ਇਰਾਨ ‘ਚ ਹੋ ਰਹੇ ਮੁਜ਼ਾਹਰਿਆਂ ਕਾਰਨ ਖਾੜੀ ਵਿੱਚ ਤਣਾਅ

ਪਿਛਲੇ ਮਹੀਨੇ ਈਰਾਨ ਦੀ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਉਹ ਆਪਣੇ ਗਰੀਬ ਨਾਗਰਿਕਾਂ ਦੀ ਮਦਦ ਲਈ ਵਾਧੂ ਪੈਸੇ ਬਚਾਉਣ ਲਈ ਪੈਟਰੋਲ ਦੀ ਰਾਸ਼ਨਿੰਗ ਕਰੇਗੀ।। ਸਰਕਾਰ ਦੁਆਰਾ ਕੀਤੇ ਇਸ ਅਚਾਨਕ ਐਲਾਨ ਦੇ ਨਤੀਜੇ ਵਜੋਂ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਅਤੇ ਲੋਕਾਂ ਦੁਆਰਾ ਇਸ ਦਾ ਇੰਨਾ ਤਿੱਖਾ ਵਿਰੋਧ ਕੀਤਾ ਗਿਆ ਕਿ ਇਸ ਵਿਰੋਧ ਪ੍ਰਦਰਸ਼ਨ ਨੇ ਛੇਤੀ ਹੀ ਬਹੁਤ ਸਾਰੇ ਸ਼ਹਿਰਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਗੌਰਤਲਬ ਹੈ ਕਿ ਇਨ੍ਹਾਂ ਮੁਜ਼ਾਹਰਿਆਂ ਨੇ ਸਿਆਸੀ ਰੰਗ ਲੈ ਲਿਆ, ਜਿਸ ਨਾਲ ਸ਼ਾਸਨ ਦੀ ਸਥਿਰਤਾ ਨੂੰ ਵੀ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਰਾਨ ਦੇ ਅਧਿਕਾਰੀਆਂ ਨੇ ਇਸ ਸਾਰੀ ਸਥਿਤੀ ਨੂੰ ਦੇਖਦਿਆਂ ਇਸ ਨੂੰ ਦੇਸ਼-ਨਿਕਾਲਾ ਦਿੱਤੇ ਗਏ ਵਿਰੋਧੀ ਦਲਾਂ ਦੇ ਆਗੂਆਂ ਅਤੇ ਮੁਲਕ ਦੇ ਦੁਸ਼ਮਣਾਂ ਨੂੰ ਇਸ ਸਭ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਹੋਰ ਫੈਲਣ ਤੋਂ ਰੋਕਣ ਲਈ ਇੰਟਰਨੈਟ ਤੇ ਵੀ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦੇ ਚੀਫ ਕਮਾਂਡਰ ਮੁਤਾਬਿਕ ਇਰਾਨ ਦੇ ਵੈਰੀਆਂ ਦਾ ਮਕਸਦ ਇਨ੍ਹਾਂ ਮੁਜ਼ਾਹਰਿਆਂ ਰਾਹੀਂ ਇਸਲਾਮਿਕ ਗਣਰਾਜ ਦੀ ਹੋਂਦ ਨੂੰ ਖ਼ਤਰੇ ਵਿੱਚ ਪਾਉਣਾ ਹੈ।

ਹਾਲਾਂਕਿ ਇਰਾਨ ਨੇ ਇਨ੍ਹਾਂ ਮੁਜ਼ਾਹਰਿਆਂ ਵਿਚ ਮਾਰੇ ਗਏ ਲੋਕਾਂ ਬਾਰੇ ਕੋਈ ਅਧਿਕਾਰਤ ਅੰਕੜੇ ਜਾਰੀ ਨਹੀਂ ਕੀਤੇ ਹਨ, ਪਰ ਐਮਨੈਸਟੀ ਇੰਟਰਨੈਸ਼ਨਲ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਮੁਜ਼ਾਹਰਿਆਂ ਵਿਚ ਘੱਟੋ-ਘੱਟ 208 ਲੋਕਾਂ ਦੀ ਮੌਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਰਾਨ ਦੇ ਇਸ ਮੌਜੂਦਾ ਹਾਲਾਤ ਸਮੇਂ ਤਕਰੀਬਨ 2,000 ਲੋਕ ਜ਼ਖਮੀ ਹੋਏ ਹਨ ਅਤੇ ਲਗਭਗ 7,000 ਮੁਜ਼ਾਹਰਾਕਾਰੀਆਂ ਨੂੰ ਇਰਾਨੀ ਸੁਰੱਖਿਆ ਬਲਾਂ ਨੇ ਹਿਰਾਸਤ ਵਿੱਚ ਲਿਆ ਹੈ।

ਕਾਬਿਲੇਗੌਰ ਹੈ ਕਿ ਇਰਾਨੀ ਮੀਡੀਆ ਨੇ ਵੀ ਬਿਨਾਂ ਕੋਈ ਅੰਕੜਾ ਦੱਸੇ ਸੁਰੱਖਿਆ ਬਲਾਂ ਵੱਲੋਂ ਕੁਝ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਕੀਤੇ ਜਾਣ ਦੀ ਗੱਲ ਕੀਤੀ ਹੈ ਪਰ ਨਾਲ ਹੀ ਉਨ੍ਹਾਂ ਨੂੰ ‘ਹਥਿਆਰਬੰਦ ਅੱਤਵਾਦੀ’ ਕਰਾਰ ਦਿੰਦੇ ਹੋਏ, ਮਾਹੌਲ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਦੇ ਕਾਰਜਾਂ ਦੀ ਤਾਰੀਫ਼ ਵੀ ਕੀਤੀ ਹੈ। ਇਸ ਦੇ ਨਾਲ ਹੀ ਇਰਾਨ ਦੇ ਖੁਫੀਆ ਮੰਤਰਾਲੇ ਨੇ ਕਿਹਾ ਹੈ ਕਿ ਸੀ.ਆਈ.ਏ. ਨਾਲ ਜੁੜੇ ਘੱਟੋ-ਘੱਟ ਅੱਠ ਲੋਕਾਂ ਨੂੰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਤਕਰੀਬਨ ਦੋ ਹਫ਼ਤਿਆਂ ਦੀਆਂ ਹਿੰਸਕ ਝੜਪਾਂ ਤੋਂ ਬਾਅਦ, ਇਸ ਹਫ਼ਤੇ ਇੱਕ ਟੈਲੀਵਿਜ਼ਨ ਭਾਸ਼ਣ ਵਿੱਚ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਰਿਹਾਅ ਕਰਨ ਦੀ ਗੱਲ ਕੀਤੀ ਹੈ, ਜਿਨ੍ਹਾਂ ਨੂੰ ਇਸ ਅਣਸੁਖਾਵੇਂ ਮਾਹੌਲ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਗੌਰਤਲਬ ਹੈ ਕਿ ਇਰਾਨ ਵਿੱਚ ਅਸ਼ਾਂਤੀ ਅਜਿਹੇ ਸਮੇਂ ਵਾਪਰੀ ਹੈ ਜਦੋਂ ਇਰਾਨ ਉੱਤੇ ਅਮਰੀਕਾ ਨੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਸਨ। ਧਿਆਨਯੋਗ ਹੈ ਕਿ ਪਿਛਲੇ ਸਾਲ ਇਰਾਨ ਅਤੇ ਛੇ ਵਿਸ਼ਵ ਸ਼ਕਤੀਆਂ ਦੀ ਸਹਿਮਤੀ ਵਾਲੇ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੇ ਆਪਣੇ ਆਪ ਨੂੰ ਲਾਂਭੇ ਕਰ ਲਿਆ ਸੀ। ਅਮਰੀਕਾ ਦੀਆਂ ਪਾਬੰਦੀਆਂ ਕਾਰਨ ਇਰਾਨ ਨੂੰ ਆਪਣੇ ਤੇਲ ਅਤੇ ਗੈਸ ਦੇ ਨਿਰਯਾਤ ਵਿਚ ਭਾਰੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਸ ਨਾਲ ਉਸ ਦਾ ਤੇਲ ਅਧਾਰਿਤ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਸਾਰੀ ਸਥਿਤੀ ਦਾ ਇਰਾਨੀ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਤੇ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ। ਇਰਾਨੀ ਸ਼ਾਸਨ ਨੇ ਈਰਾਨ ਦੇ ਲੋਕਾਂ ਦੀ ਅਜਿਹੀ ਦੁਰਦੁਸ਼ਾ ਲਈ ਪੂਰੀ ਤਰ੍ਹਾਂ ਆਪਣੇ ਵਿਦੇਸ਼ੀ ਦੁਸ਼ਮਣਾਂ ਨੂੰ ਜ਼ਿੰਮੇਵਾਰ ਮੰਨਿਆ ਹੈ।

ਹਾਲਾਂਕਿ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸ਼ੁਰੂ ਹੋਇਆ ਈਰਾਨ ਵਿਚਲਾ ਮੌਜੂਦਾ ਵਿਰੋਧ ਪ੍ਰਦਰਸ਼ਨ, ਇਰਾਨ ਅਤੇ ਅਮਰੀਕਾ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਦਾ ਹੀ ਨਤੀਜਾ ਹੈ। ਇਰਾਨ ਦਾ ਕਹਿਣਾ ਹੈ ਕਿ ਜੇ ਅਮਰੀਕਾ ਪਾਬੰਦੀਆਂ ਹਟਾਉਂਦਾ ਹੈ ਤਾਂ ਮੌਜੂਦਾ ਸੰਕਟ ਨੂੰ ਖ਼ਤਮ ਕਰਨ ਲਈ ਗੱਲਬਾਤ ਵਿਚ ਸ਼ਾਮਿਲ ਹੋਣ ਲਈ ਤਿਆਰ ਹੈ। ਹਾਲਾਂਕਿ ਅਮਰੀਕਾ ਜ਼ੋਰ ਦੇ ਕੇ ਕਹਿੰਦਾ ਹੈ ਕਿ ਉਹ ਸਿਰਫ ਉਦੋਂ ਹੀ ਪਾਬੰਦੀਆਂ ਹਟਾਵੇਗਾ ਜਦੋਂ ਇਰਾਨ ਆਪਣੇ ਪਰਮਾਣੂ ਪ੍ਰੋਗਰਾਮ ਅਤੇ ਮਿਜ਼ਾਈਲ ਪ੍ਰੋਗਰਾਮ ਨੂੰ ਰੋਕਦਾ ਹੈ। ਇਸ ਸਥਿਤੀ ਨੇ ਇਰਾਨ ਅਤੇ ਅਮਰੀਕਾ ਦਰਮਿਆਨ ਇਸ ਤਰ੍ਹਾਂ ਦੀਆਂ ਦਿੱਕਤਾਂ ਪੈਦਾ ਕਰ ਦਿੱਤੀਆਂ ਹਨ ਜਿਨ੍ਹਾਂ ਦਾ ਹੱਲ ਕਰਨਾ ਮੁਸ਼ਕਿਲ ਜਾਪਦਾ ਹੈ ਅਤੇ ਇਹ ਸਾਰੀ ਸਥਿਤੀ ਫਾਰਸ ਦੇ ਖਾੜੀ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਸੰਭਾਵਿਤ ਤੌਰ ਤੇ ਨੁਕਸਾਨਦੇਹ ਹੈ।

ਕਾਬਿਲੇਗੌਰ ਹੈ ਕਿ ਇੱਕ ਅਸਥਿਰ ਇਰਾਨ ਕਿਸੇ ਦੇ ਹਿੱਤ ਵਿੱਚ ਨਹੀਂ ਹੈ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਰਾਨ ਦੇ ਸੂਬਿਆਂ ਜਿਵੇਂ ਖੁਜ਼ਸਤਾਨ, ਸਿਸਤਾਨ ਅਤੇ ਬਲੋਚਿਸਤਾਨ ਅਤੇ ਕੁਰਦਿਸਤਾਨ, ਜੋ ਨਸਲੀ ਘੱਟ ਗਿਣਤੀਆਂ ਦੀ ਆਬਾਦੀ ਵਾਲੇ ਹਨ, ਵਿੱਚ ਪ੍ਰਦਰਸ਼ਨਕਾਰੀਆਂ ਦਾ ਸੰਭਾਵਿਤ ਦਮਨ, ਹਿੰਸਾ ਨੂੰ ਹੋਰ ਭੜਕਾ ਸਕਦਾ ਹੈ। ਇਹ ਵੀ ਖ਼ਦਸ਼ਾ ਹੈ ਕਿ ਆਪਣੀ ਤਾਕਤ ਨੂੰ ਪ੍ਰਦਰਸ਼ਿਤ ਕਰਨ ਲਈ, ਇਰਾਨ ਦੀ ਮੌਲਵੀਆਂ ਵਾਲੀ ਵਿਵਸਥਾ ਆਪਣੇ ਅੰਦਰੂਨੀ ਅਤੇ ਬਾਹਰੀ ਵਿਰੋਧੀਆਂ ਤੇ ਠੱਲ੍ਹ ਪਾਉਣ ਲਈ ਆਪਣੀਆਂ ਬੇਮਿਸਾਲ ਦਮਨਕਾਰੀ ਸ਼ਕਤੀਆਂ ਦੀ ਵਰਤੋਂ ਕਰ ਸਕਦੀ ਹੈ।

ਇੱਕ ਅਸ਼ਾਂਤ ਇਰਾਨ ਜਾਂ ਖਾੜੀ ਖੇਤਰ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਖਰਾਬੀ ਭਾਰਤ ਦੇ ਹਿੱਤ ਵਿੱਚ ਨਹੀਂ ਹੈ। ਭਾਰਤ ਦੇ ਇਰਾਨ ਸਮੇਤ ਬਾਕੀ ਦੇ ਖਾੜੀ ਮੁਲਕਾਂ ਨਾਲ ਚੰਗੇ ਸੰਬੰਧ ਹਨ। ਭਾਰਤ ਰਵਾਇਤੀ ਤੌਰ ਤੇ ਇਨ੍ਹਾਂ ਮੁਲਕਾਂ ਤੋਂ ਤੇਲ ਦੀ ਖਰੀਦ ਕਰਦਾ ਰਿਹਾ ਹੈ। ਭਾਰਤ, ਇਰਾਨ ਵਿਚ ਚਾਬਹਾਰ ਬੰਦਰਗਾਹ ਦਾ ਵਿਕਾਸ ਵੀ ਕਰ ਰਿਹਾ ਹੈ ਅਤੇ ਇਸ ਖਿੱਤੇ ਦੀ ਅਸ਼ਾਂਤੀ ਅਜਿਹੇ ਨਿਵੇਸ਼ਾਂ ਤੇ ਪ੍ਰਤੀਕੂਲ ਪ੍ਰਭਾਵ ਪਾ ਸਕਦੀ ਹੈ।

ਸਕ੍ਰਿਪਟ: ਡਾ. ਆਸਿਫ਼ ਸ਼ੂਜਾ, ਇਰਾਨ ਮਾਮਲਿਆਂ ਦੇ ਮਾਹਿਰ