ਅੱਤਵਾਦ ‘ਤੇ ਆਪਣੀ ਦੋਹਰੀ ਨੀਤੀ ਕਾਰਨ ਪਾਕਿਸਤਾਨ ਇਕ ਵਾਰ ਫਿਰ ਵਿਰੋਧ ਦੇ ਘੇਰੇ ‘ਚ

ਪਾਕਿਸਤਾਨ ਆਪਣੀ ਸਰਜ਼ਮੀਨ ਤੋਂ ਸਰਗਰਮ ਦਹਿਸ਼ਤਗਰਦ ਸਮੂਹਾਂ ਨਾਲ ਜੋ ਵਤੀਰਾ ਰੱਖ ਰਿਹਾ ਹੈ , ਇਸ ਸਭ ਜਗ ਜਾਹਰ ਹੈ।ਹਾਲ ‘ਚ ਹੀ ਪੈਰਿਸ ‘ਚ ਆਯੋਜਿਤ ਹੋਈ ਐਫਏਟੀਐਫ ਦੀ ਬੈਠਕ ‘ਚ ਜਦੋਂ ਪਾਕਿਸਤਾਨ ਨੇ ਗਲੋਬਲ ਦਹਿਸ਼ਤਗਰਦ ਮਸੂਦ ਅਜ਼ਹਰ ਬਾਰੇ ਝੂਠ ਬੋਲਿਆ।ਦੱਸਣਯੋਗ ਹੈ ਕਿ ਅੱਤਵਾਦ ਦਾ ਮੁੱਖ ਸਾਜਿਸ਼ਕਾਰ ਪਾਕਿਸਤਾਨ ‘ਚ ਹੀ ਸਰਕਾਰੀ ਸੁਰੱਖਿਆ ਅਧੀਨ ਸੁਰੱਖਿਅਤ ਹਵਾਸੀ ਦਾ ਆਨੰਦ ਮਾਣ ਰਿਹਾ ਹੈ।ਇਸਲਾਮਾਬਾਦ ਪੂਰੀ ਦੁਨੀਆਂ ਦੀਆਂ ਅੱਖਾਂ ‘ਚ ਇਹ ਕਹਿ ਕੇ ਘੱਟਾ ਪਾ ਰਿਹਾ ਹੈ ਕਿ ਉਹ ਆਪਣੇ ਮੁਲਕ ਅੰਦਰ ਅੱਤਵਾਦੀ ਸਮੂਹਾਂ ਖਿਲਾਫ ਸਖ਼ਤ ਕਾਰਵਾਈ ਕਰ ਰਿਹਾ ਹੈ।ਪਰ ਸੱਚਾਈ ਤਾਂ ਕੁੱਝ ਹੋਰ ਹੀ ਹੈ।ਮਸੂਦ ਅਜ਼ਹਰ, ਹਾਫਿਜ਼ ਮੁਹੰਮਦ ਸਾਇਦ,ਜ਼ਾਕਿਰ ਉਰ ਰਹਿਮਾਨ ਲਖਵੀ ਅਤੇ ਅਜਿਹੇ ਕਈ ਹੋਰ ਅੱਤਵਾਦੀ, ਜੋ ਕਿ ਵਿਸ਼ਵਵਿਆਪੀ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ ਕੋਈ ਵੀ ਸਖ਼ਤ ਕਾਰਵਾਈ ਨਹੀਂ ਹੋ ਰਹੀ ਹੈ।
ਮਸੂਦ ਅਜ਼ਹਰ ਜੈਸ਼-ਏ-ਮੁਹੰਮਦ ਦਾ ਮੁੱਖੀ ਹੈ, ਜਿਸ ਨੇ ਕਿ ਜੰਮੂ-ਕਸ਼ਮੀਰ ‘ਚ 14 ਫਰਵਰੀ 2019 ਨੂੰ ਪੁਲਵਾਮਾ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ।ਦੱਸਣਯੋਗ ਹੈ ਕਿ ਇਸ ਅੱਤਵਾਦੀ ਹਮਲੇ ‘ਚ ਭਾਰਤ ਦੇ ਕੇਂਦਰੀ ਰਿਜ਼ਰਵ ਪੁਲਿਸ ਬਲ, ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।ਬਾਅਦ ‘ਚ 26 ਫਰਵਰੀ 2019 ਭਾਰਤ ਨੇ ਇਕ ਹਵਾਈ ਹਮਲੇ ਰਾਹੀਂ ਪਾਕਿਸਤਾਨ ‘ਚ ਜੈਸ਼-ਏ-ਮੁਹੰਮਦ ਦੇ ਬਾਲਾਕੋਟ ਮੁੱਖ ਦਫ਼ਤਰ ਅਤੇ ਸਿਖਲਾਈ ਕੇਂਦਰ ਨੂੰ ਨਿਸ਼ਾਨਾ ਬਣਾਇਆ ਸੀ।ਉਦੋਂ ਤੋਂ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਤੇ ਮਸੂਦ ਅਜ਼ਹਰ ਨੂੰ ਗਲੋਬਲ ਦਹਿਸ਼ਤਗਰਦ ਐਲਾਨੇ ਜਾਣ ਲਈ ਦਬਾਅ ਵੱਧਦਾ ਜਾ ਰਿਹਾ ਸੀ।ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਇਕ ਸਾਂਝੇ ਯਤਨ ਰਾਹੀਂ ਮਸੂਦ ‘ਤੇ ਪਾਬੰਦੀਆਂ ਦਾ ਐਲਾਨ ਵੀ ਕੀਤਾ ਪਰ ਚੀਨ ਅਤੇ ਪਾਕਿਸਤਾਨ ਇਸ ਰਾਹ ‘ਚ ਅੜਿੱਕਾ ਬਣੇ।ਅਖੀਰਕਾਰ 1 ਮਈ, 2019 ਨੂੰ ਮਸੂਦ ਨੂੰ ਗਲੋਬਲ ਦਹਿਸ਼ਤਗਰਦ ਵੱਜੋਂ ਮਨੋਨੀਤ ਕੀਤਾ ਗਿਆ।ਪਰ ਪਾਕਿਸਤਾਨ ਫਿਰ ਵੀ ਉਸ ਲਈ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਉਂਦਾ ਰਿਹਾ।
ਐਫਏਟੀਐਫ ਦੀ ਬੈਠਕ ਤੋਂ ਕੁੱਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ ਦੱਸਿਆ ਸੀ ਕਿ ਮਸੂਦ ਲਾਪਤਾ ਹੈ ਅਤੇ ਪਾਕਿ ਪ੍ਰਸ਼ਾਸਨ ਦੀ ਪਹੁੰਚ ਤੋਂ ਪਰੇ ਹੈ।ਪਾਕਿਸਤਾਨ ਨੇ ਪਿਛਲੇ ਲੰਮੇ ਸਮੇਂ ਤੋਂ ਬਾਅਦ ਜਮਾਤ-ਉਦ-ਦਾਅਵਾ ਦੇ ਮੁੱਖੀ ਹਾਫਿਜ਼ ਸਾਇਦ ਨੂੰ ਨਜ਼ਰਬੰਦ ਕੀਤਾ ਹੈ।ਸਾਇਦ ਨੂੰ ਅੱਤਵਾਦੀ ਗਤੀਵਿਧੀਆਂ ਲਈ ਪੰਜ ਸਾਲ ਛੇ ਮਹੀਨਿਆਂ ਲਈ ਜੇਲ੍ਹ ਹੋਈ ਹੈ। ਪਾਕਿਸਤਾਨ ਵੱਲੋਂ ਲਏ ਗਏ ਇਹ ਕਦਮ ਵੀ ਵਿਵਾਦਿਤ ਰਹੇ।ਵਿਆਪਕ ਤੌਰ ‘ਤੇ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਐਫਏਟੀਐਫ ਦੀ ਕਾਲੀ ਸੂਚੀ ਤੋਂ ਬਚਣ ਲਈ ਅਜਿਹਾ ਕਰ ਰਿਹਾ ਹੈ।ਐਪਏਟੀਐਫ ਦੀ ਬੈਠਕ ਤੋਂ ਪਹਿਲਾਂ ਮਸੂਦ ਦਾ ਲਾਪਤਾ ਹੋਣਾ ਅਤੇ ਹਾਫਿਜ਼ ਨੂੰ ਜੇਲ੍ਹ ਹੋਣੀ ਪਾਕਿਸਤਾਨ ਦੀ ਕਾਰਵਾਈ ਨੂੰ ਸ਼ੱਕ ਦੇ ਘੇਰੇ ‘ਚ ਲ਼ਿਆ ਰਹੀ ਹੈ।
ਪਾਕਿਸਤਾਨ  ਜੂਨ 2018 ਤੋਂ ਐਫਏਟੀਐਫ ਦੀ ਗ੍ਰੇਅ ਸੂਚੀ ‘ਚ ਨਾਮਜ਼ਦ ਹੈ।ਐਫਏਟੀਐਫ ਵੱਲੋਂ ਇਸਲਾਮਾਬਾਦ ਨੂੰ 27 ਨੁਕਤਿਆਂ ਵਾਲੀ ਇਕ ਕਾਰਜ ਯੋਜਨਾ ਨੂੰ ਅਮਲ ‘ਚ ਲਿਆਉਣ ਦੀ ਹਿਦਾਇਤ ਦਿੱਤੀ ਗਈ ਹੈ।ਐਫਏਟੀਐਫ ਦੀ ਫਰਵਰੀ 2020 ਦੀ ਪੂਰੀ ਬੈਠਕ ‘ਚ ਐਫਏਟੀਐਫ ਨੇ ਪਾਇਆ ਕਿ ਪਾਕਿਸਤਾਨ ਨੇ ਕਾਰਜ ਯੋਜਨਾ ਦੇ ਸਿਰਫ 14 ਨੁਕਤਿਆਂ ਨੂੰ ਹੀ ਲਾਗੂ ਕੀਤਾ ਹੈ।ਐਫਏਟੀਐਫ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਤੋਂ ਜਲਦ ਇਸ ਕਾਰਜ ਯੋਜਨਾ ਨੂੰ ਲਾਗੂ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਕਾਲੀ ਸੂਚੀ ‘ਚ ਨਾਮਜ਼ਦ ਹੋਵੇਗਾ।ਕਾਲੀ ਸੂਚੀ ‘ਚ ਨਾਮਜ਼ਦ ਹੋਣ ਦਾ ਮਤਲਬ ਹੈ ਅੰਤਰਰਾਸ਼ਟਰੀ ਪੱਧਰ ‘ਤੇ ਆਰਥਿਕ ਮਦਦ ‘ਤੇ ਪਾਬੰਦੀ।ਆਈਐਮਐਫ.ਵਿਸ਼ਵ ਬੈਂਕ, ਈਯੂ ਕਿਸੇ ਤੋਂ ਵੀ ਪਾਕਿਸਤਾਨ ਵਿੱਤੀ ਮਦਦ ਨਹੀਨ ਲੈ ਪਾਵੇਗਾ ਅਤੇ ਪਹਿਲਾ ਤੋਂ ਹੀ ਆਰਥਿਕ ਮੰਦੀ ਝੱਲ ਰਹੇ ਪਾਕਿਸਤਾਨ ਲਈ ਇਹ ਬਹੁਤ ਹੀ ਗੰਭੀਰ ਸਥਿਤੀ ਹੋਵੇਗੀ।
ਭਾਵੇਂ ਕਿ ਪਾਕਿ ਹਕੂਮਤ ਨੇ ਮਸੂਦ ਅਜ਼ਹਰ ਦੇ ਲਾਪਤਾ ਹੋਣ ਬਾਰੇ ਗੱਲ ਕਹੀ ਹੈ ਪਰ ਪਾਕਿ ਮੀਡੀਆ ‘ਚ ਭਰੋਸੇਯੋਗ ਖੁਫੀਆ ਜਾਣਕਾਰੀ ਦੇ ਹਵਾਲੇ ਨਾ ਲ ਆਈਆਂ ਖ਼ਬਰਾਂ ਤੋਂ ਪਤਾ ਲੱਗਿਆ ਹੈ ਕਿ ਮਸੂਦ ਆਈਐਸਆਈ ਦੀ ਸਰਪ੍ਰਸਤੀ ਹੇਠ ਜੈਸ਼-ਏ-ਮੁਹੰਮਦ ਦੇ ਬਾਹਵਲਪੁਰ ਵਿਖੇ ਮੁੱਖ ਦਫ਼ਤਰ ਦੇ ਪਿੱਛੇ ਇਕ ਸੁਰੱਖਿਅਤ ਘਰ ‘ਚ ਰਹਿ ਰਿਹਾ ਹੈ।ਇੰਨ੍ਹਾਂ ਖ਼ਬਰਾਂ ਨੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦਾ ਖੰਡਨ ਕੀਤਾ ਹੈ।ਪਾਕਿਸਤਾਨ ਦੇ ਇਕ ਨਿੱਜੀ ਟੀਵੀ ਚੈਨਲ ਨੇ ਮਸੂਦ ਅਜ਼ਹਰ ਦੀ ਇਕ ਆਡੀਓ ਕਲਿੱਪ ਵੀ ਪ੍ਰਕਾਸ਼ਿਤ ਕੀਤੀ ਹੈ, ਜਿਸ ‘ਚ ਉਹ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਤਾਜ਼ਾ ਸਮਝੋਤੇ ‘ਤੇ ਆਪਣੀ ਟਿੱਪਣੀ ਕਰ ਰਿਹਾ ਹੈ।ਮਸੂਦ ਦੀ ਨਿੱਜੀ ਸੁਰੱਖਿਅਤ ਦੇ ਮੱਦੇਨਜ਼ਰ ਉਸ ਨੂੰ ਰਾਵਲਪਿੰਡੀ ਵਿਖੇ ਫੌਜੀ ਠਿਕਾਣੇ ਨਜ਼ਦੀਕ ਭੇਜ ਦਿੱਤਾ ਗਿਆ ਹੈ।ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿ ਹਕੂਮਤ ਝੂਠ ਬੋਲ ਰਹੀ ਹੈ।
ਆਪਣੀਆਂ ਇੰਨ੍ਹਾਂ ਚਾਲਾਂ ਕਰਕੇ ਹੀ ਪਾਕਿਸਤਾਨ ਕੁੱਝ ਸਮੇਂ ਲਈ ਤਾਂ ਐਫਏਟੀਐਫ ਦੀ ਕਾਰਵਾਈ ਤੋਂ ਬਚ ਗਿਆ ਹੈ, ਪਰ ਇਹ ਸਥਿਤੀ ਵਧੇਰੇ ਸਮੇਂ ਤੱਕ ਜਾਰੀ ਨਹੀਂ ਰਹੇਗੀ।ਇਸਲਾਮਾਬਾਦ ਦੀ ਅੱਤਵਾਦ ਪ੍ਰਤੀ ਦੋਹਰੀ ਨੀਤੀ ਤੋਂ ਹਰ ਕੋਈ ਜਾਣੂ ਹੈ।ਹੁਣ ਸਮਾਂ ਹੈ ਕਿ ਪਾਕਿਸਤਾਨ ਕੌਮਾਂਤਰੀ ਭਾਈਚਾਰੇ ਨਾਲ ਆਪਣੇ ਸਬੰਧਾਂ ਨੂੰ ਸੁਧਾਰੇ ਅਤੇ ਅੱਤਵਾਦੀ ਸਮੂਹਾਂ ਅਤੇ ਦਹਿਸ਼ਤਗਰਦਾਂ ਖਿਲਾਫ ਨਿਰਣਾਇਕ ਕਾਰਵਾਈ ਕਰੇ।
ਸਕ੍ਰਿਪਟ: ਰਤਨ ਸਾਲਦੀ, ਸਿਆਸੀ ਟਿੱਪਣੀਕਾਰ