ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਵੱਲੋਂ ਕੀਤਾ ਗਿਆ ਭਾਰਤ ਦਾ ਆਪਣਾ ਪਹਿਲਾ ਸਰਕਾਰੀ ਦੌਰਾ

ਸ੍ਰੀਲੰਕਾ ਦੇ ਵਿਦੇਸ਼ ਮਾਮਲਿਆਂ , ਹੁਨਰ ਵਿਕਾਸ, ਰੁਜ਼ਗਾਰ ਅਤੇ ਕਿਰਤ ਮੰਤਰੀ ਦਿਨੇਸ਼ ਗੁਨਵਰਦੇਨਾ ਨੇ ਆਪਣੀ ਪਹਿਲੀ ਸਰਕਾਰੀ ਵਿਦੇਸ਼ ਯਾਤਰਾ ਤਹਿਤ ਭਾਰਤ ਦਾ ਦੌਰਾ ਕੀਤਾ।ਇਸ ਫੇਰੀ ਦੌਰਾਨ ਉਨ੍ਹਾਂ ਨਾਲ ਚਾਰ ਮੈਂਬਰੀ ਵਫ਼ਦ ਵੀ ਸੀ।ਜ਼ਿਕਰਯੋਗ ਹੈ ਕਿ ਨਵੰਬਰ 2019 ‘ਚ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਸੀ ਅਤੇ ਉਸ ਲੜੀ ਦੀ ਨਿਰੰਤਰਤਾ ਕਾਇਮ ਰੱਖਦਿਆਂ ਸ੍ਰੀਲੰਕਾਈ ਵਿਦੇਸ਼ ਮੰਤਰੀ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਹੈ।
ਇਸ ਫੇਰੀ ਦੌਰਾਨ ਉਨ੍ਹਾਂ ਨੇ ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ.ਜੈਸ਼ੰਕਰ, ਹੁਨਰ ਵਿਕਾਸ ਮੰਤਰੀ ਮਹਿੰਦਰ ਨਾਥ ਪਾਂਡੇ, ਕਿਰਤ ਅਤੇ ਰੁਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨਾਲ ਉੱਚ ਪੱਧਰੀ ਗੱਲਬਾਤ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਫਿੱਕੀ ਦੇ ਮੈਂਬਰਾਂ ਨੂੰ ਸੰਬੋਧਨ ਵੀ ਕੀਤਾ।ਉਨ੍ਹਾਂ ਨੇ ਨਵੀਂ ਦਿੱਲੀ ‘ਚ ਸਥਿਤ ਵਿਿਗਆਨ ਅਤੇ ਵਾਤਾਵਰਣ ਕੇਂਦਰ, ਜੋ ਕਿ ਇੱਕ ਲੋਕ-ਹਿੱਤ ਖੋਜ ਅਤੇ ਵਕਾਲਤ ਸੰਸਥਾ ਹੈ ਅਤੇ ਮਹਾਂਬੋਧੀ ਸੁਸਾਇਟੀ ਆਫ਼ ਇੰਡੀਆ ਦੇ ਨਵੀਂ ਦਿੱਲੀ ਦੇ ਕੇਂਦਰ ਦਾ ਦੌਰਾ ਵੀ ਕੀਤਾ।
ਭਾਰਤੀ ਵਿਦੇਸ਼ ਮੰਤਰੀ ਦੀ ਮੇਜ਼ਬਾਨੀ ‘ਚ ਵਫ਼ਦ ਪੱਧਰੀ ਵਾਰਤਾ ਦੌਰਾਨ ਦੋਵਾਂ ਮੰਤਰੀਆਂ ਨੇ ਨਿਵੇਸ਼, ਸੁਰੱਖਿਆ, ਮੱਛੀ ਪਾਲਣ,ਵਿਕਾਸ ਸਹਿਯੋਗ, ਸੈਰ-ਸਪਾਟਾ, ਸਿੱਖਿਆ ਅਤੇ ਸਭਿਆਚਾਰ ਸਹਿਯੋਗ ਸਮੇਤ ਦੁਵੱਲੇ ਸੰਬੰਧਾਂ ਦੇ ਸਮੁੱਚੇ ਦਾਇਰੇ ਬਾਰੇ ਵਿਚਾਰ ਚਰਚਾ ਕੀਤੀ।ਇਸ ਦੇ ਨਾਲ ਹੀਭਵਿੱਖ ‘ਚ ਦੁਵੱਲੇ ਸੰਬੰਧਾਂ ਨੂੰ ਵਧੇਰੇ ਮਜਬੂਤੀ ਪ੍ਰਦਾਨ ਕਰਨ ਦੇ ਢੰਗ ਤਰੀਕਿਆਂ ਦੀ ਖੋਜ ਸਬੰਧੀ ਮਸ਼ਵਰਾ ਵੀ ਕੀਤਾ ਗਿਆ।
ਸ੍ਰੀਲੰਕਾਈ ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਰਾਜਪਕਸ਼ੇ ਦੀ ਪਹਿਲੀ ਭਾਰਤ ਫੇਰੀ ਦੌਰਾਨ ਉਨ੍ਹਾਂ ਵੱਲੋਂ ਹੁਨਰ ਵਿਕਾਸ, ਕਿੱਤਾਮੁਖੀ ਸਿਖਲਾਈ, ਸਮਰੱਥਾ ਨਿਰਮਾਣ ਦੇ ਖੇਤਰਾਂ ‘ਚ ਸਹਿਯੋਗ ਦੇ ਨਵੇਂ ਖੇਤਰਾਂ ਦੀ ਭਾਲ ਕਰਨ ਦੀ ਮਹੱਤਤਾ ਨੂੰ ਪੇਸ਼ ਕਰਨ ਦੀ ਗੱਲ ਨੂੰ ਦੁਹਰਾਇਆ ਅਤੇ ਨਾਲ ਹੀ ਇੰਨ੍ਹਾਂ ਖੇਤਰਾਂ ‘ਚ ਭਾਰਤ ਦੀ ਮਦਦ ਦੀ ਮੰਗ ਵੀ ਕੀਤੀ।ਡਾ.ਜੈਸ਼ੰਕਰ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਵੱਲੋਂ ਇੰਨ੍ਹਾਂ ਖੇਤਰਾਂ ਦੇ ਵਿਕਾਸ ‘ਚ ਹਰ ਬਣਦੀ ਮਦਦ ਮੁੱਹਈਆ ਕਰਵਾਈ ਜਾਵੇਗੀ।ਦੋਵੇਂ ਹੀ ਧਿਰਾਂ ਉਕਤ ਖੇਤਰਾਂ ‘ਚ ਆਪਸੀ ਸਹਿਯੋਗ ਨੂੰ ਮਾਨਤਾ ਦੇਣ ਦੇ ਮਕਸਦ ਲਈ ਮੰਗ ਪੱਤਰ ਸਹੀਬੱਧ ਕਰਨ ਬਾਰੇ ਸੋਚ ਵਿਚਾਰ ਕਰ ਰਹੀਆਂ ਹਨ।ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਆਪਸੀ ਹਿਤਾਂ ਦੇ ਖੇਤਰੀ ਅਤੇ ਆਲਮੀ ਮਸਲਿਆਂ ਖਾਸ ਕਰਕੇ ਜਲਵਾਯੂ ਤਬਦੀਲੀ, ਅੱਤਵਾਦ ਵਿਰੋਧੀ ਮੁੱਦਿਆਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ।
ਡਾ.ਜੈਸ਼ੰਕਰ ਨੇ ਸ੍ਰੀਲੰਕਾ ਦੀ ਹਿਰਾਸਤ ‘ਚ 15 ਭਾਰਤੀ ਮਛੇਰਿਆਂ ਅਤੇ 52 ਕਿਸ਼ਤੀਆਂ ਦੀ ਰਿਹਾਈ ਸਬੰਧੀ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਕੀਤੇ ਗਏ ਐਲਾਨ ਤੌਂ ਬਾਅਦ ਸਥਿਤੀ ਦੀ ਤਰੱਕੀ ਦਾ ਜਾਇਜ਼ਾ ਲਿਆ।ਸ੍ਰੀਲੰਕਾਈ ਪੱਖ ਵੱਲੋਂ ਦੱਸਿਆ ਗਿਆ ਹੈ ਕਿ ਇਸ ਸਬੰਧ ‘ਚ ਕਾਰਵਾਈ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ।ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਿਕ ਇੰਨ੍ਹਾਂ ਚਰਚਾਵਾਂ ‘ਚ ਭਾਰਤ ‘ਚ ਰਹਿ ਰਹੇ ਸ੍ਰੀਲੰਕਾਈ ਸ਼ਰਨਾਰਥਅੀਾਂ ਦੀ ਵਤਨ ਵਾਪਸੀ ਬਾਰੇ ਵੀ ਗੱਲਬਾਤ ਹੋਈ ਹੈ।
ਫੇਰੀ ਦੀ ਸਮਾਪਤੀ ‘ਤੇ ਮੀਡੀਆ ਨਾਲ ਰੂਬਰੂ ਹੁੰਦਿਆਂ ਸ੍ਰੀ ਗੁਨਵਰਦੇਨਾ ਨੇ ਦੱਸਿਆ ਕਿ ਸ੍ਰੀਲੰਕਾ ਸਰਕਾਰ ਵੱਲੋਂ ਤਕਰੀਬਨ 3 ਹਜ਼ਾਰ ਸ੍ਰੀਲੰਕਾਈ ਸ਼ਰਨਾਰਥੀਆਂ, ਜੋ ਕਿ ਵਤਨ ਵਾਪਸ ਆਉਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਸਬੰਧਤ ਜ਼ਿਲ੍ਹਾ ਸਕੱਤਰੇਤਾਂ ਵੱਲੋਂ ਸਵੀਕਾਰ ਕਰਨ ਅਤੇ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਸ਼ਰਨਾਰਥੀਆਂ ਦਾ ਪਹਿਲਾ ਸਮੂਹ ਫਰਵਰੀ ਮਹੀਨੇ ਵਤਨ ਵਾਪਸ ਜਾਵੇਗਾ।ਸ੍ਰੀਲੰਕਾਈ ਵਿਦੇਸ਼ ਮੰਤਰੀ ਨੇ ਕਿਹਾ ਕਿ ਵਾਪਸ ਪਰਤਣ ਵਾਲੇ ਸ਼ਰਨਾਰਥੀਆਂ ਦੀ ਇੱਕ ਵਾਰ ਪਛਾਣ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਟਾਪੂ ਮੁਲਕ ਦੇ ਉੱਤਰੀ ਅਤੇ ਪੂਰਬੀ ਸੂਬਾਈ ਏਜੰਸੀਆਂ ਵੱਲੋਂ ਇੰਨ੍ਹਾਂ ਦੀਆਂ ਮੂਲ ਜ਼ਮੀਨਾਂ ‘ਤੇ ਇੰਨਾਂ ਦੇ ਮੁੜ ਵਸੇਬੇ ਦੇ ਪ੍ਰਬੰਧ ਕੀਤੇ ਜਾਣਗੇ।ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਭਾਰਤ ‘ਚ ਰਹਿ ਰਹੇ ਸ੍ਰੀਲੰਕਾਈ ਸ਼ਰਨਾਰਥੀਆਂ ਦੀ ਵਾਪਸੀ ਸਬੰਧੀ ਦੋਵਾਂ ਮੁਲਕਾਂ ਦਰਮਿਆਨ ਕਈ ਵਿਚਾਰ ਵਟਾਂਦਰੇ ਹੋਏ ਹਨ।ਹੁਣ ਤੱਕ ਜੋ ਸ਼ਰਨਾਰਥੀ ਸਵੈ-ਇੱਛਾ ਅਨੁਸਾਰ ਸ੍ਰੀਲੰਕਾ ਵਾਪਸ ਪਰਤਣਾ ਚਾਹੁੰਦੇ ਸਨ, ਉਨ੍ਹਾਂ ਲਈ ਸਾਰੇ ਪ੍ਰਬੰਧਾਂ ਦਾ ਆਯੋਹਨ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੀਤਾ ਗਿਆ ਹੈ।ਸ੍ਰੀਲੰਕਾ ਸਰਕਾਰ ਵੱਲੋਂ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਮਦਦ ਦੀ ਅਣਹੋਂਦ ‘ਚ ਕਈਆਂ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਸੰਦਰਭ ‘ਚ ਸ੍ਰੀ ਗੁਨਵਰਦੇਨਾ ਵੱਲੋਂ ਮੀਡੀਆ ‘ਚ ਆਪਣੀ ਸਰਕਾਰ ਦੇ ਇਸ ਮੁੱਦੇ ‘ਤੇ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਦਿੱਤੇ ਗਏ ਬਿਆਨ ਦੀ ਖਾਸ ਮਹੱਤਤਾ ਹੈ।
ਭਾਰਤ ਅਤੇ ਸ੍ਰੀਲੰਕਾ ਦਰਮਿਆਨ ਮਿੱਤਰਤਾ ਭਰਪੂਰ ਸਬੰਧ ਕਾਇਮ ਹਨ ਅਤੇ ਦੋਵੇਂ ਹੀ ਦੇਸ਼ ਵੱਖ-ਵੱਖ ਖੇਤਰਾਂ ਮਿਸਾਲਨ ਸੁਰੱਖਿਆ, ਸੈਰ-ਸਪਾਟਾ, ਸਭਿਆਚਾਰ, ਸਿੱਖਿਆ, ਹੁਨਰ ਵਿਕਾਸ, ਸਮਰੱਥਾ ਨਿਰਮਾਣ ਅਤੇ ਬੁਨਿਆਦੀ ਢਾਂਚਾ ਵਿਕਾਸ ‘ਚ ਮਜਬੂਤ ਸੰਬਧਾਂ ਦਾ ਆਨੰਦ ਮਾਣ ਰਹੇ ਹਨ ਅਤੇ ਨਾਲ ਹੀ ਭਵਿੱਖ ‘ਚ ਇੰਨ੍ਹਾਂ ਸੰਬੰਧਾਂ ਨੂੰ ਵਧੇਰੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹਨ।ਭਾਵੇਂ ਕਿ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਕਈ ਖੇਤਰ ਆਪਸੀ ਸਮਝ ਨੂੰ ਹੁਲਾਰਾ ਦੇ ਰਹੇ ਹਨ ਪਰ ਫਿਰ ਵੀ ਦੋਵਾਂ ਮੁਲਕਾਂ ਦਰਮਿਆਨ ਕਈ ਮਸਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ।ਇੰਨ੍ਹਾਂ ਚਿੰਤਾਵਾਂ ‘ਚ ਮੱਛੀ ਪਾਲਣ ਅਤੇ ਸ੍ਰੀਲੰਕਾ ‘ਚ ਭਾਰਤੀ ਵਿੱਤੀ ਮਦਦ ਨਾਲ ਚੱਲ ਰਹੇ ਪ੍ਰਾਜੈਕਟ ਖਾਸ ਹਨ। ਹਾਲਾਂਕਿ ਇੰਨ੍ਹਾਂ ਮਸਲਿਆਂ ਦੀ ਪਛਾਣ ਪਹਿਲਾਂ ਹੀ ਕਰ ਲਈ ਗਈ ਸੀ, ਪਰ ਫਿਰ ਢੁਕਵੇਂ ਹੱਲ ਦੀ ਅਣਹੋਂਦ ‘ਚ ਇਹ ਮਸਲੇ ਦੋਵਾਂ ਧਿਰਾਂ ‘ਚ ਖਟਾਸ ਭਰਨ ਦਾ ਕੰਮ ਕਰਦੇ ਰਹਿੰਦੇ ਹਨ।
ਅਜਿਹੇ ਹਾਲਾਤਾਂ ‘ਚ ਦੋਵਾਂ ਮੁਲਕਾਂ ਦਰਮਿਆਨ ਸਮੇਂ-ਸਮੇਂ ‘ਤੇ ਹੋ ਰਹੀਆਂ ਉੱਚ ਪੱਧਰੀ ਫੇਰੀਆਂ ਦੁਵੱਲੇ ਸਬੰਧਾਂ ਨੂੰ ਹੁਲਾਰਾ ਜ਼ਰੂਰ ਦੇਣਗੀਆਂ।ਮੰਨਿਆ ਜਾ ਰਿਹਾ ਹੈ ਕਿ ਸ੍ਰੀਲਕਾਈ ਵਿਦੇਸ਼ ਮਾਮਲਿਆਂ , ਹੁਨਰ ਵਿਕਾਸ, ਰੁਜ਼ਗਾਰ ਅਤੇ ਕਿਰਤ ਮੰਤਰੀ ਦਿਨੇਸ਼ ਗੁਨਵਰਦੇਨਾ ਦੀ ਮੌਜੂਦਾ ਫੇਰੀ ਜਿੱਥੇ ਦੁਵੱਲੇ ਸੰਬੰਧਾਂ ਨੂੰ ਮਜਬੂਤੀ ਪ੍ਰਦਾਨ ਕਰੇਗੀ, ਉੱਥੇ ਨਾਲ ਹੀ ਮੌਜੂਦਾ ਚਿੰਤਾਵਾਂ ਦੇ ਮੁੱਦਿਆਂ ਲਈ ਟਿਕਾਊ ਅਤੇ ਪ੍ਰਭਾਵਸ਼ਾਲੀ ਹੱਲ ਵੀ ਮੁਹੱਈਆ ਕਰਵਾਏਗੀ।
ਸਕ੍ਰਿਪਟ: ਗੁਲਬੀਨ ਸੁਲਤਾਨਾ, ਇਡਸਾ ‘ਚ ਖੋਜ ਵਿਸ਼ਲੇਸ਼ਕ