20 ਅਪ੍ਰੈਲ ਤੋਂ ਬਾਅਦ ਬਿਨਾਂ ਹੌਟ-ਸਪੋਟ ਵਾਲੇ ਇਲਾਕਿਆਂ ਵਿਚ ਕੁਝ ਖਾਸ ਸ਼ਰਤਾਂ ਨਾਲ ਢਿੱਲ ਦਿੱਤੇ ਜਾਣ ਦੀ ਉਮੀਦ

ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਨੇ 3 ਮਈ ਤੱਕ ਤਾਲਾਬੰਦੀ ਵਧਾਉਣ ਦਾ ਫੈਸਲਾ ਕੀਤਾ ਹੈ। ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਲੋਕਾਂ ਸਮੇਤ ਬਹੁਤ ਸਾਰੇ ਮਾਹਿਰਾਂ ਨੇ ਤਾਲਾਬੰਦੀ ਨੂੰ ਵਧਾਉਣ ਲਈ ਸਹਿਮਤੀ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੁਆਰਾ ਕੀਤੇ ਗਏ ਉਪਰਾਲਿਆਂ ਕਾਰਨ ਸਥਿਤੀ ਨੂੰ ਸਹੀ ਢੰਗ ਨਾਲ ਸੰਭਾਲਣ ਵਿੱਚ ਕਾਫੀ ਮਦਦ ਮਿਲੀ ਹੈ।

ਉਨ੍ਹਾਂ ਕਿਹਾ ਕਿ 20 ਅਪ੍ਰੈਲ ਤੱਕ ਸਾਰੇ ਜ਼ਿਲ੍ਹਿਆਂ, ਇਲਾਕਿਆਂ ਅਤੇ ਰਾਜਾਂ ਵਿੱਚ ਤਾਲਾਬੰਦੀ ਦੇ ਨੇਮਾਂ ਨੂੰ ਲਾਗੂ ਕਰਨ ਅਤੇ ਹੌਟ-ਸਪੋਟ ਦੇ ਪ੍ਰਬੰਧਨ ਦੀ ਕਾਰਗੁਜ਼ਾਰੀ ਉੱਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 20 ਅਪ੍ਰੈਲ ਤੋਂ ਬਾਅਦ, ਜਿਨ੍ਹਾਂ ਰਾਜਾਂ ਵਿਚ ਹੌਟ-ਸਪੋਟ ਨਹੀਂ ਹੋਣਗੇ ਉਨ੍ਹਾਂ ਨੂੰ ਸ਼ਰਤਾਂ ਦੇ ਨਾਲ ਕੁਝ ਮਹੱਤਵਪੂਰਨ ਗਤੀਵਿਧੀਆਂ ਮੁੜ ਚਾਲੂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।