ਸਵੀਡਨ ਦੇ ਸ਼ਾਹੀ ਜੋੜੇ ਦੀ ਭਾਰਤ ਯਾਤਰਾ

ਸਵੀਡਨ ਦੇ ਸ਼ਾਹੀ ਜੋੜੇ ਕਿੰਗ ਕਾਰਲ ਸੋਲ੍ਹਵੇਂ ਗੁਸਤਾਫ ਅਤੇ ਰਾਣੀ ਸਿਲਵੀਆ ਪੰਜ ਦਿਨਾਂ ਭਾਰਤ ਦੌਰੇ ‘ਤੇ ਸਨ। ਇਸ ਯਾਤਰਾ ਦੌਰਾਨ ਸਵੀਡਨ ਦੇ ਵਿਦੇਸ਼ ਮੰਤਰੀ ਐਨ ਲਿੰਡੇ ਅਤੇ ਵਪਾਰ ਮੰਤਰੀ ਇਬਰਾਹਿਮ ਬੇਲਾਨ ਵੀ ਉਨ੍ਹਾਂ ਦੇ ਨਾਲ ਸਨ। 50 ਦੇ ਕਰੀਬ ਸਵੀਡਿਸ਼ ਕੰਪਨੀਆਂ ਅਤੇ ਸਟਾਰਟ-ਅਪਸ ਦੇ ਨੁਮਾਇੰਦੇ ਵੀ ਇਸ ਉੱਚ ਪੱਧਰੀ ਟੀਮ ਦੇ ਨਾਲ ਸਨ। 1993 ਅਤੇ 2005 ਦੇ ਬਾਅਦ ਸਵੀਡਿਸ਼ ਕਿੰਗ ਦਾ ਇਹ ਭਾਰਤ ਦਾ ਤੀਜਾ ਦੌਰਾ ਸੀ। ਗੌਰਤਲਬ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਾਲ 2015 ਵਿਚ ਸਵੀਡਨ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਚੌਥਾ ਉੱਚ ਪੱਧਰੀ ਰਾਜਨੀਤਕ ਅਦਾਨ-ਪ੍ਰਦਾਨ ਸੀ। ਸਾਲਾਂ ਤੋਂ ਉੱਚ ਪੱਧਰੀ ਗੱਲਬਾਤ ਦੇ ਚਲਦਿਆਂ ਭਾਰਤ-ਸਵੀਡਨ ਸੰਬੰਧਾਂ ਨੂੰ ਇਕ ਨਵੀਂਆਂ ਸਿਖਰਾਂ ‘ਤੇ ਲਿਜਾਉਣ ਵਿਚ ਕਾਫੀ ਮਦਦ ਮਿਲੀ ਹੈ।

ਕਿੰਗ ਗੁਸਤਾਫ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ‘ਇਨੋਵੇਸ਼ਨ ਪਾਲਿਸੀ ਤੇ ਭਾਰਤ-ਸਵੀਡਨ ਉੱਚ-ਪੱਧਰੀ ਨੀਤੀ ਸੰਵਾਦ’ ਦਾ ਉਦਘਾਟਨ ਕੀਤਾ। ਸੰਵਾਦ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੇ ਟਿਕਾਊ ਵਿਕਾਸ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਨੂੰ ਘਟਾਉਣ ਲਈ ਕਿਫਾਇਤੀ, ਸਕੇਲੇਬਲ ਤਕਨਾਲੋਜੀਆਂ ਦੀ ਭਾਲ ਲਈ ਭਵਿੱਖ ਵਿੱਚ ਆਪਸੀ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਵੀਡਿਸ਼ ਕਿੰਗ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਵੀ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਤਿੰਨ ਸਮਝੌਤਿਆਂ ‘ਤੇ ਹਸਤਾਖਰ ਵੀ ਕੀਤੇ। ਭਾਰਤ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਸਵੀਡਿਸ਼ ਐਨਰਜੀ ਏਜੰਸੀ ਵਿਚਕਾਰ ਵੀ ਅਹਿਮ ਸਮਝੌਤੇ ਨੂੰ ਸਹੀਬੱਧ ਕੀਤਾ ਗਿਆ। ਇਸ ਦੇ ਨਾਲ ਹੀ ਧਰੁਵੀ ਵਿਗਿਆਨ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਸਵੀਡਨ ਦੇ ਸਿੱਖਿਆ ਅਤੇ ਖੋਜ ਮੰਤਰਾਲਾ ਅਤੇ ਭਾਰਤ ਦੇ ਪ੍ਰਿਥਵੀ ਵਿਗਿਆਨ ਮੰਤਰਾਲੇ ਦਰਮਿਆਨ ਵੀ ਸਮਝੌਤੇ ਤੇ ਹਸਤਾਖਰ ਕੀਤੇ ਗਏ। ਤੀਜਾ ਸਮਝੌਤਾ ਸਮੁੰਦਰੀ ਵਾਤਾਵਰਣ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ। ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ.ਐਸ.ਟੀ.), ਭਾਰਤ ਅਤੇ ਸਵੀਡਿਸ਼ ਰਿਸਰਚ ਕਾਊਂਸਿਲ ਇੰਡੋ-ਸਵੀਡਿਸ਼ ਸਾਂਝੇ ਨੈਟਵਰਕ ਗ੍ਰਾਂਟ ਐਵਾਰਡਾਂ ਤਹਿਤ ਕੰਪਿਊਟਰ ਸਾਇੰਸ ਅਤੇ ਸਾਮੱਗਰੀ ਵਿਗਿਆਨ ਦੇ ਖੇਤਰ ਵਿਚ 20 ਦੁ-ਪੱਖੀ ਪ੍ਰੋਜੈਕਟਾਂ ਲਈ ਫੰਡ ਪ੍ਰਦਾਨ ਕਰੇਗੀ।

ਸਵੀਡਿਸ਼ ਰਿਸਰਚ ਕਾਊਂਸਿਲ ਇਸ ਪ੍ਰੋਗਰਾਮ ਲਈ 2 ਸਾਲਾਂ ਲਈ 14 ਮਿਲੀਅਨ ਐਸ.ਈ.ਕੇ. ਦਾ ਫੰਡ ਦੇਵੇਗੀ। ਦੋਵਾਂ ਦੇਸ਼ਾਂ ਨੇ ਕੇ.ਟੀ.ਐਚ. ਰਾਇਲ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਆਈ.ਆਈ.ਟੀ. ਮਦਰਾਸ ਵਿਚਕਾਰ ‘ਜੁਆਇੰਟ ਸੈਂਟਰ ਆਫ ਐਕਸੀਲੈਂਸ ਇਨ ਇਨੋਵੇਸ਼ਨ ਐਂਡ ਐਂਟਰਪ੍ਰਨਿਓਰਸ਼ਿਪ’ ਸਥਾਪਿਤ ਕਰਨ ਦਾ ਐਲਾਨ ਕੀਤਾ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਵੀ ਸਵੀਡਨ ਦੇ ਸ਼ਾਹੀ ਜੋੜੇ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸੰਬੰਧਾਂ ਨੂੰ ਵਧਾਉਣ ਦੇ ਤਰੀਕਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਸਮਾਰਟ ਗ੍ਰਿਡ ਦੇ ਖੇਤਰ ਵਿਚ ਇੰਡੀਆ-ਸਵੀਡਿਸ਼ ਸਹਿਯੋਗਾਤਮਕ ਉਦਯੋਗਿਕ ਖੋਜ ਵਿਕਾਸ ਪ੍ਰੋਗਰਾਮ ਅਤੇ ਡਿਜੀਟਲ ਸਿਹਤ ਦੇ ਖੇਤਰ ਵਿਚ ‘ਜੁਆਇੰਟ ਕਾਲ’ ਦਾ ਐਲਾਨ 2020 ਵਿਚ ਸੰਯੁਕਤ ਪ੍ਰਸਤਾਵਾਂ ਦੇ ਤਹਿਤ ਕੀਤਾ ਜਾਵੇਗਾ। ਸਵੀਡਿਸ਼ ਕਿੰਗ ਨੇ ਭਾਰਤ-ਸਵੀਡਨ ਸੰਵਾਦ ਦੇ ਤਹਿਤ ਭਾਰਤ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੈ ਰਾਘਵਨ ਨਾਲ ਵੀ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਸਰਕੁਲਰ ਅਰਥਚਾਰੇ ਦੇ ਮਾਧਿਅਮ ਨਾਲ ਕਾਰਬਨ ਉਤਸਰਜਨ ਨੂੰ ਘੱਟ ਕਰਨ ਅਤੇ ਹਵਾ ਪ੍ਰਦੂਸ਼ਣ ਨਾਲ ਨਿਪਟਣ ਵਰਗੇ ਮੁੱਦਿਆਂ ਤੇ ਚਰਚਾ ਕੀਤੀ ਗਈ। ਕਾਬਿਲੇਗੌਰ ਹੈ ਕਿ ਸਵੀਡਨ ਦੇ ਸ਼ਾਹੀ ਜੋੜੇ ਨੇ ਸਟਾਕਹੋਮ ਰਵਾਨਾ ਹੋਣ ਤੋਂ ਪਹਿਲਾਂ ਉੱਤਰਾਖੰਡ ਅਤੇ ਮੁੰਬਈ ਦਾ ਦੌਰਾ ਵੀ ਕੀਤਾ ਸੀ।

ਆਰਥਿਕ ਮੋਰਚੇ ‘ਤੇ ਦੇਖੀਏ ਤਾਂ ਇਹ ਜ਼ਿਕਰਯੋਗ ਹੈ ਕਿ ਭਾਰਤ ਸਵੀਡਨ ਦਾ 19ਵਾਂ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ ਅਤੇ ਏਸ਼ੀਆ ਵਿਚ ਚੀਨ ਅਤੇ ਜਾਪਾਨ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਦੁ-ਪੱਖੀ ਵਪਾਰ ਦੀ ਵਾਧਾ ਦਰ 2009-10 ਵਿਚ 2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ 2014-15 ਵਿਚ 2.4 ਬਿਲੀਅਨ ਅਮਰੀਕੀ ਡਾਲਰ ਹੋ ਗਈ ਹੈ। ਹਾਲਾਂਕਿ, ਇਹ 5 ਬਿਲੀਅਨ ਡਾਲਰ ਦੇ ਟੀਚੇ ਤੱਕ ਨਹੀਂ ਪਹੁੰਚ ਸਕਿਆ ਹੈ ਜੋ ਕਿ 2018 ਤੱਕ ਪ੍ਰਾਪਤ ਕੀਤਾ ਜਾਣਾ ਸੀ। ਇਸ ਪ੍ਰਸੰਗ ਵਿੱਚ ਇੱਕ ਸਕਾਰਾਤਮਕ ਸੰਕੇਤ ਇਹ ਹੈ ਕਿ ਸਵੀਡਿਸ਼ ਨਿਵੇਸ਼ਾਂ ਵਿੱਚ ਵਾਧਾ ਹੋਇਆ ਹੈ। ਗੌਰਤਲਬ ਹੈ ਕਿ ਆਜ਼ਾਦੀ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਕਈ ਸਵੀਡਿਸ਼ ਕੰਪਨੀਆਂ ਭਾਰਤ ਆ ਗਈਆਂ ਸਨ। ਐਰਿਕਸਨ, ਸਵੀਡਿਸ਼ ਮੈਚ (ਵਿਮਕੋ) ਅਤੇ ਐਸ.ਕੇ.ਐਫ. 1920 ਦੇ ਦਹਾਕੇ ਤੋਂ ਹੀ ਭਾਰਤ ਵਿੱਚ ਹਨ। ਐਟਲਸ ਕੋਪਕੋ, ਸੈਂਡਵਿਕ, ਅਲਫਾ ਲਵਲ, ਵੋਲਵੋ, ਐਸਟਰਾ ਜ਼ੇਨੇਕਾ ਆਦਿ ਕੰਪਨੀਆਂ ਨੇ ਵੀ ਆਪਣੀ ਮੌਜੂਦਗੀ ਭਾਰਤ ਵਿਚ ਦਰਜ ਕਰਵਾਈ ਹੈ। ਇਸ ਸਮੇਂ ਆਈ.ਟੀ. ਕੰਪਨੀਆਂ ਸਮੇਤ ਲਗਭਗ 70 ਭਾਰਤੀ ਕੰਪਨੀਆਂ ਸਵੀਡਨ ਵਿੱਚ ਮੌਜੂਦ ਹਨ।

ਭਾਰਤ ਅਤੇ ਸਵੀਡਨ ਦੋਵੇਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਨ ਅਤੇ ਆਪਸੀ ਹਿੱਤ ਦੇ ਖੇਤਰਾਂ ਵਿਚ ਅੱਗੇ ਵਧਣ ਲਈ ਵਚਨਬੱਧ ਹਨ। ਸਵੀਡਨ ਅਤੇ ਭਾਰਤ ਵਿਚਾਲੇ ਆਪਸੀ ਹਿੱਤ ਅਤੇ ਲਾਭਾਂ ਤੇ ਆਧਾਰਿਤ ਮਜ਼ਬੂਤ ਸੰਬੰਧਾਂ ਦੀਆਂ ਅਪਾਰ ਸੰਭਾਵਨਾਵਾਂ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਸਵੀਡਨ ਦਰਮਿਆਨ ਆਰਥਿਕ ਅਤੇ ਰਾਜਨੀਤਕ ਸੰਪਰਕਾਂ ਵਿੱਚ ਵਾਧਾ ਹੋਇਆ ਹੈ। ਮੌਜੂਦਾ ਸਮੇਂ ਵਿੱਚ ਜਲਵਾਯੂ ਤਬਦੀਲੀ ਅਤੇ ਹੋਰਨਾਂ ਵਿਸ਼ਵੀ ਸਥਿਤੀਆਂ ਦੇ ਸੰਦਰਭ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਪੁਲਾੜ ਤਕਨਾਲੋਜੀ, ਸਮਰੱਥਾ ਨਿਰਮਾਣ, ਨਿਵੇਸ਼ ਅਤੇ ਉਪਕਰਣ, ਸਾਈਬਰ ਸੁਰੱਖਿਆ ਅਤੇ ਡਿਜੀਟਲ ਸਹਿਯੋਗ, ਖੇਤੀਬਾੜੀ ਅਤੇ ਜੈਵ-ਈਂਧਣ ਵਰਗੇ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਕਰਨ ਦੀ ਹੈ। ਇਸ ਸਭ ਦੇ ਮੱਦੇਨਜ਼ਰ ਸਵੀਡਨ ਦੇ ਸ਼ਾਹੀ ਜੋੜੇ ਦੀ ਇਸ ਉੱਚ ਪੱਧਰੀ ਭਾਰਤ ਯਾਤਰਾ ਨਾਲ ਦੋਵਾਂ ਦੇਸ਼ਾਂ ਵਿਚਕਾਰ ਮੌਜੂਦਾ ਦੁ-ਪੱਖੀ ਸੰਬੰਧਾਂ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਸਕ੍ਰਿਪਟ: ਡਾ. ਸੰਘਮਿੱਤਰਾ ਸਰਮਾ, ਯੂਰਪੀ ਮਾਮਲਿਆਂ ਦੇ ਮਾਹਿਰ