ਤਾਲਿਬਾਨ ਨੇ ਅਸਥਾਈ ਜੰਗਬੰਦੀ ਦੀ ਕੀਤੀ ਪੇਸ਼ਕਸ਼

ਅਮਰੀਕਾ ਦੁਆਰਾ ਅਫ਼ਗਾਨਿਸਤਾਨ ਤੋਂ ਆਪਣੀ ਫੌਜ ਵਾਪਸ ਬੁਲਾਉਣ ਤੋਂ ਪਹਿਲਾਂ ਸਰਕਾਰ ਅਤੇ ਤਾਲਿਬਾਨ ਲੜਾਕਿਆਂ ਵਿਚਾਲੇ ਸੁਲ੍ਹਾ ਲਈ ਜੋ ਗੱਲਬਾਤ ਚੱਲ ਰਹੀ ਹੈ, ਉਹ ਨੇਪਰੇ ਨਹੀਂ ਚੜ੍ਹ ਸਕੀ। ਪਰ ਹਾਲ ਹੀ ਵਿਚ ਤਾਲਿਬਾਨੀ ਗੁੱਟ ਨੇ ਜੰਗਬੰਦੀ ਦੀ ਪੇਸ਼ਕਸ਼ ਕੀਤੀ ਹੈ। ਇਸ ਘਟਨਾਕ੍ਰਮ ਤੋਂ ਅਮਰੀਕਾ ਨੂੰ ਥੋੜ੍ਹੀ ਜਿਹੀ ਉਮੀਦ ਬੱਝੀ ਹੈ ਕਿ ਸ਼ਾਇਦ ਖਿੱਤੇ ਵਿੱਚ ਅਮਨ-ਚੈਨ ਦਾ ਮਾਹੌਲ ਕਾਇਮ ਹੋ ਸਕੇ। ਉਸ ਨੂੰ ਇਸ ਗੱਲ ਦੀ ਵੀ ਤਸੱਲੀ ਹੈ ਕਿ ਚਲੋ ਗੱਲਬਾਤ ਦੇ ਸਿੱਟੇ ਵਜੋਂ ਕੁਝ ਤਾਂ ਸਾਰਥਕ ਗੱਲ ਸਾਹਮਣੇ ਆਈ ਹੈ।

ਗੌਰਤਲਬ ਹੈ ਕਿ ਇਸ ਵਕਤ ਅਫ਼ਗਾਨਿਸਤਾਨ ਵਿੱਚ ਤਕਰੀਬਨ 13,000 ਅਮਰੀਕੀ ਫੌਜੀ ਹਨ। ਜੰਗ ਅਤੇ ਤਬਾਹੀ ਦੀ ਚਪੇਟ ਵਿੱਚ ਆਏ ਇਸ ਮੁਲਕ ਵਿਚ ਅਮਰੀਕੀ ਫੌਜ ਦੀ ਮੌਜੂਦਗੀ ਜੰਗ ਅਤੇ ਤਾਲਿਬਾਨ ਲੜਾਕਿਆਂ ਖਿਲਾਫ ਉਸ ਦੀ ਫੌਜੀ ਕਾਰਵਾਈ ਨੂੰ 18 ਸਾਲ ਹੋ ਗਏ ਹਨ। ਅਮਰੀਕਾ ਨੇ ਕਦੇ ਵੀ ਇੰਨੀ ਲੰਮੀ ਲੜਾਈ ਨਹੀਂ ਲੜੀ। ਮੌਜੂਦਾ ਸਥਿਤੀ ਇਹ ਹੈ ਕਿ ਮੁਲਕ ਵਿਚ ਇਕ ਚੁਣੀ ਹੋਈ ਸਰਕਾਰ ਹੈ, ਪਰ ਲਗਭਗ ਅੱਧੇ ਅਫ਼ਗਾਨਿਸਤਾਨ ‘ਤੇ ਸਿੱਧੇ ਤੌਰ ਤੇ ਤਾਲਿਬਾਨ ਦਾ ਕਬਜ਼ਾ ਹੈ। ਤਾਲਿਬਾਨ ਲੜਾਕੂ ਰੋਜ਼ਾਨਾ ਅਮਰੀਕੀ ਠਿਕਾਣਿਆਂ ਅਤੇ ਕਾਬੁਲ ਸਰਕਾਰ ਦੇ ਅਦਾਰਿਆਂ ‘ਤੇ ਹਮਲਾ ਕਰਦੇ ਰਹਿੰਦੇ ਹਨ।

ਪਿਛਲੇ ਸਾਲ ਸਤੰਬਰ ਵਿਚ ਅਮਰੀਕਾ ਅਤੇ ਤਾਲਿਬਾਨ ਨੇ ਇਕ ਸਮਝੌਤਾ ਕੀਤਾ ਸੀ ਅਤੇ ਬਾਕਾਇਦਾ ਇਸ ਤੇ ਹਸਤਾਖਰ ਵੀ ਕੀਤੇ ਗਏ ਸਨ, ਪਰ ਉਸੇ ਸਮੇਂ ਤਾਲਿਬਾਨ ਨੇ ਆਪਣੇ ਹਮਲਿਆਂ ਵਿਚ ਵੀ ਵਾਧਾ ਕਰ ਦਿੱਤਾ ਅਤੇ ਇਕ ਅਮਰੀਕੀ ਫੌਜੀ ਦੀ ਮੌਤ ਨਾਲ ਹਾਲਾਤ ਹੋਰ ਵਿਗੜ ਗਏ। ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੱਲਬਾਤ ਬੰਦ ਕਰ ਦਿੱਤੀ ਸੀ। ਸਾਲ ਦੇ ਅਖੀਰਲੇ ਦਿਨਾਂ ਵਿੱਚ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਫੌਜੀਆਂ ਨਾਲ ਮੁਲਾਕਾਤ ਕਰਨ ਲਈ ਅਫ਼ਗਾਨਿਸਤਾਨ ਦੀ ਪਹਿਲੀ ਯਾਤਰਾ ਕੀਤੀ। ਉਨ੍ਹਾਂ ਦਾ ਵਤੀਰਾ ਵੀ ਕੁਝ ਹੱਦ ਤੱਕ ਨਰਮ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਤਾਲਿਬਾਨ ਨਾਲ ਫਿਰ ਤੋਂ ਗੱਲਬਾਤ ਕਰਨ ਲਈ ਤਿਆਰ ਹਨ। ਇਸ ਤੋਂ ਬਾਅਦ ਤਾਲਿਬਾਨ ਦੇ ਆਗੂਆਂ ਨੇ ਕੁਝ ਹਫ਼ਤਿਆਂ ਦੀ ਗੱਲਬਾਤ ਤੋਂ ਬਾਅਦ ਅਸਥਾਈ ਜੰਗਬੰਦੀ ਦੇ ਲਈ ਆਪਣੀ ਰਜ਼ਾਮੰਦੀ ਜ਼ਾਹਿਰ ਕੀਤੀ। ਹਾਲ ਹੀ ਵਿੱਚ ਤਾਲਿਬਾਨ ਦੇ ਆਗੂਆਂ ਨੇ ਕਤਰ ਵਿਖੇ ਅਮਰੀਕੀ ਵਾਰਤਾਕਾਰਾਂ ਨਾਲ ਗੱਲਬਾਤ ਤੋਂ ਬਾਅਦ ਅਸਥਾਈ ਜੰਗਬੰਦੀ ਦਾ ਐਲਾਨ ਕੀਤਾ।

ਅਮਰੀਕਾ ਨੇ ਅਜੇ ਤਕ ਇਸ ਪੇਸ਼ਕਸ਼ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਅਜਿਹਾ ਲੱਗਦਾ ਹੈ ਕਿ ਅਸਥਾਈ ਜੰਗਬੰਦੀ ਉਸ ਸਥਿਤੀ ਵਿਚ ਉਪਯੋਗੀ ਹੋ ਸਕਦੀ ਹੈ ਜਿੱਥੇ ਗੱਲਬਾਤ ਵਿਚ ਕੋਈ ਪ੍ਰਗਤੀ ਨਹੀਂ ਹੁੰਦੀ। ਅਮਰੀਕਾ ਦੀ ਸਮੱਸਿਆ ਇਹ ਹੈ ਕਿ ਉਹ ਸ਼ਾਂਤੀ ਸੰਧੀ ਦੇ ਬਾਅਦ ਭਵਿੱਖ ਵਿੱਚ ਅਫਗਾਨਿਸਤਾਨ ਵਿੱਚ ਧਰਮ ਦੇ ਨਾਂ ਤੇ ਅਜਿਹੀ ਕਰੂਰ ਸਰਕਾਰ ਨਹੀਂ ਚਾਹੁੰਦਾ ਜਿਸ ਵਿਚ ਸਾਰੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਦਿੱਤਾ ਗਿਆ ਸੀ ਅਤੇ ਜਿਸ ਨੇ 18 ਸਾਲ ਪਹਿਲਾਂ ਅਮਰੀਕਾ ਦੇ ਦਖ਼ਲ ਤੋਂ ਪਹਿਲਾਂ ਅਫ਼ਗਾਨਿਸਤਾਨ ਤੇ ਕਬਜ਼ਾ ਜਮਾਇਆ ਹੋਇਆ ਸੀ। ਹਾਲੀਆ ਸਮੇਂ ਵਿੱਚ ਵਾਰਤਾਕਾਰ ਜੰਗਬੰਦੀ ਲਈ ਜ਼ੋਰ ਪਾ ਰਹੇ ਹਨ ਤਾਂ ਕਿ ਗੱਲਬਾਤ ਫਿਰ ਤੋਂ ਸ਼ੁਰੂ ਹੋ ਸਕੇ। ਉਨ੍ਹਾਂ ਕਿਹਾ ਕਿ ਤਾਲਿਬਾਨ ਨਾਲ ਕਿਸੇ ਵੀ ਸਮਝੌਤੇ ਵਿਚ ਇਹ ਸ਼ਰਤ ਸ਼ਾਮਿਲ ਕੀਤੀ ਜਾਵੇਗੀ ਕਿ ਅਫ਼ਗਾਨ ਦਲਾਂ ਨੂੰ ਭਵਿੱਖ ਬਾਰੇ ਕੋਈ ਵੀ ਫੈਸਲਾ ਲੈਣ ਲਈ ਜੰਗਬੰਦੀ, ਔਰਤਾਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਮੁੱਦਿਆਂ ਦਾ ਨਿਪਟਾਰਾ ਕਰਨਾ ਹੋਵੇਗਾ।

ਅਫ਼ਗਾਨਿਸਤਾਨ ਵਿੱਚ ਇਹ ਅਫ਼ਵਾਹ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਕਿ ਕੌਮਾਂਤਰੀ ਭਾਈਚਾਰਾ ਵੀ ਅਸਫ਼ਲ ਹੋ ਗਿਆ ਹੈ। ਮੁਲਕ ਦੀ ਆਰਥਿਕਤਾ ਲਗਭਗ ਤਬਾਹ ਹੋ ਗਈ ਹੈ। ਮੁਲਕ ਵਿਚ ਲੋਕ-ਭਲਾਈ ਅਤੇ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ। ਲੋਕਾਂ ਦੇ ਜ਼ਖਮੀ ਹੋਣ ਦਾ ਜਿਵੇਂ ਇਕ ਸਿਲਸਿਲਾ ਹੀ ਬਣ ਗਿਆ ਹੈ। ਇੱਥੇ ਸਥਾਈ ਸ਼ਾਂਤੀ ਦਾ ਕੋਈ ਹੱਲ ਨਜ਼ਰੀਂ ਨਹੀਂ ਪੈਂਦਾ। ਗੁਆਂਢੀ ਮੁਲਕ ਦੇ ਸਾਰੇ ਦਾਅਵਿਆਂ ਦੇ ਬਾਵਜੂਦ, ਸਦੀਵੀ ਸ਼ਾਂਤੀ ਦੇ ਰਾਹ ਵਿਚ ਰੁਕਾਵਟ ਪਾਉਣ ਦੀ ਉਸ ਦੀ ਆਦਤ ਦੂਰ ਨਹੀਂ ਹੋਈ। ਅਜਿਹੀ ਸਥਿਤੀ ਵਿੱਚ ਅਸਥਾਈ ਜੰਗਬੰਦੀ ਦੀ ਪੇਸ਼ਕਸ਼ ਵੱਡੀ ਗੱਲ ਹੋਵੇਗੀ, ਜੇ ਅਫ਼ਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਦੇ ਅੜਿੱਕੇ ਨੂੰ ਦੂਰ ਕੀਤਾ ਜਾ ਸਕੇ।

ਸਕ੍ਰਿਪਟ: ਨੁਸਰਤ ਜ਼ਹੀਰ