ਲੰਦਨ ਵਿਖੇ ਹਮਲਾ ਕਰਨ ਵਾਲੇ ਦੇ ਤਾਰ ਪਾਕਿਸਤਾਨ ਨਾਲ ਜੁੜੇ

ਪਿਛਲੇ ਹਫ਼ਤੇ ਲੰਦਨ ਦੇ ਮਸ਼ਹੂਰ ਲੰਦਨ ਬ੍ਰਿਜ ‘ਤੇ ਦੋ ਲੋਕਾਂ ਦੀ ਹੱਤਿਆ ਕਰਨ ਅਤੇ ਤਿੰਨ ਹੋਰਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਵਾਲੇ 28 ਸਾਲਾ ਵਿਅਕਤੀ ਨੂੰ ਲੰਦਨ ਪੁਲਿਸ ਨੇ ਮਾਰ ਦਿੱਤਾ ਸੀ, ਪਰ ਉਸ ਦਾ ਪਿਛੋਕੜ ਹੈਰਾਨ ਕਰਨ ਵਾਲਾ ਹੈ। ਉਹ ਇਕ ਬ੍ਰਿਟਿਸ਼ ਨਾਗਰਿਕ ਸੀ ਪਰ ਪਾਕਿਸਤਾਨੀ ਮੂਲ ਦਾ ਸੀ। ਉਸ ਦੇ ਚਚੇਰੇ ਭਰਾ ਦੇ ਕੁਝ ਰਿਸ਼ਤੇਦਾਰ ਪਾਕਿਸਤਾਨ ਵਿਚ ਰਹਿੰਦੇ ਸਨ। ਲੰਦਨ ਪੁਲਿਸ ਅਤੇ ਹੋਰ ਸਰੋਤਾਂ ਤੋਂ ਜੋ ਨੁਕਤੇ ਨਿਕਲ ਕੇ ਸਾਹਮਣੇ ਆਏ ਹਨ ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ ਕਿ ਜਿਹਾਦ ਅਤੇ ਸ਼ਹਾਦਤ ਵਰਗੇ ਸ਼ਬਦ ਉਸ ਦੀ ਸੋਚ ਦਾ ਹਿੱਸਾ ਬਣ ਗਏ ਸਨ। ਇੱਕ ਤਰੀਕੇ ਨਾਲ ਉਸ ਦਾ ਬ੍ਰੇਨ-ਵਾਸ਼ ਕੀਤਾ ਗਿਆ ਸੀ ਜਿਵੇਂ ਉਹ ਜਮਾਂਦਰੂ ਕੋਈ ਅੱਤਵਾਦੀ ਹੋਵੇ। 2012 ਵਿਚ ਉਸ ਨੂੰ ਲੰਦਨ ਦੀ ਇਕ ਅਦਾਲਤ ਨੇ ਸਜ਼ਾ ਵੀ ਸੁਣਾਈ ਸੀ ਤੇ ਉਸ ਨੇ ਕਈ ਸਾਲ ਜੇਲ੍ਹ ਵਿਚ ਕੱਟੇ। ਉਸ ਦਾ ਨਾਂ ਉਸਮਾਨ ਖਾਨ ਸੀ। ਅਦਾਲਤ ਨੇ ਉਸ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਦਾ ਕਾਰਨ ਇਹ ਸੀ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੈਸਟਮਿੰਸਟਰ ਵਿੱਚ ਲੰਦਨ ਸਟਾਕ ਐਕਸਚੇਂਜ ਅਤੇ ਸੰਸਦ ਕੰਪਲੈਕਸ ਨੂੰ ਉਡਾਉਣ ਦੀ ਯੋਜਨਾ ਬਣਾਈ ਸੀ। ਉਸ ਨੇ ਉਸੇ ਤਰ੍ਹਾਂ ਹਮਲਾ ਕਰਨ ਦਾ ਫੈਸਲਾ ਕੀਤਾ ਸੀ ਜਿਵੇਂ 26/11 ਨੂੰ ਮੁੰਬਈ ਵਿਚ ਲਸ਼ਕਰ-ਏ-ਤੋਇਬਾ ਨੇ ਹਮਲਾ ਕੀਤਾ ਸੀ। 2018 ਵਿੱਚ ਉਸ ਨੂੰ ਕੁਝ ਸ਼ਰਤਾਂ ਤੇ ਰਿਹਾਅ ਕੀਤਾ ਗਿਆ ਸੀ ਤੇ ਹੁਣ ਉਸ ਦਾ ਇਹ ਕਾਰਨਾਮਾ ਸਾਹਮਣੇ ਆਇਆ ਹੈ।

ਸਜ਼ਾ ਸੁਣਾਉਂਦੇ ਹੋਇਆਂ ਜੱਜ ਨੇ ਕਿਹਾ ਸੀ ਕਿ ਉਨ੍ਹਾਂ ਦੀ ਗੱਲਬਾਤ ਇਹ ਦਰਸਾਉਂਦੀ ਹੈ ਕਿ ਉਨ੍ਹਾਂ ਦੇ ਇਰਾਦੇ ਕਿੰਨੇ ਖੌਫ਼ਨਾਕ ਹਨ, ਉਨ੍ਹਾਂ ਦੀ ਮਦਰੱਸਾ ਸਥਾਪਤ ਕਰਨ ਦੀਆਂ ਯੋਜਨਾਵਾਂ ਅਤੇ ਅੱਤਵਾਦ ਪ੍ਰਤੀ ਉਨ੍ਹਾਂ ਦਾ ਰਵੱਈਆ ਬੇਹੱਦ ਚਿੰਤਾਜਨਕ ਸੀ। ਆਪਣੇ ਸਾਥੀਆਂ ਨਾਲ ਉਸ ਨੇ ਲੰਮੇ ਸਮੇਂ ਦੀਆਂ ਕਈ ਯੋਜਨਾਵਾਂ ਬਣਾਈਆਂ ਸਨ ਜਿਨ੍ਹਾਂ ਦੀ ਸੂਹ ਖੁਫੀਆ ਏਜੰਸੀਆਂ ਨੂੰ ਲੱਗ ਗਈ ਸੀ। ਇਕ ਯੋਜਨਾ ਸੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਇਕ ਮਦਰੱਸਾ ਸਥਾਪਤ ਕੀਤਾ ਜਾਵੇ ਅਤੇ ਉਥੇ ਅੱਤਵਾਦ ਦੀ ਸਿਖਲਾਈ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣ। ਉਹ ਧੋਖਾਧੜੀ ਅਤੇ ਹੋਰ ਗੈਰ-ਕਾਨੂੰਨੀ ਢੰਗ ਨਾਲ ਪੈਸੇ ਇਕੱਠੇ ਕਰਨਾ ਚਾਹੁੰਦੇ ਸਨ। ਉਸ ਦੀ ਯੋਜਨਾ ਭਾਰਤ ਵਿਚ ਜੰਮੂ-ਕਸ਼ਮੀਰ ਉੱਤੇ ਹਮਲਾ ਕਰਨਾ ਤੇ ਉਥੇ ਖੂਨ-ਖ਼ਰਾਬੇ ਕਰਨਾ ਸੀ। ਇਸ ਸਿਖਲਾਈ ਕੇਂਦਰ ਵਿਚ ਉਹ ਬ੍ਰਿਟਿਸ਼ ਮੁਸਲਮਾਨਾਂ ਨੂੰ ਲਿਜਾਉਣਾ ਚਾਹੁੰਦਾ ਸੀ ਤੇ ਉਥੇ ਰਹਿੰਦਿਆਂ, ਸਿੱਧੇ ਤੌਰ ‘ਤੇ ਅੱਤਵਾਦੀ ਹਮਲਿਆਂ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਸੀ। ਜਾਂਚ ਏਜੰਸੀਆਂ ਦੁਆਰਾ ਕੀਤੇ ਗਏ ਖੁਲਾਸਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਸਮਾਨ ਖਾਨ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚ ਇਕ ਮਦਰੱਸਾ ਅਤੇ ਸਿਖਲਾਈ ਕੈਂਪ ਸਥਾਪਿਤ ਕਰਨਾ ਚਾਹੁੰਦਾ ਸੀ। ਇਸ ਕੈਂਪ ਤੋਂ ਹੀ ਉਹ ਅਤੇ ਉਸ ਦਾ ਸਮੂਹ ਜੰਮੂ-ਕਸ਼ਮੀਰ ਉੱਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। 2018 ਵਿਚ ਉਸ ਨੂੰ ਕੁਝ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਸੀ, ਪਰ ਉਹ ਆਪਣੀ ਜਿਹਾਦੀ ਮਾਨਸਿਕਤਾ ਤੋਂ ਖਹਿੜਾ ਨਾ ਛੁਡਾ ਸਕਿਆ। ਲੰਦਨ ਬ੍ਰਿਜ ‘ਤੇ ਹਮਲਾ ਕਰਨਾ ਉਸ ਦੇ ਅਜਿਹੇ ਹੀ ਜਨੂੰਨ ਦਾ ਪ੍ਰਗਟਾਵਾ ਸੀ।

ਇਸ ਦੌਰਾਨ ਪਾਕਿਸਤਾਨ ਦੇ ਇਕ ਅਤਿਵਾਦੀ ਸਮੂਹ ਨੇ ਵੀ ਉਸਮਾਨ ਖ਼ਾਨ ਦੀ ਪਛਾਣ ਦੇ ਖੁਲਾਸੇ ’ਤੇ ਇਤਰਾਜ਼ ਜਤਾਇਆ ਸੀ। ਉਹ ਜ਼ਾਹਿਰ ਤੌਰ ‘ਤੇ ਪਾਕਿਸਤਾਨੀ ਮੂਲ ਦਾ ਬ੍ਰਿਟਿਸ਼ ਨਾਗਰਿਕ ਸੀ, ਇਸ ਲਈ ਖ਼ਬਰਾਂ ਅਤੇ ਰਿਪੋਰਟਾਂ ਵਿਚ ਦੱਸਿਆ ਗਿਆ ਕਿ ਉਹ ਇਕ ਬ੍ਰਿਟਿਸ਼ ਨਾਗਰਿਕ ਹੈ ਪਰ ਉਸ ਦਾ ਪਰਿਵਾਰ ਪਾਕਿਸਤਾਨ ਤੋਂ ਚਲਾ ਗਿਆ ਸੀ। ਪਾਕਿਸਤਾਨ ਦੇ ਮੁੱਖ ਅਖਬਾਰ ਡਾਨ ਨੇ ਵੀ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਲੰਦਨ ਬ੍ਰਿਜ ‘ਤੇ ਹਮਲਾ ਕਰਨ ਵਾਲਾ ਅੱਤਵਾਦੀ, ਪਾਕਿਸਤਾਨੀ ਮੂਲ ਦਾ ਬ੍ਰਿਟਿਸ਼ ਨਾਗਰਿਕ ਸੀ, ਇਸ ਮੁੱਦੇ ਨੂੰ ਲੈ ਕੇ ਅਖ਼ਬਾਰ ਦੇ ਦਫ਼ਤਰ ‘ਤੇ ਹਮਲਾ ਵੀ ਕੀਤਾ ਗਿਆ ਸੀ। ਅਖ਼ਬਾਰ ਦੇ ਕਈ ਕਰਮਚਾਰੀਆਂ ਅਤੇ ਪੱਤਰਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਕਾਬਿਲੇਗੌਰ ਹੈ ਕਿ ਜਿਹੜੇ ਲੋਕ ਆਰਥਿਕ ਖੁਸ਼ਹਾਲੀ ਜਾਂ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਪੱਛਮੀ ਦੇਸ਼ਾਂ ਵਿਚ ਜਾਂਦੇ ਹਨ, ਉਨ੍ਹਾਂ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਮੁਤਾਬਿਕ ਆਜ਼ਾਦ ਜੀਵਨ ਜਿਊਣ ਦੀ ਸਹੂਲਤ ਦਿੱਤੀ ਜਾਂਦੀ ਹੈ। ਪਾਕਿਸਤਾਨ ਤੋਂ ਵੱਡੀ ਗਿਣਤੀ ਵਿਚ ਪਰਵਾਸੀ ਇੱਥੇ ਆਏ ਹਨ। ਬਹੁਤ ਸਾਰੇ ਅਜਿਹੇ ਪਰਵਾਸੀ ਹਨ ਜਿਨ੍ਹਾਂ ਨੇ ਲੋਕਤੰਤਰ ਦਾ ਬਹੁਤ ਫਾਇਦਾ ਚੁੱਕਿਆ ਹੈ। ਪਰ ਇਸਦੇ ਨਾਲ ਹੀ ਉਨ੍ਹਾਂ ਦੀ ਜਿਹਾਦੀ ਮਾਨਸਿਕਤਾ ਵਿੱਚ ਵੀ ਵਾਧਾ ਹੋਇਆ ਹੈ ਅਤੇ ਉਹ ਉਸ ਦੇਸ਼ ਦੇ ਹਿੱਤਾਂ ਦੇ ਵਿਰੁੱਧ ਹੀ ਅਜਿਹੀਆਂ ਕਾਰਵਾਈਆਂ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਹੈ। ਗੌਰਤਲਬ ਹੈ ਕਿ ਉਸਮਾਨ ਖਾਨ ਇਨ੍ਹਾਂ ਵਿੱਚੋਂ ਹੀ ਇੱਕ ਸੀ। ਬ੍ਰਿਟੇਨ ਅਤੇ ਹੋਰ ਪੱਛਮੀ ਦੇਸ਼ਾਂ ਵਿਚ ਪਾਕਿਸਤਾਨ ਇਹ ਪ੍ਰਚਾਰ ਕਰਦਾ ਹੈ ਕਿ ਭਾਰਤ ਵਿਚ ਅੱਤਵਾਦੀ ਘਟਨਾਵਾਂ ਦਾ ਇਕ ਕਾਰਨ ਇਹ ਹੈ ਕਿ ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਜੇ ਪਾਕਿਸਤਾਨ ਦੀ ਇਸ ਦਲੀਲ ਨੂੰ ਮੰਨ ਲਿਆ ਜਾਂਦਾ ਹੈ ਤਾਂ ਸਵਾਲ ਇਹ ਉੱਠਦਾ ਹੈ ਕਿ ਤਹਿਰੀਕ-ਏ-ਤਾਲਿਬਾਨ, ਲਸ਼ਕਰ-ਏ-ਝਾਂਗਵੀ, ਸਿਪਾਹ-ਏ-ਸਹਾਬਾ ਵਰਗੇ ਅੱਤਵਾਦੀ ਗੁੱਟਾਂ ਨੂੰ ਕੌਣ ਜਾਇਜ਼ ਠਹਿਰਾਵੇਗਾ? ਪੱਛਮੀ ਦੇਸ਼ਾਂ ਵਿੱਚ ਹੋਣ ਵਾਲੇ ਹਮਲਿਆਂ ਵਿੱਚ ਅਕਸਰ ਉਹ ਲੋਕ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਦਾ ਕਿਸੇ ਨਾ ਕਿਸੇ ਪੱਧਰ ‘ਤੇ ਪਾਕਿਸਤਾਨ ਨਾਲ ਨਾਤਾ ਹੁੰਦਾ ਹੈ। ਇਸ ਤੱਥ ਤੋਂ ਮੂੰਹ ਮੋੜਨਾ ਨਾ-ਮੁਮਕਿਨ ਹੈ। ਲੰਦਨ ਬ੍ਰਿਜ ਉੱਤੇ ਹੋਏ ਇਸ ਤਾਜ਼ਾ ਹਮਲੇ ਨੇ ਇੱਕ ਵਾਰ ਫਿਰ ਇਸ ਤੱਥ ਦੀ ਪੁਸ਼ਟੀ ਕੀਤੀ ਹੈ।