ਸੰਸਦ ‘ਚ ਇਸ ਹਫ਼ਤੇ ਦੀਆਂ ਕਾਰਵਾਈਆਂ

ਭਾਰਤੀ ਸੰਸਦ ਵਿਚ ਕੇਂਦਰੀ ਬਜਟ ਪੇਸ਼ ਹੋਣ ਉਪਰੰਤ ਬਹੁਤ ਦਿਲਚਸਪ ਸਥਿਤੀ ਵੇਖਣ ਨੂੰ ਮਿਲੀ।ਸਮਝਿਆ ਜਾ ਰਿਹਾ ਸੀ ਕਿ ਚਾਲੂ ਵਿੱਤੀ ਸੈਸ਼ਨ,  ਵਿਰੋਧੀ ਅਤੇ ਉਸਦੇ ਸਹਿਯੋਗੀ ਧਿਰਾਂ ਵਲੋਂ ਨਾਗਰਿਕਤਾ ਸੋਧ ਬਿੱਲ ਅਤੇ ਹੋਰ ਮੁੱੱਦਿਆਂ ਦੇ ਵਿਰੋਧ ਨੂੰ ਲੈ ਕੇ ਹੰਗਾਮਿਆਂ ਭਰਪੂਰ ਹੋਵੇਗਾ। ਸੱਤਾਧਾਰੀ ਧਿਰ ਵਲੋਂ ਵੀ ਇਹ ਆਖਿਆ  ਗਿਆ ਸੀ ਕਿ ਉਹ ਸਪੀਕਰ ਦੀ ਇਜਾਜਤ ਨਾਲ ਸਾਰੇ ਮੁੱਦਿਆਂ ਤੇ ਬਹਿਸ ਕਰਨ ਨੂੰ ਤਿਆਰ ਹੈ। ਸਰਕਾਰ ਵਲੋਂ ਇਸ ਸੈਸ਼ਨ ਦੌਰਾਨ 45 ਬਿੱਲ ਅਤੇ 7 ਵਿੱਤੀ ਬਿੱਲ ਪੇਸ਼ ਕਰਨ  ਦਾ ਏਜੰਡਾ ਸੀ, ਪਰ ਵਿਰੋਧੀ ਧਿਰ ਵਲੋਂ ਸਾਰੇ ਮੁੱਦਿਆਂ ਨੂੰ ਪਿੱੱਛੇ ਧੱਕ ਦਿੱਤਾ ਗਿਆ।

ਨਾਗਰਿਕਤਾ ਸੋਧ ਬਿੱਲ , ਐਨਪੀ ਆਰ ਅਤੇ ਹੋਰ ਮੁੱਦਿਆ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਹੰਗਾਮਾ ਕਰਨ ਤੋਂ ਬਾਅਦ ਰਾਜ ਸਭਾ ਮੁਲਤਵੀ ਕਰ ਦਿੱਤੀ ਗਈ। ਜਦੋਂ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਕਾਂਗਰਸ ,ਟੀਐਮਸੀ, ਡੀ ਐਮ ਕੇ, ਐਸ ਪੀ ,ਖੱਬੇਪੱਖੀ ਅਤੇ  ਹੋਰਨਾਂ ਮੈਂਬਰਾਂ ਵਲੋ ਸਰਕਾਰ ਦੇ ਖਿਲਾਫ ਜੰਮ  ਕੇ ਨਾਅਰੇਬਾਜੀ ਕੀਤੀ ਗਈ। ਇਸੇ ਭਾਰੀ ਸ਼ੋਰ ਸ਼ਰਾਬੇ ਦੌਰਾਨ ਹੀ  ਉਪ ਚੈਅਰਮੈਨ ਹਰੀਵੰਸ਼ ਵਲੋਂ ਸੰਸਦ ਦੇ ਦੋਵੇਂ ਸਦਨਾਂ ਨੂੰ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਕਰਨ ਦੇ ਮਤੇ ਦਾ ਸੱਦਾ ਦਿੱਤਾ ਗਿਆ। ਇਸੇ ਤਰਾਂ ਸਦਨ ਦੇ ਨੇਤਾ ਥਵਰ ਚੰਦ ਗਹਿਲੋਤ ਨੇ ਵੀ ਵਿਰੋਧੀ ਧਿਰ ਨੂੰ ਵਿਚਾਰ ਵਟਾਂਦਰਾ ਕਰਨ ਦੀ ਅਪੀਲ ਕੀਤੀ , ਜੋ ਬੇਕਾਰ ਸਾਬਤ ਹੋਈ। ਵਿਰੋਧੀ ਧਿਰ ਵਲੋਂ ਸੀਏਏ, ਐਨਪੀਆਰ ਅਤੇ ਇਸ  ਨਾਲ
ਜੁੜੇ ਹੋਰ ਮੁੱਦਿਆਂ ਸਬੰਧੀ ਚੈਅਰਮੈਨ ਸ਼੍ਰੀ ਵੱਕਈਆ ਨਾਇਡੂ ਨੂੰ ਨੋਟਿਸ ਦਿੱਤੇ ਗਏ ਸਨ,ਜਿਸਨੂੰ ਉਹਨਾਂ ਵਲੋਂ ਠੁੱਕਰਾ ਦਿੱਤਾ ਗਿਆ ਸੀ।

ਸਦਨ ਵਿਚ  ੳਮਾਨ ਦੇ ਵਿੱਛੜੇ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਨਾਲ  ਆਸਟਰੇਲੀਆਂ ਦੇ ਜੰਗਲਾਂ ਵਿਚ ਬੀਤੇ ਦਿਨ ਲੱਗੀ ਅੱਗ  ਉਤੇ  ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸਦੇ ਨਾਲ ਹੀ ਸੰਸਦ ਮੈਂਬਰਾਂ ਵਲੋਂ ਰਾਜਸਥਾਨ ਵਿਚ ਕੋਰੋਨਾਵਾਇਰਸ ,ਪਿਆਜ ਦੀ ਬਰਾਮਦ ਅਤੇ ਟਿੱਡੀ ਦਲ ਦੇ ਹਮਲਿਆਂ ਸਬੰਧੀ ਵੀ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਗਿਆ।

ਲੋਕ ਸਭਾ ਵਿਚ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ ਵਲੋਂ ਸੀਏਏ ਅਤੇ ਐਨਸੀ ਆਰ ਨੂੰ ਲੈ ਕੇ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕਰਦੇ ਹੋਏ ਭੜਾਸ ਕੱਢੀ ਗਈ।

ਇਸ ਹਫਤੇ ਦੇ ਇਕ ਹੋਰ ਵਿਸ਼ੇਸ਼ਤਾ ਇਹ ਰਹੀ ਹੈ ਕਿ ਪ੍ਰਧਾਨ ਮੰਤਰੀ ਵਲੋਂ 5 ਫਰਵਰੀ ਨੂੰ ਅਯੁੱਧਿਆ ਵਿਖੇ ਰਾਮ ਮੰਦਿਰ ਬਣਾਉਣ ਵਾਸਤੇ ਟਰੱਸਟ ਕਾਇਮ ਕਰਨ ਦਾ ਐਲਾਨ ਕੀਤਾ ਗਿਆ। ਰਾਮ ਮੰਦਰ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਾ ਹੈ।

ਇਸਦੇ ਨਾਲ ਹੀ ਨਾਗਰਿਕਤਾ ਸੋਧ ਬਿਲ ਅਤੇ ਪ੍ਰਸਤਾਵਿਤ ਰਾਸ਼ਟਰੀ ਰਜਿਸਟਰ ਆਫ ਸਿਟੀਜਨਜ ਦੇ ਵਿਰੋਧ ਵਿਚ  ਸਰਕਾਰ ਨੇ ਲੋਕ ਸਭਾ ਵਿਚ ਦੱਸਿਆ ਕਿ ਐਨ ਸੀ ਆਰ ਨੂੰ ਦੇਸ਼ ਵਿਆਪੀ ਲਾਗੂ ਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ।

ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ ਪੀ ਆਰ ਦੀ ਪੂਰਵ ਜਨਗਣਨਾ ਵਾਸਤੇ ਇਕੱਤਰ ਕੀਤੇ ਜਾ ਰਹੇ ਨਿੱਜੀ ਅੰਕੜਿਆਂ ਸਬੰਧੀ ਪਾਏ ਜਾ ਰਹੇ ਭਰਮ ਭੁਲੇਖਿਆਂ ਨੂੰ ਦੂਰ ਕਰਦਿਆਂ ਆਖਿਆ ਕਿ ਕਿਸੇ ਕਿਸਮ ਦੇ ਕੋਈ ਵੀ ਦਸਤਾਵੇਜ ਇਕੱਠੇ  ਨਹੀ ਕੀਤਾ ਜਾ ਰਹੇ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਐਨਪੀਆਰ ਨੂੰ 2010 ਵਿਚ ਯੂਪੀਏ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ, ਜਿਸਦਾ ਮਨੋਰਥ ਲੋਕਾਂ ਨੂੰ ਲਾਭ ਪਹੁੰਚਾਣਾ ਸੀ।  ਉਹਨਾਂ ਆਖਿਆ ਕਿ ਜਿੱਥੇ ਲੋਕਾਂ ਦੇ ਭਲੇ ਦੀ ਗੱਲ ਹੋਵੇ, ਉੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ।

ਗ੍ਰਹਿ ਰਾਜ ਮੰਤਰੀ ਨਿਤਿਆਂ ਨੰਦ ਰਾਏ ਨੇ  ਇਕ ਲਿਖਤੀ ਪ੍ਰਸ਼ਨ ਦਾ  ਜਵਾਬ ਦਿੰਦੇ ਦੱਸਿਆ ਕਿ ਅਜੇ ਤੱਕ ਸਰਕਾਰ ਵਲੋਂ ਐਨਆਰਸੀ ਨੂੰ ਦੇਸ਼ ਵਿਆਪੀ ਪੱਧਰ ਤੇ ਤਿਆਰ ਕਰਨ ਲਈ ਕੋਈ ਫੈਸਲਾ ਨਹੀ ਲਿਆ ਗਿਆ।
ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤਾ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਧਾਰਾ 370 ਖ਼ਤਮ ਕਰਨ ਨਾਲ ਜੰਮੂ ਕਸ਼ਮੀਰ ਭਾਰਤ ਦਾ ਅਭਿੰਨ ਅੰਗ ਬਣ ਚੁੱਕਾ ਹੈ। ਉਹਨਾਂ ਜੰੰਮੂ ਕਸ਼ਮੀਰ ਨੂੰ ਭਾਰਤ ਦਾ ਤਾਜ ਦੱਸਦਿਆਂ ਆਖਿਆ ਕਿ ਇਸਦੀ ਅਸਲੀ ਪਹਿਚਾਣ ਉਥੋਂ ਦੇ ਸਾਰੇ ਧਰਮਾਂ ਅਤੇ ਸੂਫੀ ਪਰੰਪਰਾ ਪ੍ਰਤੀ ਸਮਾਨਤਾ ਵਾਲਾ ਰਵੱਈਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਆਖਿਆ ਕਿ ਰਾਮ ਜਨਮ ਭੂਮੀ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਭਾਰਤ ਦੇ ਲੋਕਾਂ ਦਾ  ਲੋਕਤੰਤਰੀ ਪ੍ਰਣਾਲੀ ਪ੍ਤੀ ਵਿਸ਼ਵਾਸ਼ ਮਜਬੂਤ ਹੋਇਆ ਹੈ। ਉਹਨਾਂ ਇਸ ਮੌਕੇ ਤੇ ਸੱਦਾ ਦਿੱਤਾ ਕਿ ਆਉ ਅਸੀ ਸਾਰੇ ਅਯੁੱਧਿਆ ਵਿਚ ਇਕ ਵਿਸ਼ਾਲ ਰਾਮ ਮੰਦਰ ਦੇ ਨਿਰਮਾਣ ਦਾ ਸਮਰਥਨ ਕਰੀਏ। ਜਿਸ ਮਗਰੋਂ  ਸਰਕਾਰ ਦੇ ਸਮਰਥਨ ਵਿਚ ਨਾਅਰੇ ਲਗਾਏ ਗਏ। ਚੱਲ ਰਹੇ ਸ਼ੈਸ਼ਨ ਦੌਰਾਨ ਸਰਕਾਰ ਇਨਸੋਲਵੈਂਸੀ ਐੰਡ ਬੈਂਕ ਰਪਟੀ ਕੋਡ (ਸੋਧ) ਆਰਡੀਨੈਂਸ 2019 ਅਤੇ ਖਣਿਜ ਕਾਨੂੰਨ ਸੋਧ ਆਰਡੀਨੈਂਸ 2020 ਨੂੰ ਬਦਲਣ ਦੀ ਕੋਸ਼ਿਸ਼ ਵਿਚ ਹੈ।

ਯੋਗੇਸ਼ ਸੂਦ, ਪੱਤਰਕਾਰ