ਭਾਰਤ ਅਤੇ ਤੁਰਕਮੇਨਿਸਤਾਨ ਵਿਚਾਲੇ ਰੁਝਾਨਾਂ ‘ਚ ਹੋ ਰਿਹਾ ਵਾਧਾ

ਤੁਰਕਮੇਨਿਸਤਾਨ ਦੇ ਮੰਤਰੀਆਂ ਦੀ ਕੈਬਨਿਟ ਦੇ ਉਪ ਚੈਅਰਮੈਨ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਰਾਸ਼ੀਦ ਮਰੇਦੋਵ ਨੇ ਭਾਰਤ ਦਾ ਦੌਰਾ ਕੀਤਾ।ਇਸ ਘੱਟ ਮਿਆਦ ਦੀ ਫੇਰੀ ਦੌਰਾਨ ਉਨ੍ਹਾਂ ਨੇ ਆਪਣੇ ਭਾਰਤੀ ਹਮਅਹੁਦਾ ਡਾ. ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ।ਦੋਵਾਂ ਆਗੂਆਂ ਨੇ ਦੁਵੱਲੇ ਅਤੇ ਖੇਤਰੀ ਮੁੱਦਿਆਂ ‘ਤੇ ਗੱਲਬਾਤ ਕੀਤੀ।ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਵਿਚਾਰ ਵਟਾਂਦਰੇ ਖੇਤਰੀ ਮਸਲਿਆਂ ‘ਤੇ ਮਜ਼ਬੂਤ ਏਕੀਕਰਨ ਦੀ ਭਾਵਨਾ ਨੂੰ ਦਰਸਾਉਂਦੇ ਹਨ।

 

ਤੁਰਕਮੇਨਿਸਤਾਨ ਉਨ੍ਹਾਂ ਪੰਜ ਮੱਧ ਏਸ਼ੀਆਈ ਗਣਰਾਜਾਂ ‘ਚੋਂ ਇਕ ਹੈ, ਜਿੰਨ੍ਹਾਂ ਨੇ 1990 ਦੇ ਸ਼ੁਰੂ ‘ਚ ਹੀ ਤੱਤਕਾਲੀਨ ਯੂਐਸਐਸਆਰ ਤੋਂ ਆਪਣੇ ਆਪ ਨੂੰ ਆਜ਼ਾਦ ਕਰਵਾ ਲਿਆ ਸੀ।ਭਾਰਤ ਮੱਧ ਏਸ਼ੀਆ ਨੂੰ ਆਪਣੇ ਵਿਸਤ੍ਰਿਤ ਗੂਆਂਢੀ ਵੱਜੋਂ ਵੇਖਦਾ ਹੈ।ਇਸ ਖੇਤਰ ‘ਚ ਤੁਰਕਮੇਨਿਸਤਾਨ ਵਿਲੱਖਣ ਭੂਗੋਲਿਕ ਸਥਿਤੀ ਰੱਖਦਾ ਹੈ, ਜਿਸ ਕਰਕੇ ਅੰਤਰ-ਖੇਤਰੀ ਰੁਝਾਨਾਂ ‘ਚ ਇਸ ਨੂੰ ਵਿਸ਼ੇਸ਼ ਮਹੱਤਵ ਮਿਲਦਾ ਹੈ।ਤੁਰਕਮੇਨਿਸਤਾਨ ਦੱਖਣੀ ਏਸ਼ੀਆ, ਮੱਧ ਏਸ਼ੀਆ ਅਤੇ ਪੱਛਮੀ ਏਸ਼ੀਆ ਨੂੰ ਆਪਸ ‘ਚ ਜੋੜਨ ਦਾ ਕੰਮ ਕਰਦਾ ਹੈ। ਇਸ ਦੇ ਦੱਖਣ ‘ਚ ਅਫ਼ਗਾਨਿਸਤਾਨ ਅਤੇ ਪੱਛਮ ‘ਚ ਇਰਾਨ ਰਾਜ ਹਨ।ਮੱਧ ਏਸ਼ੀਆ ‘ਚ ਕਜ਼ਾਖ਼ਸਤਾਨ ਅਤੇ ਉਜ਼ਬੇਕਿਸਤਾਨ ਇਸ ਦੇ ਗੁਆਂਢੀ ਮੁਲਕ ਹਨ।ਤੁਰਕਮੇਨਿਸਤਾਨ ‘ਚ ਕੇਸਪਿਅਨ ਸਮੁੰਦਰ ਤੱਟ ‘ਤੇ ਹੈ, ਜੋ ਕਿ ਯੂਰੇਸ਼ੀਆ ਅਤੇ ਯੂਰੋਪ ਨੂੰ ਰਾਹ ਪ੍ਰਦਾਨ ਕਰਦਾ ਹੈ।ਤੁਰਕਮੇਨਿਸਤਾਨ ਨੇ ਸੰਪਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਨੂੰ ਹਮੇਸ਼ਾ ਹੀ ਤਰਜੀਹ ਦਿੱਤੀ ਹੈ।2016 ‘ਚ ਦੇਸ਼ ਨੇ 2.3 ਬਿਲੀਅਨ ਡਾਲਰ ਦੀ ਲਾਗਤ ਵਾਲੇ ਹਵਾਈ ਅੱਡੇ ਦਾ ਨਿਰਮਾਣ ਕੀਤਾ ਸੀ, ਜੋ ਕਿ ਇਸ ਖੇਤਰ ਦਾ ਸਭ ਤੋਂ ਵੱਡਾ ਹਵਾਈ ਅੱਡਾ ਸੀ।

 

ਜੇਕਰ ਜੰਨਸੰਖਿਆ ਦੇ ਅਧਾਰ ‘ਤੇ ਤੁਰਕਮੇਨਿਸਤਾਨ ਨੂੰ ਵੇਖਿਆ ਜਾਵੇ ਤਾਂ ਸ਼ਾਇਦ ਇਹ ਇਕ ਛੋਟਾ ਦੇਸ਼ ਪ੍ਰਤੀਤ ਹੋਵੇ,ਜਿਸ ਦੀ ਆਬਾਦੀ 6 ਮਿਲੀਅਨ ਦੇ ਕਰੀਬ ਹੈ।ਇਸ ਦੇ ਬਾਵਜੂਦ ਇਹ ਆਰਥਿਕ ਪੱਖ ਤੋਂ ਮਜ਼ਬੂਤ ਮੁਲਕ ਹੈ।ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਕੁਦਰਤੀ ਗੈਸ ਭੰਡਾਰ ਦਾ ਸਰੋਤ ਹੈ।ਇਸ ਤੋਂ ਇਲਾਵਾ ਤੇਲ, ਸਲਫਰ ਅਤੇ ਹੋਰ ਧਾਤੂਆਂ ਤੇ ਖਣਿਜ ਪਦਾਰਥਾਂ ਨਾਲ ਵੀ ਭਰਪੂਰ ਹੈ।ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ ਤੁਰਕਮੇਨਿਸਤਾਨ ਦੀ ਜੀਡੀਪੀ ਲਗਭਗ 40.5 ਬਿਲੀਅਨ ਡਾਲਰ ਹੋਵੇਗੀ।

 

ਰਾਸ਼ਟਰਪਤੀ ਗੁਰਬਾਂਗੁਲੀ ਬਰਦੀ ਮੁਹਮਦੋਵ ਦਾ ਪ੍ਰਸ਼ਾਸਨ ਆਰਥਿਕ ਵਿਿਭੰਨਤਾ ਦੇ ਯਤਨ ਕਰ ਰਿਹਾ ਹੈ।ਇੰਨ੍ਹਾਂ ਵੱਲੋਂ ਦਾ ਤੇਲ ਤੇ ਗੈਸ, ਖੇਤੀਬਾੜੀ, ਉਸਾਰੀ, ਆਵਾਜਾਈ ਅਤੇ ਸੰਚਾਰ ਵਰਗੇ ਰਿਵਾਇਤੀ ਸੈਕਟਰਾਂ ਦੇ ਨਾਲ-ਨਾਲ ਰਸਾਇਣ, ਦੂਰਸੰਚਾਰ ਅਤੇ ਹੋਰ ਉੱਚ ਤਕਨੀਕੀ ਖੇਤਰਾਂ ‘ਚ ਆਪਣਾ ਧਿਆਨ ਕੇਂਦਰਤ ਕੀਤਾ ਗਿਆ ਹੈ।ਤੁਰਕਮੇਨਿਸਤਾਨ ਨੇ 2019-2025 ਦੌਰਾਨ ਪੜਾਅ ਅਧਾਰਤ ਡਿਜੀਟਲ ਆਰਥਿਕਤਾ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਹੈ।

 

ਤੁਰਕਮੇਨਿਸਤਾਨ ਵਿਸ਼ਵ ਦੇ ਦੇਸ਼ਾਂ ਨਾਲ ਆਪਣੇ ਰੁਝੇਵਿਆਂ ‘ਚ ‘ਸਥਾਈ ਨਿਰਪੱਖਤਾ’ ਦੀ ਨੀਤੀ ਨੂੰ ਅਪਣਾਉਂਦਾ ਹੈ।ਇਸ ਨੀਤੀ ਨੂੰ 1995 ‘ਚ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵੱਲੋਂ ਸਮਰਥਨ ਵੀ ਹਾਸਲ ਹੋਇਆ ਸੀ।ਭਾਰਤ ਇਸ ਮਤੇ ਦਾ ਸਹਿ-ਸਰਪ੍ਰਸਤ ਸੀ ਅਤੇ ਮੌਜੂਦਾ ਸਮੇਂ ਅਸ਼ਗਾਬਾਤ ਆਪਣੀ 25ਵੀਂ ਵਰੇ੍ਹਗੰਢ ਮਨਾ ਰਿਹਾ ਹੈ।

 

ਤੁਰਕਮੇਨਿਸਤਾਨ ਆਪਣੀ ਵਿਲੱਖਣ ਭੂਗੋਲਿਕ ਸਥਿਤੀ ਅਤੇ ਆਰਥਿਕ ਸੰਭਾਵਨਾਵਾਂ ਦੇ ਮੱਦੇਨਜ਼ਰ ਮੱਧ ਏਸ਼ੀਆ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ‘ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।ਦੋਵਾਂ ਮੁਲਕਾਂ ਦਰਮਿਆਨ ਲੱਖਾਂ ਸਾਲ ਪੁਰਾਣੇ ਇਤਿਹਾਸਕ ਅਤੇ ਸਭਿਆਚਾਰਕ ਸਬੰਧ ਮੌਜੂਦ ਹਨ।ਮੱਧਯੁੱਗ ਦੌਰਾਨ ਖੇਤਰ ਦੇ ਕਈ ਸੰਤ ਅਤੇ ਬੁੱਧੀਜੀਵਾਂ ਵੱਲੋਂ ਭਾਰਤ ਦਾ ਦੌਰਾ ਕਰਨ ਕਰਕੇ ਸੰਬੰਧਾਂ ‘ਚ ਹੋਰ ਮਜ਼ਬੂਤੀ ਆਈ। ਸ਼ਾਹ ਤੁਰਕਮਨ ਬੇਆਬਨੀ ਇਕ ਮਸ਼ਹੂਰ ਸੂਫ਼ੀ ਸੰਤ ਸਨ, ਜੋ ਕਿ 13ਵੀਂ ਸਦੀ ‘ਚ ਭਾਰਤ ‘ਚ ਰਹਿ ਰਹੇ ਸਨ।ਦਿੱਲੀ ਸਥਿਤ ‘ਤੁਰਕਮਨ ਗੇਟ’ ਉਨ੍ਹਾਂ ਦੀ ਯਾਦ ‘ਚ ਹੀ ਉਸਾਰਿਆ ਗਿਆ ਸੀ।ਬਾਦਸ਼ਾਨ ਅਕਬਰ ਦਾ ਸਲਾਹਕਾਰ ਬੈਰਾਮ ਖ਼ਾਨ ਵੀ ਤੁਰਕ ਮੂਲ ਦਾ ਸੀ।

 

ਭਾਰਤ ਅਤੇ ਤੁਰਕਮੇਨਿਸਤਾਨ ਵਧੀਆ ਰਾਜਨੀਤਿਕ ਅਤੇ ਸਭਿਆਚਾਰਕ ਸਬੰਧਾਂ ਦਾ ਨਿੱਘ ਮਾਣ ਰਹੇ ਹਨ।ਦੋਵਾਂ ਦੇਸ਼ਾਂ ਦਰਮਿਆਨ ਉੱਚ ਰਾਜਨੀਤਿਕ ਪੱਧਰ ਦੇ ਰੁਝੇਵਿਆਂ ‘ਚ ਵਾਧਾ ਹੋਇਆ ਹੈ।ਰਾਸ਼ਟਰਪਤੀ ਗੁਰਬਾਂਗੁਲੀ ਨੇ ਸਾਲ 2010 ‘ਚ ਭਾਰਤ ਦਾ ਦੌਰਾ ਕੀਤਾ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ 2015 ‘ਚ ਤੁਰਕਮੇਨਿਸਤਾਨ ਗਏ ਸਨ ਅਤੇ ਇਸ ਫੇਰੀ ਦੌਰਾਨ ਕਈ ਮਹੱਤਵਪੂਰਣ ਮੰਗ ਪੱਤਰ ਅਤੇ ਸਮਝੌਤਿਆਂ ਨੂੰ ਸਹੀਬੱਧ ਕੀਤਾ ਗਿਆ ਸੀ।ਇਸ ਤੋਂ ਇਲਾਵਾ ਪੀਐਮ ਮੋਦੀ ਵੱਲੋਂ ਪ੍ਰੰਪਰਾਗਤ ਦਵਾਈਆਂ ਅਤੇ ਯੋਗਾ ਕੇਂਦਰ ਦਾ ਉਦਘਾਟਨ ਵੀ ਕੀਤਾ ਗਿਆ ਸੀ।

 

ਵਧੀਆ ਸੰਬੰਧਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਆਰਥਿਕ ਸਬੰਧ ਆਪਣੀ ਸਮਰੱਥਾ ਤੋਂ ਬਹੁਤ ਘੱਟ ਹਨ।2018-19 ‘ਚ ਵਪਾਰ ਲਗਭਗ 66 ਮਿਲੀਅਨ ਡਾਲਰ ਦਾ ਰਿਹਾ।ਦੋਵਾਂ ਧਿਰਾਂ ‘ਚ ਉਪਲੱਬਧ ਮੌਕਿਆਂ ਦੀ ਸਹੀ ਜਾਣਕਾਰੀ ਦੀ ਘਾਟ ਅਤੇ ਭਾਰਤ ਤੇ ਮੱਧ ਏਸ਼ੀਆ ਦਰਮਿਆਨ ਸਿੱਧੀ ਜ਼ਮੀਨੀ ਆਵਾਜਾਈ ਸੰਪਰਕ ਦੀ ਅਣਹੋਂਦ ਕਰਕੇ ਵੀ ਵਪਾਰ ਦੀ ਢਿੱਲੀ ਸਥਿਤੀ ਬਣੀ ਹੈ।ਇਸ ਤੋਂ ਇਲਾਵਾ ਅਫ਼ਗਾਨਿਸਤਾਨ ‘ਚ ਅਸਥਿਰਤਾ ਵੀ ਦੱਖਣੀ ਏਸ਼ੀਆ ਅਤੇ ਮੱਧ ਏਸ਼ੀਆਈ ਸਬੰਧਾਂ ਨੂੰ ਪ੍ਰਭਾਵਿਤ ਕਰ ਰਹੀ ਹੈ।ਦੋਵੇਂ ਹੀ ਮੁਲਕ ਅਫ਼ਗਾਨਿਸਤਾਨ ‘ਚ ਸ਼ਾਂਤੀ ਤੇ ਸਥਿਰਤਾ ਦੀ ਮੁੜ ਬਹਾਲੀ ਲਈ ਮਿਲ ਕੇ ਯਤਨਸ਼ੀਲ ਹਨ।

 

ਹਾਲ ਦੇ ਸਮੇਂ ‘ਚ ਜੋ ਤਰੱਕੀ ਵੇਖਣ ਨੂੰ ਮਿਲੀ ਹੈ ਉਸ ਦੇ ਅਧਾਰ ‘ਤੇ ਕਹਿ ਸਕਦੇ ਹਾਂ ਕਿ ਦੁਵੱਲੇ ਸੰਬੰਧਾਂ ਨੂੰ ਉਤਸ਼ਾਹਤ ਕੀਤਾ ਗਿਆ ਹੈ।ਭਾਰਤ ਛਾਬਹਾਰ ਬੰਦਰਗਾਹ ਦੇ ਨਿਰਮਾਣ ‘ਚ ਨਿਵੇਸ਼ ਕਰ ਰਿਹਾ ਹੈ।ਤੁਰਕਮੇਨਿਸਤਾਨ ਅਤੇ ਕਜ਼ਾਖਸਤਾਨ ਦਾ ਇਰਾਨ ਨਾਲ ਪਹਿਲਾਂ ਹੀ ਰਲ ਸੰਪਰਕ ਮੌਜੂਦ ਹੈ।ਛਾਬਹਾਰ ਬੰਦਰਗਾਹ ਨੂੰ ਇਰਾਨੀ ਰੇਲ ਨੈਟਵਰਕ ਨਾਲ ਜੋੜਨ ਨਾਲ ਭਾਰਤ ਦੇ ਤੁਰਕਮੇਨਿਸਤਾਨ ਅਤੇ ਮੱਧ ਏਸ਼ੀਆ ਨਾਲ ਸੰਪਰਕ ‘ਚ ਸੁਧਾਰ ਹੋਵੇਗਾ।2018 ‘ਚ ਭਾਰਤ ਨੇ ਅਸ਼ਗਾਬਾਤ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ।ਇਸ ਇਕਰਾਰਨਾਮੇ ਤਹਿਤ ਪੱਛਮੀ ਏਸ਼ੀਆ ‘ਚ ਇਰਾਨ ਅਤੇ ਓਮਾਨ ਅਤੇ ਮੱਧ ਏਸ਼ੀਆ ‘ਚ ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਵਿਚਾਲੇ ਅੰਤਰਰਾਸ਼ਟਰੀ ਆਵਾਜਾਈ ਅਤੇ ਆਵਾਜਾਈ ਗਲਿਆਰੇ ਦੇ ਨਿਰਮਾਣ ਨੂੰ ਮੁਕੰਮਲ ਕੀਤਾ ਜਾਵੇਗਾ।

 

ਇਸੇ ਤਰ੍ਹਾਂ ਹੀ ਪਿਛਲੇ ਲੰਮੇ ਸਮੇਂ ਤੋਂ ਸੋਚੀ ਜਾ ਰਹੀ ਤੁਰਕਮੇਨਿਸਤਾਨ-ਅਫ਼ਗਾਨਿਸਤਾਨ-ਪਾਕਿਸਤਾਨ-ਭਾਰਤ (ਟੀਏਪੀਆਈ) ਕੁਦਰਤੀ ਗੈਸ ਪਾਈਪਲਾਈਨ ‘ਚ ਤਰੱਕੀ ਹੋਈ ਹੈ।ਸਾਲ 2012 ‘ਚ ਵਿਕਰੀ ਅਤੇ ਖ੍ਰੀਦ ਸਮਝੌਤਾ ਸਹੀਬੱਧ ਹੋਇਆ ਸੀ।ਤੁਰਕਮੇਨਿਸਤਾਨ ਨੇ ਸੂਚਿਤ ਕੀਤਾ ਹੈ ਕਿ ਉਸ ਦੇ ਖਿੱਤੇ ‘ਚ ਟੀਏਪੀਆਈ ਦੀ ਉਸਾਰੀ ਤੈਅ ਸਮੇਂ ਅਨੁਸਾਰ ਹੋ ਰਹੀ ਹੈ।

 

ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਭਵਿੱਖ ‘ਚ ਭਾਰਤ ਅਤੇ ਤੁਰਕਮੇਨਿਸਤਾਨ ਦਰਮਿਆਨ ਦੁਵੱਲੇ ਸੰਬੰਧਾਂ ‘ਚ ਵਧੇਰੇ ਮਜ਼ਬੂਤੀ ਆਵੇਗੀ।