ਆਰਥਿਕ ਸਰਵੇਖਣ 2020

ਭਾਰਤ ਦੀ ਸੰਸਦ ਦੇ 2020-21 ਦੇ ਬਜਟ ਇਜਲਾਸ ਦੀ ਸ਼ੁਰੂਆਤ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਦੋਵਾਂ ਸਦਨਾਂ, ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਕੀਤੀ ਗਈ। ਇਸ ਤੋਂ ਬਾਅਦ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ ਪੇਸ਼ ਕੀਤਾ। ਇਹ ਦੇਸ਼ ਦੀਆਂ ਵੱਖ-ਵੱਖ ਆਰਥਿਕ ਪ੍ਰਾਪਤੀਆਂ ਅਤੇ ਕਿਸੇ ਮਾਲੀ ਸਾਲ ਵਿੱਚ ਹੋਣ ਵਾਲੀਆਂ ਕਮੀਆਂ ਦਾ ਸਭ ਤੋਂ ਵੱਡਾ ਅੰਕੜਾ ਅਤੇ ਵਿਸ਼ਲੇਸ਼ਣ ਹੁੰਦਾ ਹੈ। ਆਰਥਿਕ ਸਰਵੇਖਣ 2020 ਨੂੰ ਖਾਸ ਤੌਰ ‘ਤੇ ਪਿਛਲੇ ਮਹੀਨਿਆਂ ਦੌਰਾਨ ਭਾਰਤੀ ਆਰਥਿਕਤਾ ਨੂੰ ਦਰਪੇਸ਼ ਮੰਦੀ ਦੇ ਮੱਦੇਨਜ਼ਰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸਾਲ 2019-20 ਲਈ 5 ਫੀਸਦੀ ਜੀ.ਡੀ.ਪੀ. ਵਿਕਾਸ ਦਰ ਦੀ ਭਵਿੱਖਬਾਣੀ ਕਰਨ ਤੋਂ ਇਲਾਵਾ, ਜਿਸ ਦਾ ਕਿ ਪਹਿਲਾਂ ਹੀ ਕਿਆਸ ਲਾਇਆ ਜਾ ਰਿਹਾ ਸੀ, ਆਰਥਿਕ ਸਰਵੇਖਣ ਵਿੱਚ ਵੀ ਅਰਥਚਾਰੇ ਲਈ ਬਹੁਤ ਹੀ ਲੋੜੀਂਦੇ ਕਦਮ ਚੁੱਕਣ ਤੇ ਜ਼ੋਰ ਦਿੱਤਾ ਗਿਆ ਹੈ। ਸਰਵੇਖਣ ਦਾ ਮੰਨਣਾ ਹੈ ਕਿ ਬਹੁਤ ਜਲਦੀ ਹੀ ਭਾਰਤੀ ਆਰਥਿਕਤਾ ਵਿੱਚ ਤੇਜ਼ੀ ਆਵੇਗੀ ਅਤੇ ਸਾਲ 2020-21 ਵਿੱਚ 6 ਤੋਂ 6.5 ਫੀਸਦੀ ਵਿਕਾਸ ਦਰ ਪ੍ਰਾਪਤ ਕਰਨ ਦੀ ਉਮੀਦ ਹੈ।

ਆਰਥਿਕ ਸਰਵੇਖਣ 2020 ਵਿੱਚ ਕਿਹਾ ਗਿਆ ਹੈ ਕਿ ਭਾਰਤੀ ਆਰਥਿਕਤਾ ਨੇ ਮਾਲੀ ਇਕਸੁਰਤਾ ਦੇ ਮੋਰਚੇ ‘ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਜੋ ਕਿ 3.3 ਫੀਸਦੀ ਦੀ ਸੀਮਾ ਦੇ ਅੰਦਰ ਵਧੀਆ ਰਿਹਾ। ਸਰਵੇਖਣ ਵਿੱਚ ਮਹਿੰਗਾਈ ਨੂੰ ਵੀ ਨਿਯੰਤਰਣ ਹੇਠ ਦਰਸਾਇਆ ਹੈ, ਹਾਲਾਂਕਿ ਖੁਦਰਾ ਮਹਿੰਗਾਈ ਦੇ ਮਾਮਲੇ ਵਿੱਚ ਇਹ 4.1 ਫੀਸਦੀ ਅਤੇ ਥੋਕ ਮਹਿੰਗਾਈ ਦੀ ਸਥਿਤੀ ਵਿੱਚ ਸਿਰਫ 1.9 ਫੀਸਦੀ ਹੈ। ਇਸ ਤੋਂ ਇਲਾਵਾ ਸਰਵੇਖਣ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦੇਸ਼ ਦਾ ਭੁਗਤਾਨ ਸੰਤੁਲਨ ਇੱਕ ਸ਼ਾਨਦਾਰ ਸਥਿਤੀ ਵਿੱਚ ਹੈ। ਆਯਾਤ ਵਿੱਚ ਕਮੀ ਅਤੇ ਐੱਫ.ਡੀ.ਆਈ., ਐਫ.ਆਈ.ਆਈ. ਦਾ ਵੱਧ ਰਿਹਾ ਨਿਵੇਸ਼ ਅਤੇ ਭਾਰਤੀ ਡਾਇਸਪੋਰਾ ਦੀ ਰਿਕਾਰਡ 1.75 ਕਰੋੜ ਦੀ ਆਮਦ ਕਾਰਨ ਮਹੱਤਵਪੂਰਣ ਸੁਧਾਰ ਹੋਇਆ ਹੈ। ਚਾਲੂ ਸਾਲ ਦੀ ਪਹਿਲੀ ਛਿਮਾਹੀ ਵਿਚ ਪ੍ਰਵਾਸੀਆਂ ਦੁਆਰਾ 38.4 ਬਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਪ੍ਰਾਪਤ ਹੋਇਆ ਹੈ। ਸਰਵੇਖਣ ਵਿਚ ਪਾਇਆ ਗਿਆ ਹੈ ਕਿ ਫੋਰੇਕਸ ਭੰਡਾਰ ਚੰਗੀ ਸਥਿਤੀ ਵਿੱਚ ਹੈ ਜੋ 10 ਜਨਵਰੀ 2020 ਨੂੰ 461.2 ਬਿਲੀਅਨ ਅਮਰੀਕੀ ਡਾਲਰ ਦਰਜ ਕੀਤਾ ਗਿਆ ਸੀ। ਆਰਥਿਕ ਸਰਵੇਖਣ ਮੁਤਾਬਿਕ ਦੇਸ਼ ਦੇ ਭੁਗਤਾਨ ਸੰਤੁਲਨ (ਬੀਓਪੀ) ਦੀ ਸਥਿਤੀ ਵਿਚ ਸੁਧਾਰ ਮੌਜੂਦਾ ਖਾਤੇ ਦੇ ਘਾਟੇ ਨੂੰ 2 ਫੀਸਦੀ ਤੋਂ 1.5 ਫੀਸਦੀ ਘਟਾਉਣ ਕਾਰਨ ਹੋਇਆ ਹੈ। ਚਾਲੂ ਮਾਲੀ ਸਾਲ ਦੇ ਪਹਿਲੇ 8 ਮਹੀਨਿਆਂ ਵਿੱਚ ਐਫ.ਡੀ.ਆਈ. ਵਿੱਚ 24.4 ਬਿਲੀਅਨ ਡਾਲਰ ਦਾ ਰਿਕਾਰਡ ਵਾਧਾ ਹੋਇਆ ਹੈ।

ਇਹ ਸਰਵੇਖਣ ਦੋ ਵੱਡੀਆਂ ਮਹੱਤਵਪੂਰਣ ਘਟਨਾਵਾਂ ਦੇ ਨਾਲ ਆਇਆ ਹੈ, ਜਿਹੜੀਆਂ ਭਾਰਤੀ ਆਰਥਿਕਤਾ ਵਿੱਚ ਵਾਪਰੀਆਂ ਸਨ। ਪਹਿਲਾ ਇਹ ਕਿ ਕੁਲ ਰੁਜ਼ਗਾਰ ਵਿੱਚ ਰਸਮੀ ਰੁਜ਼ਗਾਰ ਦਾ ਵੱਧ ਰਿਹਾ ਹਿੱਸਾ, ਜੋ ਪਿਛਲੇ 5 ਸਾਲਾਂ ਦੌਰਾਨ 17.6 ਫੀਸਦੀ ਤੋਂ 22.5 ਫੀਸਦੀ ਤੱਕ ਵਧਿਆ ਹੈ। ਦੂਜਾ, ਦੇਸ਼ ਦੀ ਸਟਾਕ ਮਾਰਕੀਟ ਹੁਣ ਤੇਜ਼ੀ ਨਾਲ ਨਵੇਂ ਵਪਾਰਕ ਅਦਾਰੇ ਜੁੜ ਰਹੇ ਹਨ ਅਤੇ ਇਸ ਨਾਲ ਇਸ ਦਾ ਘੇਰਾ ਵੱਡਾ ਹੁੰਦਾ ਜਾ ਰਿਹਾ ਹੈ। ਹਰ ਪੰਜ ਸਾਲਾਂ ਬਾਅਦ ਸਟਾਕ ਮਾਰਕੀਟ ਆਪਣੀਆਂ ਸੂਚੀਬੱਧ ਕੰਪਨੀਆਂ ਦੇ ਲਗਭਗ ਇਕ ਤਿਹਾਈ ਨੂੰ ਬਦਲ ਰਹੀਆਂ ਹਨ ਅਤੇ ਨਵੀਆਂ ਫਰਮਾਂ, ਤਕਨਾਲੋਜੀਆਂ ਅਤੇ ਉਤਪਾਦਾਂ ਨੂੰ ਸੂਚੀਬੱਧ ਕਰਨ ਲਈ ਰਾਹ ਪੱਧਰਾ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਇਹ ਸਰਵੇਖਣ ਦੇਸ਼ ਵਿਚ ਹੋ ਰਹੇ ਉੱਦਮਾਂ ਦੇ ਵਿਕਾਸ ਬਾਰੇ ਇਕ ਮਹੱਤਵਪੂਰਣ ਨੁਕਤਾ ਵੀ ਲੈ ਕੇ ਆਇਆ ਹੈ।

ਵਿਸ਼ਵ ਬੈਂਕ ਦੇ ਮੁਤਾਬਿਕ ਬਣਾਈਆਂ ਗਈਆਂ ਨਵੀਆਂ ਫਰਮਾਂ ਦੀ ਗਿਣਤੀ ਵਿਚ ਭਾਰਤ ਤੀਜੇ ਸਥਾਨ ‘ਤੇ ਹੈ। ਭਾਰਤ ਵਿਚ ਸਾਲ 2018 ਵਿੱਚ 124,000 ਨਵੀਆਂ ਫਰਮਾਂ ਸਨ ਜਦੋਂ ਕਿ ਸਾਲ 2014 ਵਿਚ ਇਹ ਗਿਣਤੀ 70,000 ਸੀ। ਸਾਲ 2006-14 ਦੌਰਾਨ ਬਣੀਆਂ ਨਵੀਆਂ ਫਰਮਾਂ ਦੀ ਗਿਣਤੀ ਵਿਚ 3.8 ਫੀਸਦੀ ਵਿਕਾਸ ਦਰ ਦੇ ਮੁਕਾਬਲੇ ਸਾਲ 2014-18 ਦੌਰਾਨ ਇਨ੍ਹਾਂ ਦੀ ਵਿਕਾਸ ਦਰ 12.2 ਫੀਸਦੀ ਤੱਕ ਪੁੱਜ ਗਈ ਹੈ। ਆਰਥਿਕ ਸਰਵੇਖਣ 2020 ਇਕ ਨਵਾਂ ਨਾਅਰਾ ਲੈ ਕੇ ਆਇਆ ਹੈ ਜੋ ਕਿ “ਵਿਸ਼ਵ ਲਈ ਭਾਰਤ ਵਿਚ ਇਕਜੁਟ ਹੋਵੋ” ਹੈ, ਇਸ ਤਰ੍ਹਾਂ ਦੇਸ਼ ਦੇ ਨਿਰਯਾਤ ਖੇਤਰ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ, ਜਿਸ ਵਿਚ 2025 ਤਕ ਭਾਰਤ ਦੇ ਨਿਰਯਾਤ ਬਾਜ਼ਾਰ ਦੇ ਹਿੱਸੇ ਨੂੰ ਤਕਰੀਬਨ 3.5 ਫੀਸਦੀ ਅਤੇ 2030 ਤੱਕ 20 ਫੀਸਦੀ ਵਧਾਉਣ ਦੀ ਉਮੀਦ ਜਤਾਈ ਹੈ। ਸਰਵੇਖਣ ਨੇ “ਨੈੱਟਵਰਕ ਉਤਪਾਦਾਂ” ਦੀ ਮੁਹਾਰਤ ਅਤੇ ਮਾਤਰਾ ਵਿਸਥਾਰ ‘ਤੇ ਜ਼ੋਰ ਦਿੱਤਾ ਹੈ ਤਾਂ ਜੋ ਭਾਰਤ ਨੂੰ ਵੱਡਾ ਨਿਰਯਾਤਕ ਦੇਸ਼ ਬਣਨ ਵਿਚ ਮਦਦ ਮਿਲ ਸਕੇ।

ਗੌਰਤਲਬ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ ਪੰਜ ਟ੍ਰੀਲੀਅਨ ਡਾਲਰ ਦੀ ਆਰਥਿਕਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ; ਇਸ ਲਈ ਆਰਥਿਕ ਸਰਵੇਖਣ ਨੇ ਦੇਸ਼ ਵਿਚ ਇਕ ਬਿਲਕੁਲ ਨਵਾਂ ਕਾਰੋਬਾਰੀ ਵਾਲਾ ਵਾਤਾਵਰਣ ਬਣਾਉਣ ਲਈ ਇਕ ਨਵੀਂ ਦਿਸ਼ਾ ਤੈਅ ਕੀਤੀ ਹੈ। ਦੇਸ਼ ਨੇ ਪਹਿਲਾਂ ਹੀ ਕਾਰੋਬਾਰ ਕਰਨ ਦੀ ਸਹੂਲਤ ਵਾਲੀ ਦਰਜਾਬੰਦੀ ਵਿੱਚ ਕਾਫੀ ਸੁਧਾਰ ਕੀਤਾ ਹੈ, ਇਹ 2014 ਵਿੱਚ 142 ਦੇ ਮੁਕਾਬਲੇ ਹੁਣ 63 ਹੋ ਗਈ ਹੈ। ਇਸ ਲਈ, ਆਰਥਿਕ ਸਰਵੇਖਣ 2020 ਵਿੱਚ ਬਾਜ਼ਾਰਾਂ ਨੂੰ ਸਮਰੱਥ ਬਣਾਉਣ, ਕਾਰੋਬਾਰ ਪੱਖੀ ਨੀਤੀਆਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਅਰਥ ਵਿਵਸਥਾ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੀ ਧਾਰਨਾ ਨੂੰ ਪੇਸ਼ ਕੀਤਾ ਗਿਆ ਹੈ।

ਸਕ੍ਰਿਪਟ: ਮਨੋਹਰ ਮਨੋਜ, ਪੱਤਰਕਾਰ