ਰੂਸੀ ਵਿਦੇਸ਼ ਮੰਤਰੀ ਵੱਲੋਂ ਭਾਰਤ ਦਾ ਦੌਰਾ, ਭਾਰਤ-ਰੂਸ ਸੰਬੰਧਾਂ ‘ਚ ਆਵੇਗੀ ਮਜਬੂਤੀ

ਰੂਸ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸਰਗੇੲ ਲਾਵਰੋਵ ਵੱਲੋਂ ‘ਰਾਏਸੀਨਾ ਸੰਵਾਦ’ ‘ਚ ਸ਼ਿਰਕਤ ਕਰਨ ਲਈ ਨਵੀਂ ਦਿੱਲੀ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੇ ਇਸ ਦੌਰੇ ਨੂੰ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜਬੂਤੀ ਪ੍ਰਦਾਨ ਕੀਤੇ ਜਾਣ ਦੇ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ।ਸ੍ਰੀ ਲਾਵਰੋਵ ਨੇ ਨਵੀਂ ਦਿੱਲੀ ਵਿਖੇ ਆਪਣੇ ਭਾਰਤੀ ਹਮਅਹੁਦਾ ਡਾ.ਐਸ. ਜੈਸ਼ੰਕਰ ਨਾਲ ਮੌਜੂਦਾ ਖੇਤਰੀ ਸਥਿਤੀ ‘ਤੇ ਵਿਚਾਰ ਵਟਾਂਦਰਾ ਕੀਤਾ।ਇਸ ਚਰਚਾ ‘ਚ ਈਰਾਨ, ਲੀਬੀਆ ਅਤੇ ਸੀਰੀਆ ਦੇ ਵਿਦੇਸ਼ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ।ਬਾਅਦ ‘ਚ ਰੂਸੀ ਵਿਦੇਸ਼ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਵੀ ਕੀਤੀ।ਇਸ ਬੈਠਕ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਕਈ ਅਹਿਮ ਅਤੇ ਮਹੱਤਵਪੂਰਣ ਫ਼ੈਸਲੇ ਲਏ ਗਏ ਅਤੇ ਉਨ੍ਹਾਂ ਦੇ ਕਈ ਨਤੀਜੇ ਵੀ ਸਾਹਮਣੇ ਆਏ ਸਨ।ਉਨ੍ਹਾਂ ਨੇ ਨਾਲ ਹੀ ਸੁਝਾਅ ਦਿੱਤਾ ਕਿ ਸਾਲ 2020, ਜੋ ਕਿ ਨਵੀਂ ਦਿੱਲੀ ਅਤੇ ਮਾਸਕੋ ਵਿਚਾਲੇ ਰਣਨੀਤਕ ਸਾਂਝੇਦਾਰੀ ਦੇ 20 ਸਾਲ ਮੁੰਕਮਲ ਹੋਣ ਦੀ ਨਿਸ਼ਾਨਦੇਹੀ ਵੀ ਕਰਦਾ ਹੈ, ਇਸ ਸਾਲ ਉਨ੍ਹਾਂ ਸਾਰੇ ਫ਼ੈਸਲਿਆਂ ਨੂੰ ਅਮਲ ‘ਚ ਲਿਆਉਣਾ ਚਾਹੀਦਾ ਹੈ।

ਵਿਦੇਸ਼ ਮੰਤਰੀ ਪੱਧਰ ਦੇ ਵਿਚਾਰ ਵਟਾਂਦਰੇ ਦੌਰਾਨ ਦੋਵਾਂ ਹੀ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਮੱਧ ਪੂਰਬ ਖੇਤਰ ‘ਚ ਵੱਧ ਰਹੇ ਤਣਾਅ ਬਾਰੇ ਗੱਲ ਕੀਤੀ।ਮੱਧ ਪੂਰਬ ‘ਚ ਤਣਅ ਦੀ ਸਥਿਤੀ ‘ਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਦਾ ਪ੍ਰਭਾਵ ਵਿਸ਼ਵ ਦੀ ਆਰਥਿਕਤਾ ਅਤੇ ਫ਼ਾਰਸ ਦੀ ਖਾੜੀ ਖੇਤਰ ਦੀ ਭੂ-ਰਾਜਨੀਤੀ ‘ਤੇ ਪਵੇਗਾ।
ਸ੍ਰੀ ਲਾਵਰੋਵ ਅਤੇ ਡਾ.ਜੈਸ਼ੰਕਰ ਦੋਵਾਂ ਹੀ ਮੰਤਰੀਆਂ ਨੇ ਸਾਲ 2020 ਲਈ ਖਾਸ ਦੁਵੱਲੇ ਏਜੰਡੇ ਨੂੰ ਤੈਅ ਕੀਤਾ।ਨਵੇਂ ਸਾਲ ਦੇ ਸ਼ੁਰੂ ‘ਚ ਭਾਰਤ ਅਤੇ ਰੂਸ ਵਿਚਾਲੇ ਇਸ ਉੱਚ ਪੱਧਰੀ ਵਾਰਤਾ ਨੇ ਭਵਿੱਖ ‘ਚ ਵੀ ਇਸ ਤਰ੍ਹਾਂ ਦੀਆਂ ਹੋਰ ਉੱਚ ਪੱਧਰੀ ਬੈਠਕਾਂ ਅਤੇ ਸੰਮੇਲਨ ਪੱਧਰੀ ਮੀਟਿੰਗਾਂ ਲਈ ਮੰਚ ਤਿਆਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਆਖਰੀ ਬੈਠਕ ਸਤੰਬਰ 2019 ‘ਚ ਵਲਾਦੀਵੋਸਟੋਕ ਵਿਖੇ ਆਯੋਜਿਤ 20ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਦੌਰਾਨ ਹੋਈ ਸੀ।ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਹੀ ਆਗੂ ਇਸ ਸਾਲ ਦੇ ਅੰਤ ‘ਚ ਮੁੜ ਮਿਲਣਗੇ।ਦਰਅਸਲ ਰੂਸ ਦੇ ਰਾਸ਼ਟਰਪਤੀ ਵੱਲੋਂ ਸਾਲ ਦੇ ਅੰਤ ‘ਚ ਭਾਰਤ ਦਾ ਦੌਰਾ ਕੀਤੇ ਜਾਣ ਦੀ ਸੰਭਾਵਣਾ ਹੈ।ਇਸ ਦੌਰਾਨ ਦੋਵੇਂ ਹੀ ਆਗੂ ਵੱਖ-ਵੱਖ ਬਹੁਪੱਖੀ ਰੁਝੇਵਿਆਂ ਦੌਰਾਨ ਵੀ ਇਕ ਦੂਜੇ ਨੂੰ ਮਿਲਣਗੇ।ਇੰਨ੍ਹਾਂ ਰੁਝੇਵਿਆਂ ‘ਚ ਜੀ-20 ਸੰਮੇਲਨ, ਬਰਿਕਸ ਸੰਮੇਲਨ ਅਤੇ ਸ਼ੰਘਾਈ ਸਹਿਕਾਰਤਾ ਸੰਮੇਲਨ ਸ਼ਾਮਲ ਹੈ।ਇਸ ਤੋਂ ਪਹਿਲਾਂ ਪੀਐਮ ਮੋਦੀ ਮਈ ਮਹੀਨੇ ‘ਚ ਵਿਜੈ ਦਿਵਸ ਦੀ 75ਵੀਂ ਵਰੇ੍ਹਗੰਢ ‘ਚ ਸ਼ਿਰਕਤ ਕਰਨ ਲਈ ਮਾਸਕੋ ਦਾ ਦੌਰਾ ਕਰਨਗੇ।
ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨੇ ਭਾਰਤ ਅਤੇ ਰੂਸ ਦਰਮਿਆਨ ਵਿਸ਼ੇਸ਼ ਅਤੇ ਅਧਿਕਾਰਤ ਰਣਨੀਤਕ ਭਾਈਵਾਲੀ ਦੇ ਪ੍ਰਗਤੀਸ਼ੀਲ ਵਿਕਾਸ ਸਬੰਧੀ ਵਿਚਾਰ ਚਰਚਾ ਕੀਤੀ।ਸ੍ਰੀ ਲਾਵਰੋਵ ਅਤੇ ਡਾ.ਜੈਸ਼ੰਕਰ ਨੇ ਦੁਵੱਲੇ ਸੰਬੰਧਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਵੀ ਲਿਆ।ਪਿਛਲੇ ਸਾਲ ਵਾਲਦੀਵੋਸਟੋਕ ਵਿਖੇ 20ਵੇਂ ਭਾਰਤ-ਰੂਸ ਸੰਮੇਲਨ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ‘ਚ ਕਿਹਾ ਗਿਆ ਸੀ ਕਿ ਭਾਰਤ ਅਤੇ ਰੂਸ ਦੋਵੇਂ ਹੀ ਸਮਕਾਲੀ ਸਮੇਂ ਦੀਆਂ ਮਸਲੇ ਭਰਪੂਰ ਹਕੀਕਤਾਂ ਦਾ ਸਫ਼ਲਤਾਪੂਰਵਕ ਮੁਕਾਬਲਾ ਕਰ ਰਹੇ ਹਨ ਅਤੇ ਬਾਹਰੀ ਪ੍ਰਭਾਵ ਤੋਂ ਪ੍ਰਭਾਵਿਤ ਨਹੀਂ ਹੋਣਗੇ।ਭਾਰਤ-ਰੂਸ ਸੰਬੰਧਾਂ ਦੇ ਸਮੁੱਚੇ ਦਾਇਰੇ ਦਾ ਵਿਕਾਸ ਦੋਵਾਂ ਹੀ ਦੇਸ਼ਾਂ ਦੀ ਵਿਦੇਸ਼ ਨੀਤੀ ‘ਚ ਤਰਜੀਹੀ ਹੈ।ਦੋਵਾਂ ਮੁਲਕਾਂ ਦਰਮਿਆਨ ਰਣਨੀਤਕ ਸਾਂਝੇਦਾਰੀ ਨੇ ਵਿਸ਼ੇਸ਼ ਅਤੇ ਅਧਿਕਾਰਤ ਪ੍ਰਕ੍ਰਿਤੀ ਦਾ ਪ੍ਰਦਰਸ਼ਨ ਕੀਤਾ ਹੈ, ਜੋ ਕਿ ਗੁੰਝਲਦਾਰ ਅੰਤਰਰਾਸ਼ਟਰੀ ਸਥਿਤੀ ‘ਚ ਸਥਿਰਤਾ ਦੇ ਅਧਾਰ ਵੱਜੋਂ ਉਭਰੀ ਹੈ।
ਭਾਰਤ ਅਤੇ ਰੂਸ ਨੇ ਆਪਣੇ ਦੁਵੱਲੇ ਸੰਬੰਧਾਂ ਨੂੰ ਵਧੇਰੇ ਮਜਬੂਤ ਕਰਨ ਦੇ ਮਕਸਦ ਨਾਲ 2025 ਤੱਕ ਦੁਵੱਲਾ ਵਪਾਰ 30 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਮਿੱਥਿਆ ਹੈ।ਇਸ ਉਦੇਸ਼ ਦੀ ਪੂਰਤੀ ਲਈ ਦੋਵਾਂ ਹੀ ਰਾਜਾਂ ਨੇ ਭਾਰਤ ਅਤੇ ਰੂਸ ਦੀ ਪ੍ਰਭਾਵਸ਼ਾਲੀ ਸਰੋਤ ਸੰਭਾਵਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਰਗਰਮ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ।
ਭਾਰਤ ਅਤੇ ਰੂਸ ਦੋਵੇਂ ਹੀ ਨਵੀਂ ਤਕਨੀਕੀ ਅਤੇ ਨਿਵੇਸ਼ ਸਾਂਝੇਦਾਰੀ ਨੂੰ ਕਾਇਮ ਕਰਨ ਲਈ ਯਤਨਸ਼ੀਲ ਹਨ।ਦੋਵਾਂ ਹੀ ਧਿਰਾਂ ਨੇ ਮੰਨਿਆ ਹੈ ਕਿ ਫੌਜ ਅਤੇ ਤਕਨੀਕੀ ਖੇਤਰ ‘ਚ ਨੇੜਲਾ ਸਹਿਯੋਗ ਭਾਰਤ-ਰੂਸ ਦੁਵੱਲੀ ਵਿਸ਼ੇਸ਼ ਰਣਨੀਤਕ ਭਾਈਵਾਲੀ ਦਾ ਖਾਸ ਥੰਮ੍ਹ ਹੈ।ਇਸੇ ਹੀ ਭਾਵਨਾ ਦੇ ਮੱਦੇਨਜ਼ਰ ਭਾਰਤ ਅਤੇ ਰੂਸ ਨੇ ਸਖਤ ਅਮਰੀਕੀ ਦਬਾਅ ਦੇ ਚੱਲਦਿਆਂ ਵੀ ਇੱਕ ਵਿਸ਼ੇਸ਼ ਰਣਨੀਤਕ ਇਕਰਾਰਨਾਮੇ ਨੂੰ ਸਹੀਬੱਧ ਕੀਤਾ ਜਿਸ ਦੇ ਤਹਿਤ ਭਾਰਤ ਨੂੰ ‘ਐਸ-400 ਐਂਟੀ ਮਿਜ਼ਾਇਲ ਸਿਸਟਮ’ ਸਪਲਾਈ ਕੀਤੇ ਜਾਣੇ ਸਨ।ਭਾਰਤੀ ਹਥਿਆਰਬੰਦ ਸੈਨਾਵਾਂ ਦੀ ਤਾਕਤ ਨੂੰ ਵਧੇਰੇ ਮਜ਼ਬੂਤ ਕਰਨ ‘ਚ ਰੂਸ ਭਾਰਤ ਦਾ ਭਰੋਸੇਮੰਦ ਭਾਈਵਾਲ ਰਿਹਾ ਹੈ।ਇਸ ਤੋਂ ਇਲਾਵਾ ਰੂਸ ਨੇ ਸੰਯੁਕਤ ਰਾਸ਼ਟਰ ਸਮੇਤ ਹੋਰ ਕਈ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਦਾ ਸਮਰਥਨ ਕੀਤਾ ਹੈ।ਦੱਸਣਯੋਗ ਹੈ ਕਿ ਰੂਸ 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੇ ਹੱਕ ‘ਚ ਰਿਹਾ ਹੈ।ਇਸ ਦੇ ਨਾਲ ਹੀ 48 ਮੈਨਬਰੀ ਪ੍ਰਮਾਣੂ ਸਪਲਾਇਰ ਗਰੁੱਪ, ਐਨਐਸਜੀ ‘ਚ ਭਾਰਤ ਦੇ ਦਾਖਲੇ ਦੀ ਪੁਰਜ਼ੋਰ ਹਿਮਾਇਤ ਪੇਸ਼ ਕੀਤੀ ਹੈ।
ਇਸ ਪਿਛੋਕੜ ‘ਚ ਹੀ ਰੂਸ ਦੇ ਵਿਦੇਸ਼ ਮੰਤਰੀ ਦੀ ਇਸ ਤਾਜ਼ਾ ਫੇਰੀ ਨੇ ਰਣਨੀਤਕ ਪੱਖੋਂ ਚੱਲ ਰਹੇ ਸਹਿਯੋਗ ਪ੍ਰੋਗਰਾਮਾਂ ਦੀ ਸਹੀ ਸਮੀਖਿਆ ਕਰਨ ਦਾ ਇੱਕ ਮੌਕਾ ਪ੍ਰਦਾਨ ਕੀਤਾ ਹੈ।ਭਾਰਤ ਅਤੇ ਰੂਸ ਵਿਚਾਲੇ ਜੋ ਸੰਬੰਧ ਕਾਇਮ ਹਨ , ਉਹ ਸਮੇਂ ਦੇ ਹਰ ਇਮਤਿਹਾਨ ਨੂੰ ਸਫਲਤਾਪੂਰਵਕ ਪਾਰ ਕਰਕੇ ਵਧੇਰੇ ਮਜ਼ਬੂਤ ਹੋਏ ਹਨ।ਮੌਜੂਦਾ ਸਮੇਂ ‘ਚ ਭੂ-ਰਾਜਨੀਤਿਕ ਸਮੀਕਰਨਾਂ ‘ਚ ਤੇਜ਼ੀ ਨਾਲ ਆ ਰਹੀ ਤਬਦੀਲੀ ਦੇ ਮੱਦੇਨਜ਼ਰ ਦੋਵਾਂ ਹੀ ਦੇਸ਼ਾਂ ਨੇ ਇਕ-ਦੂਜੇ ਦੇ ਹੱਕ ‘ਚ ਖੜ੍ਹੇ ਹੋਣ ਦਾ ਵਾਅਦਾ ਕੀਤਾ ਹੈ।

ਸਕ੍ਰਿਪਟ: ਰਣਜੀਤ ਕੁਮਾਰ, ਸੀਨੀਅਰ ਪੱਤਰਕਾਰ