ਪਾਕਿਸਤਾਨ ਦੀ ਆਪਣੇ ਹੀ ਨਾਗਰਿਕਾਂ ਪ੍ਰਤੀ ਬੇਰੁੱਖੀ

ਵਿਸ਼ਵ ਦੇ ਕਿਸੇ ਵੀ ਮੁਲਕ ਜਾਂ ਫਿਰ ਸੰਸਥਾ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਦੇਸ਼ ਅਤੇ ਸਮਾਜ ਦੇ ਵਿਕਾਸ ਅਤੇ ਤਰੱਕੀ ਲਈ ਕੰਮ ਕਰੇ।ਪਰ ਪਾਕਿਸਤਾਨ ਦੇ ਲਈ ਇਹ ਸਥਿਤੀ ਬਹੁਤ ਹੀ ਦੁਚਿੱਤੀ ਵਾਲੀ ਹੈ ਕਿਉਂਕਿ ਪਾਕਿ ਸੰਸਥਾਵਾਂ ਸਮਾਜ ਲਈ ਕੰਮ ਕਰ ਰਹੀਆਂ ਹਨ ਜਾਂ ਫਿਰ ਨਹੀਂ ਇਹ ਸਾਫ ਨਹੀਂ ਹੈ।ਅਸਲ ‘ਚ ਪਾਕਿਸਤਾਨ ਸ਼ੁਰੂ ਤੋਂ ਹੀ ਦੀਸ਼ਾਹੀਣ ਰਿਹਾ ਹੈ।ਕਿਸ ਪੜਾਅ ‘ਤੇ ਸਮਾਜ ਤਰੱਕੀ ਕਰੇਗਾ, ਵਿਕਾਸ ਦਾ ਅਧਾਰ ਕੀ ਹੋਵੇਗਾ, ਵਸੀਲਿਆਂ ਦੀ ਵਰਤੋਂ ਕਿਸ ਤਰ੍ਹਾਂ ਨਾਲ ਹੋਵੇਗੀ, ਸਿੱਖਿਆ ਪ੍ਰਣਾਲੀ,ਹਕੂਮਤ ਅਤੇ ਅਦਾਰਿਆਂ ਨੂੰ ਲੋਕਾਂ ਅੱਗੇ ਜਵਾਬਦੇਹ ਹੋਣਾ ਪਵੇਗਾ, ਇਸ ਤਰ੍ਹਾਂ ਦੇ ਕਈ ਮਸਲੇ ਹਨ ਜਿੰਨ੍ਹਾਂ ਪ੍ਰਤੀ ਪਾਕਿਸਤਾਨ ਬਹੁਤ ਢਿੱਲਾ ਹੈ।ਕਹਿ ਸਕਦੇ ਹਾਂ ਕਿ ਮੁਲਕ ਸਥਾਪਨਾ ਦਾ ਉਦੇਸ਼ ਵੀ ਹਨੇਰੇ ‘ਚ ਹੀ ਜਾਪਦਾ ਹੈ।ਉੱਥੋਂ ਦੇ ਲੋਕ ਅੱਜ ਵੀ ਭੰਬਲਭੂਸੇ ‘ਚ ਹਨ ਕਿ ਉਨ੍ਹਾਂ ਨਾਲ ਹੋ ਕੀ ਰਿਹਾ ਹੈ।ਇੱਕ ਵਰਗ ਅਜਿਹਾ ਹੈ ਜਿਸ ‘ਤੇ ਹਕੂਮਤ, ਸੰਸਥਾਵਾਂ ਅਤੇ ਹੋਰ ਧਿਰਾਂ ਦਾ ਪੂਰਾ ਕਬਜ਼ਾ ਹੈ।ਮੁਲਕ ਦੀ ਆਵਾਮ ਦੀ ਸਥਿਤੀ ਬਹੁਤ ਹੀ ਖ਼ਰਾਬ ਹੈ।ਭਾਰਤ ਸਮੇਤ ਦੁਨੀਆ ਦੇ ਬਹੁਤੇਰੇ ਮੁਲਕਾਂ ‘ਚ ਜਾਗੀਰਦਾਰੀ ਪ੍ਰਥਾ ਨੂੰ ਖ਼ਤਮ  ਕਰ ਦਿੱਤਾ ਗਿਆ ਹੈ।ਪਰ ਪਾਕਿਸਤਾਨ ‘ਚ ਇਹ ਪ੍ਰਣਾਲੀ ਅੱਜ ਵੀ ਸਾਹ ਲੈ ਰਹੀ ਹੈ।ਸਰਕਾਰੀ ਅਦਾਰਿਆਂ ‘ਚ ਬੈਠੇ ਲੋਕ ਮੁਲਕ ਦੇ ਵੱਡੇ ਸਰੋਤਾਂ ‘ਤੇ ਕਬਜ਼ਾ ਕਰ ਰਹੇ ਹਨ, ਜਿਸ ਕਾਰਨ ਵੰਡ ਅਸੰਭਵ ਹੋ ਜਾਂਦੀ ਹੈਫਿਰ ਜਦੋਂ ਆਮ ਲੋਕਾਂ ਵੱਲੋਂ ਆਪਣੇ ਅਧਿਕਾਰਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੀਆਂ ਮੰਗਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਕੁਚਲ ਦਿੱਤਾ ਜਾਂਦਾ ਹੈ ਤਾਂ ਕਿ ਉਹ ਮੁੜ ਇਸ ਸਬੰਧੀ ਆਵਾਜ਼ ਬੁਲੰਦ ਨਾ ਕਰ ਸਕਣ।ਪਾਕਿਸਤਾਨ ਨੇ ਵਿਕਾਸ ਵੱਲ ਧਿਆਨ ਦਿੱਤਾ ਜਾਂ ਫਿਰ ਨਹੀਂ ਪਰ ਇਹ ਤੈਅ ਹੈ ਕਿ ਇਸਲਾਮਾਬਾਦ ਨੇ ਦਹਿਸ਼ਤਗਰਦੀ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਆਪਣੇ ਵਿੱਤ ਦਾ ਵੱਡਾ ਹਿੱਸਾ ਖਰਚ ਕਰ ਦਿੱਤਾ ਹੈ।ਭਾਰਤ, ਅਫ਼ਗਾਨਿਸਤਾਨ, ਬੰਗਲਾਦੇਸ਼ ਸਮੇਤ ਦੁਨੀਆ ਦੇ ਹੋਰ ਕਈ ਮੁਲਕ ਪਾਕਿ ਸਰਪ੍ਰਸਤੀ ਵਾਲੇ ਅੱਤਵਾਦ ਦਾ ਸ਼ਿਕਾਰ ਹੋਏ ਹਨ।ਪਾਕਿਸਤਾਨ ਦੀ ਆਰਥਿਖ ਸਥਿਤੀ ਬਹੁਤ ਨਾਸਾਜ਼ ਹੈ।ਮੁਲਕ ਨੂੰ ਚਲਾਉਣ ਲਈ ਪੈਸਿਆਂ ਦੀ ਘਾਟ, ਵਿਦੇਸ਼ੀ ਮੁਦਰਾ ਦੀ ਅਣਹੋਂਦ ਆਦਿ ਗੰਭੀਰ ਮੁਸ਼ਕਲਾਂ ਹਨ ਜਿੰਨ੍ਹਾਂ ਨਾਲ ਕਿ ਪਾਕਿਸਤਾਨ ਜੂਝ ਰਿਹਾ ਹੈ।ਇਸੇ ਕਰਕੇ ਹੀ ਪਾਕਿਸਤਾਨ ਕੌਮਾਂਤਰੀ ਸੰਸਥਾਵਾਂ ਅਤੇ ਮਿੱਤਰ ਮੁਲਕਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।ਜੇਕਰ ਪਾਕਿਸਤਾਨ ਨੇ ਆਪਣੇ ਸਰੋਤਾਂ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਹੁੰਦੀ ਅਤੇ ਇਸ ਨੂੰ ਮੁਲਕ ਦੇ ਵਿਕਾਸ ‘ਚ ਲਗਾਇਆ ਹੁੰਦਾ ਤਾਂ ਅੱਜ ਪਾਕਿਸਤਾਨ ਦੀ ਸਥਿਤੀ ਕੁੱਝ ਹੋਰ ਹੀ ਹੁੰਦੀ।ਪਾਕਿ ਬੁਨਿਆਦੀ ਢਾਂਚਾ ਹਿੱਲਿਆ ਪਿਆ ਹੈ।ਖ਼ਰਾਬ ਸਿੱਖਿਆ ਪ੍ਰਣਾਲੀ ਕਾਰਨ ਆਬਾਦੀ ਦਾ ਵੱਡਾ ਹਿੱਸਾ ਅਨਪੜ੍ਹ ਹੈ।ਜੋ ਕੋਈ ਲੋਕ ਇੰਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਅਗਾਂਹ ਵੱਧਦੇ ਹਨ ਉਹ ਬਾਅਦ ‘ਚ ਉੱਚ ਵਿੱਦਿਆ ਲਈ ਵਿਦੇਸ਼ਾਂ ਦਾ ਰੁਖ਼ ਅਖ਼ਤਿਆਰ ਕਰ ਲੈਂਦੇ ਹਨ।
ਮੁਲਕ ‘ਚ ਕੱਟੜਵਾਦੀ ਅਤੇ ਰੂੜ੍ਹੀਵਾਦੀ ਪ੍ਰਣਾਲੀ ਨੂੰ ਹੁਲਾਰਾ ਮਿਿਲਆ ਹੈ।ਇਸ ਕਰਕੇ ਹੀ ਸਮਾਜ ‘ਚ ਲੋੜੀਂਦੀਆਂ ਤਬਦੀਲੀਆਂ ਨੂੰ ਸਿਰੇ ਤੋਂ ਨਕਾਰਿਆ ਜਾਂਦਾ ਹੈ।ਬਦਲ ਰਹੀ ਵਿਸ਼ਵ ਪ੍ਰਣਾਲੀ ਨੂੰ ਵੀ ਸਵੀਕਾਰ ਨਹੀਂ ਕੀਤਾ ਜਾ ਰਿਹਾ ਹੈ।ਮਨੁੱਖੀ ਅਧਿਕਾਰਾਂ ਦੀ ਰਾਖੀ, ਪ੍ਰਗਟਾਵੇ ਦੀ ਆਜ਼ਾਦੀ ਅਤੇ ਸਰੋਤਾਂ ਦੀ ਬਰਾਬਰ ਵੰਡ ਵਰਗੀਆਂ ਸਹੂਲਤਾਂ ਤੋਂ ਬਹੁਤ ਸਾਰੇ ਲੋਕ ਅਣਜਾਣ ਹਨ।ਜੇਕਰ ਕੋਈ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਪਾਕਿਸਤਾਨ ਵਾਪਸ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਇੰਨ੍ਹਾਂ ਕੱਟੜਵਾਦੀ ਅੰਸਰਾਂ ਨਾਲ ਵਿਚਾਰਾਂ ਦੀ ਜੰਗ ਲੜਣੀ ਪਵੇਗੀ।ਅਜਿਹੀਆਂ ਕਈ ਮਿਸਾਲਾਂ ਵੇਖਣ-ਸੁਣਨ ਨੂੰ ਮਿਲੀਆਂ ਹਨ ਜਦੋਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਇਸ ਸਾਹਸ ਦਾ ਖਮਿਆਜ਼ਾ ਭੁਗਤਣਾ ਪਿਆ ਹੋਵੇ।
ਆਸੀਆ ਬੀਬੀ ਦਾ ਮਾਮਲਾ ਕਿਸੇ ਤੋਂ ਵੀ ਲੁਕਿਆ ਨਹੀਂ ਹੈ।ਕੁਫ਼ਰ ਦੇ ਨਾਂਅ ‘ਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਨਾਲ ਤਸੀਹੇ ਦਿੱਤੇ ਗਏ।ਆਖਿਰਕਾਰ ਅਦਾਲਤ ਵੱਲੋਂ ਆਸੀਆ ਬੀਬੀ ਨੂੰ ਬਰੀ ਕਰ ਦਿੱਤਾ ਗਿਆ।ਇਸੇ ਤਰ੍ਹਾਂ ਹੀ ਮੁਲਕ ਦੀ ਅਦਾਲਤ ਨੇ ਇਕ ਲੈਕਚਰਾਰ ਜੁਨੇਦ ਹਾਫੀਜ਼ ਨੂੰ ਕੁਫ਼ਰ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਹੈ। ਜ਼ਿਕਰੇਖਾਸ ਹੈ ਕਿ ਜੁਨੇਦ ਨੇ ਅਮਰੀਕਾ ਤੋਂ ਆਪਣੀ ਸਿੱਖਿਆ ਹਾਸਲ ਕੀਤੀ ਹੈ ਅਤੇ ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਮੁਲਤਾਨ ਦੀ ਇਕ ਯੂਨੀਵਰਸਿਟੀ ‘ਚ ਪੜਾ ਰਿਹਾ ਸੀ।ਪਾਸਿਕਤਾਨ ‘ਚ ਕੁਫ਼ਰ ਦਾ ਕਾਨੂੰਨ , ਇਕ ਵਿਵਾਦਿਤ ਕਾਨੂੰਨ ਹੈ, ਜਿਸ ਦੇ ਤਹਿਤ ਜੇਕਰ ਕੋਈ ਵੀ ਵਿਅਕਤੀ ਅੱਲਾ, ਪੈਗੰਬਰ, ਕੁਰਾਨ ਜਾਂ ਇਸਲਾਮ ਦੀ ਖਿਲਾਫਤ ਕਰਦਾ ਹੈ ਤਾਂ ਉਹ ਮੌਤ ਦਾ ਹੱਕਦਾਰ ਹੈ।ਇਸ ਕਾਨੂੰਨ ਦੀ ਪਾਕਿਸਤਾਨ ‘ਚ ਖੁੱਲ ਕੇ ਵਰਤੋਂ ਹੁੰਦੀ ਹੈ।ਬਹੁਤ ਸਾਰੇ ਮਾਮਲਿਆਂ ‘ਚ ਤਾਂ ਮੁਸਲਿਮ ਜਾਂ ਗੈਰ ਮੁਸਲਿਮ ਅਫ਼ਰਾਦ ਨਾਲ ਨਿੱਜੀ ਦੁਸ਼ਮਣੀ ਦੇ ਕਾਰਨ ਵੀ ਉਨ੍ਹਾਂ ‘ਤੇ ਕੁਫ਼ਰ ਦਾ ਦੋਸ਼ ਆਇਦ ਕੀਤਾ ਜਾਂਦਾ ਹੈ।ਇਹ ਇਸ ਦਾ ਇਕ ਪਹਿਲੂ ਹੈ।ਪਾਕਿਸਤਾਨ ‘ਚ ਜੋ ਲੋਕ ਹਕੂਮਤ ਜਾਂ ਸੰਸਥਾਵਾਂ ਦੇ ਹੱਕ ‘ਚ ਨਹੀਂ ਹੁੰਦੇ ਉਨ੍ਹਾਂ ਨੂੰ ਕਈ ਸਹੂਲਤਾਂ ਤੋਂ ਵਾਂਝਾ ਰਹਿਣਾ ਪੈਂਦਾ ਹੈ।ਬਲੋਚਿਸਤਾਨ ਦੀ ਸਥਿਤੀ ਜਗ ਜਾਹਰ ਹੈ।ਉੱਥੋਂ ਦੇ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਹਕੂਮਤ ਦੀਆਂ ਕਈਆਂ ਬੇਇਨਸਾਫੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਹਾਲ ‘ਚ ਹੀ ਪਸ਼ਤੂਨ ਸੁਰੱਖਿਆ ਲਹਿਰ ਦੇ ਮੁੱਖੀ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ।ਇੰਨ੍ਹਾਂ ਲੋਕਾਂ ਦਾ ਦੋਸ਼ ਇਹ ਸੀ ਕਿ ਉਹ ਮਨਜੂਰ ਪਸ਼ਤੂਨ ਦੀ ਰਿਹਾਈ ਦੀ ਮੰਗ ਕਰ ਰਹੇ ਸਨ।ਹਾਲਾਂਕਿ ਅਦਾਲਤ ਅਤੇ ਪ੍ਰਦਰਸ਼ਨਾਂ ਦੇ ਕਾਰਨ ਉੰਨ੍ਹਾਂ ਲੋਕਾਂ ਨੂੰ ਜ਼ਮਾਨਤ ਮਿਲ ਗਈ ਪਰ ਪਸ਼ਤੂਨ ਅਜੇ ਵੀ ਹਿਰਾਸਤ ‘ਚ ਹਨ।
ਪਾਕਿਸਤਾਨ ‘ਚ ਆਪਣੇ ਹੀ ਨਾਗਰਿਕਾਂ ‘ਤੇ ਜ਼ੁਲਮ ਦੀ ਦਾਸਤਾਨ ਆਮ ਹੈ।ਹਾਕਮ ਜਮਾਤ ਅਤੇ ਉੱਥੋਂ ਦੀਆਂ ਸੰਸਥਾਵਾਂ ‘ਚ ਬੈਠੇ ਲੋਕ ਆਪਣਾ ਰੁਤਬਾ ਵਿਖਾ ਰਹੇ ਹਨ।ਮਨੁੱਖੀ ਹਮਦਰਦੀ ਨਾਂਅ ਦੀ ਕੋਈ ਚੀਜ਼ ਹੀ ਨਹੀਂ ਹੈ।ਇਸ ਦੀ ਇਕ ਹੋਰ ਮਿਸਾਲ ਇਹ ਹੈ ਕਿ ਚੀਨ ਦੇ ਵੁਹਾਨ ਸ਼ਹਿਰ ‘ਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਭਾਰਤ ਸਮੇਤ ਦੁਨੀਆ ਦੇ ਹੋਰ ਕਈ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਵਾਪਸ ਆ ਵੀ ਗਏ ਹਨ।ਪਰ ਪਾਸਿਕਤਾਨ ਵੱਲੋਂ ਅਜਿਹੀ ਕਿਸੇ ਵੀ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਗਿਆ ਹੈ।ਪਾਕਿਸਤਾਨ ਦਾ ਤਰਕ ਹੈ ਕਿ ਇਸ ਪ੍ਰਕੋਪ ਨਾਲ ਨਜਿੱਠਣ ਲਈ ਉਸ ਕੋਲ ਢੁਕਵੇਂ ਸਾਧਨ ਮੌਜੂਦ ਨਹੀਂ ਹਨ।ਇਹ ਤਰਕ ਉਸ ਸਮੇਂ ਬਹੁਤ ਹੀ ਬੇਵਕੂਫੀ ਵਾਲਾ ਲੱਗਿਆ ਜਦੋਂ ਕਿਹਾ ਗਿਆ ਕਿ ਮੌਤ ਤਾਂ ਸੱਚ ਹੈ ਅਤੇ ਇਹ ਕਿਤੇ ਵੀ ਆ ਸਕਦੀ ਹੈ।ਜਿਸ ਦੀ ਜਿੱਥੇ ਆਉਣੀ ਹੈ ਆ ਹੀ ਜਾਵੇਗੀ।ਅਜਿਹੇ ਤਰਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਆਪਣੇ ਨਾਗਰਿਕਾਂ ਲਈ ਕਿੰਨਾਂ ਫਿਕਰਮੰਦ ਹੈ।
ਸਕ੍ਰਿਪਟ: ਫਾਹੀਮ ਅਹਿਮਦ