ਸ਼੍ਰੀਲੰਕਾਈ ਪੀਐਮ ਵੱਲੋਂ ਭਾਰਤ ਦਾ ਦੌਰਾ, ਦੁਵੱਲੇ ਸੰਬੰਧਾਂ ਨੂੰ ਮਿਲੇਗਾ ਹੁਲਾਰਾ

ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਉੱਚ ਪੱਧਰੀ ਵਫ਼ਦ ਨਾਲ ਭਾਰਤ ਦਾ ਦੌਰਾ ਕੀਤਾ।ਇਸ ਫੇਰੀ ਦੌਰਾਨ ਉਨ੍ਹਾਂ ਨੇ ਭਾਰਤੀ ਲੀਡਰਸ਼ਿਪ ਨਾਲ ਵਿਚਾਰ ਚਰਚਾਵਾਂ ਕੀਤੀਆਂ।ਪੀਐਮ ਰਾਜਪਕਸ਼ੇ ਨੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਆਪਣੇ ਹਮਅਹੁਦਾ ਪੀਐਮ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ।ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ ਜੈਸ਼ੰਕਰ ਨੇ ਵੀ ਸ੍ਰੀਲੰਕਾਈ ਪੀਐਮ ਨਾਲ ਮੁਲਾਕਾਤ ਕੀਤੀ।

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਸ੍ਰੀਲੰਕਾ ਪ੍ਰਾਚੀਨ ਸਮੇਂ ਤੋਂ ਹੀ ਗੁਆਂਢੀ ਮੁਲਕ ਹਨ ਅਤੇ ਦੋਵੇਂ ਹੀ ਇਕ ਦੂਜੇ ਦੇ ਚੰਗੇ ਮਿੱਤਰ ਵੀ ਹਨ।ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸੰਬੰਧਾਂ ਦੀ ਨੀਂਵ ਕਈ ਪਹਿਲੂਆਂ ਮਿਸਾਲਨ ਸਭਿਆਚਾਰ, ਧਰਮ, ਕਲਾ ਅਤੇ ਭਾਸ਼ਾ ਨਾਲ ਰੱਖੀ ਗਈ ਹੈ।ਗੱਲ ਭਾਵੇਂ ਸੁਰੱਖਿਆ ਦੀ ਹੋਵੇ ਜਾਂ ਫਿਰ ਆਰਥਿਕਤਾ ਜਾਂ ਫਿਰ ਸਮਾਜਿਕ ਤਰੱਕੀ ਦੀ, ਸਾਡਾ ਅਤੀਤ ਅਤੇ ਸਾਡਾ ਭਵਿੱਖ ਹਰ ਖੇਤਰ ‘ਚ ਇਕ ਦੂਜੇ ਨਾਲ ਜੁੜਿਆ ਹੋਇਆ ਹੈ।ਸ੍ਰੀਲੰਕਾ ‘ਚ ਸਥਿਰਤਾ ਅਤੇ ਖੁਸ਼ਹਾਲੀ ਦਾ ਮਾਹੌਲ ਨਾ ਸਿਰਫ ਭਾਰਤ ਲਈ ਫਾਇਦੇਮੰਦ ਹੈ, ਬਲਕਿ ਸਮੁੱਚੇ ਹਿੰਦ ਮਹਾਂਸਾਗਰ ਖੇਤਰ ਦੇ ਹਿੱਤ ‘ਚ ਹੈ।ਇਸ ਲਈ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਨਜ਼ਦੀਕੀ ਸਹਿਯੋਗ ਇਸ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਜ਼ਰੂਰੀ ਹੈ।
ਇਸ ਸੰਦਰਭ ‘ਚ ਭਾਰਤ ਦੀ ‘ਗੁਆਂਢ ਪਹਿਲ’ ਨੀਤੀ ਅਤੇ ‘ਸਾਗਰ’ (ਸੁਰੱਖਿਆ ਅਤੇ ਵਿਕਾਸ ਸਾਰਿਆਂ ਲਈ) ਦਾ ਸਿਧਾਂਤ ਖਾਸ ਹੈ।ਭਾਰਤ ਸ੍ਰੀਲੰਕਾ ਨਾਲ ਆਪਣੇ ਦੁਵੱਲੇ ਸੰਬੰਧਾਂ ਨੂੰ ਵਿਸ਼ੇਸ਼ ਤਰਜੀਹ ਦਿੰਦਾ ਹੈ।ਭਾਰਤ ਨੇ ਸ੍ਰੀਲੰਕਾਈ ਸਰਕਾਰ ਵੱਲੋਂ ਖੇਤਰੀ ਸੁਰੱਖਿਆ ਅਤੇ ਵਿਕਾਸ ਲਈ ਭਾਰਤ ਨਾਲ ਕੰਮ ਕਰਨ ਦੀ ਇੱਛਾ ਦਾ ਸਵਾਗਤ ਕੀਤਾ ਹੈ।
ਪੀਐਮ ਮੋਦੀ ਅਤੇ ਸ੍ਰੀ ਰਾਜਪਕਸ਼ੇ ਨੇ ਦੁਵੱਲੇ ਸੰਬੰਧਾਂ ਅਤੇ ਕੌਮਾਂਤਰੀ ਮਸਲਿਆਂ ਨਾਲ ਜੁੜੇ ਆਪਸੀ ਹਿੱਤ ਦੇ ਸਾਰੇ ਹੀ ਪਹਿਲੂਆਂ ਨੂੰ ਵਿਚਾਰਿਆ।ਦੱਖਣੀ ਏਸ਼ੀਆਈ ਖੇਤਰ ‘ਚ ਅੱਤਵਾਦ ਇੱਕ ਦੈਂਤ ਦੀ ਤਰ੍ਹਾਂ ਹੈ।ਦੋਵੇਂ ਹੀ ਮੁਲਕ ਇਸ ਆਲਮੀ ਬੁਰਾਈ ਦਾ ਟਾਕਰਾ ਕਰ ਰਹੇ ਹਨ।ਦੱਸਣਯੋਗ ਹੈ ਕਿ ਪਿਛਲੇ ਸਾਲ ਅਪ੍ਰੈਲ ਮਹੀਨੇ ‘ਈਸਟਰ ਦਿਵਸ’ ਮੌਕੇ ਸ੍ਰੀਲੰਕਾ ‘ਚ ਬਹੁਤ ਹੀ ਭਿਆਨਕ ਅਤੇ ਦੁਖਦਾਈ ਅੱਤਵਾਦੀ ਹਮਲੇ ਹੋਏ ਸਨ।ਇਹ ਹਮਲੇ ਸ੍ਰੀਲੰਕਾ ਨੂੰ ਨਹੀਂ ਬਲਕਿ ਮਾਨਵਤਾ ਨੂੰ ਹਿਲਾਉਣ ਦੇ ਮਕਸਦ ਨਾਲ ਕੀਤੇ ਗਏ।ਦੋਵਾਂ ਆਗੂਆਂ ਨੇ ਅੱਤਵਾਦ ਨਾਲ ਨਜਿੱਠਣ ਲਈ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਵਿਚਾਰ ਵਟਾਂਦਰਾ ਕੀਤਾ।ਸ੍ਰੀਲੰਕਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਭਾਰਤ ਦੇ ਪ੍ਰਮੁੱਖ ਸਿਖਲਾਈ ਸੰਸਥਾਵਾਂ ‘ਚ ਅੱਤਵਾਦ ਵਿਰੋਧੀ ਕੋਰਸਾਂ ‘ਚ ਸ਼ਿਰਕਤ ਕੀਤੀ ਜਾ ਰਹੀ ਹੈ।ਭਾਰਤ ਨੇ ਦੋਵਾਂ ਮੁਲਕਾਂ ਦੀਆਂ ਏਜੰਸੀਆਂ ਦਰਮਿਆਨ ਸੰਪਰਕ ਅਤੇ ਸਹਿਯੋਗ ਵਧੇਰੇ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ।
ਇਸ ਤੋਂ ਇਲਾਵਾ ਦੋਵਾਂ ਆਗੂਆਂ ਨੇ ਸ੍ਰੀਲੰਕਾ ‘ਚ ਸਾਂਝੇ ਆਰਥਿਕ ਪ੍ਰਾਜੈਕਟਾਂ ਅਤੇ ਆਰਥਿਕ, ਕਾਰੋਬਾਰੀ ਅਤੇ ਨਿਵੇਸ਼ ਸੰਬੰਧਾਂ ਨੂੰ ਹੁਲਾਰਾ ਦੇਣ ਸਬੰਧੀ ਗੱਲਬਾਤ ਕੀਤੀ।ਸੈਰ-ਸਪਾਟਾ ਨੂੰ ਉਤਸ਼ਾਹਤ ਕਰਨ ਅਤੇ ਸੰਪਰਕ ਸੁਧਾਰ ਕਰਨ ਸਬੰਧੀ ਵੀ ਵਿਚਾਰ ਚਰਚਾ ਹੋਈ।
ਚੇਨਈ ਅਤੇ ਜਾਫਨਾ ਵਿਚਾਲੇ ਸਿੱਧੀ ਹਵਾਈ ਉਡਾਨ ਇੰਨ੍ਹਾਂ ਯਤਨਾਂ ਦਾ ਹੀ ਨਤੀਜਾ ਹੈ।ਇਹ ਸਿੱਧੀ ਹਵਾਈ ਉਡਾਣ ਸ੍ਰੀਲੰਕਾ ਦੇ ਉੱਤਰੀ ਖੇਤਰ ‘ਚ ਰਹਿ ਰਹੇ ਤਾਮਿਲ ਆਬਾਦੀ ਲਈ ਸੰਪਰਕ ਵਿਕਲਪਾਂ ‘ਚ ਵਾਧਾ ਕਰੇਗੀ ਅਤੇ ਨਾਲ ਹੀ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ‘ਚ ਵੀ ਮਦਦਗਾਰ ਹੋਵੇਗੀ।ਇਸ ਉਡਾਨ ਨੂੰ ਵਧੀਆ ਹੁੰਗਾਰਾ ਮਿਲਣ ਦਾ ਮਤਲਬ ਦੋਵਾਂ ਮੁਲਕਾਂ ਲਈ ਪ੍ਰਸੰਸਾ ਦਾ ਵਿਸ਼ਾ ਹੋਵੇਗਾ।ਦੋਵਾਂ ਆਗੂਆਂ ਨੇ ਆਪਸੀ ਸਬੰਧਾਂ ਨੂੰ ਬਿਹਤਰ ਕਰਨ ਅਤੇ ਆਪਸੀ ਸਹਿਯੋਗ ਨੂੰ ਹੁਲਾਰਾ ਦੇਣ ਦੇ ਤਰੀਕਆਂ ਦੀ ਭਾਲ ਕਰਨ ਸਬੰਧੀ ਚਰਚਾ ਵੀ ਕੀਤੀ।
ਭਾਰਤ ਸ੍ਰੀਲੰਕਾ ਦੇ ਵਿਕਾਸ ਯਤਨਾਂ ‘ਚ ਭਰੋਸੇਯੋਗ ਸਾਂਝੀਦਾਰ ਰਿਹਾ ਹੈ।ਪਿਛਲੇ ਸਾਲ ਐਲਾਨੇ ਗਏ ਕਰਜੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਿਕਾਸ ਸਹਿਯੋਗ ਜ਼ਰੂਰ ਉਤਸ਼ਾਹਤ ਹੋਵੇਗਾ।ਨਵੀਂ ਦਿੱਲੀ ਨੂੰ ਖੁਸ਼ੀ ਹੈ ਕਿ ਸ੍ਰੀਲੰਕਾ ਦੇ ਉਤਰੀ ਅਤੇ ਪੂਰਬੀ ਖੇਤਰ ‘ਚ ਅੰਦਰੂਨੀ ਤੌਰ ‘ਤੇ ਵਿਸਥਾਪਿਤ ਹੋਏ ਲੋਕਾਂ ਲਈ 48,000 ਤੋਂ ਵੱਧ ਮਕਾਂਨਾਂ ਦੀ ਉਸਾਰੀ ਲਈ ਭਾਰਤੀ ਹਾਊਸਿੰਗ ਪ੍ਰਾਜੈਕਟ ਮੁਕੰਮਲ ਹੋ ਗਿਆ ਹੈ।ਦੇਸ਼ ‘ਚ ਭਾਰਤੀ ਮੂਲ ਦੇ ਤਾਮਿਲ ਲੋਕਾਂ ਲਈ ਹਜ਼ਾਰਾਂ ਦੀ ਗਿਣਤੀ ‘ਚ ਘਰਾਂ ਦੀ ਉਸਾਰੀ ਦਾ ਕੰਮ ਵੀ ਜਾਰੀ ਹੈ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਮਛੇਰਿਆਂ ਨਾਲ ਸਬੰਧਿਤ ਮਨੁੱਖਤਾਵਾਦੀ ਵਿਸ਼ੇ ਨੂੰ ਵੀ ਵਿਚਾਰਿਆ।ਨਵੀਂ ਦਿੱਲੀ ਅਤੇ ਕੋਲੰਬੋ ਦੋਵਾਂ ਨੇ ਹੀ ਮਸਲੇ ‘ਤੇ ਉਸਾਰੂ ਅਤੇ ਮਾਨਵਤਾਵਾਦੀ ਪਹੁੰਚ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟ ਕੀਤੀ ਹੈ।

ਪੀਐਮ ਰਾਜਪਕਸ਼ੇ ਨੇ ਜ਼ੋਰ ਦੇ ਕੇ ਕਿਹਾ ਕਿ ਘਰੇਲੂ ਮਜ਼ਬੂਰੀਆਂ ਕਿਤੇ ਨਾ ਕਿਤੇ ਵਿਦੇਸ਼ ਨੀਤੀ ਦੇ ਫ਼ੈਸਲਿਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।ਉਨ੍ਹਾਂ ਕਿਹਾ ਸਾਡਾ ਉਦੇਸ਼ ਵਿਕਾਸ ਕਰਨਾ ਹੈ।ਸਾਡੇ ਕੋਲ ਸਮੇਂ ਦੀ ਘਾਟ ਹੈ।ਪੰਜ ਸਾਲਾਂ ‘ਚ ਸਾਨੂੰ ਨਤੀਜੇ ਦੇਣੇ ਹੋਣਗੇ ਨਹੀਂ ਤਾਂ ਜਨਤਾ ਸੱਤਾ ਤਬਦੀਲੀ ਦੇ ਯਤਨ ਕਰੇਗੀ।ਚੀਨ ਵੱਲੋਂ ਕਰਜੇ ਦੇ ਜਾਲ ‘ਚ ਫਸੇ ਕੋਲੰਬੋ ਦੀ ਸਥਿਤੀ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਹੁੰਦੀ ਤਾਂ ਉਹ ਇਸ ਸਮਝੌਤੇ ਨੂੰ ਕਦੇ ਹਰੀ ਝੰਡੀ ਨਾ ਦਿੰਦੇ।
ਦੋਵਾਂ ਆਗੂਆਂ ਨੇ ਸੁਲਹਾ ਸਫਾਈ ਨਾਲ ਸੰਬੰਧਤ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਕੀਤੀ।ਭਾਰਤੀ ਪੀਐਮ ਨੇ ਵਿਸ਼ਵਾਸ ਜਤਾਇਆ ਕਿ ਸ੍ਰੀਲੰਕਾਈ ਸਰਕਾਰ ਦੇਸ਼ ਅੰਦਰ ਤਾਮਿਲ ਲੋਕਾਂ ਦੀਆਂ ਬਰਾਬਰਤਾ, ਸ਼ਾਂਤੀ ਅਤੇ ਸਤਿਕਾਰ ਦੀਆਂ ਉਮੀਦਾ ਦਾ ਅੀਹਸਾਸ ਜ਼ਰੂਰ ਕਰੇਗੀ।ਇਸ ਲਈ ਸ੍ਰੀਲੰਕਾ ਦੇ ਸੰਵਿਧਾਨ ‘ਚ 13ਵੀਂ ਸੋਧ ਦੇ ਨਾਲ ਸੁਲਹਾ ਦੀ ਪ੍ਰਕ੍ਰਿਆ ਨੂੰ ਅੱਗੇ ਵਧਾਉਣਾ ਬਹੁਤ ਲਾਜ਼ਮੀ ਹੋਵੇਗਾ।

ਸਕ੍ਰਿਪਟ: ਪਦਮ ਸਿੰਘ, ਏਆਈਆਰ, ਨਿਊਜ਼ ਵਿਸ਼ਲੇਸ਼ਕ