ਚੀਨ ਵਿੱਚ ਉਈਗੁਰ ਮੁਸਲਮਾਨਾਂ ਦੀ ਦੁਰਦਸ਼ਾ

ਅਸਪਸ਼ਟ ਨੀਤੀ ਕਿਸੇ ਵੀ ਮੁਲਕ ਦਾ ਸਾਫ, ਪਾਰਦਰਸ਼ੀ ਅਤੇ ਸਕਾਰਾਤਮਕ ਅਕਸ ਨਹੀਂ ਬਣਾ ਸਕਦੀ। ਇਸੇ ਸੰਦਰਭ ਵਿੱਚ ਦੇਖੀਏ ਤਾਂ ਚੀਨ ਦੀ ਨੀਤੀ ਵੀ ਸਪੱਸ਼ਟ ਨਹੀਂ ਹੈ ਤੇ ਨਾ ਹੀ ਉਸ ਦੇ ਦੋਸਤ ਪਾਕਿਸਤਾਨ ਦੀ। ਇਕ ਪਾਸੇ ਤਾਂ ਪਾਕਿਸਤਾਨ  ਕਸ਼ਮੀਰੀਆਂ ਦੇ ਹੱਕਾਂ ਦੀ ਗੱਲ ਕਰਦਾ ਹੈ, ਪਰ ਉਸ ਦੇ ਆਪਣੇ ਖਿੱਤੇ ਦੇ ਲੋਕਾਂ ਨੂੰ ਹੀ ਜਮਹੂਰੀ ਹੱਕਾਂ ਤੋਂ ਵਾਂਝਿਆਂ ਰਹਿਣਾ ਪੈ ਰਿਹਾ ਹੈ। ਬਲੋਚਿਸਤਾਨ ਦੇ ਵਸਨੀਕ ਹਰ ਰੋਜ਼ ਆਪਣੇ ਲੋਕਾਂ ਦੇ ਲਾਪਤਾ ਹੋਣ ਕਰਕੇ ਵਿਰੋਧ ਕਰਦੇ ਰਹੇ ਹਨ। ਪਾਕਿਸਤਾਨੀ ਨੇਤਾ ਭਾਰਤੀ ਮੁਸਲਮਾਨਾਂ ਨੂੰ ਭੜਕਾਉਣ ਲਈ ਬਿਆਨਬਾਜ਼ੀ ਕਰਦੇ ਰਹਿੰਦੇ ਹਨ, ਪਰ ਸ਼ਿਨਜਿਆਂਗ ਵਿੱਚ ਉਈਗੁਰ ਮੁਸਲਮਾਨਾਂ ਦੀ ਦੁਰਦਸ਼ਾ ਲਈ ਹਮਦਰਦੀ ਦੇ ਦੋ ਬੋਲ ਵੀ ਬੋਲਣ ਲਈ ਰਾਜ਼ੀ ਨਹੀਂ ਹਨ। ਬਹੁਤ ਸਾਰੇ ਪਾਕਿਸਤਾਨੀ ਕਾਰੋਬਾਰੀਆਂ ਦੇ ਉਈਗੁਰਾਂ ਨਾਲ ਸੰਬੰਧ ਹਨ। ਚੀਨ ਨੇ ਬਹੁਤ ਸਾਰੇ ਉਈਗੁਰਾਂ ਨੂੰ ਨਜ਼ਰਬੰਦੀ ਕੈਂਪਾਂ ਵਿੱਚ ਰੱਖਿਆ ਹੋਇਆ ਹੈ, ਉਹ ਇਸਦਾ ਵਿਰੋਧ ਕਰਦੇ ਰਹਿੰਦੇ ਹਨ। ਪਰ ਪਾਕਿਸਤਾਨੀ ਸਰਕਾਰ ਉਨ੍ਹਾਂ ਪ੍ਰਤੀ ਹਮਦਰਦੀ ਦੀ ਬਜਾਏ ਚੁੱਪ ਵੱਟੀ ਰੱਖਣਾ ਹੀ ਬਿਹਤਰ ਸਮਝਦੀ ਹੈ, ਕਿਉਂਕਿ ਉਹ ਇਸ ਤਰ੍ਹਾਂ ਕਰਨ ਤੋਂ ਡਰਦੇ ਹਨ। ਉਨ੍ਹਾਂ ਨੂੰ ਡਰ ਹੈ ਕਿ ਇਸ ਤਰ੍ਹਾਂ ਵਿਰੋਧ ਕਰਨ ਨਾਲ ਉਨ੍ਹਾਂ ਦਾ ਦੋਸਤ ਚੀਨ ਨਾਰਾਜ਼ ਹੋਵੇਗਾ। ਚੀਨ ਨੇ ਵੀ ਇਸ ਗੱਲ ਤੇ ਚੁੱਪੀ ਧਾਰ ਰੱਖੀ ਹੈ ਕਿ ਉਹ ਸਭ ਤੋਂ ਮਾੜੇ ਹਾਲਾਤਾਂ ਵਿੱਚ ਵੀ ਪਾਕਿਸਤਾਨ ਦਾ ਸਮਰਥਕ ਅਤੇ ਹਿਮਾਇਤੀ ਹੈ। ਚੀਨ ਨੇ ਅੱਤਵਾਦੀ ਮਸੂਦ ਅਜ਼ਹਰ ‘ਤੇ ਪਾਬੰਦੀ ਲਗਾਉਣ ਲਈ ਸੰਯੁਕਤ ਰਾਸ਼ਟਰ ਦੇ ਯਤਨਾਂ ਨੂੰ ਵਾਰ-ਵਾਰ ਵੀਟੋ ਨਾਲ ਨਕਾਰਾ ਬਣਾ ਦਿੱਤਾ। ਉਸ ਦਾ ਮੰਨਣਾ ਸੀ ਕਿ ਮਸੂਦ ਅਜ਼ਹਰ ਅੱਤਵਾਦੀ ਨਹੀਂ ਹੈ ਅਤੇ ਪਾਕਿਸਤਾਨ ਵਿੱਚ ਕਿਤੇ ਵੀ ਕੋਈ ਅੱਤਵਾਦ ਨਹੀਂ ਹੈ, ਪਰ ਸ਼ਿਨਜਿਆਂਗ ਦੇ ਮਾਮਲੇ ਵਿੱਚ ਉਹ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਖਿੱਤਾ ਅੱਤਵਾਦ ਤੋਂ ਪ੍ਰਭਾਵਿਤ ਹੈ। ਚੀਨ ਨੇ ਅੱਤਵਾਦ ਦੇ ਨਾਂ ਤੇ ਉਈਗੁਰ ਮੁਸਲਮਾਨਾਂ ਦੀ ਜ਼ਿੰਦਗੀ ਤੇ ਕਈ ਪਾਬੰਦੀਆਂ ਲਾ ਦਿੱਤੀਆਂ ਹਨ। ਉਨ੍ਹਾਂ ਨੂੰ ਵੱਖੋ-ਵੱਖਰੇ ਢੰਗਾਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੇ ਸਾਰੇ ਮਨੁੱਖੀ ਅਧਿਕਾਰ ਖੋਹ ਲਏ ਗਏ ਹਨ। ਉਨ੍ਹਾਂ ਨੂੰ ਸਿਖਲਾਈ ਕੈਂਪਾਂ ਦੇ ਨਾਂ ਤੇ ਨਜ਼ਰਬੰਦੀ ਵਿਚ ਰੱਖਿਆ ਜਾਂਦਾ ਹੈ। ਜੇਕਰ ਇਹ ਮੰਨ ਵੀ ਲਿਆ ਜਾਏ ਕਿ ਸਿਖਲਾਈ ਕੈਂਪ ਹਨ ਤਾਂ ਵੀ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਇਕ ਮਿਲੀਅਨ ਉਈਗੁਰ ਮੁਸਲਮਾਨਾਂ ਨੂੰ ਕਿਸੇ ਸਿਖਲਾਈ ਦੀ ਜ਼ਰੂਰਤ ਹੈ? ਆਖ਼ਰਕਾਰ, ਉਨ੍ਹਾਂ ਨੂੰ ਕਿਹੜੀ ਸਿਖਲਾਈ ਦੀ ਲੋੜ ਹੈ? ਉਨ੍ਹਾਂ ਵਿੱਚ ਅਤੇ ਚੀਨ ਵਿੱਚ ਰਹਿੰਦੇ ਹੋਰਨਾਂ ਲੋਕਾਂ ਵਿੱਚ ਕੀ ਅੰਤਰ ਹੈ ਕਿ ਉਈਗੁਰਾਂ ਨੂੰ ਸਿਖਲਾਈ ਦੀ ਲੋੜ ਹੈ ਪਰ ਬਾਕੀਆਂ ਨੂੰ ਨਹੀਂ?

ਵਿਸ਼ਵਵਿਆਪੀ ਭਾਈਚਾਰਾ ਚੀਨ ਦੇ ਦੋਹਰੇ ਮਾਪਦੰਡਾਂ ਤੋਂ ਭਲੀਭਾਂਤ ਜਾਣੂ ਹੈ। ਉਸ ਨੂੰ ਜਾਣਕਾਰੀ ਹੈ ਕਿ ਕੁਝ ਉਈਗੁਰ ਅੱਤਵਾਦੀ ਹੋ ਸਕਦੇ ਹਨ ਪਰ ਇਹ ਸਾਰੇ ਅੱਤਵਾਦੀ ਨਹੀਂ ਹੋ ਸਕਦੇ। ਪਰ ਚੀਨ ਸਰਕਾਰ ਉਈਗੁਰਾਂ ਨੂੰ ਅੱਤਵਾਦੀ ਕਾਰਵਾਈਆਂ ਦੇ ਵਿਰੋਧ ਵਜੋਂ ਕੁਚਲਣਾ ਚਾਹੁੰਦੀ ਹੈ ਤਾਂ ਜੋ ਉਹ ਆਪਣੇ ਹੱਕਾਂ ਬਾਰੇ ਗੱਲ ਨਾ ਕਰਨ, ਜੋ ਮਨੁੱਖਤਾ, ਧਰਮ ਦੇ ਪੱਖੋਂ ਗਲਤ ਹੈ, ਪਰ ਚੀਨ ਦੀ ਵਿਵਸਥਾ ਦੇ ਮੁਤਾਬਿਕ ਹੈ। ਉਈਗੁਰ ਮੁਸਲਮਾਨਾਂ ਦੀ ਦੁਰਦਸ਼ਾ ਨੇ ਹਰੇਕ ਜਾਗਰੂਕ ਅਤੇ ਮਾਨਵੀ ਮੁੱਲਾਂ ਦੀ ਕਦਰ ਕਰਨ ਵਾਲੇ ਵਿਅਕਤੀ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਉਈਗੁਰਾਂ ਦੇ ਹੱਕਾਂ ਲਈ ਦੁਨੀਆ ਭਰ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ। ਅਮਰੀਕਾ ਵਿੱਚ ਵੀ ਵਿਰੋਧ ਪ੍ਰਦਰਸ਼ਨ ਜਾਰੀ ਹੈ, ਇਸ ਲਈ ਇਸ ਦੀ ਸੰਭਾਵਨਾ ਨਹੀਂ ਸੀ ਕਿ ਇਹ ਮਸਲਾ ਅਮਰੀਕੀ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਦਾ। ਇਸ ਲਈ ਪਹਿਲਾਂ ਅਮਰੀਕੀ ਸਰਕਾਰ ਨੇ ਚੀਨੀ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉਈਗੁਰਾਂ ਨੂੰ ਮਨੁੱਖ ਮੰਨਦੇ ਹਨ। ਅਮਰੀਕੀ ਸਰਕਾਰ ਨੇ ਇਸ ਸੰਬੰਧੀ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਸੀ, ਫਿਰ ਵੀ ਉਹ ਨਹੀਂ ਸਮਝੇ। ਗੌਰਤਲਬ ਹੈ ਕਿ ਅਮਰੀਕਾ ਦੀ ਪ੍ਰਤੀਨਿਧ ਸਭਾ ਵਿਚ, ਉਈਗੁਰ ਮੁਸਲਮਾਨਾਂ ਤੇ ਹੋ ਰਹੇ ਜ਼ੁਲਮ ਦੇ ਖਿਲਾਫ਼ ਇਕ ਬਿੱਲ ਵੀ ਪੇਸ਼ ਕੀਤਾ ਗਿਆ ਸੀ। ਅਮਰੀਕੀ ਪ੍ਰਤੀਨਿਧੀ ਸਭਾ ਵਿਚ ਡੈਮੋਕਰੇਟਸ ਦੀ ਬਹੁਗਿਣਤੀ ਹੈ ਇਸ ਦੇ ਬਾਵਜੂਦ ਬਿੱਲ ਦੇ ਹੱਕ ਵਿਚ 407 ਵੋਟਾਂ ਪਈਆਂ ਅਤੇ ਵਿਰੋਧ ਵਿਚ ਸਿਰਫ਼ ਇਕ ਵੋਟ ਪਈ। ਇਹ ਦਰਸਾਉਂਦਾ ਹੈ ਕਿ ਅਮਰੀਕੀ, ਉਈਗੁਰਾਂ ਖਿਲਾਫ਼ ਹੋ ਰਹੇ ਜ਼ੁਲਮਾਂ ਬਾਰੇ ਕਿੰਨੀ ਤੀਬਰਤਾ ਨਾਲ ਮਹਿਸੂਸ ਕਰਦੇ ਹਨ। ਇਹ ਬਿੱਲ ਸੀਨੇਟ ਤੋਂ ਪਾਸ ਹੋਣ ਮਗਰੋਂ ਮਨਜ਼ੂਰੀ ਦੇ ਲਈ ਅਮਰੀਕੀ ਰਾਸ਼ਟਰਪਤੀ ਕੋਲ ਜਾਵੇਗਾ। ਕਾਬਿਲੇਗੌਰ ਹੈ ਕਿ ਸੰਯੁਕਤ ਰਾਸ਼ਟਰ ਨੇ ਵੀ ਉਈਗੁਰਾਂ ਤੇ ਹੋ ਰਹੇ ਤਸ਼ੱਦਦ ਦਾ ਸਖ਼ਤ ਨੋਟਿਸ ਲਿਆ ਹੈ।

ਕਾਬਿਲੇਗੌਰ ਹੈ ਕਿ ਇਸ ਬਿੱਲ ਵਿੱਚ ਉਈਗੁਰਾਂ ਨੂੰ ‘ਨਿਰਪੱਖ ਮੁਕੱਦਮੇਬਾਜ਼ੀ, ਪ੍ਰਗਟਾਵੇ ਦੀ ਆਜ਼ਾਦੀ, ਧਾਰਮਿਕ ਹੱਕਾਂ ਅਤੇ ਨਾਗਰਿਕ ਹੱਕਾਂ’ ਤੋਂ ਵਾਂਝਿਆਂ ਰੱਖਣ ਦੇ ਇਲਜ਼ਾਮ ਲਾਏ ਗਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਬਿੱਲ ਦੁਰਭਾਵਨਾ ਨਾਲ ਭਰਿਆ ਹੈ, ਇਹ ਕੌਮਾਂਤਰੀ ਭਾਈਚਾਰੇ ਦੇ ਲਈ ਧਿਆਨ ਦੇਣ ਯੋਗ ਨਹੀਂ ਹੈ, ਜਦ ਤਕ ਇਹ ਸਿੱਧ ਨਹੀਂ ਹੋ ਜਾਂਦਾ ਕਿ ਇਹ ਸਿਖਲਾਈ ਕੈਂਪ ਨਜ਼ਰਬੰਦੀ ਕੈਂਪ ਹਨ। ਦਰਅਸਲ ਪੂਰੀ ਦੁਨੀਆ ਅੱਤਵਾਦ ਬਾਰੇ ਚੀਨ ਦੀ ਦੋਹਰੀ ਨੀਤੀ ਨੂੰ ਸਮਝ ਗਈ ਹੈ। ਉਹ ਆਪਣੇ ਆਪ ਨੂੰ ਦਹਿਸ਼ਤਗਰਦੀ ਦਾ ਸਤਾਇਆ ਹੋਇਆ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਆਪਣੀਆਂ ਘਿਣਾਉਣੀਆਂ ਹਰਕਤਾਂ ਨੂੰ ਜਾਰੀ ਰੱਖ ਸਕੇ ਪਰ ਇਨ੍ਹਾਂ ਘਿਨਾਉਣੇ ਕਾਰਨਾਮਿਆਂ ਨੇ ਉਸ ਦੇ ਅਕਸ ਨੂੰ ਵੀ ਨਕਾਰਾਤਮਕ ਬਣਾ ਦਿੱਤਾ ਹੈ।