ਭਾਰਤ ਨੇ ਤੁਰਕੀ ਦੇ ਦਖ਼ਲ ਦੀ ਕੀਤੀ ਨਿਖੇਧੀ

ਹਾਲ ‘ਚ ਹੀ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਇਪੀ ਆਰਡੋਗਨ ਵੱਲੋਂ ਪਾਕਿਸਤਾਨ ਦਾ ਦੌਰਾ ਕੀਤਾ ਗਿਆ।ਉਨ੍ਹਾਂ ਨੇ ਆਪਣੀ ਇਸ ਫੇਰੀ ਦੌਰਾਨ ਕਸ਼ਮੀਰ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਤੁਰਕੀ ਇਸ ਮਸਲੇ ‘ਤੇ ਗੰਭੀਰ ਰੂਪ ‘ਚ ਚਿੰਤਤ ਹੈ ਕਿ ਹਾਲ ‘ਚ ਹੀ ਕਈ ਕੋਸ਼ਿਸ਼ਾਂ ਦੇ ਬਾਵਜੂਦ ਖਿੱਤੇ ਦੀ ਸਥਿਤੀ ‘ਚ ਸੁਧਾਰ ਨਹੀਂ ਹੋਇਆ ਹੈ।ਉਨ੍ਹਾਂ ਕਿਹਾ ਕਿ ਤੁਰਕੀ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਅਧਾਰ ‘ਤੇ ਅਤੇ ਨਾਲ ਹੀ ਕਸ਼ਮੀਰੀ ਲੋਕਾਂ ਦੀਆਂ ਉਮੀਦਾਂ ਅਨੁਸਾਰ ਪਾਕਿਸਤਾਨ ਅਤੇ ਭਾਰਤ ਦਰਮਿਆਨ ਇਸ ਮਸਲੇ ਨੂੰ ਹੱਲ ਕਰਨ ਲਈ ਸੰਵਾਦ ਵਿਧੀ ਦਾ ਸਮਰਥਨ ਕਰਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਤੁਰਕੀ ਕਸ਼ਮੀਰ ਨਾਲ ਆਪਣੀ ਏਕਤਾ ਜ਼ਾਹਰ ਕਰਦਾ ਹੈ।ਕਸ਼ਮੀਰੀ ਲੋਕਾਂ ਵੱਲੋਂ ਜੋ ਸੰਘਰਸ਼ ਕੀਤਾ ਗਿਆ ਹੈ ਉਸ ਦੀ ਤੁਲਨਾ ਪਹਿਲੇ ਵਿਸ਼ਵ ਯੁੱਧ ਦਰਮਿਆਨ ਵਿਦੇਸ਼ੀ ਤਾਕਤਾਂ ਖ਼ਿਲਾਫ ਤੁਰਕੀ ਦੀ ਜੰਗ ਨਾਲ ਕੀਤੀ ਹੈ।

ਤੁਰਕੀ ਦੇ ਰਾਸ਼ਟਰਪਤੀ ਵੱਲੋਂ ਦਿੱਤੀ ਗਈ ਇਸ ਟਿੱਪਣੀ ਦੀ ਭਾਰਤ ਵੱਲੋਂ ਸਖ਼ਤ ਸ਼ਬਦਾਂ ‘ਚ ਪ੍ਰਤੀਕ੍ਰਿਆ ਪ੍ਰਗਟ ਕੀਤੀ ਗਈ ਹੈ।ਨਵੀਂ ਦਿੱਲੀ ਨੇ ਤੁਰਕੀ ਦੇ ਰਾਸ਼ਟਰਪਤੀ ਦੀ ਟਿੱਪਣੀ ‘ਤੇ ਦੇਸ਼ ਦੇ ਸਫੀਰ ਨੂੰ ਇਕ ਹੱਦਬੰਦੀ ਪੱਤਰ ਜਾਰੀ ਕੀਤਾ ਹੈ।ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਹੈ ਕਿ ਰਾਸ਼ਟਰਪਤੀ ਆਰਡੋਗਨ ਵੱਲੋਂ ਦਿੱਤੀ ਗਈ ਟਿੱਪਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਨ੍ਹਾਂ ਨੂੰ ਇਤਿਹਾਸ ਦੀ ਸਮਝ ਦੀ ਘਾਟ ਹੈ ਅਤੇ ਨਾ ਹੀ ਇਹ ਟਿੱਪਣੀ ਕੂਟਨੀਤੀ ਨਜ਼ਰੀਏ ਨੂੰ ਪੇਸ਼ ਕਰਦੀ ਹੈ।ਇਸ ਦਾ ਭਾਰਤ-ਤੁਰਕੀ ਸਬੰਧਾਂ ‘ਤੇ ਅਸਰ ਜ਼ਰੂਰ ਪਵੇਗਾ।ਇਸ ਤਾਜ਼ਾ ਬਿਆਨ ਨੇ ਇਹ ਵੀ ਸਾਬਤ ਕੀਤਾ ਹੈ ਕਿ ਇਸ ਤੋਂ ਪਹਿਲਾਂ ਵੀ ਤੁਰਕੀ ਨੇ ਦੂਜੇ ਮੁਲਕਾਂ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਦੇਣ ਦੇ ਯਤਨ ਕੀਤੇ ਹਨ।ਭਾਰਤ ਨੇ ਆਪਣੇ ਅੰਦਰੂਨੀ ਮਾਮਲੇ ‘ਚ ਕਿਸੇ ਬਾਹਰੀ ਤਾਕਤ ਦੀ ਦਖ਼ਲਅੰਦਾਜ਼ੀ ਨੂੰ ਸ਼ੁਰੂ ਤੋਂ ਨਕਾਰਿਆ ਹੈ।ਨਵੀਂ ਦਿੱਲੀ ਨੇ ਸਰਹੱਦ ਪਾਰ ਅੱਤਵਾਦੀ ਹਮਲਿਆਂ, ਜਿੰਨ੍ਹਾਂ ਨੂੰ ਪਾਸਿਕਤਾਨ ਵੱਲੋਂ ਹਿਮਾਇਤ ਹਾਸਲ ਹੈ, ਉਨ੍ਹਾਂ ਨੂੰ ਵਾਰ ਵਾਰ ਤੁਰਕੀ ਵੱਲੋਂ ਸਹੀ ਦੱਸੇ ਜਾਣ ਦੀ ਕੋਸ਼ਿਸ਼ ਨੂੰ ਰੱਦ ਕੀਤਾ ਹੈ।ਭਾਰਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ।ਇਸ ਲਈ ਕੋਈ ਵੀ ਬਾਹਰੀ ਦਖ਼ਲਅੰਦਾਜ਼ੀ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ।

ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੁਰਕੀ ਦੌਰਾ ਉਸ ਸਮੇਂ ਰੱਦ ਕਰ ਦਿੱਤਾ ਗਿਆ ਸੀ ਜਦੋਂ ਰਾਸ਼ਟਰਪਤੀ ਆਰਡੋਗਨ ਨੇ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਮਨਸੂਖ ਕੀਤੇ ਜਾਣ ਦੇ ਭਾਰਤ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਸੀ।ਪਿਛਲੇ ਕੁੱਝ ਸਮੇਂ ਤੋਂ ਭਾਰਤ ਅਤੇ ਤੁਰਕੀ ਦਰਮਿਆਨ ਦੁਵੱਲੇ ਸਬੰਧਾਂ ‘ਚ ਬਹੁਤ ਉਤਰਾਅ-ਚੜਾਅ ਵੇਖਣ ਨੂੰ ਮਿਲ ਰਹੇ ਹਨ।ਦਰਅਸਲ ਅੰਕਾਰਾ ਵੱਲੋਂ ਕਸ਼ਮੀਰ ਮਸਲੇ ‘ਤੇ ਪਾਕਿਸਤਾਨ ਨੂੰ ਸਮਰਥਨ ਦਿੱਤਾ ਜਾਣਾ ਵੀ ਭਾਰਤ-ਤੁਰਕੀ ਸਬੰਧਾਂ ‘ਚ ਆਈ ਖਟਾਸ ਦਾ ਕਾਰਨ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਵੱਲੋਂ ਕਸ਼ਮੀਰ ਮਸਲੇ ‘ਤੇ ਆਪਣੀ ਟਿੱਪਣੀ ਕੀਤੀ ਹੋਵੇ।2019 ‘ਚ ਸੰਯੁਕਤ ਰਾਸ਼ਟਰ ਦੀ ਮਹਾ ਸਭਾ ‘ਚ ਰਾਸ਼ਟਰਪਤੀ ਆਰਡੋਗਨ ਵੱਲੋਂ ਦਿੱਤੇ ਭਾਸ਼ਣ ਦੀ ਵੀ ਭਾਰਤ ਵੱਲੋਂ ਨਿਖੇਧੀ ਕੀਤੀ ਗਈ ਸੀ।ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਕਿਹਾ ਸੀ ਕਿ ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਧੇਰੇ ਮਹੱਤਵ ਨਹੀਂ ਮਿਲਿਆ ਹੈ ਅਤੇ ਇਸ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।ਇਸ ਗੱਲਬਾਤ ‘ਚ ਨਿਆਂ ਅਤੇ ਬਰਾਬਰੀ ਦਾ ਖਾਸ ਧਿਆਨ ਰੱਖਿਆ ਜਾਣਾ ਵੀ ਲਾਜ਼ਮੀ ਹੈ।ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੀ ਸ੍ਰੀ ਆਰਡੋਗਨ ਨੇ ਕਸ਼ਮੀਰ ਮਸਲੇ ਦੇ ਹੱਲ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਹੈ ਅਤੇ ਇਹ ਯਤਨ ਅਜੇ ਵੀ ਜਾਰੀ ਹਨ।ਪਰ ਨਵੀਂ ਦਿੱਲੀ ਨੇ ਸਿੱਧੇ ਤੌਰ ‘ਤੇ ਹੀ ਉਸ ਵੱਲੋਂ ਪੇਸ਼ ਕੀਤੀ ਵਿਚੋਲਗੀ ਦੀ ਭੂਮਿਕਾ ਨੂੰ ਠੁਕਰਾ ਦਿੱਤਾ ਹੈ।ਰਾਸ਼ਟਰਪਤੀ ਆਰਡੋਗਨ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰ ਲੈਣ ਦੀ ਲੋੜ ਹੈ। ਤੁਰਕੀ ਨਾਗਰਿਕਾਂ ਨੂੰ ਉਨ੍ਹਾਂ ਦੇ ਮੂਲ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।

ਕਸ਼ਮੀਰ ਮਸਲੇ ‘ਤੇ ਭਾਰਤ ਆਪਣੀ ਗੱਲ ‘ਤੇ ਅੜਿਆ ਹੋਇਆ ਹੈ।ਨਵੀਂ ਦਿੱਲੀ ਗੱਲਬਾਤ ਰਾਹੀਂ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹੈ ਪਰ ਕਿਸੇ ਤੀਜੀ ਧਿਰ ਦੀ ਮੌਜੂਦਗੀ ਤੋਂ ਉਸ ਨੇ ਹਮੇਸ਼ਾਂ ਹੀ ਇਨਕਾਰ ਕੀਤਾ ਹੈ।ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਦਰਸਾਉਂਦੀ ਧਾਰਾ 370 ਨੂੰ ਮਨਸੂਖ ਕੀਤੇ ਜਾਣ ਤੋਂ ਬਾਅਧ ਪਾਕਿਸਤਾਨ ਜਾਂ ਕਿਸੇ ਵੀ ਤੀਜੇ ਮੁਲਕ ਦੀ ਕਸ਼ਮੀਰ ਮਸਲੇ ‘ਚ ਦਖਲਅੰਦਾਜ਼ੀ ਇਕ ਤਰ੍ਹਾਂ ਨਾਲ ਭਾਰਤ ਦੇ ਅੰਦਰੂਨੀ ਮਾਮਲ਼ਿਆਂ ‘ਚ ਦਖ਼ਲਅੰਦਾਜ਼ੀ ਹੋਵੇਗੀ।ਜੋ ਕਿ ਸੰਯੁਕਤ ਰਾਸ਼ਟਰ ਦੇ ਕਾਨੂੰਨ ਤਹਿਤ ਗੈਰ ਕਾਨੂੰਨੀ ਹੈ।
ਤੁਰਕੀ ਵੱਲੋਂ ਪਾਕਿਸਤਾਨ ਦੀ ਜੋ ਹਿਮਾਇਤ ਕੀਤੀ ਜਾ ਰਹੀ ਹੈ ਉਸ ਪਿੱਛੇ ਦੋ ਕਾਰਕਾਂ ਨੂੰ ਖਾਸ ਤੌਰ ‘ਤੇ ਮੰਨਿਆਂ ਜਾ ਰਿਹਾ ਹੈ।ਪਹਿਲਾਂ ਧਾਰਮਿਕ ਅਤੇ ਦੂਜਾ ਸਾਇਪਰਸ ਕਾਰਕ ਹੈ।ਤੁਰਕੀ ਅਤੇ ਪਾਕਿਸਤਾਨ ਦੋਵੇਂ ਹੀ ਮੁਲਕ ਧਰਮ ਦੇ ਅਧਾਰ ‘ਤੇ ਮਜ਼ਬੂਤੀ ਨਾਲ ਜੁੜੇ ਹੋਏ ਹਨ।ਹਾਲ ‘ਚ ਹੀ ਦੋਵਾਂ ਦੇਸ਼ਾਂ ਨੇ ਮਲੇਸ਼ੀਆ ਨਾਲ ‘ਇਸਲਾਮੋਫੋਬਿਆ’ ਦਾ ਸਾਹਮਣਾ ਕਰਨ ਅਤੇ ਇਸਲਾਮ ਸਬੰਧੀ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੇ ਮਕਸਦ ਨਾਲ ਇਕ ਟੀਵੀ ਚੈਨਲ ਸ਼ੁਰੂ ਕਰਨ ਦੀ ਸਹਿਮਤੀ ਪ੍ਰਗਟ ਕੀਤੀ ਹੈ।ਸਾਈਪਰਸ ਮੁੱਦੇ ‘ਤੇ ਭਾਰਤ ਉਤਰੀ ਸਾਇਪਰਸ ਨੂੰ ਵੱਖ ਅਤੇ ਸੁਤੰਤਰ ਮੁਲਕ ਵੱਜੋਂ ਮਾਨਤਾ ਨਹੀਂ ਦਿੰਦਾ ਹੈ।ਨਵੀਂ ਦਿੱਲੀ ਅਤੇ ਅੰਕਾਰਾ ਵਿਚਾਲੇ ਇਹ ਇਕ ਮਸਲਾ ਰਿਹਾ ਹੈ।ਭਾਰਤ ਨੇ ਹਮੇਸ਼ਾਂ ਹੀ ਯੂਨਾਨੀ ਖਿੱਤੇ ਦੀ ਆਜ਼ਾਦੀ, ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਏਕਤਾ ਦੀ ਕਾਮਨਾ ਤੇ ਸਮਰਥਨ ਕੀਤਾ ਹੈ।ਪਰ ਪਾਕਿਸਤਾਨ ਦੀ ਇਸ ਸਬੰਧੀ ਵੱਖ ਵਿਚਾਰਧਾਰਾ ਹੈ।ਇਸ ਤੋਂ ਇਲਾਵਾ ਨਵੀਂ ਦਿੱਲੀ ਦੇ ਅਰਮੇਨੀਆ ਅਤੇ ਗ੍ਰੀਸ ਨਾਲ ਵਧੀਆ ਸਬੰਧ ਹਨ।ਇੰਨ੍ਹਾਂ ਦੋਵਾਂ ਦੇਸ਼ਾਂ ਦੇ ਅੰਕਾਰਾਂ ਨਾਲ ਦੁਵੱਲੇ ਸਬੰਧ ਤਣਾਅਪੂਰਨ ਹਨ।

ਇੰਨਾਂ ਮੁਸ਼ਕਲਾਂ ਦੇ ਬਾਵਜੂਦ ਭਾਰਤ ਤੁਰਕੀ ਨਾਲ ਆਪਣੇ ਸੰਬੰਧਾਂ ਨੂੰ ਨਵੀਂ ਦਿਸ਼ਾਂ ਦੇਣ ਦਾ ਚਾਹਵਾਨ ਹੈ।ਜੂਨ 2019 ‘ਚ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਭਾਰਤ ਤੁਰਕੀ ਨੂੰ ਆਪਣਾ ਖਾਸ ਦੋਸਤ ਮੰਨਦਾ ਹੈ।
ਹਾਲਾਂਕਿ ਅੰਕਾਰਾ ਲਗਾਤਾਰ ਕਸ਼ਮੀਰ ਮੁੱਦੇ ਨੂੰ ਤੂਲ ਦੇ ਰਿਹਾ ਹੈ, ਜਿਸ ਨਾਲ ਕਿ ਉਸ ਦੇ ਨਵੀਂ ਦਿੱਲੀ ਨਾਲ ਸਬੰਧਾਂ ‘ਚ ਪਾੜ ਆਉਣਾ ਸੁਭਾਵਿਕ ਹੀ ਹੈ।ਭਾਰਤ ਅੱਤਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕਰਦਾ ਹੈ ਅਤੇ ਆਪਣੀ ਕਥਨੀ ਅਤੇ ਕਰਨੀ ਨੂੰ ਇਕਸਾਰ ਰੱਖਣ ਲਈ ਵਚਨਬੱਧ ਹੈ।ਇਸ ਲਈ ਨਵੀਂ ਦਿੱਲੀ ਦੂਜੇ ਮੁਲਕਾਂ ਤੋਂ ਵੀ ਉਮੀਦ ਰੱਖਦੀ ਹੈ ਕਿ ਕੂਟਨੀਤੀਕ ਨੇਮਾਂ ਦੀ ਪਾਲਣਾ ਧਿਆਨ ਨਾਲ ਕੀਤੀ ਜਾਵੇ, ਭਾਵੇਂ ਕਿ ਉਨ੍ਹਾਂ ਦਰਮਿਆਨ ਮਜ਼ਬੂਤ ਧਾਰਮਿਕ ਤਾਕਲਮੇਲ ਮੌਜੂਦ ਹੀ ਕਿਉਂ ਨਾ ਹੋਵੇ।ਧਰਮ ਨਾਲੋਂ ਵੱਧ ਮਾਨਵਤਾ ਨੂੰ ਮਹੱਤਵ ਦਿੱਤਾ ਜਾਣਾ ਹੀ ਸਮੇਂ ਦੀ ਅਸਲ ਮੰਗ ਹੈ।

ਸਕ੍ਰਿਪਟ: ਡਾ.ਇੰਦਰਾਣੀ ਤਾਲੁਕਦਰ, ਸੀਆਈਐਸ ਅਤੇ ਤੁਰਕੀ ਮਾਮਲਿਆਂ ਲਈ ਰਣਨੀਤਕ ਵਿਸ਼ਲੇਸ਼ਕ