ਰਾਸ਼ਟਰਪਤੀ ਟਰੰਪ ਨੇ ਐਚਸੀਕਿਊ ‘ਤੇ ਭਾਰਤ ਦੇ ਫ਼ੈਸਲੇ ਦੀ ਕੀਤੀ ਸ਼ਲਾਘਾ, ਕਿਹਾ ਭਾਰਤ ਦਾ ਇਹ ਅਹਿਸਾਨ ਹਮੇਸ਼ਾਂ ਯਾਦ ਰੱਖਾਂਗੇ

ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਬੀਤੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਲੇਰੀਆ ਦੀ ਦਵਾਈ ਹਾਈਡਰੋਸੀਕਲੋਰੋਕੋਇਨ ਅਮਰੀਕਾ ਨੂੰ ਨਿਰਯਾਤ ਕਰਨ ਦੀ ਮਨਜ਼ੂਰੀ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਭਾਰਤ ਦੇ ਇਸ ਅਹਿਸਾਨ ਦਾ ਧੰਨਵਾਦ ਕੀਤਾ ਹੈ।
ਦੱਸਣਯੋਗ ਹੈ ਕਿ ਅਮਰੀਕਾ ਦੇ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਵੱਲੋਂ ਕੋਵਿਡ-19 ਦੇ ਇਲਾਜ ਲਈ ਇਹ ਦਵਾਈ ਸੰਭਾਵਿਤ ਇਲਾਜ ਵੱਜੋਂ ਪਛਾਣੀ ਗਈ ਹੈ।
ਰਾਸ਼ਟਰਪਤੀ ਟਰੰਪ ਅਤੇ ਪੀਐਮ ਮੋਦੀ ਨੇ ਪਿਛਲੇ ਹਫ਼ਤੇ ਟੈਲੀਫੋਨ ਜ਼ਰੀਏ ਇਸ ਸਬੰਧੀ ਗੱਲਬਾਤ ਕੀਤੀ ਸੀ।ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਪੀਐਮ ਮੋਦੀ ਅੱਗੇ ਗੁਜ਼ਾਰਿਸ਼ ਕੀਤੀ ਸੀ ਕਿ ਉਨ੍ਹਾਂ ਨੂੰ ਇਹ ਦਵਾਈ ਮੁਹੱਈਆ ਕਰਵਾਈ ਜਾਵੇ।ਦਰਅਸਲ ਕੋਵਿਡ-19 ਦੇ ਵੱਧਦੇ ਕਹਿਰ ਨੂੰ ਵੇਖਦਿਆਂ ਭਾਰਤ ਸਰਕਾਰ ਵੱਲੋਂ ਕਈ ਦਵਾਈਆਂ ਦੀ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਭਾਰਤ ਨੂੰ ਹੋਰ ਕਈ ਮੁਲਕਾਂ ਤੋਂ ਵੀ ਇਸ ਤਰ੍ਹਾਂ ਦੀ ਮੰਗ ਦੀ ਪੂਰਤੀ ਦੀ ਅਪੀਲ ਕੀਤੀ ਗਈ ਹੈ।ਭਾਰਤ ਦੇ ਨਜ਼ਦੀਕੀ ਗੁਆਂਢੀ ਮੁਲਕ ਸ੍ਰੀਲੰਕਾ ਅਤੇ ਨੇਪਾਲ ਵੱਲੋਂ ਵੀ ਇਸ ਦਵਾਈ ਦੀ ਮੰਗ ਭਾਰਤ ਤੋਂ ਕੀਤੀ ਗਈ ਹੈ।
ਭਾਰਤ ਨੇ ਕਿਹਾ  ਹੈ ਕਿ ਉਹ ਆਪਣੇ ਨਿਰਯਾਤ ਪਾਬੰਦੀ ਸਬੰਧੀ ਆਦੇਸ਼ ਦੀ ਸਮੀਖਿਆ ਕਰ ਰਿਹਾ ਹੈ।