ਮੱਛੀ ਫੜਨ ਵਾਲੀਆਂ ਭਾਰਤੀਆਂ ਕਿਸ਼ਤੀਆਂ ‘ਤੇ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦੀ ਭਾਰਤ ਨੇ ਕੀਤੀ ਸਖ਼ਤ ਨਿੰਦਾ

ਭਾਰਤ ਨੇ 12 ਅਪ੍ਰੈਲ 2020 ਨੂੰ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਦੇ ਸਮੁੰਦਰੀ ਜਹਾਜ਼ ਦੁਆਰਾ ਭਾਰਤੀ ਮੱਛੀ ਫੜਨ ਵਾਲੀਆਂ ਦੋ ਕਿਸ਼ਤੀਆਂ ‘ਤੇ ਸਵਾਰ ਭਾਰਤੀ ਮਛੇਰਿਆਂ ‘ਤੇ ਜਾਣ-ਬੁੱਝ ਕੇ ਕੀਤੇ ਹਮਲੇ ਅਤੇ ਗੋਲੀਬਾਰੀ ਦੀ ਸਖ਼ਤ ਨਿਖੇਧੀ ਕੀਤੀ ਹੈ। ਗੌਰਤਲਬ ਹੈ ਕਿ ਪੀ.ਐੱਮ.ਐੱਸ.ਏ. ਦੁਆਰਾ ਕੀਤੀ ਗਈ ਗੋਲੀਬਾਰੀ ਵਿਚ ਇਕ ਭਾਰਤੀ ਮਛੇਰਾ ਜ਼ਖਮੀ ਹੋ ਗਿਆ ਹੈ।

ਭਾਰਤੀ ਵਿਦੇਸ਼ ਮੰਤਰਾਲੇ ਵੱਜੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪੀ.ਐੱਮ.ਐੱਸ.ਏ. ਦੁਆਰਾ ਮੱਛੀ ਫੜਨ ਵਾਲੀਆਂ ਕਿਸ਼ਤੀਆਂ ‘ਤੇ ਕੀਤੀ ਗੋਲੀਬਾਰੀ ਦੇ ਸਿੱਟੇ ਵਜੋਂ ਇਕ ਭਾਰਤੀ ਮਛੇਰਾ ਜ਼ਖਮੀ ਹੋਇਆ ਹੈ ਜੋ ਕਿ ਇੱਕ ਨਿੰਦਣਯੋਗ ਕੰਮ ਹੈ ਅਤੇ ਇਸ ਨੇ ਸਾਰੇ ਸਥਾਪਿਤ ਨੇਮਾਂ ਅਤੇ ਸੰਧੀਆਂ ਦੀ ਉਲੰਘਣਾ ਕੀਤੀ ਹੈ। ਬਿਆਨ ਵਿੱਚ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪਾਕਿਸਤਾਨੀ ਅਧਿਕਾਰੀਆਂ ਨੂੰ ਇਹੋ ਜਿਹੀਆਂ ਉਕਸਾਉਣ ਵਾਲੀਆਂ ਬੇਲੋੜੀਆਂ ਹਰਕਤਾਂ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।