਸਿਆ ਬਣੇ ਹੋਏ ਹਨ।ਅਮਰੀਕਾ ਵੱਲੋਂ 2003 ‘ਚ ਕੀਤੇ ਗਏ ਹਮਲੇ ਤੋਂ ਬਾਅਦ ਹੀ ਇਰਾਕ ਸੰਪਰਦਾਇਕ ਗੜਬੜ ਅਤੇ ਘਰੇਲੂ ਜੰਗ ਦਾ ਸ਼ਿਕਾਰ ਹੈ।ਨਿਯਮਤ ਚੌਣਾਂ ਦੇ ਬਾਵਜੂਦ, ਇੱਥੇ ਰਾਜਨੀਤਿਕ ਸਥਿਰਤਾ ਡਾਵਾਂਡੋਲ ਹੈ।ਭਾਵੇਂ ਕਿ ਇਰਾਕ ਅੰਤਰਰਾਸ਼ਟਰੀ ਤੇਲ ਬਾਜ਼ਾਰ ‘ਚ ਆਪਣੀ ਉੱਚ ਸ਼ਾਖ ਰੱਖਦਾ ਹੈ ਪਰ ਫਿਰ ਵੀ ਇਹ ਆਰਥਿਕ ਪਰੇਸ਼ਾਨੀ ਨੂੰ ਝੇਲ ਰਿਹਾ ਹੈ।ਸਥਾਨਕਵਾਸੀਆਂ ਨੇ ਇਸ ਸਥਿਤੀ ਲਈ ਸਿਆਸੀ ਵਰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਫੰਡਾਂ ਦੇ ਮਾੜੇ ਪ੍ਰਬੰਧਨ ਅਤੇ ਭ੍ਰਿਸ਼ਟਾਚਾਰ ਨੇ ਆਰਥਿਕ ਸਥਿਤੀ ਨੂੰ ਪ੍ਰਭਾਵਿਤ ਕੀਤਾ ਹੈ।
ਅਰਬ ਸਪਰਿੰਗ ਤੋਂ ਬਾਅਧ ਪੈਦਾ ਹੋਈ ਇਸ ਅਸ਼ਾਂਤੀ ਦੀ ਸਥਿਤੀ ਨੇ ਇਰਾਕ ਦੀਆਂ ਮੁਸੀਬਤਾਂ ਨਾਲ ਨਜਿੱਠਣ ਦੀ ਯੋਗਤਾ ‘ਤੇ ਹੋਰ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।ਸਾਲ 2013-14 ‘ਚ ਦਾਇਸ਼, ਆਈ.ਐਸ.ਆਈ.ਐਸ.ਆਈ. ਦੇ ਤੇਜ਼ੀ ਨਾਲ ਹੋਏ ਉਥਾਨ ਤੋਂ ਬਾਅਦ ਇਰਾਕ ਹੇਠਾਂ ਵੱਲ ਨੂੰ ਹੀ ਗਿਆ ਹੈ।ਅੱਤਵਾਦੀਆਂ ਸਮੂਹਾਂ ਵੱਲੋਂ ਲਗਾਾਰ ਕੀਤੇ ਗਏ ਹਿੰਸਕ ਹਮਲੇ ਅਤੇ ਵਿਸ਼ਾਲ ਖੇਤਰ ‘ਤੇ ਕਬਜ਼ੇ ਦੇ ਚੱਲਦਿਆ ਇਰਾਕ ਦੀ ਸਥਿਤੀ ਕਮਜ਼ੋਰ ਹੋਈ ਹੈ।ਜੂਨ 2014 ‘ਚ ਦਾਇਸ਼ ਵੱਲੋਂ ‘ਖਿਲਾਫਤ’ ਦਾ ਐਲਾਨ ਕੀਤਾ ਗਿਆ॥ਮੂਸੋਲ ਦਾ ਪਤਨ ਅਤੇ ਦਾਇਸ਼ ਦੀ ਦਸੰਬਰ 2017 ‘ਚ ਹੋਈ ਹਾਰ ਨੇ ਵੀ ਲੋਕਾਂ ਦੀਆਂ ਮੁਸਬੀਤਾਂ ਨੂੰ ਠੱਲ ਨਾ ਪਾਈ।
ਮਈ 2018 ਨੂੰ ਸੰਸਦੀ ਚੋਣਾਂ ਦਾ ਆਯੋਜਨ ਕੀਤਾ ਗਿਆ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਤੋਂ ਬਾਅਦ ਇਰਾਕ ‘ਚ ਨਵੇਂ ਯੁੱਗ ਦਾ ਆਗਾਜ਼ ਹੋਵੇਗਾ ਅਤੇ ਨਾਲ ਹੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਰਾਜਨੀਤਕ ਉਦਾਸੀਨਤਾ ਅਤੇ ਸੰਪਰਦਾਇਕ ਤਣਾਅ ਦਾ ਵੀ ਅੰਤ ਹੋਵੇਗਾ।ਪਰ ਅਜਿਹਾ ਕੁੱਝ ਨਾ ਹੋਇਆ ਬਲਕਿ ਚੋਣਾਂ ਤੋਂ ਬਾਅਦ ਸਰਕਾਰ ਬਣਨ ‘ਚ ਹੋਰ ਦੇਰੀ ਸਾਹਮਣੇ ਆਈ।ਨਵੀਂ ਚੁਣੀ ਸੰਸਦ ਨੂੰ ਸਰਕਾਰ ਬਣਾਉਣ ‘ਚ ਪੰਜ ਮਹੀਨਿਆਂ ਦਾ ਸਮਾਂ ਲੱਗਿਆ।ਅਦੇਲ ਅਬਦੁੱਲ-ਮਾਹਦੀ ਨੇ ਅਕਤੂਬਰ 2018 ‘ਚ ਬਤੌਰ ਪ੍ਰਧਾਨ ਮੰਤਰੀ ਅਹੁਦਾ ਸੰਭਲਿਆ ਪਰ ਉਹ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕੁੱਝ ਖਾਸ ਨਾ ਕਰ ਸਕੇ।
ਇੱਕ ਹੋਰ ਮਸਲਾ ਜੋ ਕਿ ਨੌਜਵਾਨਾਂ ਦੇ ਦਿਮਾਗਾਂ ‘ਚ ਗੂੰਝ ਰਿਹਾ ਹੈ ਉਹ ਹੈ ਇਰਾਕ ਦੇ ਘਰੇਲੂ ਸਿਆਸੀ ਮਾਮਲਿਆਂ ‘ਚ ਬਾਹਰੀ ਦਖਲਅੰਦਾਜ਼ੀ।ਸਾਲ 2003 ‘ਚ ਸਦਮ ਹੁਸੈਨ ਹਕੂਮਤ ਦੇ ਪਤਨ ਤੋਂ ਬਾਅਦ ਇਰਾਨ ਨੇ ਇਰਾਕ ‘ਚ ਆਪਣੀ ਮਜ਼ਬੂਤ ਰਾਜਨੀਤਿਕ ਅਤੇ ਸੈਨਿਕ ਮੌਜੂਦਗੀ ਦਾ ਵਿਸਥਾਰ ਕੀਤਾ ਅਤੇ ਇਕ ਪ੍ਰਮੁੱਖ ਖਿਡਾਰੀ ਵੱਜੋਂ ਉਭਰਿਆ।ਆਈ.ਆਰ.ਜੀ.ਸੀ. ਵੱਲੋਂ ਸਿਖਲਾਈ ਪ੍ਰਾਪਤ ਸ਼ੀਆ ਲੜਾਕੂਆਂ ਵੱਲੋਂ ਪੀ.ਐਮ.ਐਫ ਦਾ ਗਠਨ ਕੀਤਾ ਗਿਆ ਅਤੇ ਇਸ ਸਮੂਹ ਵੱਲੋਂ ਦਾਇਸ਼ ਨੂੰ ਚਿੱਤ ਕਰਨ ‘ਚ ਅਹਿਮ ਭੂਮਿਕਾ ਨਿਭਾਈ ਗਈ ਸੀ।ਇਸ ਤੋਂ ਇਲਾਵਾ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਤਹਿਰਾਨ ਵੱਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ਦੇ ਕਾਰਨ ਹੀ ਮਈ 2018 ‘ਚ ਹੋਈਆਂ ਚੋਣਾਂ ਤੋਂ ਬਾਅਦ ਸਰਕਾਰ ਦੇ ਗਠਨ ‘ਚ ਦੇਰੀ ਹੋਈ ਹੈ।
ਵੇਖਿਆ ਜਾਵੇ ਤਾਂ ਬਗਦਾਦ ‘ਚ ਅਮਰੀਕੀ ਪ੍ਰਭਾਵ ਖਾਸਾ ਹੈ ਅਤੇ ਇਸ ਤੋਂ ਇਲਾਵਾ ਅਰਬ ਖਾੜੀ ਰਾਜ, ਖਾਸ ਕਰਕੇ ਸਾਊਦੀ ਅਰਬ ਵੀ ਬਗਦਾਦ ‘ਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਇਰਾਕ ਦੇ ਲੋਕਾਂ ਦੀਆਂ ਨਜ਼ਰਾਂ ‘ਚ ਇਰਾਨ ਅਤੇ ਅਮਰੀਕੀ ਪ੍ਰਭਾਵਸ਼ਾਲੀ ਪ੍ਰਭਾਵ ਦੇ ਚੱਲਦਿਆਂ ਬਗਦਾਦ ‘ਚ ਕਿਸੇ ਵੀ ਕਾਰਜਾਕਾਰੀ ਹਕੂਮਤ ‘ਤੇ ਰੋਕ ਲਗਾਈ ਹੈ। ਇਸ ਲਈ ਹੀ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਅਤੇ ਇਰਾਨ ਦੇ ਖ਼ਿਲਾਫ ਰੋਸ ਮੁਜ਼ਹਾਰੇ ਆਰੰਭੇ ਹੋਏ ਹਨ।
ਇਰਾਕ ‘ਚ ਵੱਡੇ ਪੱਧਰ ‘ਤੇ ਤੇਲ ਭੰਡਾਰ ਮੌਜੂਦ ਹਨ, ਜਿਸ ਕਰਕੇ ਇਹ ਤੇਲ ਦੇ ਸਭ ਤੋਂ ਵੱਡੇ ਵਿਸ਼ਵ ਨਿਰਯਾਤਕਾਰਾਂ ‘ਚੋਂ ਇੱਕ ਹੈ।ਭਾਰਤ ਵੀ ਇਰਾਕ ਤੋਂ ਤੇਲ ਦੀ ਦਰਾਮਦ ਕਰਦਾ ਹੈ।2018 ਤੋਂ ਇਰਾਕ ਤੇਲ ਸਪਲਾਈ ਕਰਨ ਵਾਲਾ ਪਹਿਲਾ ਮੁਲਕ ਹੈ ਜਦਕਿ ਸਾਊਦੀ ਅਰਬ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ।2018-19 ‘ਚ ਭਾਰਤ ਨੇ ਇਰਾਕ ਤੋਂ 22.3 ਬਿਲੀਅਨ ਡਾਲਰ ਦੀ ਲਾਗਤ ਦਾ ਤੇਲ ਆਯਾਤ ਕੀਤਾ, ਜੋ ਕਿ ਭਾਰਤ ਦੀ ਤੇਲ ਦੀ ਕੁੱਲ ਦਰਾਮਦ ਦੀ ਮੰਗ ਦਾ 13% ਹਿੱਸਾ ਹੈ।
ਨਵੀਂ ਦਿੱਲੀ ਨੂੰ ਬਹੁਤ ਹੀ ਸੂਖ਼ਮ ਨਜ਼ਰ ਨਾਲ ਇਰਾਕ ਦੀ ਘਰੇਲੂ ਸਥਿਤੀ ‘ਤੇ ਧਿਆਨ ਰੱਖਣ ਦੀ ਲੋੜ ਹੈ।ਬੇਸੱਕ ਭਾਰਤ ਨੇ ਆਲਮੀ ਸਥਿਤੀ ਦੇ ਮਤਦੇਨਜ਼ਰ ਆਪਣੀਆਂ ਤੇਲ ਲੋੜਾਂ ਦੀ ਪੂਰਤੀ ਲਈ ਦੁਨੀਆ ਦੇ ਹੋਰ ਤੇਲ ਬਰਾਮਦਕਾਰਾਂ ਮੁਲਕਾਂ ਨਾਲ ਸਾਂਝ ਕਾਇਮ ਕੀਤੀ ਹੈ, ਪਰ ਫਿਰ ਵੀ ਭਾਰਤ ਲਈ ਆਪਣੇ ਪੁਰਾਣੇ ਭਾਈਵਾਲ ਵੀ ਅਹਿਮ ਹਨ।
ਇਰਾਕ ‘ਚ ਹੋ ਰਹੇ ਇੰਨ੍ਹਾਂ ਪ੍ਰਦਰਸ਼ਨਾਂ ਨਾਲ ਨਜਿੱਠਣ ‘ਚ ਇਰਾਕੀ ਅਧਿਕਾਰੀ ਅਸਫਲ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਭਵਿੱਖ ‘ਚ ਅਜਿਹੇ ਗੰਭੀਰ ਮਾਮਲਿਆਂ ਦੇ ਹੱਲ ਲਈ ਸਮੂਹਿਕ ਤੌਰ ‘ਤੇ ਜ਼ਿੰਮੇਵਾਰੀ ਚੁੱਕਣ ਦੀ ਜ਼ਰੂਰਤ ਹੀ ਸਮੇਂ ਦੀ ਅਸਲ ਮੰਗ ਹੈ।
ਵਰਤਮਾਨ ਸਮੇਂ ‘ਚ ਇਰਾਕ ਦੁਚਿੱਤੀ ਵਾਲੀ ਸਥਿਤੀ ‘ਚ ਫਸਿਆ ਹੋਇਆ ਹੈ। ਇਸ ਲਈ ਇਰਾਕ ਨੂੰ ਹੁਣ ਆਪਣੀ ਸਥਿਤੀ ‘ਚ ਸੁਧਾਰ ਕਰਨ ਲਈ ਆਪ ਹੀ ਕਿਸੇ ਇੱਕ ਫ਼ੈਸਲੇ ‘ਤੇ ਪਹੁੰਚਣਾ ਹੋਵੇਗਾ।ਇਰਾਕ ‘ਚ ਫੈਲੀ ਤਣਾਅ ਅਤੇ ਹਿੰਸਾ ਵਾਲੀ ਸਥਿਤੀ ਦਾ ਅਸਰ ਮੱਧ-ਪੂਰਬ ‘ਤੇ ਜ਼ਰੂਰ ਪਵੇਗਾ, ਜੋ ਕਿ ਪਹਿਲਾਂ ਹੀ ਉੱਚ ਤਣਾਅ ਦੀ ਮਾਰ ਹੇਠ ਹੈ।
ਭਾਰਤ ਨੂੰ ਉਮੀਦ ਹੈ ਕਿ ਇਰਾਕੀ ਹਕੂਮਤ ਸਥਿਤੀ ‘ਚ ਵਿਗਾੜ ਵਧਣ ਨਹੀਂ ਦੇਵੇਗੀ ਅਤੇ ਆਪਣੇ ਨਾਗਰਿਕਾਂ ਦੀ ਸ਼ਿਕਾਇਤਾਂ ਦਾ ਸੁਚਾਰੂ ਢੰਗ ਨਾਲ ਨਿਪਟਾਰਾ ਕਰੇਗੀ ਅਤੇ ਨਾਲ ਹੀ ਦੇਸ਼ ‘ਚ ਸ਼ਾਂਤੀ ਅਤੇ ਸੁਰੱਖਿਆ ਦਾ ਮਾਹੌਲ ਮੁੜ ਬਹਾਲ ਕਰੇਗੀ।
ਸਕ੍ਰਿਪਟ: ਡਾ.ਮੁਹੰਮਦ ਮੁਦਾਸਿਰ ਕੁਆਮਰ, ਪੱਛਮੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ