ਵਿਦੇਸ਼ ਮੰਤਰਾਲੇ ਨੇ ਸਾਰਕ ਦੇਸ਼ਾਂ ਲਈ ਕੋਵਿਡ-19 ਸਿਖਲਾਈ ਪ੍ਰੋਗਰਾਮ ਦੀ ਕੀਤੀ ਘੋਸ਼ਣਾ

ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਸਾਰਕ ਦੇਸ਼ਾਂ ਦੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਬਾਰੇ 17 ਅਪ੍ਰੈਲ ਤੋਂ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ ਇਹ ਸਿਖਲਾਈ ਇਸ ਦੇ ਵੱਕਾਰੀ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈ.ਟੀ.ਈ.ਸੀ.) ਪ੍ਰੋਗਰਾਮ ਦੇ ਤਹਿਤ ਵਿਦੇਸ਼ ਮੰਤਰਾਲੇ ਦੁਆਰਾ ਦਿੱਤੀ ਜਾਵੇਗੀ।

ਗੌਰਤਲਬ ਹੈ ਕਿ 15 ਮਾਰਚ ਨੂੰ ਸਾਰਕ ਨੇਤਾਵਾਂ ਨਾਲ ਹੋਈ ਵੀਡੀਓ ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਝਾਅ ਦਿੱਤਾ ਸੀ ਕਿ ਸਾਰਕ ਦੇਸ਼ਾਂ ਦੇ ਸਿਹਤ-ਸੰਭਾਲ ਮਾਹਿਰ ਕੋਰੋਨਾ ਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਇਕਜੁਟ ਹੋਣ। ਇਸ ਦਿਸ਼ਾ ਵਿੱਚ ਅੱਗੇ ਵੱਧਦਿਆਂ ਭਾਰਤ ਨੇ ਮਿਲ-ਜੁਲ ਕੇ ਇਸ ਮਹਾਂਮਾਰੀ ਦਾ ਟਾਕਰਾ ਕਰਨ ਲਈ ਸਾਰਕ ਦੇਸ਼ਾਂ ਨੂੰ ਇੱਕ ਮੰਚ ‘ਤੇ ਆਉਣ ਦਾ ਪ੍ਰਸਤਾਵ ਪਹਿਲਾਂ ਹੀ ਦੇ ਦਿੱਤਾ ਸੀ ਤਾਂ ਕਿ ਆਪੋ-ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਕੇ ਇਸ ਮਹਾਂਮਾਰੀ ‘ਤੇ ਠੱਲ੍ਹ ਪਾਈ ਜਾ ਸਕੇ।