ਆਈ.ਪੀ.ਐੱਲ. 2020 ਅਗਲੇ ਆਦੇਸ਼ ਤੱਕ ਮੁਲਤਵੀ

ਬੀਤੇ ਦਿਨ ਬੀ.ਸੀ.ਸੀ.ਆਈ. ਨੇ 2020 ਇੰਡੀਅਨ ਪ੍ਰੀਮੀਅਰ ਲੀਗ ਨੂੰ ਅਗਲੇ ਆਦੇਸ਼ ਤੱਕ ਮੁਲਤਵੀ ਕਰ ਦਿੱਤਾ ਹੈ। ਗੌਰਤਲਬ ਹੈ ਕਿ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਹੋਈ ਤਾਲਾਬੰਦੀ ਮਗਰੋਂ ਇਸ ਨੂੰ ਮੁਲਤਵੀ ਕੀਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਸੀ ਤੇ ਫ੍ਰੈਂਚਾਇਜ਼ੀ ਨੂੰ ਇਸ ਫੈਸਲੇ ਦੀ ਜਾਣਕਾਰੀ ਕੁਝ ਦਿਨ ਪਹਿਲਾਂ ਹੀ ਦੇ ਦਿੱਤੀ ਗਈ ਹੈ।

ਕਾਬਿਲੇਗੌਰ ਹੈ ਕਿ ਇਸ ਸਾਲ ਆਈ.ਪੀ.ਐੱਲ. ਦੇ ਸ਼ੁਰੂ ਹੋਣ ਦੀ ਤਾਰੀਕ 29 ਮਾਰਚ ਮਿੱਥੀ ਗਈ ਸੀ। ਮਿਲੀ ਜਾਣਕਾਰੀ ਮੁਤਾਬਿਕ ਅੱਠ ਫਰੈਂਚਾਇਜ਼ੀਆਂ ਅਤੇ ਹੋਰਨਾਂ ਹਿੱਸੇਦਾਰਾਂ ਨੂੰ ਆਈ.ਪੀ.ਐੱਲ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਬਾਰੇ ਜਾਣਕਾਰੀ 14 ਅਪ੍ਰੈਲ ਨੂੰ ਦਿੱਤੀ ਗਈ ਸੀ।

ਇਸ ਸਭ ਬਾਰੇ ਜਾਣਕਾਰੀ ਦਿੰਦਿਆਂ ਬੀਤੇ ਦਿਨ ਬੋਰਡ ਨੇ ਕਿਹਾ ਕਿ ਸਰਕਾਰ ਦੁਆਰਾ ਸਰਕਾਰ ਦੁਆਰਾ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਕੀਤੀ ਤਾਲਾਬੰਦੀ ਕਾਰਨ ਸਾਡੇ ਕੋਲ ਟੀ-20 ਲੀਗ ਨੂੰ ਮੁਲਤਵੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬੀ.ਸੀ.ਸੀ.ਆਈ. ਦੀ ਆਈ.ਪੀ.ਐੱਲ. ਗਵਰਨਿੰਗ ਕਾਊਂਸਿਲ ਨੇ ਫੈਸਲਾ ਕੀਤਾ ਹੈ ਕਿ ਆਈ.ਪੀ.ਐੱਲ. 2020 ਨੂੰ ਅਗਲੇ ਆਦੇਸ਼ ਤਕ ਮੁਲਤਵੀ ਕੀਤਾ ਜਾਂਦਾ ਹੈ।