ਭਾਰਤ ਅਤੇ ਜਰਮਨੀ ਵਿਚਾਲੇ ਬਹੁਪੱਖੀ ਸਾਂਝੇਦਾਰੀ

ਭਾਰਤ ਦੇ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਵੱਲੋਂ ਮਿਊਨਿਖ ਸੁਰੱਖਿਆ ਸੰਮੇਲਨ ‘ਚ ਸ਼ਿਰਕਤ ਕਰਨ ਲਈ ਜਰਮਨੀ ਦਾ ਦੌਰਾ ਕੀਤਾ ਗਿਆ।ਇਸ ਫੇਰੀ ਦੌਰਾਨ ਡਾ.ਜੈਸ਼ੰਕਰ ਨੇ ਓਮਾਨ, ਸਪੇਨ, ਕੁਵੈਤ,ਅਰਮੇਨੀਆ, ਸਾਊਦੀ ਅਰਬ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਸਿੰਗਾਪੁਰ, ਜਰਮਨੀ ਅਤੇ ਬੈਲਜੀਅਮ ਦੇ ਰੱਖਿਆ ਮੰਤਰੀਆਂ ਨਾਲ ਵੀ ਬੈਠਕ ਕੀਤੀ।ਸ੍ਰੀ ਜੈਸ਼ੰਕਰ ਨੇ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਨਾਲ ਵੀ ਮੁਲਾਕਾਤ ਕੀਤੀ।

ਬਾਅਦ ‘ਚ ਭਾਰਤੀ ਵਿਦੇਸ਼ ਮੰਤਰੀ ਨੇ ਬਰਲਿਨ ਦਾ ਦੌਰਾ ਕੀਤਾ ਅਤੇ ਆਪਸੀ ਹਿੱਤਾਂ ਦੇ ਦੁਵੱਲੇ ਸਬੰਧਾਂ ਸਮੇਤ ਖੇਤਰੀ ਅਤੇ ਅੰਤਰਰਾਸ਼ਟਰੀ ਮਸਲਿਆਂ ‘ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਨ ਲਈ ਜਰਮਨੀ ਦੇ ਵਿਦੇਸ਼ ਮੰਤਰੀ ਹੇਕੋ ਮਾਸ ਅਤੇ ਰੱਖਿਆ ਮੰਤਰੀ ਅਨੈਗਰੇਟੇ ਕਰੈਮਪ ਨਾਲ ਮੁਲਾਕਾਤ ਕੀਤੀ।

ਕੌਮਾਂਤਰੀ ਮੰਚ ‘ਤੇ ਭਾਰਤ ਅਤੇ ਜਰਮਨੀ ਮਜ਼ਬੂਤ ਦੁਵਲੇ ਸਬੰਧਾਂ ਅਤੇ ਸਹਿਯੋਗੀ ਸਾਂਝੇਦਾਰੀ ਦਾ ਨਿੱਘ ਮਾਣ ਰਹੇ ਹਨ ।ਇਸੇ ਲੈਅ ਨੂੰ ਜਾਰੀ ਰੱਖਦਿਆਂ ਹੀ ਭਾਰਤ ਨੇ ਬਹੁਪੱਖੀਵਾਦ ਲਈ ਫਰਾਂਸ-ਜਰਮਨ ਦੀ ਹਿਮਾਇਤ ਪ੍ਰਾਪਤ ਗੱਠਜੋੜ ‘ਚ ਸ਼ਮੂਲੀਅਤ ਕੀਤੀ ਹੈ।ਡਾ.ਜੈਸ਼ੰਕਰ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ‘ਚ ਬਹੁਪੱਖੀਵਾਦ ‘ਤੇ ਖ਼ਤਰਾ ਮੰਡਰਾ ਰਿਹਾ ਹੈ।ਜਿਸ ਕਰਕੇ ਰਾਸ਼ਟਰਵਾਦ ਅਤੇ ਵਪਾਰਵਾਦ ‘ਤੇ ਦਬਾਅ ਵੱਧ ਰਿਹਾ ਹੈ।ਭਾਰਤ ਸੰਯੁਕਤ ਰਾਸ਼ਟਰ ਦੀ ਕੇਂਦਰਿਤਾ ਅਤੇ ਕੌਮਾਂਤਰੀ ਵਪਾਰ ‘ਚ ਵਿਸ਼ਵ ਵਪਾਰ ਸੰਗਠਨ ਦੀ ਸਾਰਥਕਤਾ ‘ਚ ਵਿਸ਼ਵਾਸ ਰੱਖਦਾ ਹੈ।

ਖਾਸ ਗੱਲ ਇਹ ਹੈ ਕਿ ਦੋਵਾਂ ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰਸ਼ਿਪ ਨੂੰ ਵਧਾਉਣ ਦੀ ਪ੍ਰਕ੍ਰਿਆ ਨੂੰ ਤੇਜ਼ ਕਰਨ ਦੀ ਲੋੜ ‘ਤੇ ਵਿਚਾਰ ਚਰਚਾ ਕੀਤੀ।ਭਾਰਤ ਅਤੇ ਜਰਮਨੀ ਜੀ-4 ਸਮੂਹ ਦੇ ਮੈਂਬਰ ਹਨ।ਇਹ ਸਮੂਹ ਸਥਾਈ ਮੈਂਬਰਸ਼ਿਪ ਦੀ ਮਿਆਦ ਦੇ ਵਾਧੇ ਲਈ ਸੁਰੱਖਿਆ ਕੌਂਸਲ ‘ਚ ਸੁਧਾਰਾਂ ਨੂੰ ਜਲਦ ਤੋਂ ਜਲਦ ਅਮਲ ‘ਚ ਲਿਆਉਣ ਲਈ ਜ਼ੋਰ ਲਗਾ ਰਿਹਾ ਹੈ।ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦਿਆਂ ਡਾ.ਜੈਸ਼ੰਕਰ ਨੇ ਵਿਸਥਾਰ ਨਾਲ ਦੱਸਿਆ ਕਿ ਇਹ ਉਹ ਵਿਸ਼ਾ ਹੈ ਜਿਸ ‘ਤੇ ਭਾਰਤ ਅਤੇ ਜਰਮਨੀ ਪਿਛਲੇ ਕੁੱਝ ਸਾਲਾਂ ਤੋਂ ਮਿਲ ਕੇ ਕੰਮ ਕਰ ਰਿਹਾ ਹੈ।ਭਾਰਤੀ ਵਿਦੇਸ਼ ਮੰਤਰੀ ਨੇ ਭਾਰਤ ਦੀਆਂ ਦੋ ਪਹਿਲਕਦਮੀਆਂ ਅੰਤਰਰਾਸ਼ਟਰੀ ਸੌਲਰ ਗੱਠਜੋੜ ਅਤੇ ਸੀਡੀਆਰਆਈ ਲਈ ਜਰਮਨੀ ਦੇ ਸਹਿਯੋਗ ‘ਤੇ ਆਪਣੇ ਹਮਅਹੁਦਾ ਦਾ ਧੰਨਵਾਦ ਕੀਤਾ।

ਦੋਵੇਂ ਹੀ ਮੁਲਕ ਪਿਛਲੇ ਕਈ ਸਾਲਾਂ ਤੋਂ ਉੱਚ ਪੱਧਰੀ ਸੰਪਰਕ ‘ਚ ਹਨ।ਸਮੇਂ ਸਮੇਂ ‘ਤੇ ਦੋਵਾਂ ਹੀ ਦੇਸ਼ਾਂ ਦੇ ਆਗੂਆਂ ਵੱਲੋਂ ਇਕ ਦੂਜੇ ਦੇਸ਼ ਦਾ ਦੌਰਾ ਕੀਤਾ ਗਿਆ ਹੈ ਅਤੇ ਭਵਿੱਖ ‘ਚ ਵੀ ਇਹ ਜਾਰੀ ਰੱਖਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਿਛਲੇ ਸਾਲ ਜਰਮਨੀ ਦੀ ਚਾਂਸਲਰ ਏਜੰਲਾ ਮਾਰਕਲ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਸੀ।ਦੋਵੇਂ ਹੀ ਦੇਸ਼ ਬਹੁਤ ਹੀ ਵਧੀਆ ਢੰਗ ਦੇ ਵਪਾਰ ਦਾ ਨਿੱਘ ਮਾਣ ਰਹੇ ਹਨ।ਇਸ ਦੇ ਨਾਲ ਹੀ ਭਾਰਤ ਅਤੇ ਜਰਮਨੀ ਵਿਚਾਲੇ ਰਣਨੀਤਕ ਭਾਈਵਾਲੀ ਵੀ ਮੌਜੂਦ ਹੈ।ਚਾਂਸਲਰ ਮਾਰਕਲ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਆਗੂਆਂ ਨੇ ਭਾਰਤ-ਜਰਮਨ ਰਣਨੀਤਕ ਸਾਂਝੇਦਾਰੀ ਜੋ ਕਿ ਸਾਂਝੇ ਹਿੱਤਾਂ ਅਤੇ ਲੋਕਤੰਤਰ ਦੇ ਸਿਧਾਂਤਾ ‘ਤੇ ਕਾਇਮ ਹੈ, ਉਸ ਨੂੰ ਦੁਹਰਾਇਆ।

ਦੋਵੇਂ ਹੀ ਦੇਸ਼ ਇਸ ਸਾਲ ਆਪਣੀ ਰਣਨੀਤਕ ਭਾਈਵਾਲੀ ਦੇ 20 ਸਾਲ ਮੁਕੰਮਲ ਹੋਣ ਦੇ ਜਸ਼ਨ ਮਨਾਉਣਗੇ।ਦੋਵਾਂ ਧਿਰਾਂ ਨੇ ਭਾਰਤ ਦੇ ਵਿਦੇਸ਼ ਸਕੱਤਰ ਅਤੇ ਜਰਮਨੀ ਦੇ ਸੰਘੀ ਦਫ਼ਤਰ ਦਰਮਿਆਨ ਵਿਦੇਸ਼ੀ ਦਫ਼ਤਰ ਸਥਾਪਤ ਕਰਨ ‘ਤੇ ਸਹਿਤਮੀ ਪ੍ਰਗਟ ਕੀਤੀ ਹੈ।ਉਨ੍ਹਾਂ ਨੇ ਟਰੈਕ 1.5 ਰਣਨੀਤਕ ਸੰਵਾਦ ਦੀ ਸਥਾਪਨਾ ਵੀ ਕੀਤੀ ਹੈ।ਭਾਰਤ ਅਤੇ ਜਰਮਨ ਨੇ ਦੋਵਾਂ ਦੇਸ਼ਾਂ ਵਿਚਾਲੇ ਸੂਚਨਾ ਦੇ ਪ੍ਰਵਾਹ ‘ਚ ਸੁਧਾਰ ਕਰਨ ਦੀ ਵਚਨਬੱਧਤਾ ਵੀ ਪੇਸ਼ ਕੀਤੀ ਹੈ।ਇਸ ਲਈ ਦੋਵਾਂ ਪਾਸਿਆਂ ਤੋਂ ਮੀਡੀਆ ਪੇਸ਼ੇਵਰਾਂ ਦੀਆਂ ਆਪਸੀ ਮੁਲਾਕਾਤਾਂ ਦਾ ਆਯੋਜਨ ਕੀਤਾ ਜਾਵੇਗਾ।

ਭਾਰਤੀ ਵਿਦੇਸ਼ ਮੰਤਰੀ ਨੇ ਜਰਮਨੀ ਦੇ ਰੱਖਿਆ ਮੰਤਰੀ ਨਾਲ ਆਪਣੀ ਬੈਠਕ ਦੌਰਾਨ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਸਬੰਧੀ ਚਰਚਾ ਕੀਤੀ।ਦੋਵੇਂ ਦੇਸ਼ਾਂ ਨੇ ਦੁਵੱਲੇ ਰੱਖਿਆ ਸਹਿਯੋਗ ਸੰਬੰਧੀ ਸਮਝੌਤੇ ਨੂੰ ਲਾਗੂ ਕੀਤਾ ਹੈ।ਨਵੀਂ ਦਿੱਲੀ ਅਤੇ ਬਰਲਿਨ ਦੋਵੇਂ ਹੀ ਉਮੀਦ ਰੱਖਦੇ ਹਨ ਕਿ ਇਸ ਨਾਲ ਮੌਜੂਦਾ ਸੁਰੱਖਿਆ ਨੀਤੀ ਅਤੇ ਨਵੇਂ ਰੱਖਿਆ ਅਤੇ ਸੁਰੱਖਿਆ ਸੰਵਾਦਾਂ ਨੂੰ ਹੁਲਾਰਾ ਮਿਲੇਗਾ।

ਭਾਰਤ ਅਤੇ ਜਰਮਨੀ ਦੇ ਰੱਖਿਆ ਮੰਤਰੀਆਂ ਨੇ ਫ਼ੈਸਲਾ ਕੀਤਾ ਹੈ ਕਿ ਦੋ ਸਾਲਾਂ ‘ਚ ਇਕ ਵਾਰ ਮਿਲਣਾ ਜ਼ਰੂਰੀ ਹੈ।ਜਰਮਨੀ ਨੇ ਭਾਰਤ ‘ਚ ਉੱਤਰ ਪ੍ਰਦੇਸ਼ ਅਤੇ ਤਾਮਿਲ ਨਾਡੂ ‘ਚ ਬਣੇ ਦੋ ਰੱਖਿਆ ਗਲਿਆਰਾਂ ‘ਚ ਵੀ ਦਿਲਚਸਪੀ ਵਿਖਾਈ ਹੈ।
ਬਰਲਿਨ ‘ਚ ਆਪਣੇ ਠਹਿਰਾਵ ਦੌਰਾਨ ਭਾਰਤੀ ਵਿਦੇਸ਼ ਮਾਮਲਿਆ ਦੇ ਮੰਤਰੀ ਨੇ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਉਤਸਵ ‘ਚ ਭਾਰਤੀ ਪਵੇਲੀਅਨ ਦਾ ਉਦਘਾਟਨ ਵੀ ਕੀਤਾ।ਭਾਰਤ ਅਤੇ ਜਰਮਨੀ ਰੱਖਿਆ, ਆਰਥਿਕ, ਕੂਟਨੀਤਕ, ਸਭਿਆਚਾਰਕ ਵਰਗੇ ਹੋਰ ਕਈ ਖੇਤਰਾਂ ‘ਚ ਬਹਪੱਖੀ ਸੰਬੰਧਾਂ ਨੂੰ ਜੀਅ ਰਹੇ ਹਨ।ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੰਬੰਧ ਆਉਣ ਵਾਲੇ ਸਮੇਂ ‘ਚ ਵਧੇਰੇ ਮਜ਼ਬੂਤ ਹੋਣਗੇ।

ਸਕ੍ਰਿਪਟ: ਰਣਜੀਤ ਕੁਮਾਰ, ਸੀਨੀਅਰ ਪੱਤਰਕਾਰ