ਓਮਾਨ: ਇੱਕ ਯੁੱਗ ਦਾ ਅੰਤ

ਓਮਾਨ ‘ਚ ਇੱਕ ਯੁੱਗ ਦਾ ਅੰਤ ਉਸ ਸਮੇਂ ਹੋਇਆ ਜਦੋਂ 10 ਜਨਵਰੀ ਨੂੰ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ, ਜਿੰਨ੍ਹਾਂ ਨੇ ਪੰਜ ਦਹਾਕਿਆਂ ਤੱਕ ਸੱਤਾ ‘ਚ ਰਾਜ ਕੀਤਾ ਹੈ, ਉਹ ਇਸ ਫਾਨੀ ਦੁਨੀਆ ਨੂੰ ਅਲਵੀਦਾ ਕਹਿ ਗਏ।ਦੱਸਣਯੋਗ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ।ਸੁਲਤਾਨ ਕਾਬੂਸ ਦੇ ਦੇਹਾਂਤ ਤੋਂ ਬਾਅਦ ਮਹੱਤਵਪੂਰਣ ਖਾੜੀ ਰਾਜ ‘ਚ ਨਵੇਂ ਹੂਕਮਰਾਨ ਦੇ ਆਉਣ ਦੀ ਰਾਹ ਪੱਧਰੀ ਹੋਈ ਹੈ।ਸੁਲਤਾਨ ਕਾਬੂਸ ਚੰਗੇ ਕੱਦ-ਕਾਠ ਵਾਲਾ ਸ਼ਾਸਕ ਸੀ ਅਤੇ ਆਲਮੀ ਪੱਧਰ ‘ਤੇ ਉਸ ਨੂੰ ਸਨਮਾਨ ਹਾਸਲ ਸੀ।79 ਸਾਲਾ ਸੁਲਤਾਨ ਕਾਬੂਸ ਨੇ ਸਾਊਦੀ ਅਰਬ ਅਤੇ ਈਰਾਨ ਦੇ ਖੇਤਰੀ ਮਹਾਂਰਥੀਆਂ ਨੂੰ ਸੰਤੁਲਿਤ ਕਰਦਿਆਂ ਓਮਾਨ ਨੂੰ ਸੁਤੰਤਰ ਅਤੇ ਸਥਿਰ ਵਿਦੇਸ਼ ਨੀਤੀ ਪ੍ਰਦਾਨ ਕੀਤੀ।1970 ‘ਚ ਸੁਲਤਾਨ ਨੇ ਆਪਣੇ ਰੂੜੀਵਾਦੀ ਸੋਚ ਦੇ ਮਾਲਿਕ ਪਿਤਾ ਸੈਦ ਬਿਨ ਤੈਮੂਰ ਦੀ ਖ਼ਿਲਾਫਤ ਕਰਦਿਆਂ ਤਖਤਾ ਪਲਟਿਆ ਅਤੇ ਡੋਫਰ ਬਗ਼ਾਵਤ ਦਾ ਅੰਤ ਕੀਤਾ।ਇਸ ਕਦਮ ਦੇ ਨਾਲ ਹੀ ਗੁਲਾਮੀ ਨੂੰ ਖ਼ਤਮ ਕਰਦਿਆਂ ਓਮਾਨ ਨੂੰ ਆਧੁਨਿਕੀਕਰਨ ਦੀ ਰਾਹ ‘ਤੇ ਅੱਗੇ ਤੋਰਿਆ।1996 ‘ਚ ਓਮਾਨ ਦਾ ਪਹਿਲਾ ਲਿਖਤੀ ਸੰਵਿਧਾਨ ਪੇਸ਼ ਕੀਤਾ ਗਿਆ।ਰਾਜਨੀਤੀ, ਵਪਾਰ ਅਤੇ ਖੇਡਾਂ ‘ਚ ਮਹਿਲਾਵਾਂ ਦੀ ਸ਼ਮੂਲੀਅਤ ਨੂੰ ਵਧਾਵਾ ਦਿੰਦਿਆਂ ਮਹਿਲਾ ਸਸ਼ਕਤੀਕਰਨ ਨੂੰ ਉਤਸਾਹਿਤ ਕੀਤਾ ਗਿਆ।ਆਧੁਨਿਕ ਓਮਾਨ ਦੇ ਪਿਤਾਮਾ ਨੂੰ ਵਿਆਪਕ ਰੂਪ ‘ਚ 2015 ਈਰਾਨ ਪ੍ਰਮਾਣੂ ਸਮਝੌਤੇ ‘ਤੇ ਦਸਤਖ਼ਤ ਕਰਨ ‘ਚ ਉਨ੍ਹਾਂ ਦੀ ਮਹੱਤਵਪੂਰਣ ਭੂਮੀਕਾ ਅਤੇ ਯਮਨ ਦੀਆਂ ਜੰਗੀ ਧਿਰਾਂ ‘ਚ ਤਾਲਮੇਲ ਸਥਾਪਿਤ ਕਰਨ ’ਚ ਕੀਤੇ ਗਏ ਯਤਨਾਂ ਦੇ ਸਦਕਾ ਜਾਣਿਆ ਜਾਣ ਲੱਗਾ ਸੀ।

ਕੁਦਰਤੀ ਵਾਰਸ ਦੀ ਅਣਹੋਂਦ ਦੇ ਚੱਲਦਿਆਂ ਓਮਾਨ ‘ਚ ਗੱਦੀ ਦਾ ਵਾਰਸ ਕੌਣ ਹੋਵੇਗਾ, ਇਸ ਸਬੰਧੀ ਕਈ ਅਟਕਲਾਂ ਲਗਾਈਆਂ ਗਈਆਂ।ਦਰਅਸਲ ਪਰਿਵਾਰਕ ਕੌਂਸਲ ਨੇ ਸਾਬਕਾ ਸੁਲਤਾਨ ਵੱਲੋਂ ਗੱਦੀ ਲਈ ਨਾਮਜ਼ਦ ਕੀਤੇ ਗਏ ਵਾਰਸ ਦੀ ਪਸੰਦ ਦੀ ਹਿਮਾਇਤ ਕੀਤੀ ।ਉਨ੍ਹਾਂ ਦੀ ਪਸੰਦ ਹੈਥਮ ਬਿਨ ਤਾਰਿਕ ਅਲ ਸਾਇਦ ਸਨ, ਜੋ ਕਿ ਸੁਲਤਾਨ ਕਾਬੂਸ ਦੇ ਚਚੇਰੇ ਭਰਾ ਸਨ।ਹੈਥਮ ਸਲਤਨਤ ‘ਚ ਸਭਿਆਚਾਰ ਅਤੇ ਵਿਰਾਸਤ ਮੰਤਰਾਲੇ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਆਕਸਫੋਰਡ ‘ਚ ਪੜ੍ਹਦੇ ਸਨ।

ਨਵੇਂ ਸੁਲਤਾਨ ਨੂੰ ਇੱਕ ਅਜਿਹਾ ਮੁਲਕ ਵਿਰਾਸਤ ‘ਚ ਮਿਲਿਆ ਹੈ ਜਿੱਥੇ ਕਾਬੂਸ ਨੇ ਇੱਕਲੇ ਹੀ ਬਤੌਰ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਵੱਜੋਂ ਸੇਵਾਵਾਂ ਨਿਭਾਈਆਂ ਹਨ।ਉਹ ਕੇਂਦਰੀ ਬੈਂਕ ਦੇ ਗਵਰਨਰ ਵੀ ਸਨ।ਸਾਬਕਾ ਹੂਕਮਰਾਨ ਨੂੰ ਮਿਲੇ  ਸਨਮਾਨ ਨੂੰ ਕਾਇਮ ਰੱਖਣਾ ਨਵੇਂ ਸ਼ਾਸਕ ਲਈ ਕੁੱਝ ਦਿੱਕਤਾਂ ਭਰਪੂਰ ਹੋ ਸਕਦਾ ਹੈ।
ਰਾਜ ਦੀ ਕਮਜੋਰ ਵਿੱਤ ਸਥਿਤੀ ਅਤੇ ਹੱਦੋਂ ਵੱਧ ਬੇਰੁਜ਼ਗਾਰੀ ਨਵੇਂ ਸ਼ਾਸਕ ਲਈ ਵੱਡੀ ਚੁਣੌਤੀ ਬਣ ਸਕਦੀ ਹੈ।ਖੇਤਰੀ ਵਿਰੋਧੀਆਂ ‘ਚ ਕਿਸੇ ਇੱਕ ਦੇ ਪੱਖ ਦੀ ਚੋਣ ਕਰਨ ਲਈ ਬਾਹਰੀ ਦਬਾਅ ਨੂੰ ਸਮਝਦਿਆਂ ਨਿਰਪੱਖ ਵਿਦੇਸ਼ ਨੀਤੀ ਨੂੰ ਕਾਇਮ ਰੱਖਣ ‘ਚ ਉਨ੍ਹਾਂ ਦੀ ਕਾਬਲੀਅਤ ਦੀ ਪਰਖ ਹੋਵੇਗੀ।ਪਰ ਫਿਰ ਵੀ , ਓਮਾਨ ਦੇ ਸੁਲਤਾਨ ਵੱਜੋਂ ਸਹੁੰ ਚੁੱਕਣ ਤੋਂ ਬਾਅਦ ਹੈਥਮ ਬਿਨ ਤਾਰਿਕ ਨੇ ਭੋਰਸਾ ਦਿੱਤਾ ਹੈ ਕਿ ਉਹ ਮੁਲਕ ਦੇ ਵਿਕਾਸ ਦੀ ਗੱਡੀ ਨੂੰ ਅੱਗੇ ਤੋਰਨ ਲਈ ਸਾਰੇ ਦੇਸ਼ਾਂ ਨਾਲ ਦੋਸਤਾਨਾ ਸੰਬੰਧਾਂ ਨੂੰ ਕਾਇਮ ਰੱਖਣ ਦੀਆਂ ਆਪਣੀਆਂ ਪੂਰਵ ਨੀਤੀਆਂ ਨੂੰ ਜਾਰੀ ਰੱਖਣਗੇ।

ਮਸਕਟ ਨੇ ਸੁਲਤਾਨ ਕਾਬੂਸ ਦੇ ਦੇਹਾਂਤ ਦੇ ਮੱਦੇਨਜ਼ਰ ਤਿੰਨ ਦਿਨਾਂ ਲਈ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਐਲਾਨ ਕੀਤਾ ਹੈ ਕਿ ਅਗਲੇ 40 ਦਿਨਾਂ ਤੱਕ ਦੇਸ਼ ਦਾ ਝੰਡਾ ਅੱਧਾ ਲਹਿਰਾਇਆ ਜਾਵੇਗਾ।ਅਮਰੀਕਾ, ਬ੍ਰਿਟੇਨ, ਈਰਾਨ, ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ, ਤੁਰਕੀ, ਜਾਰਡਨ, ਮਿਸਰ ਅਤੇ ਬਹਿਰੀਨ ਸਮੇਤ ਹੋਰ ਮੁਲਕਾਂ ਨੇ ਸੁਲਤਾਨ ਕਾਬੂਸ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਪੇਸ਼ ਕੀਤਾ ਹੈ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮਾਨੀ ਆਗੂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।ਉਨ੍ਹਾਂ ਕਿਹਾ ਕਿ ਸੁਲਤਾਨ ਕਾਬੂਸ ਖੇਤਰ ਅਤੇ ਵਿਸ਼ਵ ਲਈ ਸ਼ਾਂਤੀ ਦਾ ਚਾਣਨ ਮੁਨਾਰਾ ਸਨ।ਇਸ ਦੇ ਨਾਲ ਹੀ ਪੀਐਮ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸੁਲਤਾਨ ਕਾਬੂਸ ਭਾਰਤ ਦੇ ਸੱਚੇ ਮਿੱਤਰ ਸਨ।ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅਤੇ ਓਮਾਨ ਦਰਮਿਆਨ ਇੱਕ ਮਜਬੂਤ ਰਣਨੀਤਕ ਸਾਂਝੇਦਾਰੀ ਮਰਹੂਮ ਸੁਲਤਾਨ ਦੇ ਯਤਨਾਂ ਦਾ ਹੀ ਨਤੀਜਾ ਹੈ।

ਭਾਰਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਾਬੂਸ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਨਜ਼ਦੀਕੀ ਦੋਸਤ ਸਨ ਅਤੇ ਦੁਨੀਆ ਨੇ ਇੱਕ ਮਹਾਨ ਰਾਜਨੇਤਾ ਨੂੰ ਗਵਾ ਲਿਆ ਹੈ।ਕਾਬੂਸ ਨੇ ਖੇਤਰ ਅਤੇ ਵਿਸ਼ਵ ‘ਚ ਸ਼ਾਂਤੀ ਸਥਾਪਿਤ ਕਰਨ ਲਈ ਅਣਥੱਕ ਯਤਨ ਕੀਤੇ ਹਨ।

ਭਾਰਤੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਭਾਰਤ 13 ਜਨਵਰੀ ਨੂੰ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਦੇ ਸਨਮਾਨ ‘ਚ ਸਰਕਾਰੀ ਸੋਗ ਹੋਵੇਗਾ।ਭਾਰਤੀ ਝੰਡਾ ਪੂਰਾ ਦਿਨ ਅੱਧਾ ਲਹਿਰਾਇਆ ਰਹੇਗਾ।ਭਾਰਤੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਦੀ ਅਗਵਾਈ ‘ਚ 14 ਜਨਵਰੀ ਜਾਨਿ ਕਿ ਅੱਜ ਇਕ ਭਾਰਤੀ ਵਫ਼ਦ ਮਸਕਟ ‘ਚ ਭਾਰਤੀ ਸਰਕਾਰ ਅਤੇ ਲੋਕਾਂ ਦੀ ਤਰਫੋਂ ਸੁਲਤਾਨ ਕਾਬੂਸ ਦੇ ਦੇਹਾਂਤ ‘ਤੇ ਸ਼ਰਧਾ ਦੇ ਫੁੱਲ ਭੇਟ ਕਰੇਗਾ।

ਪੀਐਮ ਮੋਦੀ ਨੇ ਨਵੇਂ ਸੁਲਤਾਨ ਨੂੰ ਵਧਾਈ ਪੇਸ਼ ਕਰਦਿਆਂ ਕਿਹਾ ਕਿ ਭਾਰਤ ਰਣਨੀਤਕ ਭਾਈਵਾਲੀ ਨੂੰ ਵਧੇਰੇ ਮਜ਼ਬੂਤ ਕਰਨ ਦੇ ਮਕਸਦ ਲਈ ਨਵੇਂ ਸੁਲਤਾਨ ਹੈਥਮ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ।ਦੋਵੇਂ ਹੀ ਮੁਲਕ ਪੁਰਾਤਨ ਸਮੇਂ ਤੋਂ ਵਪਾਰ ਦੇ ਖੇਤਰ ‘ਚ ਕੁਦਰਤੀ ਭਾਈਵਾਲ ਰਹੇ ਹਨ ਅਤੇ ਮੌਜੂਦਾ ਸਮੇਂ ‘ਚ ਵੀ ਭਾਰਤ ਅਤੇ ਓਮਾਨ ਮਜਬੂਤ ਦੋਸਤਾਨਾ ਸੰਬੰਧਾਂ ਦਾ ਨਿੱਘ ਮਾਣ ਰਹੇ ਹਨ।ਓਮਾਨ ‘ਚ 8 ਲੱਖ ਭਾਰਤੀ ਪ੍ਰਵਾਸੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ , ਜੋ ਕਿ ਆਪਣੀ ਕਮਾਈ ਦਾ ਕੁੱਝ ਹਿੱਸਾ ਵਾਪਸ ਆਪਣੇ ਮੁਲਕ ਭੇਜਦੇ ਹਨ।ਭਾਰਤੀ ਕਾਮਿਆਂ ਨੇ ਸਲਤਨਤ ਦੇ ਸਰਵਪੱਖੀ ਵਿਕਾਸ ‘ਚ ਅਹਿਮ ਯੋਗਦਾਨ ਪਾਇਆ ਹੈ।ਹੁਣ ਭਾਰਤ ਓਮਾਨ ਦੇ ਨਵੇਂ ਸ਼ਾਸਕ ਨਾਲ ਵੀ ਦੋਸਤਾਨਾ ਸੰਬੰਧਾਂ ਨੂੰ ਜਾਰੀ ਰੱਖਣ ਦੀ ਇੱਛਾ ਰੱਖ ਰਿਹਾ ਹੈ।

ਸਕ੍ਰਿਪਟ: ਡਾ.ਲਕਸ਼ਮੀ ਪ੍ਰਿਆ, ਇਡਸਾ ‘ਚ ਖੋਜ ਵਿਸ਼ਲੇਸ਼ਕ