ਭਾਰਤ ਅਤੇ ਚੀਨ ਮਹਾਂਮਾਰੀ ਸਬੰਧੀ ਖੋਜ ਅਤੇ ਟੀਕੇ ਦੇ ਵਿਕਾਸ ‘ਚ ਦੇ ਸਕਦੇ ਹਨ ਸਹਿਯੋਗ: ਵਿਕਰਮ ਮਿਸ਼ਰੀ

ਚੀਨ ਲਈ ਭਾਰਤੀ ਸਫੀਰ ਵਿਕਰਮ ਮਿਸ਼ਰੀ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਦੁਨੀਆ ਭਰ ‘ਚ ਕਹਿਰ ਢਾਹ ਰਹੀ ਮਹਾਂਮਾਰੀ ਕੋਰੋਨਾਵਾਇਰਸ ਦੇ ਸਬੰਧ ‘ਚ ਵਿਗਿਆਨਕ ਅਤੇ ਡਾਕਟਰੀ ਖੋਜ ‘ਚ ਸਹਿਯੋਗ ਦੇਣ ਦੀ ਗੁਜ਼ਾਇਸ਼ ਬਹੁਤ ਵਧੇਰੇ ਹੈ।ਜਿਸ ‘ਚ ਮਹਾਂਮਾਰੀ ਤੋਂ ਬਚਾਅ ਲਈ ਟੀਕੇ ਦਾ ਵਿਕਾਸ ਵੀ ਸ਼ਾਮਲ ਹੈ।ਮੌਜੂਦਾ ਸਮੇਂ ‘ਚ ਕੋਵਿਡ-19 ਦੇ ਕਹਿਰ ਤੋਂ ਬਚਣ ਲਈ ਇਸ ਦੇ ਟੀਕੇ ਦੀ ਬਹੁਤ ਵਧੇਰੇ ਜ਼ਰੂਰਤ ਹੈ।
ਚੀਨ ਦੇ ਸਰਕਾਰੀ ਮਾਲਕੀ ਵਾਲੇ ਟੀ.ਵੀ. ਸੀਜੀਟੀਐਨ ਨੂੰ ਦਿੱਤੀ ਆਪਣੀ ਇੰਟਰਵਿਊ ‘ਚ ਸਫੀਰ ਮਿਸ਼ਰੀ ਨੇ ਕਿਹਾ ਕਿ ਇਸ ਸਹਿਯੋਗ ‘ਚ ਸਭ ਤੋਂ ਵੱਧ ਤਰਜੀਹ ਚੀਨ ਤੋਂ ਸਥਿਰ ਅਤੇ ਵਿਵਸਥਿਤ ਮੈਡੀਕਲ ਕਿੱਟਾਂ, ਪੀਪੀਈ, ਵੈਂਟੀਲੇਟਰ ਅਤੇ ਹੋਰ ਮੈਡੀਕਲ ਉਪਕਰਣਾਂ ਦੀ ਖ੍ਰੀਦਦਾਰੀ ਕਰਨਾ ਅਤੇ  ਭਾਰਤ ‘ਚ ਮੈਡੀਕਲ ਬਿਰਾਦਰੀ ਜੋ ਕਿ ਆਪਣੀ ਜਾਨ ਦੀ ਫਿਕਰ ਕੀਤੇ ਬਿਨ੍ਹਾਂ ਇਸ ਮਹਾਂਮਾਰੀ ਨਾਲ ਨਜਿੱਠ ਰਿਹਾ ਹੈ, ਉਸ ਦੀ ਮਦਦ ਕਰਨਾ ਸ਼ਾਮਲ ਹੈ।
ਇਸ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ‘ਚ ਭਾਰਤ ਵੱਲੋਂ ਚੀਨ ਨੂੰ 16 ਟਨ ਮੈਡੀਕਲ ਮਦਦ ਮੁਹੱਈਆ ਕਰਵਾਈ ਕੀਤੀ ਗਈ ਸੀ।ਇਸ ਪਹਿਲੂ ਨੂੰ ਯਾਦ ਕਰਦਿਆਂ ਸਫੀਰ ਮਿਸ਼ਰੀ ਨੇ ਕਿਹਾ ਕਿ ਇਸ ਮੌਕੇ ਦੋਵੇਂ ਦੇਸ਼ ਇਕ ਦੂਜੇ ਦੀ ਮਦਦ ਕਰਨ ਇਸ ਦੀ ਬਹੁਤ ਗੁਜ਼ਾਇਸ਼ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਹੀ ਦੇਸ਼ ਆਪਣੇ ਕੂਟਨੀਤਕ ਸਬੰਧਾਂ ਦੇ 70 ਸਾਲਾਂ ਦੇ ਜਸ਼ਨਾਂ ਨੂੰ ਢੁਕਵੇਂ ਢੰਗ ਨਾਲ ਮਨਾਉਣ ਲਈ ਵਚਣਬੱਧ ਹਨ।