ਖੇਤਰੀ ਸੰਕਟ ਨਾਲ ਨਜਿੱਠਣ ਲਈ ਤਣਾਅ ਦੀ ਸਥਿਤੀ ਦਾ ਹੱਲ ਕੀਤਾ ਜਾਣਾ ਬਹੁਤ ਜ਼ਰੂਰੀ: ਈਰਾਨ

ਇਸ ਗੱਲ ਦੇ ਸੰਕੇਤ ਪਹਿਲਾਂ ਹੀ ਭਾਵੇਂ ਮਿਲਣ ਲੱਗ ਗਏ ਸਨ ਕਿ ਅਮਰੀਕਾ ਅਤੇ ਈਰਾਨ ਦੋਵੇਂ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਰਮਿਆਨ ਵੱਧ ਰਹੇ ਤਣਾਅ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ।ਪਰ ਕੁੱਝ ਦਿਨ ਬਾਅਧ ਹੀ ਇਸ ਗੱਲ ਦੀ ਵਧੇਰੇ ਪੁਸ਼ਟੀ ਹੋ ਗਈ ਕਿ ਜੇਕਰ ਤਣਾਅ ਨੂੰ ਘੱਟ ਕਰਨ ‘ਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਰਤੀ ਜਾਂਦੀ ਹੈ ਤਾਂ ਇਸ ਦਾ ਪੱਛਮੀ ਏਸ਼ੀਆ ‘ਤੇ ਬਹੁਤ ਹੀ ਮਾੜਾ ਪ੍ਰਭਾਵ ਵੇਖਣ ਨੂੰ ਮਿਲੇਗਾ।ਜਿਸ ਨਾਲ ਕਿ ਇਸ ਖੇਤਰ ‘ਚ ਸੁਰੱਖਿਆ ਸਬੰਧੀ ਗੰਭੀਰ ਮਸਲੇ ਪੈਦਾ ਹੋ ਸਕਦੇ ਹਨ।ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਅਮਰੀਕੀ ਫੌਜੀ ਠਿਕਾਣਿਆਂ ‘ਤੇ ਈਰਾਨ ਵੱਲੋਂ ਕੀਤੇ ਗਏ ਮਿਜ਼ਾਇਲੀ ਹਮਲਿਆਂ ਤੋਂ ਬਾਅਦ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਸੀ ਕਿ ਅਮਰੀਕਾ ਫੌਜੀ ਤੌਰ ‘ਤੇ ਸ਼ਕਤੀਸ਼ਾਲੀ ਹੋਣ ਤੋਂ ਇਲਾਵਾ ਦੂਜੇ ਲੜਾਕੂ ਉਪਕਰਣਾਂ ਨਾਲ ਵੀ ਪੂਰੀ ਤਰ੍ਹਾਂ ਨਾਲ ਲੈਸ ਹੈ, ਪਰ ਫਿਰ ਵੀ ਉਹ ਇੰਨ੍ਹਾਂ ਦੀ ਵਰਤੋਂ ਤੋਂ ਪਰਹੇਜ ਕਰੇਗਾ।ਕੁੱਝ ਇਸ ਤਰ੍ਹਾਂ ਦੇ ਹੀ ਬਿਆਨ ਈਰਾਨੀ ਆਗੂਆਂ ਵੱਲੋਂ ਵੀ ਦਿੱਤੇ ਗਏ ਸਨ।ਦਰਅਸਲ ਇਰਾਕ ‘ਚ ਈਰਾਨੀ ਫੌਜ ਦੇ ਪ੍ਰਮੁੱਖ ਜਨਰਲ ਸੁਲੇਮਾਣੀ ਦੀ ਅਮਰੀਕੀ ਡਰੋਨ ਹਮਲੇ ‘ਚ ਹਲਾਕਤ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

ਈਰਾਨ ‘ਚ ਅਮਰੀਕਾ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਨਿਖੇਧੀ ਕੀਤੀ ਗਈ ਹੈ।ਇਰਾਕ ‘ਚ ਵੀ ਇਸ ਦੇ ਖਿਲਾਫ ਪ੍ਰਦਰਸ਼ਨ ਹੋਏ ਸਨ ਅਤੇ ਸੰਕਟ ਦੀ ਸਥਿਤੀ ਬਣ ਗਈ ਸੀ।ਕੋਈ ਵੀ ਸਥਿਤੀ ਦੀ ਨਜ਼ਾਕਤ ਨਹੀਂ ਭਾਂਪ ਪਾ ਰਿਹਾ ਸੀ।ਪਰ ਬਾਅਦ ‘ਚ ਇਹ ਅਹਿਸਾਸ ਹੋਇਆ ਕਿ ਇਸ ਸਥਿਤੀ ਨੂੰ ਵਧੇਰੇ ਵਿਗੜਣ ਤੋਂ ਬਚਾਇਆ ਜਾ ਸਕਦਾ ਹੈ।ਇਸ ਪੂਰੀ ਹਮਲਾਵਰ ਸਥਿਤੀ ਦੌਰਾਨ ਇੱਕ ਯੁਕਰੇਨੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਜਹਾਜ਼ ‘ਚ ਸਵਾਰ ਸਾਰੇ ਹੀ ਯਾਤਰੀ ਮਾਰੇ ਗਏ।ਪਹਿਲਾਂ ਤਾਂ ਈਰਾਨ ਨੇ ਕਿਹਾ ਸੀ ਕਿ ਇਹ ਇੱਕ ਹਾਦਸਾ ਸੀ ਪਰ ਬਾਅਦ ‘ਚ ਉਸ ਨੇ ਮੰਨਿਆ ਕਿ ਇਹ ਜਹਾਜ਼ ਉਸ ਵੱਲੋਂ ਜਵਾਬੀ ਕਾਰਵਾਈ ‘ਚ ਛੱਡੀ ਗਈ ਮਿਜ਼ਾਇਲ ਦਾ ਸ਼ਿਕਾਰ ਹੋ ਗਿਆ ਸੀ।ਅਸਲ ‘ਚ ਹਵਾਈ ਜਹਾਜ਼ ਮਿਜ਼ਾਇਲ ਦੇ ਨਿਸ਼ਾਨੇ ‘ਚ ਆ ਗਿਆ ਸੀ।ਵੈਸੇ ਇਸ ਹਾਦਸੇ ਦੀ ਜਾਂਚ ਵੱਖਰੇ ਤੌਰ ‘ਤੇ ਕੀਤੀ ਜਾਵੇਗੀ।ਇਹ ਇਕ ਵੱਡੀ ਮਨੁੱਖੀ ਤਰਾਸਦੀ ਸੀ, ਜਿਸ ‘ਚ ਈਰਾਨ ਸਮੇਤ ਦੂਜੇ ਮੁਲਕਾਂ ਦੇ ਨਾਗਰਿਕ ਵੀ ਹਲਾਕ ਹੋਏ।ਈਰਾਨ ‘ਚ ਵੀ ਇਸ ਘਟਨਾ ਦੀ ਮੁਖਾਲਫਤ ਹੋਈ।ਉਮੀਦ ਇਹ ਕੀਤੀ ਜਾ ਰਹੀ ਹੈ ਕਿ ਅਮਰੀਕਾ ਅਤੇ ਈਰਾਨ ਦਰਮਿਆਨ ਪੈਦਾ ਹੋਏ ਤਣਾਅ ਨੂੰ ਘਟਾਉਣ ਲਈ ਵੱਡੇ ਪੱਧਰ ‘ਤੇ ਯਤਨ ਜਾਰੀ ਹਨ।ਇੱਥੇ ਇਹ ਵੀ ਉਸਾਰੂ ਪਹਿਲੂ ਹੈ ਕਿ ਅਮਰੀਕਾ ਅਤੇ ਈਰਾਨ ਦੋਵੇਂ ਹੀ ਤਣਾਅ ਨੂੰ ਘਟਾਉਣ ਦੇ ਹੱਕ ‘ਚ ਹਨ।ਅਮਰੀਕਾ ਦੇ ਰੱਖਿਆ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਬਿਨ੍ਹਾਂ ਕਿਸੇ ਸ਼ਰਤ ਦੇ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਜੋ ਕਿਸੇ ਨਵੇਂ ਰਾਹ ਦੀ ਭਾਲ ਕੀਤੀ ਜਾਵੇ।ਦੂਜੇ ਪਾਸੇ ਈਰਾਨ ਦਾ ਕਹਿਣਾ ਹੈ ਕਿ ਉਹ ਗੱਲਬਾਤ ‘ਚ ਹਿੱਸਾ ਉਦੋਂ ਹੀ ਲਵੇਗਾ ਜਦੋਂ ਅਮਰੀਕਾ ਉਸ ‘ਤੇ ਲਗਾਈਆਂ ਸਾਰੀਆਂ ਪਾਬੰਦੀਆਂ ਨੂੰ ਹਟਾਵੇਗਾ।ਇਸ ਦੌਰਾਨ ਕਤਰ ਦੇ ਅਮੀਰ ਨੇ ਈਰਾਨ ਦਾ ਦੌਰਾ ਕੀਤਾ ਅਤੇ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਖੇਤਰ ਦੀ ਸੂਰਤੇਹਾਲ ‘ਤੇ ਵਿਸਥਾਰ ਨਾਲ ਗੱਲਬਾਤ ਕੀਤੀ।ਦੋਵਾਂ ਆਗੂਆਂ ਨੇ ਖੇਤਰ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਤਣਾਅ ਨੂੰ ਖਤਮ ਕਰਨ ਦੀ ਸਹਿਮਤੀ ਪ੍ਰਗਟ ਕੀਤੀ ਅਤੇ ਨਾਲ ਹੀ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਦੋਵੇਂ ਧਿਰਾਂ ਗੱਲਬਾਤ ਰਾਹੀਂ ਇਸ ਦਾ ਹੱਲ ਲੱਭਣ।

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕਤਰ ਅਮਰੀਕਾ ਨੂੰ ਫੌਜੀ ਠਿਕਾਣੇ ਮੁਹੱਈਆ ਕਰਵਾਉਣ ਵਾਲਾ ਸਭ ਤੋਂ ਵੱਡਾ ਮੁਲਕ ਹੈ।ਪਰ ਦੂਜੇ ਪਾਸੇ ਕਤਰ ਦੇ ਈਰਾਨ ਨਾਲ ਵੀ ਵਧੀਆ ਸੰਬੰਧ ਹਨ।ਅਜਿਹੇ ‘ਚ ਦੋਵਾਂ ਮੁਲਕਾਂ ਦੇ ਇੰਨ੍ਹਾਂ ਆਗੂਆਂ ਵੱਲੋਂ ਖੇਤਰ ਦੀ ਸਲਾਮਤੀ ਅਤੇ ਵਿਕਾਸ ਲਈ ਜੋ ਗੱਲਬਾਤ ਕੀਤੀ ਜਾ ਰਹੀ ਹੈ ਉਹ ਸਿਰਫ ਵਾਰਤਾ ਹੀ ਨਹੀਂ ਹੈ ਬਲਕਿ ਇਸ ਦਾ ਅਸਰ ਪੂਰੇ ਖਿੱਤੇ ‘ਤੇ ਪਵੇਗਾ। ਰਾਸ਼ਟਰਪਤੀ ਰੂਹਾਨੀ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਖੇਤਰ ਦੀ ਸੁਰੱਖਿਆ ਅਤੇ ਦੂਜੇ ਅਹਿਮ ਮਸਲਿਆਂ ਨੂੰ ਮਹੱਤਵ ਦੇਣਾ ਚਾਹੀਦਾ ਹੈ ਅਤੇ ਨਾਲ ਹੀ ਖੇਤਰੀ ਲੋਕਾਂ ‘ਚ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।ਇਹ ਇਕ ਸਕਾਰਾਤਮਕ ਸੋਚ ਦਾ ਹੀ ਪ੍ਰਤੀਕ ਹੈ।

ਹੁਣ ਜ਼ਰੂਰਤ ਹੈ ਕਿ ਅਮਰੀਕਾ ਅਤੇ ਈਰਾਨ ਆਪਣੀ ਪਰਿਪੱਕਤਾ ਦਾ ਸਬੂਤ ਦੇਣ ਅਤੇ ਉਨ੍ਹਾਂ ਮਸਲਿਆਂ ਤੋਂ ਗੁਰੇਜ਼ ਕਰਨ ਜਿਸ ਨਾਲ ਕਿ ਤਣਾਅ ‘ਚ ਵਾਧਾ ਹੋਣ ਦਾ ਡਰ ਬਣਿਆ ਰਹੇ।ਹੁਣ ਜਦੋਂ ਈਰਾਨ ਨੇ ਸਵੀਕਾਰ ਕਰ ਲਿਆ ਹੈ ਕਿ ਯੁਕਰੇਨ ਦਾ ਹਵਾਈ ਜਹਾਜ਼ ਉਨ੍ਹਾਂ ਦੀ ਗਲਤੀ ਕਾਰਨ ਹੀ ਹਾਦਸਾਗ੍ਰਸਤ ਹੋਇਆ ਹੈ ਤਾਂ ਵਿਰੋਧ ਵੀ ਖਤਮ ਹੋ ਜਾਣਾ ਚਾਹੀਦਾ ਹੈ।ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਸੰਜਮ ਵਰਤਦਿਆਂ ਅਮਨ ਅਤੇ ਸ਼ਾਂਤੀ ਦਾ ਮਾਹੌਲ ਕਾਇਮ ਕਰਨਾ ਚਾਹੀਦਾ ਹੈ।

ਜੇਕਰ ਇਸ ਖੇਤਰ ‘ਚ ਅਮਨ ਸਥਾਪਿਤ ਹੁੰਦਾ ਹੈ ਤਾਂ ਸਾਰੇ ਖੇਤਰ ਦੀ ਸਲਾਮਤੀ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਅਤੇ ਨਾਲ ਹੀ ਆਲਮੀ ਬਰਾਦਰੀ ਵੀ ਸੁੱਖ ਦਾ ਸਾਹ ਲੈ ਸਕਦੀ ਹੈ।ਭਾਰਤ ਦੇ ਅਮਰੀਕਾ ਅਤੇ ਈਰਾਨ ਦੋਵਾਂ ਹੀ ਦੇਸ਼ਾਂ ਨਾਲ ਵਧੀਆ ਸੰਬੰਦ ਹਨ।ਨਵੀਂ ਦਿੱਲੀ ਨਾ ਸਿਰਫ ਤਣਾਅ ਘਟਾਉਣ ਦੀ ਚਾਹਵਾਨ ਹੈ ਬਲਕਿ ਪ੍ਰਮਾਣੂ ਮਸਲਿਆਂ ਨਾਲ ਸਬੰਧਿਤ ਇਕ ਸਮਝੋਤੇ ਨੂੰ ਸਹੀਬੱਧ ਕਰਨ ਦੀ ਇੱਛਾ ਵੀ ਰੱਖਦਾ ਹੈ ਤਾਂ ਜੋ ਖਿੱਤੇ ‘ਚ ਸਥਾਈ ਸ਼ਾਂਤੀ ਦੀ ਸਥਾਪਨਾ ਕੀਤੀ ਜਾ ਸਕੇ।

ਸਕ੍ਰਿਪਟ: ਮੁਈਨੁਦੀਨ ਖ਼ਾਨ