ਭਾਰਤ-ਅਮਰੀਕਾ ਵਿਆਪਕ ਵਿਸ਼ਵਵਿਆਪੀ ਰਣਨੀਤਕ ਭਾਈਵਾਲੀ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਭਾਰਤ-ਅਮਰੀਕਾ ਵਿਆਪਕ ਵਿਸ਼ਵਵਿਆਪੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪੇਸ਼ ਕੀਤੀ ਹੈ।ਖੁਦਮੁਖਤਿਆਰ ਅਤੇ ਲੋਕਤੰਤਰੀ ਨਿਜ਼ਾਮ ਦੇ ਆਗੂਆਂ ਨੇ ਆਜ਼ਾਦੀ ਦੀ ਮਹੱਤਤਾ, ਸਾਰੇ ਨਾਗਰਿਕਾਂ ਨਾਲ ਬਰਾਬਰੀ ਦਾ ਵਤੀਰਾ, ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਸ਼ਾਸਨ ਪ੍ਰਤੀ ਵੱਚਨਬੱਧਤਾ ਦੀ ਮਹੱਤਤਾ ਨੂੰ ਸਮਝਿਆ ਹੈ।ਇਸੇ ਕਰਕੇ ਹੀ ਉਨ੍ਹਾਂ ਨੇ ਦੁਵੱਲੇ ਸੰਬੰਧਾਂ ਨੂੰ ਵਧੇਰੇ ਉਤਸ਼ਾਹਤ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਹੈ।ਇਹ ਸਾਂਝੇਦਾਰੀ ਆਪਸੀ ਵਿਸ਼ਵਾਸ, ਸਾਂਝੇ ਹਿੱਤਾਂ ਅਤੇ ਆਪਣੇ ਨਾਗਰਿਕਾਂ ਵਿਚਾਲੇ ਰੁਝਾਨਾਂ ਨੂੰ ਵਧੇਰੇ ਹੁਲਾਰਾ ਦੇਣ ‘ਚ ਮਦਦਗਾਰ ਹੋਵੇਗੀ।

ਦੋਵਾਂ ਆਗੂਆਂ ਨੇ ਖਾਸ ਤੌਰ ‘ਤੇ ਸਮੁੰਦਰੀ ਅਤੇ ਪੁਲਾੜ ਦੇ ਖੇਤਰ ‘ਚ ਜਾਗਰੂਕਤਾ ਅਤੇ ਸੂਚਨਾ ਸਾਂਝੀ ਕਰਨਾ;ਸਾਂਝੀ ਕਿਵਾਇਦ;ਫੌਜੀ ਅਫ਼ਸਰਾ ਦੀ ਅਦਲਾ ਬਦਲੀ, ਸਾਰੀਆਂ ਸੇਵਾਵਾਂ ਅਤੇ ਵਿਸ਼ੇਸ਼ ਬਲਾਂ ਦਰਮਿਆਨ ਵਿਸਤ੍ਰਿਤ ਅਭਿਆਸ ਦੇ ਨਾਲ ਨਾਲ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਧੇਰੇ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ।

ਦੋਵਾਂ ਆਗੂਆਂ ਨੇ ਰੱਖਿਆ ਸਹਿਯੋਗ  ਸਮਝੌਤੇ ਨੂੰ ਜਲਦ ਤੋਂ ਜਲਦ ਅੰਤਿਮ ਰੂਪ ਦੇਣ ਬਾਰੇ ਗੱਲ ਕੀਤੀ।ਉਨ੍ਹਾਂ ਨੇੇ ਹਾਈਡਰੋਕਾਰਬਨ ‘ਚ ਵਪਾਰ ਅਤੇ ਨਿਵੇਸ਼ ‘ਚ ਭਾਰਤ ਅਤੇ ਅਮਰੀਕਾ ਵਿਚਾਲੇ ਵੱਧ ਰਹੇ ਸੰਬੰਧਾਂ ਦਾ ਸਵਾਗਤ ਕੀਤਾ।ਆਪਣੀ ਰਣਨੀਤਕ ਊਰਜਾ ਭਾਈਵਾਲੀ ਰਾਹੀਂ ਭਾਰਤ ਅਤੇ ਅਮਰੀਕਾ ਊਰਜਾ ਸੁਰੱਖਿਆ ਨੂੰ ਵਧਾਉਣ ਦੇ ਚਾਹਵਾਨ ਹਨ।
ਭਾਰਤ ਅਤੇ ਅਮਰੀਕਾ ਨੇ ਭਾਰਤੀ ਪੁਲਾੜ ਖੋਜ  ਸੰਗਠਨ, ਇਸਰੋ ਅਤੇ ਨਾਸਾ ਵੱਲੋਂ ਇਕ ਸਾਂਝੇ ਮਿਸ਼ਨ ਨੂੰ  ਵਿਕਸਿਤ ਕਰਨ ਅਤੇ 2022 ‘ਚ ਦਾਗੇ ਜਾਣ ਦੇ ਯਤਨਾਂ ਦਾ ਸਵਾਗਤ ਕੀਤਾ ਹੈ।ਇਸ ਤੋਂ ਇਲਾਵਾ ਹੋਰ ਕਈ ਪੁਲਾੜੀ ਵਿਸ਼ਿਆਂ ਨੂੰ ਵੀ ਵਿਚਾਰਿਆ ਗਿਆ।

ਦੋਵਾਂ ਆਗੂਆਂ ਨੇ ਉੱਚ ਸਿੱਖਿਆ ਦੇ ਖੇਤਰ ‘ਚ ਸਹਿਯੋਗ ਅਤੇ ਵਿਦਿਅਕ ਅਦਲਾ ਬਦਲੀ ਦੇ ਮੌਕਿਆਂ ਨੂੰ ਵਧਾਉਣ ਦੀ ਇੱਛਾ ਪ੍ਰਗਟ ਕੀਤੀ ਹੈ।ਰਾਸ਼ਟਰਪਤੀ ਟਰੰਪ ਨੇ ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਦਾ ਵੀ ਵਾਧਾ ਕੀਤਾ।ਖੁੱਲ੍ਹੇ, ਆਜ਼ਾਦ, ਸ਼ਾਂਤਮਈ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਲਈ ਭਾਰਤ ਅਤੇ ਅਮਰੀਕਾ ਵਿਚਾਲੇ ਨਜ਼ਦੀਕੀ ਸਾਂਝੇਦਾਰੀ ਮੁੱਖ ਕੇਂਦਰ ‘ਚ ਹੈ।

ਅਮਰੀਕਾ ਨੇ ਹਿੰਦ ਮਹਾਂਸਾਗਰ ਦੇ ਖੇਤਰ ‘ਚ ਵਿਕਾਸ ਅਤੇ ਮਾਨਵਤਾਵਾਦੀ ਮਦਦ ਦੇ ਨਾਲ ਨਾਲ ਸੁਰੱਖਿਆ ਪ੍ਰਦਾਨ ਕਰਨ ਦੇ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ।ਦੋਵੇਂ ਹੀ ਮੁਲਕ ਇਸ ਖੇਤਰ ‘ਚ ਟਿਕਾਊ, ਵਧੀਆ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ ਹਨ।ਰਾਸ਼ਟਰਪਤੀ ਟਰੰਪ ਨੇ ਰੱਖਿਆ ਅਤੇ ਸੁਰੱਖਿਆ ਦੇ ਖੇਤਰ ‘ਚ ਸਹਿਯੋਗ ‘ਚ ਭਾਰਤ ਨੂੰ ਆਪਣਾ ਪ੍ਰਮੁੱਖ ਰੱਖਿਆ ਸਹਿਯੋਗੀ ਮੁਲਕ ਦੱਸਦਿਆਂ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਤਾਲਮੇਲ ਅਤੇ ਸਹਿਯੋਗ ਨੂੰ ਦੁਹਰਾਇਆ।

ਦੋਵਾਂ ਦੇਸ਼ਾਂ ਨੇ ਦੱਖਣੀ ਚੀਨ ਸਾਗਰ ‘ਚ ਇਕ ਸਾਰਥਕ ਚੋਣ ਜ਼ਾਬਤੇ ਨੂੰ ਲਾਗੂ ਕਰਨ ਦੇ ਯਤਨਾਂ ਨੂੰ ਹੁਲਾਰਾ ਦੇਣ ਬਾਰੇ ਗੱਲ ਕੀਤੀ ਅਤੇ ਨਾਲ ਹੀ ਅਪੀਲ ਕੀਤੀ ਕਿ ਕੌਮਾਂਤਰੀ ਕਾਨੂੰਨ ਤਹਿਤ ਦੂਜੇ ਮੁਲਕਾਂ ਦੇ ਹਿੱਤਾਂ ਅਤੇ ਜਾਇਜ਼ ਅਧਿਕਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ ਹੈ।

ਭਾਰਤ ਅਤੇ ਅਮਰੀਕਾ ਇਕ ਮਜ਼ਬੂਤ, ਖੁਸ਼ਹਾਲ, ਸਥਿਰ ਅਤੇ ਲੋਕਤੰਤਰ ਨੂੰ ਜਾਰੀ ਰੱਖਣ ਵਾਲੇ ਅਫ਼ਗਾਨਿਸਤਾਨ ਦੀ ਕਾਮਨਾ ਰੱਖਦੇ ਹਨ।ਅਮਰੀਕੀ ਰਾਸ਼ਟਰਪਤੀ ਨੇ ਜੰਗੀ ਮੁਲਕ ਅਫ਼ਗਾਨਿਸਤਾਨ ‘ਚ ਵਿਕਾਸ ਅਤੇ ਸੁਰੱਖਿਆ ਮਦਦ ਜਾਰੀ ਰੱਖਣ ‘ਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਨਵੀਂ ਦਿੱਲੀ ਅਤੇ ਵਾਸ਼ਿੰਗਟਨ ਨੇ ਅੱਤਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ।ਦੋਵਾਂ ਆਗੂਆਂ ਨੇ ਪਾਕਿਸਤਾਨ ਤੋਂ ਮੰਗ ਕੀਤੀ ਕਿ ਉਹ ਇਹ ਯਕੀਨੀ ਬਣਾਏ ਕਿ ਉਸ ਦੀ ਸਰਜ਼ਮੀਨ ਤੋਂ ਕਿਸੇ ਵੀ ਅੱਤਵਾਦੀ ਹਮਲੇ ਨੂੰ ਅੰਜਾਮ ਨਹੀਂ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ 26/11 ਮੁਬੰਈ ਹਮਲੇ ਅਤੇ ਪਠਾਨਕੋਟ ਅੱਤਵਾਦੀ ਹਮਲੇ ਸਮੇਤ ਹੋਰ ਦਹਿਸ਼ਤਗਰਦ ਹਮਲਿਆਂ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੋਵਾਂ ਆਗੂਆਂ ਨੇ ਰਣਨੀਤਕ ਸਮੱਗਰੀ ਅਤੇ ਨਾਜ਼ੁਕ ਬੁਨਿਆਦੀ ਢਾਂਚੇ ਲਈ ਆਜ਼ਾਦ, ਸੁਰੱਖਿਅਤ ਅਤੇ ਲਚਕੀਲੀ ਸਪਲਾਈ ਲਈ ਉਦਯੋਗਿਕ ਅਤੇ ਅਕਾਦਮਿਕ ਸਹਿਯੋਗ ਨੂੰ ਤੇਜ਼ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਸਕ੍ਰਿਪਟ:ਪਦਮ ਸਿੰਘ, ਏਆਈਆਰ, ਨਿਊਜ਼ ਵਿਸ਼ਲੇਸ਼ਕ