ਤਾਲਿਬਾਨ-ਅਮਰੀਕਾ ਵਾਰਤਾ ਮੁੜ ਸ਼ੁਰੂ , ਕਈ ਚੁਣੌਤੀਆਂ ਮੂੰਹ ਅੱਡੀ ਖੜੀਆਂ

ਧੰਨਵਾਦ ਪ੍ਰਗਟ ਕਰਨ ਦੇ ਮਕਸਦ ਨਾਲ ਬਾਗਰਾਮ ਹਵਾਈ ਅੱਡੇ ਦੀ ਆਪਣੀ ਫੇਰੀ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਦੇ ਮੁੜ ਸ਼ੁਰੂ ਹੋਣ ਦਾ ਐਲਾਨ ਕੀਤਾ।ਭਾਵੇਂ ਕਿ ਦੋਵਾਂ ਧਿਰਾਂ ਦਰਮਿਆਨ ਕਈ ਅੱੜਿਿਕਆਂ ਤੋਂ ਬਾਅਧ ਇਹ ਵਾਰਤਾ ਸ਼ੁਰੂ ਹੋਈ ਹੈ ਪਰ ਅਜੇ ਵੀ ਕਈ ਮੁਸ਼ਕਲਾਂ ਮੂੰਹ ਅੱਡੀ ਖੜੀਆਂ ਹਨ।ਬਿਤੇ ਬੁੱਧਵਾਰ ਨੂੰ ਤਾਲਿਬਾਨ ਵੱਲੋਂ ਇਸੇ ਹਵਾਈ ਅੱਡੇ ਦੇ ਇਕ ਡਾਕਟਰੀ ਸੁਵਿਧਾ ਕੇਂਦਰ ‘ਤੇ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਗਿਆ।

ਇਸ ਬੰਬ ਧਮਾਕੇ ਨੇ ਇਕ ਵਾਰ ਫਿਰ ਸ਼ਾਂਤੀ ਵਾਰਤਾ ਦੀ ਰਾਹ ‘ਚ ਅੜਿੱਕਾ ਪੈਦਾ ਕੀਤਾ ਹੈ।ਦੱਸਣਯੋਗ ਹੈ ਕਿ ਤਾਲਿਬਾਨ ਲੜਾਕਿਆਂ ਵੱਲੋਂ ਕਾਬੁਲ ‘ਚ ਨਾਟੋ ਫੌਜੀ ਸੈਨਿਕ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਧ ਰਾਸ਼ਟਰਪਤੀ ਟਰੰਪ ਵੱਲੋਂ ਇਸ ਵਾਰਤਾ ਦੇ ਸਾਰੇ ਗੇੜ੍ਹਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ।ਜਦਕਿ ਤਾਲਿਬਾਨ ਸਿਆਸੀ ਟੀਮ ਅਮਰੀਕਾ ਵਿਖੇ ਅਮਰੀਕੀ ਆਗੂਆਂ ਨਾਲ ਨਿੱਜੀ ਗੱਲਬਾਤ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਸੀ।
ਸਤੰਬਰ ਮਹੀਨੇ ਦੀ ਇਸ ਘਟਨਾ ਤੋਂ ਬਾਅਦ ਤਾਲਿਬਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਉਹ ਗੱਲਬਾਤ ਲਈ ਤਿਆਰ ਹਨ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਗਬੰਦੀ ਦੀਆਂ ਸ਼ਰਤਾਂ ਤੈਅ ਹੋਣ ਤੋਂ ਬਾਅਦ ਜੰਗ ਨੂੰ ਵੀ ਰੋਕ ਦਿੱਤਾ ਜਾਵੇਗਾ।ਆਪਣੇ ਇਸੇ ਸੁਨੇਹੇ ਨਾਲ ਉਨ੍ਹਾਂ ਨੇ ਬੀਜਿੰਗ, ਮਾਸਕੋ ਅਤੇ ਇਸਲਾਮਾਬਾਦ ਦਾ ਦੌਰਾ ਵੀ ਕੀਤਾ।
ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਅਨੁਸਾਰ ਵਾਰਤਾ ‘ਚ ਹੋ ਰਹੀ ਦੇਰੀ ਦੇ ਬਾਵਜੂਦ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਬਿਨ੍ਹਾਂ ਕਿਸੇ ਹੋਰ ਅੜਿੱਕੇ ਦੇ ਵਾਰਤਾ ਸ਼ੁਰੂ ਹੋਈ।ਤਾਲਿਬਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਫ਼ਗਾਨਿਸਤਾਨ ਦੇ ਨਾਂਅ ‘ਚ ਤਬਦੀਲੀ ਲਿਆਉਣਾ ਚਾਹੁੰਦਾ ਹੈ। ਇਸ ਲਈ ਉਹ ਅਫ਼ਗਾਨ ਦਾ ਇਸਲਾਮਿਕ ਗਣਤੰਤਰ ਦੀ ਥਾਂ ‘ਤੇ ਇਸਲਾਮਿਕ ਅਮੀਰਾਤ ਨਾਂਅ ਚਾਹੁੰਦਾ ਹੈ।ਇਸੇ ਕਾਰਨ ਹੀ ਅਫ਼ਗਾਨਿਸਤਾਨ ਦੀ ਮੌਜੂਦਾ ਸਰਕਾਰ , ਜਿਸ ਦੀ ਅਗਵਾਈ ਰਾਸ਼ਟਰਪਤੀ ਅਸ਼ਰਫ ਗਨੀ ਕਰ ਰਹੇ ਹਨ, ਤਾਲਿਬਾਨ ਦਾ ਵਿਰੋਧ ਕਰ ਰਹੇ ਹਨ , ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸਥਿਤੀ ‘ਚ ਅਫ਼ਗਾਨਿਸਤਾਨ ਦੀ ਸਰਕਾਰ ਦੀ ਮੁੱਖ ਪਛਾਣ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸਤੰਬਰ ਮਹੀਨੇ ‘ਚ ਸ਼ਾਂਤੀ ਵਾਰਤਾ ਨੂੰ ਮੁਲਤਵੀ ਕੀਤੇ ਜਾਣ ਤੋਂ ਪਹਿਲਾਂ ਦੋਵਾਂ ਧਿਰਾਂ ਦਰਮਿਆਨ ਕਈ ਅਹਿਮ ਮੁੱਦਿਆਂ ‘ਤੇ ਸਹਿਮਤੀ ਬਣ ਗਈ ਸੀ ਅਤੇ ਕਈ ਮਸਲਿਆਂ ਨੂੰ ਆਪਸੀ ਰਜ਼ਾਮੰਦੀ ਨਾਲ ਹੱਲ ਕਰ ਲਿਆ ਗਿਆ ਸੀ।ਪਰ ਅਮਰੀਕਾ ਨਾਲ ਜੰਗਬੰਦੀ ਦੀਆਂ ਸ਼ਰਤਾਂ ਅਤੇ ਅਫ਼ਗਾਨ ਹਕੂਮਤ ਨਾਲ ਸ਼ਾਂਤੀ ਵਾਰਤਾ ਵਰਗੇ ਮਸਲੇ ਅਜੇ ਵੀ ਜਿਉਂ ਦੇ ਤਿਉਂ ਕਾਇਮ ਹਨ।ਇਹ ਸਭ ਤੋਂ ਚੁਣੌਤੀਪੂਰਨ ਸਥਿਤੀ ਹੋਵੇਗੀ ਕਿ ਅਮਰੀਕਾ, ਤਾਲਿਬਾਨ ਅਤੇ ਅਫ਼ਗਾਨ ਸਰਕਾਰ ਆਉਂਦੇ ਹਫ਼ਤਿਆਂ ਜਾਂ ਫਿਰ ਮਹੀਨਿਆਂ ‘ਚ ਕਾਬੁਲ ਵਿਖੇ ਵਾਰਤਾ ਲਈ ਇੱਕ ਮੰਚ ‘ਤੇ ਇੱਕਠੇ ਹੋਣਗੇ।
ਇਸ ਤੋਂ ਇਲਾਵਾ ਇਕ ਹੋਰ ਅਜਿਹਾ ਮੁੱਦਾ ਹੈ ਜਿਸ ਕਾਰਨ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਤਾਲਿਬਾਨ ਅਫ਼ਗਾਨ ਸਰਕਾਰ ਨੂੰ ਬਿਲਕੁੱਲ ਵੀ ਘਾਹ ਨਹੀਂ ਪਾ ਰਿਹਾ ਹੈ ਅਤੇ ਜਦੋਂ ਮੁੜ ਸ਼ਾਂਤੀ ਵਾਰਤਾ ‘ਚ ਇਸ ਸਬੰਧੀ ਚਰਚਾ ਹੋਵੇਗੀ ਤਾਂ ਮੁੜ ਹਲਚਲ ਵੱਧਣ ਦਾ ਖਦਸ਼ਾ ਰਹੇਗਾ।
ਅਫ਼ਗਾਨਿਸਤਾਨ ‘ਚ 28 ਸਤੰਬਰ ਨੂੰ ਰਾਸ਼ਟੇਰਪਤੀ ਚੋਣਾਂ ਮੁਕੰਮਲ ਹੋਈਆਂ ਸਨ, ਪਰ ਅਜੇ ਤੱਕ ਚੋਣ ਨਤੀਜੇ ਪੇਟੀਂਆਂ ‘ਚ ਬੰਦ ਪਏ ਹਨ।ਇਸ ਦੌਰਾਨ ਡਾ.ਗਨੀ ਦੇ ਮੁੱਖ ਵਿਰੋਧੀ ਉਮੀਦਵਾਰ ਡਾ.ਅਬਦੁੱਲਾ ਅਬਦੁੱਲਾ ਨੇ ਅਫ਼ਗਾਨਿਸਤਾਨ ‘ਚ ਵੋਟਾਂ ਦੀ ਗਿਣਤੀ ‘ਚ ਪਾਰਦਰਸ਼ਤਾ ਅਤੇ ਨਿਰਪੱਖਤਾ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਹੈ।ਚੋਣਾਂ ਦੌਰਾਨ ਵਿਵਾਦ ਕਾਰਨ ਹੋਈ ਹਿੰਸਾ ਪਹਿਲਾਂ ਤੋਂ ਹੀ ਭਖੀ ਵਾਰਤਾ ਨੂੰ ਹੋਰ ਤੂਲ ਦੇ ਦੇਵੇਗੀ।
ਗਨੀ ਸਰਕਾਰ ਨੂੰ ਜੇਕਰ ਵੱਡੇ ਪੱਧਰ ‘ਤੇ ਸਮਰਥਨ ਹਾਸਲ ਨਾ ਹਾਸਲ ਹੋਇਆ ਤਾਂ ਤਾਲਿਬਾਨ ਗਨੀ ਸਰਕਾਰ ਦੇ ਜਾਇਜ਼ ਹੋਣ ‘ਤੇ ਵਿਵਾਦ ਪੈਦਾ ਕਰ ਸਕਦੇ ਹਨ।ਇਹ ਕਾਰਵਾਈ ਤਾਲਿਬਾਨ ਦੇ ਹੱਕ ‘ਚ ਰਹੇਗੀ, ਜੋ ਕਿ ਆਪਣੇ ਆਪ ਨੂੰ ਦੇਸ਼ ਦੀ ਜਨਤਾ ਦਾ ਅਸਲ ਪ੍ਰਤੀਨਿਧੀ ਮੰਨਦੇ ਹਨ।ਹਾਲਾਂਕਿ ਅਜਿਹੇ ਸੰਕੇਤ ਮਿਲ ਰਹੇ ਨੇ ਕਿ ਅੰਤਰਰਾਸ਼ਟਰੀ ਧਿਰਾਂ ਪਹਿਲਾਂ ਹੀ ਇਸ ਮਸਲੇ ਦਾ ਅਜਿਹਾ ਹੱਲ ਲੱਭਣ ‘ਚ ਮਸ਼ਰੂਫ ਹਨ, ਜਿਸ ਨਾਲ ਕਿ ਤਾਲਿਬਾਨ ਸੱਤਾ ‘ਚ ਪੈਰ ਜ਼ਮਾ ਪਾਵੇਗਾ।
ਇੱਕ ਰੂਸੀ ਸਰੋਤ ਨੇ ਹਾਲ ‘ਚ ਹੀ ਖੁਲਾਸਾ ਕੀਤਾ ਸੀ ਕਿ ਤਾਕਤ ਦੀ ਵੰਡ ਦੌਰਾਨ ਤਾਲਿਬਾਨ ਦੀ ਸ਼ਮੂਲੀਅਤ ਵੱਧਦੀ ਨਜ਼ਰੀ ਪੈ ਰਹੀ ਹੈ ਅਤੇ ਇਸ ਸਥਿਤੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਕਿਉਂਕਿ ਇਸਲਾਮਿਕ ਰਾਜ ਦੀਆਂ ਫੌਜਾਂ ਅਫ਼ਗਾਨਿਸਤਾਨ ਦੀ ਧਰਤੀ ‘ਤੇ ਆਪਣੇ ਪੈਰ ਜ਼ਮਾ ਰਹੀਆਂ ਹਨ।ਅਫ਼ਗਾਨ ‘ਚ ਇਸਲਾਮਿਕ ਰਾਜ ਦੇ ਲੜਾਕਿਆਂ ਦੀ ਮੌਜੂਦਗੀ ਲਗੱਤਾਰ ਵੱਧਦੀ ਹੀ ਜਾ ਰਹੀ ਹੈ ਅਤੇ ਇਸ ਸਥਿਤੀ ਤੋਂ ਰੂਸੀ ਵੀ ਚਿੰਤਤ ਹਨ ਅਤੇ ਚੀਨ ਵੀ ਇਸ ਸਥਿਤੀ ਤੋਂ ਚਿੰਤਾ ‘ਚ ਹੈ।ਚੀਨ ਨੂੰ ਖ਼ਤਰਾ ਹੈ ਕਿ ਆਈ ਐਸ ਉਸ ਦੇ ਜ਼ਿਨਜ਼ਿਆਂਗ ਸੂਬੇ ‘ਚ ਵੀ ਇਸੇ ਤਰ੍ਹਾਂ ਦਾ ਹਿੰਸਕ ਤਹਿਲਕਾ ਨਾ ਮਚਾ ਦੇਵੇ।ਇਸਲਾਮਿਕ ਰਾਜ ਤੋਂ ਪ।ੈਦਾ ਹੋਣ ਵਾਲੀਆਂ ਮੁਸ਼ਕਲਾਂ ਤੋਂ ਨਿਜ਼ਾਤ ਪਾਉਣ ਦੇ ਮਕਸਦ ਨਾਲ ਚੀਨ ਅਤੇ ਰੂਸ ਦੋਵੇਂ ਹੀ ਚਾਹੁੰਦੇ ਹਨ ਕਿ ਤਾਲਿਬਾਨ ਬਹੁ-ਪੱਧਰੀ ਸ਼ਕਤੀ ਵੰਡ ਪ੍ਰਬੰਧਨ ‘ਚ ਸ਼ਾਮਲ ਹੋਵੇ।ਇਹ ਸਾਫ ਹੈ ਕਿ ਜੇਕਰ ਇੱਕ ਵਾਰ ਤਾਲਿਬਾਨ ਨੇ ਅਫ਼ਗਾਨ ਹਕੂਮਤ ਨਾਲ ਜੰਗਬੰਦੀ ਦਾ ਐਲਾਨ ਕਰ ਦਿੱਤਾ ਤਾਂ ਦੂਜੇ ਹਿੱਸੇਦਾਰੀ ਵਾਲੇ ਮੁਲਕ ਅਫ਼ਗਾਨਿਸਤਾਨ ਦੇ ਸਾਰੇ ਵਰਗਾਂ ਨਾਲ ਸਰਬਪੱਖੀ ਸਾਂਝੇਦਾਰੀ ਦੀ ਪ੍ਰਕ੍ਰਿਆ ਨੂੰ ਸ਼ੁਰੂ ਕਰ ਦੇਣਗੇ।
ਸ਼ਾਂਤੀ ਅਤੇ ਸਥਿਰਤਾ ਦੀ ਘਾਟ ਦੇ ਚੱਲਦਿਆਂ ਅਫ਼ਗਾਨਿਸਤਾਨ ਦੀ ਸਥਿਤੀ ਬਹੁਤ ਖ਼ਰਾਬ ਹੁੰਦੀ ਜਾ ਰਹੀ ਹੈ।ਕੁੱਝ ਧਿਰਾਂ ਨੇ ਅਮਰੀਕਾ ਤੋਂ ਮੰਗ ਕੀਤੀ ਹੈ ਕਿ ਉਹ ਭਰੋਸਾ ਵਧਾਉਣ ਵਾਲੇ ਕਦਮਾਂ ਦਾ ਐਲਾਨ ਕਰੇ।ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਵਾਸ਼ਿੰਗਟਨ ਤੋਂ ਮੰਗ ਕੀਤੀ ਹੈ ਕਿ ਉਹ ਤਾਲਿਬਾਨ ਦਾ ਵਿਸ਼ਵਾਸ ਜਿੱਤਣ ਲਈ ਇਕਪਾਸੜ ਜੰਗਬੰਦੀ ਦਾ ਐਲਾਨ ਕਰੇ।
ਭਾਰਤ ਅਫ਼ਗਾਨਿਸਤਾਨ ‘ਚ ਪੈਦਾ ਹੋਈ ਇਸ ਪੂਰੀ ਸਥਿਤੀ ‘ਤੇ ਬਾਜ਼ ਅੱਖ ਰੱਖ ਰਿਹਾ ਹੈ।ਨਵੀਂ ਦਿੱਲੀ ਜੰਗ ਪ੍ਰਭਾਵਿਤ ਦੇਸ਼ ‘ਚ ਵਿਕਾਸ ਪ੍ਰਾਜੈਕਟਾਂ ‘ਚ ਮਦਦ ਕਰਕੇ ਦੇਸ਼ ਦੇ ਮੁੜ ਨਿਰਮਾਣ ਲਈ ਵਚਣਬੱਧ ਹੈ।ਇਸੇ ਲਈ ਭਾਰਤ ਨੇ ਅਫ਼ਗਾਨਿਸਤਾਨ ‘ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਲਈ 2 ਬਿਲੀਅਨ ਡਾਲਰ ਦਿੱਤੇ ਹਨ।
ਹੁਣ ਇਹ ਵੇਖਣਾ ਬਾਕੀ ਹੈ ਕਿ ਅਮਰੀਕਾ, ਤਾਲਿਬਾਨ ਅਤੇ ਅਫ਼ਗਾਨ ਸਰਕਾਰ ਵਰਗੀਆਂ ਵੱਖ-ਵੱਖ ਧਿਰਾਂ ਅਫ਼ਗਾਨਿਸਤਾਨ ਦੀ ਅੰਦਰੂਨੀ ਸ਼ਾਂਤੀ ਲਈ ਗੱਲਬਾਤ ਨੂੰ ਨੇਪਰੇ ਚਾੜ੍ਹਦੇ ਹਨ ਜਾਂ ਫਿਰ ਨਹੀਂ।ਖੇਤਰੀ ਅਤੇ ਆਲਮੀ ਧਿਰਾਂ ਵੀ ਇਸ ਸ਼ਾਂਤੀ ਵਾਰਤਾ ਦੀ ਤਰੱਕੀ ‘ਤੇ ਨਜ਼ਰ ਟਿਕਾਈ ਬੈਠੀਆਂ ਹਨ।
ਸਕ੍ਰਿਪਟ: ਕਾਲੋਲ ਭੱਟਾਚਾਰੀਆ, ਵਿਸ਼ੇਸ਼ ਪੱਤਰਕਾਰ, ਦ ਹਿੰਦੂ