ਜੀ-20 ਮੁਲਕ ਸਹਿਮਤ ਹੋਣ ਤਾਂ ਜੀ-7, ਕਰਜ਼ੇ ਦੀ ਮਾਰ ਝੱਲ ਰਹੇ ਮੁਲਕਾਂ ਦੀ ਕਰੇਗਾ ਮਦਦ

ਜੀ-7 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਜੀ-20 ਦੇਸ਼ ਸਹਿਮਤ ਹੋ ਤਾਂ ਉਹ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਦੇ ਕਰਜ਼ਿਆਂ ਦੀ ਅਦਾਇਗੀ ਲਈ ਅਸਥਾਈ ਤੌਰ ‘ਤੇ ਰੋਕ ਲਾਉਣ ਲਈ ਰਾਜ਼ੀ ਹਨ।

ਦੁਨੀਆ ਦੇ ਸਭ ਤੋਂ ਵਿਕਸਿਤ ਜੀ-7 ਦੇਸ਼ਾਂ ਦਾ ਕਹਿਣਾ ਹੈ ਕਿ ਗਰੀਬ ਦੇਸ਼ਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸਭ ਤੋਂ ਵੱਧ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਜੇਕਰ ਜੀ-20 ਅਤੇ ਪੈਰਿਸ ਕਲੱਬ ਨਾਲ ਜੁੜੇ ਮੁਲਕ ਰਾਜ਼ੀ ਹੋਣ ਤਾਂ ਉਹ ਇਨ੍ਹਾਂ ਗਰੀਬ ਦੇਸ਼ਾਂ ਦੀ ਕਰਜ਼ਾ ਅਦਾਇਗੀ ਨੂੰ ਅੱਗੇ ਪਾਉਣ ਲਈ ਲਈ ਤਿਆਰ ਹਨ।

ਗੌਰਤਲਬ ਹੈ ਕਿ ਜੀ-20 ਵਿਚ ਚੀਨ ਅਤੇ ਰੂਸ ਵਰਗੀਆਂ ਵਿਸ਼ਵ ਦੀਆਂ ਦੋ ਵੱਡੀਆਂ ਮੰਡੀਆਂ ਵਾਲੀਆਂ ਆਰਥਿਕਤਾਵਾਂ ਵੀ ਸ਼ਾਮਿਲ ਹਨ। ਜੀ-7 ਮੁਲਕਾਂ ਦੇ ਅਧਿਕਾਰੀਆਂ ਦੁਆਰਾ ਵੀਡੀਓ ਕਾਨਫਰੰਸ ਰਾਹੀਂ ਕੀਤੀ ਬੈਠਕ ਤੋਂ ਬਾਅਦ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਮੁੱਖ ਮੰਤਵ ਇਨ੍ਹਾਂ ਗਰੀਬ ਦੇਸ਼ਾਂ ਨੂੰ ਇਸ ਮਹਾਂਮਾਰੀ ਵਜੋਂ ਦਰਪੇਸ਼ ਸਿਹਤ ਅਤੇ ਆਰਥਿਕ ਚੁਣੌਤੀਆਂ ਦਾ ਟਾਕਰਾ ਕਰਨ ਲਈ ਫੌਰੀ ਰਾਹਤ ਦੇਣਾ ਹੈ।