ਪਾਕਿ ਦੀ ਅੱਤਵਾਦ ਰੂਕੋ ਅਦਾਲਤ ਵੱਲੋਂ ਹਾਫਿਜ਼ ਸਾਇਦ ਨੂੰ ਪੰਜ ਸਾਲ 6 ਮਹੀਨੇ ਦੀ ਕੈਦ

2008 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜਿਸ਼ਕਾਰ ਹਾਫਿਜ਼ ਸਾਇਦ, ਜੋ ਕਿ ਪਾਕਿਸਤਾਨ ਅਧਾਰਤ ਦਹਿਸ਼ਤਗਰਦੀ ਸਮੂਹ ਜਮਾਤ-ਉਦ-ਦਾਵਾ ਅਤੇ ਲਸ਼ਕਰ-ਏ-ਤਾਇਬਾ ਦਾ ਮੁੱਖੀ ਹੈ, ਉਸ ਨੂੰ ਲਾਹੌਰ ਦੀ ਅੱਤਵਾਦ ਰੂਕੋ ਅਦਾਲਤ ਨੇ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਪਰ ਸਾਇਦ ਪੰਜ ਸਾਲ 6 ਮਹੀਨੇ ਦੀ ਸਜ਼ਾ ਭੁਗਤੇਗਾ ਕਿਉਂਕਿ ਉਹ ਦੋ ਮਾਮਲਿਆਂ ਦੀ ਸਜ਼ਾ ਨਾਲ-ਨਾਲ ਭੁਗਤ ਰਿਹਾ ਹੈ।ਅਦਾਲਤ ਦਾ ਕਹਿਣਾ ਹੈ ਕਿ ਸਾਇਦ ਇਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦਾ ਸਰਗਨਾ ਹੈ ਅਤੇ ਉਸ ਕੋਲ ਗੈਰਕਾਨੂੰਨੀ ਢੰਗ ਨਾਲ ਇੱਕਠੀ ਕੀਤੀ ਜਾਇਦਾਦ ਵੀ ਹਾਸਲ ਹੋਈ ਹੈ।ਇਸ ਸਜ਼ਾ ‘ਚ ਸਾਇਦ ਦੇ ਨਾਲ ਨਾਲ ਉਸ ਦੇ ਕੁੱਝ ਨਜ਼ਦੀਕੀ ਸਾਥੀ ਵੀ ਸ਼ਾਮਲ ਹਨ।ਜ਼ਿਕਰੇਖਾਸ ਹੈ ਕਿ ਪਿਛਲੇ ਸਾਲ ਜੁਲਾਈ ਮਹੀਨੇ ਲਹਿੰਦੇ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ‘ਚ ਅੱਤਵਾਦ ਰੂਕੋ ਮਹਿਕਮੇ ਦੇ ਦਫ਼ਤਰ ‘ਚ ਹਾਫਿਜ਼ ਸਾਇਦ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।ਉਸ ‘ਤੇ ਦੋਸ਼ ਆਇਦ ਕੀਤਾ ਗਿਆ ਸੀ ਕਿ ਉਸ ਵੱਲੋਂ ਅੱਤਵਾਦੀ ਸਮੂਹਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।ਉਸ ਦੇ ਦੂਜੇ ਸਹਾਇਕ ਅਬਦੁੱਲ ਗ਼ਫੂਰ, ਹਾਫਿਜ਼ ਸੌਦ, ਅਮੀਰ ਹਮਜ਼ਾ ਅਤੇ ਜ਼ਫ਼ਰ ਇਕਬਾਲ ਖ਼ਿਲਾਫ ਵੀ ਸਜ਼ਾ ਦਾ ਐਲਾਨ ਹੋਇਆ ਹੈ।ਇੰਨ੍ਹਾਂ ਸਾਰਿਆਂ ‘ਤੇ ਦਸੰਬਰ 2019 ‘ਚ ਚਾਰਜ ਲਗਾਏ ਗਏ ਸਨ।ਇਹ ਪਹਿਲਾ ਮੌਕਾ ਹੈ ਜਦੋਂ ਸਾਇਦ ਨੂੰ ਪਾਕਿਸਤਾਨ ‘ਚ ਕਿਸੇ ਮਾਮਲੇ ਤਹਿਤ ਸਜ਼ਾ ਸੁਣਾਈ ਗਈ ਹੋਵੇ।
ਮਾਹਿਰਾਂ ਦਾ ਕਹਿਣਾ ਹੈ ਕਿ ਸਾਇਦ ਅਤੇ ਉਸ ਦੇ ਸਾਥੀ ਇਸ ਸਜ਼ਾ ਖ਼ਿਲਾਫ ਹਾਈ ਕੋਰਟ ‘ਚ ਅਪੀਲ ਕਰ ਸਕਦੇ ਹਨ।ਇਸ ਸਮੇਂ ਉਹ ਲਾਹੌਰ ਦੀ ਇਕ ਜੇਲ੍ਹ ‘ਚ ਬੰਦ ਹਨ।ਇੱਥੇ ਵਰਣਨਯੋਗ ਹੈ ਕਿ ਇਸ ਸਜ਼ਾ ਦਾ ਐਲ਼ਾਨ ਉਸ ਸਮੇਂ ਹੋਇਆ ਹੈ ਜਦੋਂ ਅਗਲੇ ਹਫ਼ਤੇ ਐਫਏਟੀਐਫ ਵੱਲੋਂ ਪਾਕਿਸਤਾਨ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਣੀ ਹੈ।ਪਾਕਿਸਤਾਨ ਪਹਿਲਾਂ ਹੀ ਐਫਏਟੀਐਫ ਦੀ ਅਖੌਤੀ ਗ੍ਰੇਅ ਸੂਚੀ ‘ਚ ਨਾਮਜ਼ਦ ਹੈ।ਇਸਲਾਮਾਬਾਦ ‘ਤੇ ਅੱਤਵਾਦੀ ਸੰਗਠਨਾਂ ਨੂੰ ਵਿੱਤ ਮੁਹੱਈਆ ਕਰਵਾਉਣ ਖਿਲਾਫ ਸਖਤ ਕਾਰਵਾਈ ਲਈ ਅੰਤਰਰਾਸ਼ਟਰੀ ਦਬਾਅ ਪੈ ਰਿਹਾ ਹੈ।ਜੇਕਰ ਖੁਦਾ ਨਾ ਖਾਸਤਾ ਪਾਕਿਸਤਾਨ ਕਾਲੀ ਸੂਚੀ ‘ਚ ਨਾਮਜ਼ਦ ਹੋ ਜਾਂਦਾ ਹੈ ਤਾਂ ਉਸ ਨੂੰ ਇਸ ਦੇ ਬਹੁਤ ਗੰਭੀਰ ਨਤੀਜੇ ਭੁਗਤਨੇ ਪੈਣਗੇ। ਪਹਿਲਾਂ ਤੋਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਪਾਕਿਸਤਾਨ ਦੀ ਆਰਥਿਕ ਸਥਿਤੀ ਬਦ ਤੋਂ ਬਤਰ ਹੋਣ ‘ਚ ਕੋਈ ਵਧੇਰੇ ਸਮਾਂ ਨਹੀਂ ਲੱਗੇਗਾ।
ਐਫਏਟੀਐਫ ਆਪਣੀ ਅਗਲੀ ਬੈਠਕ ‘ਚ ਸਾਇਦ ਦੀ ਸਜ਼ਾ ਸਬੰਧੀ ਵਿਚਾਰ ਕਰੇਗਾ ਅਤੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਕੀ ਇਹ ਕਾਰਵਾਈ ਪਾਕਿਸਤਾਨ ਨੂੰ ਗ੍ਰੇਅ ਸੂਚੀ ਤੋਂ ਬਾਹਰ ਕੱਢਣ ਲਈ ਯੋਗ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਜੇ ਤੱਕ ਚੀਨ, ਮਲੇਸ਼ੀਆ ਅਤੇ ਤੁਰਕੀ ਵੱਲੋਂ ਸਮਰਥਨ ਦੀ ਬਦੌਲਤ ਹੀ ਪਾਕਿਸਤਾਨ ਕਾਲੀ ਸੂਚੀ ਤੋਂ ਬਚਿਆ ਹੋਇਆ ਹੈ ਅਤੇ ਗ੍ਰੇਅ ਸੂਚੀ ਤੋਂ ਬਾਹਰ ਹੋਣ ਲਈ ਪਾਕਿਸਤਾਨ ਨੂੰ ਐਫਏਟੀਐਫ ‘ਚ 39 ਮੁਲਕਾਂ ‘ਚੋਂ ਘੱਟੋ-ਘੱਟ 12 ਮੁਲਕਾਂ ਦੀ ਹਿਮਾਇਤ ਦੀ ਜ਼ਰੂਰਤ ਹੈ।
ਬੀਜਿੰਗ ‘ਚ ਐਫਏਟੀਐਫ ਦੀ ਹੋਈ ਤਾਜ਼ਾ ਬੈਠਕ ‘ਚ ਪਾਕਿਸਤਾਨ ਨੇ ਅੱਤਵਾਦ ਖਿਲਾਫ ਚੁੱਕੇ ਗਏ ਆਪਣੇ ਕਦਮਾਂ ਦੀ ਜਾਣਕਾਰੀ ਦਿੱਤੀ, ਜਿਸ ਨੂੰ ਕਿ ਚੀਨ, ਮਲੇਸ਼ੀਆ ਅਤੇ ਤੁਰਕੀ ਵੱਲੋਂ ਸਰਾਹਿਆ ਗਿਆ।ਇੱਥੋਂ ਤੱਕ ਕਿ ਵਾਸ਼ਿਗੰਟਨ ਨੇ ਵੀ ਪਾਕਿਸਤਾਨ ਵੱਲੋਂ ਪੇਸ਼ ਕੀਤੀ ਗਈ ਆਪਣੀ ਕਾਰਗੁਜ਼ਾਰੀ ਰਿਪੋਰਟ ‘ਤੇ ਕੋਈ ਸਵਾਲ ਨਹੀਂ ਚੁੱਕਿਆ।ਪਿਛਲੇ ਸਾਲ ਅਕਤੂਬਰ ਮਹੀਨੇ ਪੈਰਿਸ ‘ਚ ਹੋਈ ਐਫਏਟੀਐਫ ਦੀ ਬੈਠਕ ‘ਚ ਪਾਕਿਸਤਾਨ ਵਿੱਤ ਸੰਸਥਾਂ ਵੱਲੋਂ ਪੇਸ਼ ਕੀਤੇ 27 ਨੁਕਤਿਆਂ ‘ਚੋਂ 22 ਨੁਕਤਿਆਂ ਨੂੰ ਅਮਲ ‘ਚ ਲਿਆਉਣ ‘ਚ ਅਸਫਲ ਰਿਹਾ ਸੀ।ਜਿਸ ਤੋਂ ਬਾਅਦ ਵਿੱਤ ਸੰਸਥਾਂ ਨੇ ਪਾਕਿਸਤਾਨ ਨੂੰ ਫਰਵਰੀ ਮਹੀਨੇ ਹੋਣ ਵਾਲੀ ਆਪਣੀ ਬੈਠਕ ‘ਚ ਕਾਲੀ ਸੂਚੀ ‘ਚ ਨਾਮਜ਼ਦ ਕਰਨ ਦੀ ਚਿਤਾਵਨੀ ਦਿੱਤੀ ਸੀ।
ਵਿਸ਼ਲੇਸ਼ਕਾਂ ਦਾ ਇਕ ਵੱਡਾ ਸਮੂਹ ਮਹਿਸੂਸ ਕਰਦਾ ਹੈ ਕਿ ਹਾਫਿਜ਼ ਸਾਇਦ ਦੇ ਖਿਲਾਫ ਸਰਗਰਮ ਅਤੇ ਗੰਭੀਰ ਕਾਰਵਾਈ ਕਰਨ ਵਾਲੇ ਅੱਤਵਾਦ ਰੂਕੋ ਮਹਿਕਮੇ ਦਾ ਉਦੇਸ਼ ਪਾਕਿਸਤਾਨ ਨੂੰ ਐਫਏਟੀਐਫ ਦੀ ਕਾਲੀ ਸੂਚੀ ‘ਚ ਨਾਮਜ਼ਦ ਹੋਣ ਤੋਂ ਬਚਾਉਣਾ ਹੈ।ਮੌਜੂਦਾ ਸਮੇਂ ਚੀਨ ਐਫਏਟੀਐਫ ਦਾ ਮੁੱਖੀ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਚੀਨ ਪਾਕਿਸਤਾਨ ਨੂੰ ਵਿੱਤ ਸੰਸਥਾ ਦੀਆਂ ਸਖਤ ਕਾਰਵਾਈਆਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰੇਗਾ।ਦੂਜੇ ਪਾਸੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸਾਇਦ ਖ਼ਿਲਾਫ ਕੀਤੀ ਇਸ ਕਾਰਵਾਈ ਦਾ ਉਦੇਸ਼ ਬੇਨੁਲਅਕਵਾਮੀ ਭਾਈਚਾਰੇ ਨੂੰ ਇਹ ਵਿਸ਼ਵਾਸ ਦਵਾਉਣਾ ਹੈ ਕਿ ਇਸਲਾਮਾਬਾਦ ਅੱਤਵਾਦ ‘ਤੇ ਨਕੇਲ ਕੱਸਣ ਲਈ ਗੰਭੀਰ ਕਾਰਵਾਈ ਕਰ ਰਿਹਾ ਹੈ।ਪਾਕਿਸਤਾਨ ਨੇ ਪਹਿਲਾਂ ਵੀ ਕਈ ਵਾਰ ਸਾਇਦ ਨੂੰ ਨਜ਼ਰਬੰਦ ਕੀਤਾ ਹੈ ਪਰ ਬਾਅਧ ‘ਚ ਉਸ ਨੂੰ ਰਿਹਾਅ ਕਰ ਦਿੱਤਾ ਜਾਂਦਾ ਰਿਹਾ ਹੈ।
ਵੇਖਿਆ ਜਾਵੇ ਤਾਂ ਪਾਕਿਸਤਾਨ ਨੇ ਕਈ ਵਾਰ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਦਿੱਤੀ ਹਿਦਾਇਤਾਂ ਦੀ ਉਲੰਘਣਾ ਕੀਤੀ ਹੈ।ਐਫਏਟੀਐਫ ਦੀ ਗ੍ਰੇਅ ਸੂਚੀ ‘ਚ ਨਾਮਜ਼ਦ ਹੋਣ ਦੇ ਬਾਵਜੂਦ ਇਸਲਾਮਾਬਾਦ ਨੇ ਅੱਤਵਾਦੀ ਸੰਗਠਨਾਂ ਨੂੰ ਮਦਦ ਦੇਣ ਦਾ ਕਾਰਜ ਜਾਰੀ ਰੱਖਿਆ ਹੈ।ਕਦੇ ਨਹੀਂ ਭੁੱਲਿਆ ਜਾ ਸਕਦਾ ਕਿ ਪਿਛਲੇ ਸਾਲ ਫਰਵਰੀ ਮਹੀਨੇ ਪੁਲਵਾਮਾ ਵਿਖੇ ਚਾਲੀ ਫੌਜੀ ਸੈਨਿਕ ਭਾਰਤ ਦੀ ਪੱਛਮੀ ਸਰਹੱਦ ਤੋਂ ਘੁੱਸਪੈਠ ਕਰਕੇ ਆਏ ਦਹਿਸ਼ਤਗਰਦਾਂ ਵੱਲੋਂ ਕੀਤੇ ਹਿੰਸਕ ਹਮਲੇ ‘ਚ ਸ਼ਹੀਦ ਹੋ ਗਏ ਸਨ।
ਜੇਕਰ ਪਾਕਿਸਤਾਨ ਅੱਤਵਾਦ ਸਬੰਧੀ ਮਾਮਲਿਆਂ ‘ਚ ਗੰਭੀਰਤਾ ਨਾਲ ਕਾਰਵਾਈ ਨੂੰ ਅੰਜਾਮ ਦਿੰਦਾ ਤਾਂ ਮੁਬੰਈ ਹਮਲਿਆਂ ਦੇ ਦੋਸ਼ੀਆਂ ਨੂੰ ਬਹੁਤ ਪਹਿਲਾਂ ਹੀ ਸਜ਼ਾ ਮਿਲ ਚੁੱਕੀ ਹੁੰਦੀ।ਪਰ ਇਹ ਇਕ ਵੱਖਰੀ ਬਹਿਸ ਦਾ ਵਿਸ਼ਾ ਹੈ।ਪਰ ਜਿੱਥੋਂ ਤੱਕ ਲਾਹੌਰ ਦੀ ਅੱਤਵਾਦ ਰੂਕੋ ਅਦਾਲਤ ਦੇ ਇਸ ਫ਼ੈਸਲੇ ਦਾ ਸਬੰਧ ਹੈ ਤਾਂ ਅੰਤਰਰਾਸ਼ਟਰੀ ਭਾਈਚਾਰਾ ਯਕੀਨਨ ਹੀ ਇਸ ਕਾਰਵਾਈ ਨੂੰ ਇਸ ਸਬੰਧ ‘ਚ ਵੇਖੇਗਾ ਕਿ ਐਫਏਟੀਐਫ ਦੀ ਕਾਰਵਾਈ ਤੋਂ ਬਚਣ ਲਈ ਅਜਿਹਾ ਕੀਤਾ ਗਿਆ ਹੈ।ਕੀ ਪਾਕਿਸਤਾਨ ਅਸਲ ‘ਚ ਅੱਤਵਾਦ ਨੂੰ ਜੜੋਂ ਖ਼ਤਮ ਕਰਨ ਲਈ ਬੇਨੁਲਅਕਵਾਮੀ ਭਾਈਚਾਰੇ ਦੇ ਵਿਚਾਰਾਂ ਨਾਲ ਸਹਿਮਤ ਹੈ ਅਤੇ ਇਸ ਗੰਭੀਰ ਰੂਪ ‘ਚ ਇਸ ਖ਼ਿਲਾਫ ਕਾਰਵਾਈ ਕਰਨ ਦਾ ਇਛੁੱਕ ਹੈ ਇਸ ਸਬੰਧੀ ਅੰਦਾਜ਼ਾ ਲਗਾ ਪਾਉਣਾ ਮੁਸ਼ਕਲ ਹੈ। ਭਵਿੱਖ ‘ਚ ਹੋਣ ਵਾਲੀਆਂ ਕਾਰਵਾਈਆਂ ਹੀ ਇਸ ਦੀ ਗਵਾਹੀ ਭਰਨਗੀਆਂ।
ਸਕ੍ਰਿਪਟ: ਮੋਇਨੁਦੀਨ ਖ਼ਾਨ