ਸਮਾਜਿਕ-ਆਰਥਿਕ ਵਿਕਾਸ ਦੇ ਲਈ ਵਿਗਿਆਨਕ ਸੰਭਾਵਨਾ

ਰਵਾਇਤੀ ਤੌਰ ‘ਤੇ ਵਿਗਿਆਨ ਪ੍ਰਯੋਗਸ਼ਾਲਾਵਾਂ ਦੀ ਚਾਰਦੀਵਾਰੀ ਦੇ ਅੰਦਰ ਹੀ ਰਿਹਾ ਹੈ, ਪਰ ਭਾਰਤ ਵਿਚ ਹੁਣ ਇਹ ਸਮਾਜ ਨੂੰ ਪੂਰੀ ਤਰ੍ਹਾਂ ਸਮਰੱਥ ਬਣਾ ਕੇ ਦੇਸ਼ ਨੂੰ ਵਿਕਾਸ ਦੇ ਰਸਤੇ ‘ਤੇ ਲਿਜਾਉਣ ਵਿਚ ਮਦਦ ਕਰੇਗਾ। ਗੌਰਤਲਬ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਇੰਡੀਅਨ ਸਾਇੰਸ ਕਾਂਗਰਸ ਦੀ 107ਵੀਂ ਬੈਠਕ ਵਿੱਚ, ਇਸ ਨੂੰ ਵਿਗਿਆਨਕ ਮੰਡਲੀ ਦੇ “ਮਹਾਕੁੰਭ” ਵਜੋਂ ਦਰਸਾਇਆ ਗਿਆ ਹੈ, ਜਿਸ ਵਿੱਚ ਭਾਰਤ ਦੇ ਰਾਸ਼ਟਰੀ ਨੇਤਾਵਾਂ ਨੇ ਪ੍ਰਯੋਗਸ਼ਾਲਾ ਅਤੇ ਜ਼ਮੀਨ, ਪ੍ਰੋਯਗਸ਼ਾਲਾ ਅਤੇ ਕਾਰਜ-ਸਥਾਨ ਜਾਂ ਪ੍ਰਯੋਗਸ਼ਾਲਾ ਅਤੇ ਸਿਹਤ ਸਹੂਲਤਾਂ ਦੇ ਵਿਚਕਾਰਲੇ ਪਾੜੇ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਇਸ ਨੂੰ ਵਧੇਰੇ ਲੋਕ-ਪੱਖੀ ਬਣਾਇਆ ਜਾ ਸਕੇ।

ਇਸ ਸਾਲ ਇੰਡੀਅਨ ਸਾਇੰਸ ਕਾਂਗਰਸ ਦੀ ਬੈਠਕ ਦਾ ਥੀਮ ਸੀ, ‘ਸਾਇੰਸ ਅਤੇ ਤਕਨਾਲੋਜੀ: ਦਿਹਾਤੀ ਵਿਕਾਸ’। “ਤਕਨਾਲੋਜੀ ਸਰਕਾਰ ਅਤੇ ਆਮ ਆਦਮੀ ਵਿਚਕਾਰ ਇਕ ਪੁਲ ਹੈ। ਤਕਨਾਲੋਜੀ ਤੇਜ਼ ਵਿਕਾਸ ਅਤੇ ਸਹੀ ਵਿਕਾਸ ਵਿਚਕਾਰ ਸੰਤੁਲਨ ਦਾ ਕਾਰਕ ਹੈ। ਬੰਗਲੁਰੂ ਵਿੱਚ ਕਾਂਗਰਸ ਦੇ ਉਦਘਾਟਨੀ ਭਾਸ਼ਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਕਨਾਲੋਜੀ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕਰਦੀ, ਨਾ ਹੀ ਇਹ ਪੱਖ ਲੈਂਦੀ ਹੈ ਤੇ ਨਾ ਹੀ ਕਿਸੇ ਦਾ ਵਿਰੋਧ ਕਰਦੀ ਹੈ। ਜਦੋਂ ਮਨੁੱਖੀ ਸੰਵੇਦਨਸ਼ੀਲਤਾ ਅਤੇ ਆਧੁਨਿਕ ਤਕਨਾਲੋਜੀ ਵਿੱਚ ਤਾਲਮੇਲ ਹੁੰਦਾ ਹੈ ਤਾਂ ਇਸ ਨਾਲ ਬੇਮਿਸਾਲ ਨਤੀਜੇ ਸਾਹਮਣੇ ਆਉਂਦੇ ਹਨ।

ਪੂਰੀ ਦੁਨੀਆ ਮੌਸਮ ਵਿੱਚ ਤਬਦੀਲੀ ਅਤੇ ਗਲੋਬਲ ਵਾਰਮਿੰਗ ਦੇ ਰੂਪ ਵਿੱਚ ਇੱਕ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਜਾਂ ਐਮਾਜੋਨ ਦੇ ਜੰਗਲਾਂ ਪਿੱਛੇ ਜਿਹੇ ਲੱਗੀ ਅੱਗ ਦਾ ਕਾਰਨ ਮਨੁੱਖੀ ਲਾਪਰਵਾਹੀ, ਜਾਣ-ਬੁੱਝ ਕੇ ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਪਰ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਪੈਮਾਨੇ ਅਤੇ ਤਬਾਹੀ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਜਿਸ ਤਰ੍ਹਾਂ ਮੌਸਮ ਦੀ ਤਬਦੀਲੀ, ਕੁਦਰਤੀ ਆਫ਼ਤਾਂ ਵਿੱਚ ਵਾਧਾ ਕਰ ਰਹੀ ਹੈ, ਤਾਂ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਸਾਡੀ ਬਨਸਪਤੀ ਅਤੇ ਜੀਵ-ਜੰਤੂਆਂ ਲਈ ਇਹ ਕਿੰਨਾ ਤਬਾਹਕੁੰਨ ਹੋ ਸਕਦਾ ਹੈ।

ਇਸ ਮੌਕੇ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਆਪਣੇ ਭਾਸ਼ਣ ਵਿੱਚ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਸੀਂ ਕੁਦਰਤ ਦੀ ਕਰੋਪੀ ਨੂੰ ਅਣਗਿਣਤ ਰੂਪਾਂ ਵਿੱਚ ਦੇਖ ਰਹੇ ਹਾਂ ਜਿਵੇਂ ਤੂਫਾਨ, ਭਿਆਨਕ ਅੱਗ ਦਾ ਲੱਗਣਾ, ਹੜ੍ਹਾਂ ਦਾ ਆਉਣਾ, ਸੋਕਾ ਪੈਣਾ ਅਤੇ ਭੂਚਾਲ ਆਉਣੇ। ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੌਸਮ ਵਿੱਚ ਤਬਦੀਲੀ ਦਾ ਹੱਲ ਲੱਭਣਾ ਚਾਹੀਦਾ ਹੈ।

ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋ ਰਹੀਆਂ ਅਜਿਹੀਆਂ ਆਫ਼ਤਾਂ ਬਾਰੇ ਭਾਰਤ ਅਵੇਸਲਾ ਨਹੀਂ ਰਹਿ ਸਕਦਾ ਕਿਉਂਕਿ ਦੁਨੀਆਂ ਬਹੁਤ ਸਾਰੇ ਤਰੀਕਿਆਂ ਨਾਲ ਇਕ-ਦੂਜੇ ਨਾਲ ਜੁੜੀ ਹੋਈ ਹੈ। ਇਸ ਲਈ ਮੌਸਮ ਵਿਚ ਤਬਦੀਲੀ ਦੀ ਪ੍ਰਭਾਵ ਸਾਡੇ ‘ਤੇ ਵੀ ਪੈਣਾ ਸੁਭਾਵਿਕ ਹੀ ਹੈ, ਇਹ ਤਾਂ ਜਿਵੇਂ ਸਾਡੇ ਬੂਹੇ ‘ਤੇ ਹੈ। ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਇਹ ਵੀ ਕਿਹਾ ਕਿ ਸਾਡੇ ਯਤਨਾਂ ਦਾ ਮੁੱਖ ਕਾਰਨ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੀ ਨਹੀਂ, ਸਗੋਂ ਵਧੇਰੇ ਖੁਸ਼ਹਾਲੀ ਲਿਆਉਣਾ ਹੈ।

ਸਾਡੇ ਲਈ ਇਹ ਬਿਹਤਰੀਨ ਮੌਕਾ ਹੈ ਜਦੋਂ ਇੱਕ ਵਿਸ਼ਾਲ ਦੇਸ਼ ਦੇ ਵਿਕਾਸ ਟੀਚਿਆਂ ਨੂੰ ਆਪਣੇ ਸਾਹਮਣੇ ਰੱਖਦੇ ਹੋਇਆਂ, ਵੱਖ-ਵੱਖ ਵਿਗਿਆਨਕ ਸੰਸਥਾਵਾਂ ਨੂੰ ਆਪਣੇ ਵਾਤਾਵਰਣ ਦੀ ਰੱਖਿਆ ਲਈ ਕਿਸੇ ਠੋਸ ਨਤੀਜੇ ਤੇ ਪੁੱਜਣ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਲੋੜ ਹੈ। ਭਾਰਤ ਦੇ ਅਨੇਕਾਂ ਰਾਸ਼ਟਰੀ ਮੁੱਦੇ ਹਨ ਜਿਨ੍ਹਾਂ ਤੇ ਤੁਰੰਤ ਵਿਗਿਆਨਕ ਧਿਆਨ ਦੇਣ ਦੀ ਲੋੜ ਹੈ, ਚਾਹੇ ਉਹ ਖੇਤੀਬਾੜੀ ਜਾਂ ਸਿਹਤ ਸੰਭਾਲ ਹੋਵੇ। ਖੇਤੀ ਸੰਕਟ ਹੋਵੇ ਜਾਂ ਬਿਮਾਰੀਆਂ ਨਾਲ ਜੂਝਦੇ ਲੋਕ, ਭਾਰਤੀ ਲੋਕਾਂ ਦੇ ਜੀਵਨ-ਪੱਧਰ ਨੂੰ ਬਿਹਤਰ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।

ਤਕਨਾਲੋਜੀ ਨੇ ਸਮਾਜਿਕ ਯੋਜਨਾਵਾਂ, ਖੇਤੀ ਦੀਆਂ ਵਿਧੀਆਂ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਕਾਫੀ ਸੁਧਾਰ ਲਿਆਂਦਾ ਹੈ। ਪਰ ਦੇਸ਼ ਦੇ ਹਰ ਕੋਨੇ ਅਤੇ ਸਮਾਜ ਦੇ ਆਖਰੀ ਵਿਅਕਤੀ ਤੱਕ ਇਨ੍ਹਾਂ ਯੋਜਨਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਜਾਰੀ ਰੱਖਣਾ ਪਵੇਗਾ। ਸਾਡੇ ਦੇਸ਼ ਦੀ ਵਿਸ਼ਾਲਤਾ ਅਤੇ ਆਬਾਦੀ ਦੇ ਆਕਾਰ ਨੂੰ ਦੇਖਦਿਆਂ ਇਹ ਕਾਫੀ ਮੁਸ਼ਕਿਲ ਕਾਰਜ ਹੈ ਤੇ ਸਾਡੇ ਯੋਜਨਾਕਾਰਾਂ, ਪ੍ਰਬੰਧਕਾਂ ਅਤੇ ਵਿਗਿਆਨੀਆਂ ਲਈ ਇਹ ਵੱਡੀ ਚੁਣੌਤੀ ਹੈ।

ਸ਼੍ਰੀ ਨਾਇਡੂ ਨੇ ਇਹ ਵੀ ਕਿਹਾ ਕਿ ਹਾਲਾਂਕਿ ਅਸੀਂ ਪ੍ਰਕਾਸ਼ਿਤ ਕੀਤੇ ਖੋਜ-ਪੱਤਰਾਂ ਦੀ ਗਿਣਤੀ ਜਾਂ ਖ਼ਰਚ ਕੀਤੀ ਗਈ ਰਕਮ ਦੇ ਸੰਦਰਭ ਵਿੱਚ ਵਿਗਿਆਨਕ ਪ੍ਰਾਪਤੀਆਂ ਨੂੰ ਮਾਪਣ ਦਾ ਰੁਝਾਨ ਰੱਖਦੇ ਹਾਂ, ਪਰ ਇਸ ਦੀ ਅਸਲ ਪਰੀਖਿਆ ਤਾਂ ਹੀ ਹੋਵੇਗੀ ਜੇ ਇਹ ਸਾਡੇ ਭਵਿੱਖ ਨੂੰ ਖ਼ਤਰੇ ਵਿੱਚ ਪਾਏ ਬਿਨਾਂ ਸਾਡੀਆਂ ਅਜੋਕੇ ਸਮੇਂ ਦੀਆਂ ਚੁਣੌਤੀਆਂ ਦਾ ਢੁਕਵਾਂ ਹੱਲ ਲੱਭਣ ਵਿੱਚ ਸਹਾਇਤਾ ਕਰਦੀ ਹੈ।

ਇਸ ਮੌਕੇ ਜਰਮਨੀ ਤੋਂ ਆਏ ਨੋਬਲ ਪੁਰਸਕਾਰ ਜੇਤੂ ਸਟੀਫਨ ਡਬਲਿਊ ਹੇਲ ਦਾ ਕਹਿਣਾ ਸੀ ਕਿ ਵੱਡੀਆਂ ਖੋਜਾਂ ਦੀ ਯੋਜਨਾ ਨਹੀਂ ਬਣਾਈ ਜਾ ਸਕਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਗਿਆਨ ਵਿਚ ਕੋਈ ਭੁਲੇਖੇ ਨਹੀਂ ਹੋ ਸਕਦੇ। ਉਨ੍ਹਾਂ ਕਿਸੇ ਵਿਸ਼ੇਸ਼ ਖੇਤਰ ਵਿੱਚ ਖੋਜ ਕਰਨ ਦੀ ਮੰਗ ਕੀਤੀ ਜਿੱਥੇ ਵਾਸਤਵਿਕ ਸੰਸਾਰ ਦੀਆਂ ਧਾਰਨਾਵਾਂ ਇਕਦਮ ਸਪੱਸ਼ਟ ਨਹੀਂ ਹੁੰਦੀਆਂ। ਹੋ ਸਕਦਾ ਹੈ ਕਿ ਇਹ ਔਸਤ ਭਾਰਤੀ ਲੋਕਾਂ ਦੀਆਂ ਇੱਛਾਵਾਂ ਜਾਂ ਭਾਰਤ ਦੇ ਆਗੂਆਂ ਦੁਆਰਾ ਤਿਆਰ ਕੀਤੇ ਰੋਡ-ਮੈਪ ਦੇ ਅਨੁਸਾਰੀ ਨਾ ਹੋਵੇ।

ਭਾਰਤ ਕੋਲ ਮਨੁੱਖੀ ਸਰੋਤ ਹਨ, ਵਿਗਿਆਨ ਦੇ ਖੇਤਰ ਵਿੱਚ ਕੀਤੇ ਕਾਰਜਾਂ ਦਾ ਇਤਿਹਾਸ ਅਤੇ ਸਰ ਸੀ.ਵੀ. ਰਮਨ, ਮੇਘਨਾਦ ਸਾਹਾ, ਸ਼੍ਰੀਨਿਵਾਸ ਰਾਮਾਨੁਜਨ, ਹੋਮੀ ਜੇ. ਭਾਬਾ, ਜਗਦੀਸ਼ ਚੰਦਰ ਬੋਸ ਅਤੇ ਹੋਰ ਬਹੁਤ ਸਾਰੇ ਕਈ ਵਿਗਿਆਨੀ ਹਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਿਆ ਹੈ। ਇਸ ਵਿਚ ਇਕ ਰਾਸ਼ਟਰੀ ਵਾਤਾਵਰਣਿਕ ਪ੍ਰਣਾਲੀ ਵੀ ਹੈ, ਜੋ ਨੌਜਵਾਨਾਂ ਦੇ ਮਨਾਂ ਨੂੰ ਵਿਗਿਆਨਕ ਲੀਹਾਂ ਵੱਲ ਉਤਸ਼ਾਹਿਤ ਕਰਦੀ ਹੈ ਅਤੇ ਜਿਵੇਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਹੈ ਕਿ ਸਾਡੇ ਦੇਸ਼ ਦੀਆਂ ਅਨੇਕਾਂ ਬੁਨਿਆਦੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਸਾਨੂੰ ਵਿਗਿਆਨਕ ਤੌਰ ‘ਤੇ ਹਾਲੇ ਹੋਰ ਮਜ਼ਬੂਤ ਹੋਣ ਦੀ ਲੋੜ ਹੈ।

ਸਕ੍ਰਿਪਟ: ਐੱਨ. ਭਦਰਨ ਨਾਇਰ, ਕਾਰਜਕਾਰੀ ਸੰਪਾਦਕ, ਇੰਡੀਅਨ ਸਾਇੰਸ ਜਰਨਲ