ਪਾਕਿਸਤਾਨ ਨੂੰ ਐੱਸ.ਸੀ.ਓ. ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਭਾਰਤ ਦੇਵੇਗਾ ਸੱਦਾ

ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਐੱਸ.ਸੀ.ਓ. ਜਾਂ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਹਨ। ਦੋਵਾਂ ਮੁਲਕਾਂ ਨੂੰ ਸਾਲ 2017 ਵਿਚ ਸੰਗਠਨ ਦਾ ਨਿਯਮਤ ਮੈਂਬਰ ਬਣਾਇਆ ਗਿਆ ਸੀ। ਇਸ ਤਰ੍ਹਾਂ ਇਸ ਸੰਗਠਨ ਦੇ ਕੁੱਲ ਮੈਂਬਰਾਂ ਦੀ ਗਿਣਤੀ ਇਸ ਵੇਲੇ ਅੱਠ ਹੈ। ਹੋਰ ਮੁਲਕ ਜੋ ਪਹਿਲਾਂ ਹੀ ਇਸ ਸੰਗਠਨ ਦੇ ਮੈਂਬਰ ਸਨ ਉਨ੍ਹਾਂ ਵਿੱਚ ਚੀਨ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ, ਤਾਜਿਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਿਲ ਹਨ। ਇਸ ਸਾਲ ਇਸ ਸੰਗਠਨ ਵਿਚ ਸ਼ਾਮਿਲ ਮੁਲਕਾਂ ਦੀ ਬੈਠਕ ਦੀ ਮੇਜ਼ਬਾਨੀ ਭਾਰਤ ਨੇ ਕਰਨੀ ਹੈ, ਜੋ ਇਸ ਸਾਲ ਦੇ ਆਖਰ ਵਿਚ ਨਵੀਂ ਦਿੱਲੀ ਵਿਚ ਹੋਵੇਗੀ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਭਾਰਤ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੂੰ ਵੀ ਸੱਦਾ ਦੇਵੇਗਾ। ਬੇਸ਼ੱਕ ਹਾਲੀਆ ਸਮੇਂ ਦੌਰਾਨ ਭਾਰਤ-ਪਾਕਿ ਸੰਬੰਧ ਕਾਫੀ ਤਣਾਅਪੂਰਨ ਹਨ, ਪਰ ਇਹ ਇਕ ਵੱਖਰੀ ਗੱਲ ਹੈ ਅਤੇ ਭਾਰਤ ਹਮੇਸ਼ਾ ਇਹ ਮੰਨਦਾ ਆਇਆ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਤਣਾਅ ਦਾ ਬਹੁ-ਰਾਸ਼ਟਰੀ ਸੰਗਠਨਾਂ ‘ਤੇ ਮਾੜਾ ਪ੍ਰਭਾਵ ਨਹੀਂ ਪੈਣਾ ਚਾਹੀਦਾ। ਕਿਉਂਕਿ ਅੰਤਰਰਾਸ਼ਟਰੀ ਜਾਂ ਬਹੁ-ਰਾਸ਼ਟਰੀ ਸੰਸਥਾਵਾਂ ਜਾਂ ਸੰਸਥਾਵਾਂ ਦੇ ਮਾਮਲੇ ਵੱਖਰੇ ਸੁਭਾਅ ਦੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਪ੍ਰਤੀਬੱਧਤਾਵਾਂ ਦਾ ਦੋਵਾਂ ਮੁਲਕਾਂ ਦੇ ਦੁ-ਪੱਖੀ ਸੰਬੰਧਾਂ ਨਾਲ ਕੋਈ ਵਾਸਤਾ ਨਹੀਂ ਹੋਣਾ ਚਾਹੀਦਾ। ਗੌਰਤਲਬ ਹੈ ਕਿ ਇਸ ਸੰਗਠਨ ਵਿਚ ਸ਼ਾਮਿਲ ਸਰਕਾਰਾਂ ਦੇ ਮੁਖੀਆਂ ਦੀ ਬੈਠਕ ਹਰ ਸਾਲ ਹੁੰਦੀ ਹੈ ਜਿੱਥੇ ਸੰਗਠਨ ਬਹੁਪੱਖੀ ਆਰਥਿਕ ਸਹਿਯੋਗ ਬਾਰੇ ਵਿਚਾਰ-ਵਟਾਂਦਰਾ  ਕਰਦਾ ਹੈ। ਬੈਠਕ ਵਿੱਚ ਐੱਸ.ਸੀ.ਓ. ਦੇ ਅੱਠ ਮੈਂਬਰਾਂ ਦੇ ਨਾਲ-ਨਾਲ ਚਾਰ ਨਿਗਰਾਨ ਮੁਲਕਾਂ ਅਤੇ ਕੌਮਾਂਤਰੀ ਸੰਵਾਦ ਭਾਗੀਦਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ।

ਗੌਰਤਲਬ ਹੈ ਕਿ ਐੱਸ.ਸੀ.ਓ. ਆਰਥਿਕਤਾ ਅਤੇ ਸੁਰੱਖਿਆ ਪੱਖੋਂ ਇਕ ਅਹਿਮ ਸੰਗਠਨ ਹੈ, ਜਿਸ ਦੀ ਅਗਵਾਈ ਚੀਨ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਮੁਤਾਬਿਕ ਪਾਕਿਸਤਾਨ ਸਮੇਤ ਸਾਰੇ ਮੈਂਬਰਾਂ ਨੂੰ ਅਤੇ ਸੰਗਠਨ ਦੇ ਨਿਯਮਾਂ ਮੁਤਾਬਿਕ ਨਿਗਰਾਨ ਅਤੇ ਕੌਮਾਂਤਰੀ ਸੰਵਾਦ ਭਾਗੀਦਾਰਾਂ ਨੂੰ ਸੱਦਾ ਦਿੱਤਾ ਜਾਵੇਗਾ। ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਮਰਾਨ ਖਾਨ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਹ ਆਪਣੇ ਕਿਸੇ ਸੀਨੀਅਰ ਮੰਤਰੀ ਨੂੰ ਜ਼ਰੂਰ ਭੇਜਣਗੇ। ਹਾਲਾਂਕਿ ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਖੁਦ ਆਉਂਦੇ ਹਨ ਜਾਂ ਕਿਸੇ ਹੋਰ ਨੂੰ ਪਾਕਿਸਤਾਨ ਦੇ ਨੁਮਾਇੰਦੇ ਵਜੋਂ ਭੇਜਦੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਕੁਝ ਸਾਲਾਂ ਵਿਚ ਸੰਬੰਧ ਵਿਗੜੇ ਹਨ ਅਤੇ ਇਸ ਦਾ ਮੁੱਖ ਕਾਰਨ ਅੱਤਵਾਦ ਬਾਰੇ ਪਾਕਿਸਤਾਨ ਦੀ ਨਕਾਰਾਤਮਕ ਸੋਚ ਹੈ। ਹਾਲਾਂਕਿ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਵੱਲੋਂ ਭਾਰਤ-ਪਾਕਿ ਸੰਬੰਧਾਂ ਵਿੱਚ ਸੁਧਾਰ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਸਨ। ਪ੍ਰਧਾਨ ਮੰਤਰੀ ਨੇ ਆਪਣੇ ਸਹੁੰ-ਚੁੱਕ ਸਮਾਰੋਹ ਵਿਚ ਪਾਕਿ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ ਨੂੰ ਸੱਦਾ ਦਿੱਤਾ ਸੀ। ਨਵਾਜ਼ ਸ਼ਰੀਫ ਇਸ ਸਮਾਗਮ ਵਿਚ ਪਹੁੰਚੇ ਸਨ ਤੇ ਇਸ ਤੋਂ ਬਾਅਦ ਕਈ ਮਹੱਤਵਪੂਰਨ ਘਟਨਾਵਾਂ ਹੋਈਆਂ, ਜਿਸ ਨਾਲ ਸੰਬੰਧਾਂ ਦੇ ਸੁਖਾਵਾਂ ਹੋਣ ਦੀ ਉਮੀਦ ਬਣੀ। ਇਸੇ ਸੰਦਰਭ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਸੀ ਭਾਈਵਾਲੀ ਨੂੰ ਹੋਰ ਪੱਕਿਆਂ ਕਰਨ ਦੇ ਮੰਤਵ ਨਾਲ ਬਿਨਾਂ ਕਿਸੇ ਅਗਾਊਂ ਪ੍ਰੋਗਰਾਮ ਦੇ ਲਾਹੌਰ ਗਏ ਸਨ। ਦੋਵਾਂ ਮੁਲਕਾਂ ਦੇ ਵਿਦੇਸ਼ ਸਕੱਤਰਾਂ ਦੀ ਬੈਠਕ ਵੀ ਬਹੁਤ ਹੀ ਛੇਤੀ ਹੋਣ ਵਾਲੀ ਸੀ ਪਰ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਇਕ ਹਫ਼ਤੇ ਬਾਅਦ ਹੀ ਪਠਾਨਕੋਟ ‘ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਪਾਕਿਸਤਾਨ ਨੇ ਨਿਯੰਤਰਣ ਰੇਖਾ ਵਿਚ ਘੁਸਪੈਠ ਕੀਤੀ ਅਤੇ ਸੀਜ਼ ਫਾਇਰ ਦੀ ਉਲੰਘਣਾ ਕੀਤੀ। ਪੁਲਵਾਮਾ ਵਿੱਚ 40 ਤੋਂ ਵੱਧ ਭਾਰਤੀ ਫੌਜੀਆਂ ਦੀ ਸ਼ਹਾਦਤ ਨੇ ਮਾਹੌਲ ਨੂੰ ਬਹੁਤ ਹੀ ਤਣਾਅਪੂਰਨ ਬਣਾ ਦਿੱਤਾ। ਜਦੋਂ ਭਾਰਤ ਦੀ ਸਹਿਣਸ਼ੀਲਤਾ ਜਵਾਬ ਦੇਣ ਲੱਗੀ ਤਾਂ ਇਸ ਨੇ ਸਰਜੀਕਲ ਸਟ੍ਰਾਈਕ ਕਰਕੇ ਅੱਤਵਾਦੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਭਾਰਤ ਆਪਣੀ ਸੁਰੱਖਿਆ ਦੇ ਲਈ ਜਵਾਬੀ ਕਾਰਵਾਈ ਤੋਂ ਪਿੱਛੇ ਨਹੀਂ ਹਟੇਗਾ। ਹਾਲਾਂਕਿ ਭਾਰਤ, ਪਾਕਿਸਤਾਨ ਨਾਲ ਦੁਸ਼ਮਣੀ ਨਹੀਂ ਚਾਹੁੰਦਾ ਕਿਉਂਕਿ ਉਹ ਪਾਕਿਸਤਾਨ ਨੂੰ ਛੱਡ ਕੇ ਆਪਣੇ ਸਾਰੇ ਗੁਆਂਢੀ ਮੁਲਕਾਂ ਨਾਲ ਆਪਣੇ ਸੰਬੰਧਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਤ ਉਦੋਂ ਹੋਰ ਵੀ ਬਦਤਰ ਹੋ ਜਾਂਦੇ ਹਨ ਜਦੋਂ ਪਾਕਿਸਤਾਨ, ਭਾਰਤ ਵਿਰੁੱਧ ਦੁਸ਼ਮਣ ਦੀ ਰਣਨੀਤੀ ਅਖਤਿਆਰ ਕਰਦਾ ਹੈ। ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਪਾਕਿਸਤਾਨ, ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਅੰਨ੍ਹੇਵਾਹ ਦਖ਼ਲਅੰਦਾਜ਼ੀ ਕਰਦਾ ਹੈ ਅਤੇ ਅਕਸਰ ਹੀ ਦੁਵੱਲੇ ਮੁੱਦਿਆਂ ਨੂੰ ਕੌਮਾਂਤਰੀ ਪੱਧਰ ‘ਤੇ ਲਿਜਾਉਣ ਦੀ ਕੋਸ਼ਿਸ਼ ਕਰਦਾ ਹੈ। ਅਜੋਕੇ ਸਮੇਂ ਵਿਚ ਇਸ ਨੇ ਲਗਾਤਾਰ ਭਾਰਤ ਖਿਲਾਫ਼ ਨਕਾਰਤਮਕ ਪ੍ਰਚਾਰ ਕੀਤਾ ਹੈ ਅਤੇ ਕਸ਼ਮੀਰ ਬਾਰੇ ਭਾਰਤ ਦੇ ਕੁਝ ਫੈਸਲਿਆਂ ਦੇ ਖਿਲਾਫ਼ ਨਾ ਸਿਰਫ਼ ਰਣਨੀਤਕ ਮੁਹਿੰਮ ਚਲਾਈ ਹੈ, ਬਲਕਿ ਚੀਨ ਦੀ ਮਦਦ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਵੀ ਇਸ ਨੂੰ ਲਿਜਾਉਣ ਦਾ ਕਾਰਨਾਮਾ ਕੀਤਾ ਹੈ। ਹਾਲਾਂਕਿ ਚੀਨ ਨੂੰ ਪਤਾ ਲੱਗ ਗਿਆ ਹੈ ਕਿ ਬਹੁਗਿਣਤੀ ਮੈਂਬਰ, ਸੁੱਰਖਿਆ ਪਰਿਸ਼ਦ ਵਿੱਚ ਇਸ ਦੁ-ਪੱਖੀ ਮੁੱਦੇ ਨੂੰ ਚੁੱਕਣ ਦੇ ਹੱਕ ਵਿੱਚ ਨਹੀਂ ਹਨ। ਇਸ ਤੋਂ ਪਹਿਲਾਂ ਵੀ ਚੀਨ ਇਸ ਤਰ੍ਹਾਂ ਦੀਆਂ ਕੋਸ਼ਿਸਾਂ ਕਰ ਚੁੱਕਾ ਹੈ ਅਤੇ ਅਸਫ਼ਲ ਰਿਹਾ ਹੈ। ਇਸ ਲਈ ਭਾਰਤ ਨੇ ਇਸ ਵਾਰ ਸਪੱਸ਼ਟ ਤੌਰ ‘ਤੇ ਚੀਨ ਨੂੰ ਕਿਹਾ ਹੈ ਕਿ ਉਹ ਅਜਿਹੀਆਂ ਚਾਲਾਂ ਗੁਰੇਜ਼ ਕਰੇ।

ਜਿੱਥੋਂ ਤੱਕ ਸ਼ੰਘਾਈ ਸਹਿਯੋਗ ਸੰਗਠਨ ਦਾ ਸੰਬੰਧ ਹੈ, ਇਹ ਇਕ ਵੱਖਰਾ ਮੰਚ ਹੈ ਅਤੇ ਇਕ ਬਹੁ-ਰਾਸ਼ਟਰੀ ਸੰਗਠਨ ਹੈ। ਇਸ ਨੂੰ ਦੋਵਾਂ ਦੇਸ਼ਾਂ ਦੇ ਦੁ-ਪੱਖੀ ਸੰਬੰਧਾਂ ਦੇ ਹਵਾਲੇ ਨਾਲ ਨਹੀਂ ਦੇਖਣਾ ਚਾਹੀਦਾ। ਇਸ ਲਈ ਭਾਰਤ ਇਸ ਸੰਗਠਨ ਦੇ ਨੇਮਾਂ ਤਹਿਤ ਸਾਰੇ ਕੰਮ ਕਰਨਾ ਚਾਹੁੰਦਾ ਹੈ ਅਤੇ ਇਸ ਸਾਲ ਇਸ ਨੇ ਮੇਜ਼ਬਾਨ ਦੇ ਫਰਜ਼ ਵੀ ਨਿਭਾਉਣੇ ਹਨ, ਇਸ ਲਈ ਉਹ ਚਾਹੁੰਦਾ ਹੈ ਕਿ ਭਾਰਤ-ਪਾਕਿ ਤਣਾਅ ਦਾ ਇਸ ਕਾਨਫਰੰਸ ‘ਤੇ ਕੋਈ ਮਾੜਾ ਪ੍ਰਭਾਵ ਨਾ ਪਵੇ।

ਸਕ੍ਰਿਪਟ : ਮੋਈਨੁੱਦੀਨ ਖਾਨ