ਪਾਕਿਸਤਾਨ ਨੇ ਚੱਲਿਆ ਇਕ ਹੋਰ ਦਾਅ

ਪਾਕਿਸਤਾਨ ਦੀ ਇੱਕ ਅੱਤਵਾਦ ਰੋਕੂ ਅਦਾਲਤ ਨੇ 2008 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜਿਸ਼ਕਾਰ ਹਾਫਿਜ਼ ਸਾਇਦ ਨੂੰ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਦੱਸਣਯੋਗ ਹੈ ਕਿ ਸਾਇਦ ਪਾਕਿਸਤਾਨ ਅਧਾਰਤ ਦਹਿਸ਼ਤਗਰਦੀ ਸਮੂਹ ਜਮਾਤ-ਉਦ-ਦਾਵਾ ਅਤੇ ਲਸ਼ਕਰ-ਏ-ਤਾਇਬਾ ਦਾ ਮੁੱਖੀ ਹੈ। ਉਸ ‘ਤੇ ਅੱਤਵਾਦ ਵਿੱਤ ਸਬੰਧੀ ਦੋ ਮਾਮਲਿਆਂ ‘ਚ ਦੋਸ਼ ਆਇਦ ਹੋਏ ਹਨ।ਪਾਕਿਸਤਾਨ ਦੇ ਅੱਤਵਾਦ ਵਿਰੋਧੀ ਮਹਿਕਮੇ, ਸੀਟੀਡੀ ਵੱਲੋਂ ਸਾਇਦ ਅਤੇ ਉਸ ਦੇ ਸਾਥੀਆਂ ਖਿਲਾਫ 23 ਮਾਮਲੇ ਦਰਜ ਕੀਤੇ ਗਏ ਸਨ।

ਪਾਕਿਸਤਾਨ ਸਰਕਾਰ ਦੇ ਵਕੀਲ ਅਬਦੁੱਲ ਰਾਊਫ ਨੇ ਕਿਹਾ, “ ਹਾਫਿਜ਼ ਸਾਇਦ ਅਤੇ ਉਸ ਦੇ ਨਜ਼ਦੀਕੀ ਸਾਥੀ ਜ਼ਾਫਰ ਇਕਬਾਲ ਨੂੰ ਅੱਤਵਾਦ ਨੂੰ ਵਿੱਤੀ ਸਮਰਥਨ ਦੇਣ ਦੇ ਦੋ ਮਾਮਲਿਆਂ ‘ਚ ਸਜ਼ਾ ਸੁਣਾਈ ਗਈ ਹੈ, ਜੋ ਕਿ 11 ਸਾਲ ਦੀ ਕੈਦ ਹੈ।ਪਰ ਸਾਇਦ ਪੰਜ ਸਾਲ 6 ਮਹੀਨੇ ਦੀ ਸਜ਼ਾ ਭੁਗਤੇਗਾ ਕਿਉਂਕਿ ਉਹ ਦੋ ਮਾਮਲਿਆਂ ਦੀ ਸਜ਼ਾ ਨਾਲ-ਨਾਲ ਭੁਗਤ ਰਿਹਾ ਹੈ।”

ਇਸ ਦੌਰਾਨ ਸਾਇਦ ਦੇ ਵਕੀਲ ਨੇ ਕਿਹਾ ਕਿ ਇਸ ਫ਼ੈਸਲੇ ਦੇ ਵਿਰੁੱਧ ਅਸੀਂ ਅਪੀਲ ਕਰਾਂਗੇ।

ਪਾਕਿ ਵੱਲੋਂ ਸਾਇਦ ਖਿਲਾਫ ਕੀਤੀ ਗਈ ਇਸ ਕਾਰਵਾਈ ‘ਤੇ ਭਾਰਤ ਨੇ ਕਿਹਾ, “ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪਾਬੰਦੀਸ਼ੁਦਾ ਅੱਤਵਾਦੀ ਹਾਫਿਜ਼ ਸਾਇਦ ‘ਤੇ ਅੱਤਵਾਦ ਵਿੱਤ ਮਾਮਲੇ ‘ਚ ਪਾਕਿਸਤਾਨ ਵੱਲੋਂ ਸੁਣਾਈ ਗਈ ਸਜ਼ਾ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਸੀ।ਇਹ ਪਾਕਿਸਤਾਨ ਦੀ ਕੌਮਾਂਤਰੀ ਜ਼ਿੰਮੇਵਾਰੀ ਸੀ ਕਿ ਉਹ ਅੱਤਵਾਦ ਨੂੰ ਸਮਰਥਨ ਦੇਣ ਵਾਲਿਆਂ ਖਿਲਾਫ ਨਿਰਣਾਇਕ ਕਾਰਵਾਈ ਕਰੇ।”

ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਹੈ ਕਿ ਇਹ ਫ਼ੈਸਲਾ ਐਫਏਟੀਐਫ ਦੀ ਬੈਠਕ ਤੋਂ ਪਹਿਲਾਂ ਲਿਆ ਗਿਆ ਹੈ।ਇਸ ਲਈ ਇਸ ਫ਼ੈਸਲੇ ਦੀ ਸੱਚਾਈ ਨੂੰ ਵੇਖਣਾ ਬਾਕੀ ਹੈ।ਇਸ ਤੋਂ ਇਲਾਵਾ ਇਹ ਵੀ ਵੇਖਣਾ ਬਾਕੀ ਹੈ ਕਿ ਕੀ ਪਾਕਿਸਤਾਨ ਦੂਜੇ ਦਹਿਸ਼ਤਗਰਦ ਸਮੂਹਾਂ ਅਤੇ ਅੱਤਵਾਦੀਆਂ ਖਿਲਾਫ ਕਾਰਵਾਈ ਕਰੇਗਾ ਅਤੇ ਨਾਲ ਹੀ ਪਾਕਿ ਸਰਜ਼ਮੀਨ ਤੋਂ ਸਰਹੱਦ ਪਾਰ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਦਾ ਹੈ ਜਾਂ ਫਿਰ ਨਹੀਂ।

ਸਾਇਦ ਖਿਲਾਫ ਕੀਤੀ ਕਾਰਵਾਈ ਨਾਲ ਪਾਕਿ ਆਪਣੀ ਉਸ ਦਲੀਲ ਦੀ ਪੁਸ਼ਟੀ ਕਰੇਗਾ ਕਿ ਉਸ ਵੱਲੋਂ ਅੱਤਵਾਦੀ ਸਮੂਹਾਂ ਵਿਰੁੱਧ ਕਾਰਵਾਈ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ।ਦੱਸਣਯੋਗ ਹੈ ਕਿ ਐਫਏਟੀਐਫ ਦੀ ਬੈਠਕ ਅਗਲੇ ਹਫ਼ਤੇ ਆਯੋਜਿਤ ਹੋਣ ਜਾ ਰਹੀ ਹੈ।ਇਸ ਬੈਠਕ ‘ਚ ਪਾਕਿਸਤਾਨ ਨੂੰ ਕਾਲੀ ਸੂਚੀ ‘ਚ ਨਾਮਜ਼ਦ ਕੀਤੇ ਜਾਣ ਦੀਆਂ ਪੂਰੀਆਂ ਉਮੀਦਾਂ ਹਨ, ਕਿਉਂਕਿ ਅਜੇ ਤੱਕ ਪਾਕਿਸਤਾਨ ਐਫਏਟੀਐਫ ਵੱਲੋਂ ਪੇਸ਼ ਕੀਤੇ ਗਏ ਨੁਕਤਿਆਂ ਨੂੰ ਅਮਲ ‘ਚ ਲਿਆਉਣ ‘ਚ ਅਸਫਲ ਰਿਹਾ ਹੈ।

ਪਾਕਿਸਤਾਨ ਪਹਿਲਾਂ ਹੀ ਐਫਏਟੀਐਫ ਦੀ ਅਖੌਤੀ ਗ੍ਰੇਅ ਸੂਚੀ ‘ਚ ਨਾਮਜ਼ਦ ਹੈ।ਇਸਲਾਮਾਬਾਦ ‘ਤੇ ਅੱਤਵਾਦੀ ਸੰਗਠਨਾਂ ਨੂੰ ਵਿੱਤ ਮੁਹੱਈਆ ਕਰਵਾਉਣ ਖਿਲਾਫ ਸਖਤ ਕਾਰਵਾਈ ਲਈ ਅੰਤਰਰਾਸ਼ਟਰੀ ਦਬਾਅ ਪੈ ਰਿਹਾ ਹੈ।ਜੇਕਰ ਖੁਦਾ ਨਾ ਖਾਸਤਾ ਪਾਕਿਸਤਾਨ ਕਾਲੀ ਸੂਚੀ ‘ਚ ਨਾਮਜ਼ਦ ਹੋ ਜਾਂਦਾ ਹੈ ਤਾਂ ਉਸ ਨੂੰ ਇਸ ਦੇ ਬਹੁਤ ਗੰਭੀਰ ਨਤੀਜੇ ਭੁਗਤਨੇ ਪੈਣਗੇ। ਪਹਿਲਾਂ ਤੋਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਪਾਕਿਸਤਾਨ ਦੀ ਆਰਥਿਕ ਸਥਿਤੀ ਬਦ ਤੋਂ ਬਤਰ ਹੋਣ ‘ਚ ਕੋਈ ਵਧੇਰੇ ਸਮਾਂ ਨਹੀਂ ਲੱਗੇਗਾ।

ਐਫਏਟੀਐਫ ਆਪਣੀ ਅਗਲੀ ਬੈਠਕ ‘ਚ ਸਾਇਦ ਦੀ ਸਜ਼ਾ ਸਬੰਧੀ ਵਿਚਾਰ ਕਰੇਗਾ ਅਤੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਕੀ ਇਹ ਕਾਰਵਾਈ ਪਾਕਿਸਤਾਨ ਨੂੰ ਗ੍ਰੇਅ ਸੂਚੀ ਤੋਂ ਬਾਹਰ ਕੱਢਣ ਲਈ ਯੋਗ ਹੈ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਜੇ ਤੱਕ ਚੀਨ, ਮਲੇਸ਼ੀਆ ਅਤੇ ਤੁਰਕੀ ਵੱਲੋਂ ਸਮਰਥਨ ਦੀ ਬਦੌਲਤ ਹੀ ਪਾਕਿਸਤਾਨ ਕਾਲੀ ਸੂਚੀ ਤੋਂ ਬਚਿਆ ਹੋਇਆ ਹੈ ਅਤੇ ਗ੍ਰੇਅ ਸੂਚੀ ਤੋਂ ਬਾਹਰ ਹੋਣ ਲਈ ਪਾਕਿਸਤਾਨ ਨੂੰ ਐਫਏਟੀਐਫ ‘ਚ 39 ਮੁਲਕਾਂ ‘ਚੋਂ ਘੱਟੋ-ਘੱਟ 12 ਮੁਲਕਾਂ ਦੀ ਹਿਮਾਇਤ ਦੀ ਜ਼ਰੂਰਤ ਹੈ।

ਜ਼ਿਕਰਯੋਗ  ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਭਾਰਤ ਦੇ ਦੌਰੇ ਦੇ ਐਲਾਨ ਤਤੋਂ ਕੁੱਝ ਸਮਾਂ ਪਹਿਲਾਂ ਹੀ ਸਾਇਦ ਨੂੰ ਸਜ਼ਾ ਸੁਣਾਈ ਗਈ ਹੈ।ਅਮਰੀਕੀ ਰਾਸ਼ਟਰਪਤੀ ਵੱਲੋਂ ਅੱਤਵਾਦ ‘ਤੇ ਨਕੇਲ ਕੱਸਣ ਲਈ ਪਾਕਿਸਤਾਨ ਦੇ ਯਤਨਾਂ ਦੀ ਹਮੇਸ਼ਾਂ ਆਲੋਚਨਾ ਕੀਤੀ ਗਈ ਹੈ।ਹਾਲਾਂਕਿ ਅਫ਼ਗਾਨਿਸਤਾਨ ‘ਚ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਨੂੰ ਸਿਰੇ ਚਾੜ੍ਹਨ ਲਈ ਅਮਰੀਕਾ ਨੂੰ ਇਸ ਕਾਰਜ ‘ਚ ਇਸਲਾਮਾਬਾਦ ਦੀ ਲੋੜ ਹੈ।ਇਸ ਗੱਲ ਤੋਂ ਸਭ ਵਾਕਫ਼ ਹਨ ਕਿ ਤਾਬਿਾਨ ਅਤੇ ਪਾਕਿਸਤਾਨ ਫੌਜਾਂ ਆਪਸੀ ਦੋਸਤਾਨਾ ਨਿੱਘ ਦਾ ਆਨੰਦ ਮਾਣ ਰਹੀਆਂ ਹਨ।

ਬੀਜਿੰਗ ‘ਚ ਐਫਏਟੀਐਫ ਦੀ ਹੋਈ ਤਾਜ਼ਾ ਬੈਠਕ ‘ਚ ਪਾਕਿਸਤਾਨ ਨੇ ਅੱਤਵਾਦ ਖਿਲਾਫ ਚੁੱਕੇ ਗਏ ਆਪਣੇ ਕਦਮਾਂ ਦੀ ਜਾਣਕਾਰੀ ਦਿੱਤੀ, ਜਿਸ ਨੂੰ ਕਿ ਚੀਨ, ਮਲੇਸ਼ੀਆ ਅਤੇ ਤੁਰਕੀ ਵੱਲੋਂ ਸਰਾਹਿਆ ਗਿਆ।ਇੱਥੋਂ ਤੱਕ ਕਿ ਵਾਸ਼ਿਗੰਟਨ ਨੇ ਵੀ ਪਾਕਿਸਤਾਨ ਵੱਲੋਂ ਪੇਸ਼ ਕੀਤੀ ਗਈ ਆਪਣੀ ਕਾਰਗੁਜ਼ਾਰੀ ਰਿਪੋਰਟ ‘ਤੇ ਕੋਈ ਸਵਾਲ ਨਹੀਂ ਚੁੱਕਿਆ।ਪਿਛਲੇ ਸਾਲ ਅਕਤੂਬਰ ਮਹੀਨੇ ਪੈਰਿਸ ‘ਚ ਹੋਈ ਐਫਏਟੀਐਫ ਦੀ ਬੈਠਕ ‘ਚ ਪਾਕਿਸਤਾਨ ਵਿੱਤ ਸੰਸਥਾਂ ਵੱਲੋਂ ਪੇਸ਼ ਕੀਤੇ 27 ਨੁਕਤਿਆਂ ‘ਚੋਂ 22 ਨੁਕਤਿਆਂ ਨੂੰ ਅਮਲ ‘ਚ ਲਿਆਉਣ ‘ਚ ਅਸਫਲ ਰਿਹਾ ਸੀ।ਜਿਸ ਤੋਂ ਬਾਅਦ ਵਿੱਤ ਸੰਸਥਾਂ ਨੇ ਪਾਕਿਸਤਾਨ ਨੂੰ ਫਰਵਰੀ ਮਹੀਨੇ ਹੋਣ ਵਾਲੀ ਆਪਣੀ ਬੈਠਕ ‘ਚ ਕਾਲੀ ਸੂਚੀ ‘ਚ ਨਾਮਜ਼ਦ ਕਰਨ ਦੀ ਚਿਤਾਵਨੀ ਦਿੱਤੀ ਸੀ।

ਵੇਖਿਆ ਜਾਵੇ ਤਾਂ ਪਾਕਿਸਤਾਨ ਨੇ ਕਈ ਵਾਰ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਦਿੱਤੀ ਹਿਦਾਇਤਾਂ ਦੀ ਉਲੰਘਣਾ ਕੀਤੀ ਹੈ।ਐਫਏਟੀਐਫ ਦੀ ਗ੍ਰੇਅ ਸੂਚੀ ‘ਚ ਨਾਮਜ਼ਦ ਹੋਣ ਦੇ ਬਾਵਜੂਦ ਇਸਲਾਮਾਬਾਦ ਨੇ ਅੱਤਵਾਦੀ ਸੰਗਠਨਾਂ ਨੂੰ ਮਦਦ ਦੇਣ ਦਾ ਕਾਰਜ ਜਾਰੀ ਰੱਖਿਆ ਹੈ।ਕਦੇ ਨਹੀਂ ਭੁੱਲਿਆ ਜਾ ਸਕਦਾ ਕਿ ਪਿਛਲੇ ਸਾਲ ਫਰਵਰੀ ਮਹੀਨੇ ਪੁਲਵਾਮਾ ਵਿਖੇ ਚਾਲੀ ਫੌਜੀ ਸੈਨਿਕ ਭਾਰਤ ਦੀ ਪੱਛਮੀ ਸਰਹੱਦ ਤੋਂ ਘੁੱਸਪੈਠ ਕਰਕੇ ਆਏ ਦਹਿਸ਼ਤਗਰਦਾਂ ਵੱਲੋਂ ਕੀਤੇ ਹਿੰਸਕ ਹਮਲੇ ‘ਚ ਸ਼ਹੀਦ ਹੋ ਗਏ ਸਨ।

ਪਾਕਿਸਤਾਨ ਅੱਤਵਾਦ ਨੂੰ ਆਪਣੀ ਨੀਤੀ ਦੇ ਹਥਿਆਰ ਵੱਜੋਂ ਇਸਤੇਮਾਲ ਕਰ ਰਿਹਾ ਹੈ ਅਤੇ ਕੌਮਾਂਤਰੀ ਭਾਈਚਾਰਾ ਹੀ ਇਸ ਨੀਤੀ ਨੂੰ ਨਕਾਰਨ ‘ਚ ਸਕਾਰਾਤਮਕ ਭੂਮਿਕਾ ਅਦਾ ਕਰ ਸਕਦਾ ਹੈ।ਇਸ ਲਈ ਅਗਾਮੀ ਐਫਏਟੀਐਫ ਦੀ ਬੈਟਕ ‘ਚ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੇਗੀ।

 

ਸਕ੍ਰਿਪਟ: ਕੌਸ਼ਿਕ ਰਾਏ, ਏਆਈਆਰ, ਨਿਊਜ਼ ਵਿਸ਼ਲੇਸ਼ਕ